ਕੁੜੀਆਂ ਤਾਂ ਫੇਰ ਪੱਥਰ ਨੇ |

ਸਹੀ ਈ ਤਾਂ ਹੈ
ਕੁੜੀਆਂ ਪੱਥਰ ਹੀ ਹੁੰਦੀਆਂ |
ਹਰ ਧੀ ਦੀ ਮਾਂ
ਪੱਥਰ ਹੀ ਜੰਮਦੀ ਐ |
ਕਿਉਂ ਜੋ
ਜੰਮਦੇ ਸਾਰ ਤਿਰਸਕਾਰ
ਇੱਕ ਪੱਥਰ ਹੀ ਸਹਾਰ ਸਕਦੈ |
ਕਿਉਂ ਜੋ
ਇੱਕ ਪੱਥਰ ਹੀ ਸਹਿ ਸਕਦੈ
ਸਮਾਜ ਦੀ ਨਫ਼ਰਤ |
ਇੱਕ ਪੱਥਰ ਹੀ ਕੱਟ ਸਕਦੈ
ਇਹੋ ਜਿਹੀ ਜਿੰਦਗੀ
ਜਿਹਦਾ ਹਰ ਇੱਕ ਪਲ
ਅਨਜਾਣੇ ਖੌਫ਼ ਚ ਗੁਜ਼ਰਦਾ ਹੋਵੇ |
ਮਧੋਲੇ ਜਾਣ ਤੋਂ ਬਾਅਦ ਵੀ
ਜਿਉਂਦੇ ਰਹਿਣ ਦੀ ਤਾਕਤ
ਇੱਕ ਪੱਥਰ ਹੀ ਰੱਖਦੈ |
ਤੇਜ਼ਾਬ ਦੀਆਂ ਬੌਛਾਰਾਂ
ਮੂੰਹ ਉੱਤੇ ਖਾ
ਇੱਕ ਪੱਥਰ ਹੀ ਜੇਰਾ ਕਰ ਸਕਦੈ
ਦੁਬਾਰਾ ਅੱਗੇ ਵਧਣ ਦਾ |
ਆਪਣੇ ਹੀ ਭਰਾ ਵੱਲੋ
ਕੀਤੇ ਸ਼ਰੀਰਕ ਸੋਸ਼ਣ ਦਾ ਦਰਦ
ਇੱਕ ਪੱਥਰ ਹੀ ਸਹਿ ਸਕਦੈ |
ਘਰੋਂ ਬਾਹਰ ਨਿੱਕਲਦਿਆਂ
ਹਜ਼ਾਰਾਂ ਘੂਰਦੀਆਂ ਅੱਖਾਂ ਨੂੰ
ਇੱਕ ਪੱਥਰ ਹੀ ਚੀਰ ਕੇ ਅੱਗੇ ਲੰਘ ਸਕਦੈ |
ਇੱਕ ਪੱਥਰ ਹੀ ਬਲ ਰੱਖਦਾ ਐ
ਕਿਸੇ ਸੀਟੀ ਦਾ ਜਵਾਬ
ਕਿਸੇ ਚਪੇੜ ਨਾਲ ਦੇਣ ਦਾ |
ਇੱਕ ਪੱਥਰ ਹੀ ਹੁੰਦੈ
ਜੋ 5 ਸਾਲ ਦੀ ਉਮਰ ਚ
ਇੱਕ ਬਲਾਤਕਾਰ ਸਹਿ ਲੈਂਦੈ |
ਇੱਕ ਪੱਥਰ ਹੀ ਹੁੰਦੈ
ਜੋ ਆਪਣਿਆਂ ਅੰਗਾਂ ਤੇ
ਚਾਕੂਆਂ ਦਾ ਵਾਰ ਸਹਿ ਕੇ ਵੀ
ਜਿਉਣ ਦੀ ਚਾਹ ਰੱਖਦੈ |
ਅੱਤ ਦਰਜੇ ਚੰਗਾ ਐ ਪੱਥਰ
ਕਿਸੇ ਮਰਦ ਤੋਂ
ਕਿਸੇ ਸਰਕਾਰ ਤੋਂ
ਕਿਸੇ ਰੱਬ ਤੋਂ
ਜਿਹੜਾ ਐਨਾ ਕੁਝ ਸਹਿ ਕੇ ਵੀ
ਜਿਉਣਾ ਲੋਚਦੈ |
ਪੱਥਰ ਇੰਨੇ ਚਿਰ ਈ ਪੱਥਰ ਐ
ਜਿੰਨਾ ਚਿਰ ਅਡੋਲ ਤੇ ਸ਼ਾਂਤ ਪਿਆ ਹੁੰਦੈ |
ਜਦੋਂ ਹੁੱਭ ਕੇ ਜ਼ਾਲਮਾਂ ਦੇ ਮੱਥੇ ਚ ਵੱਜੇ
ਤਾਂ ਪੱਥਰ ਵੀ
ਜਾਨਲੇਵਾ ਹਥਿਆਰ ਬਣ ਜਾਂਦੈ |
ਹੁਣ ਵਕ਼ਤ ਆ ਗਿਆ ਐ
ਕਿ ਆਪਣੇ ਪੱਥਰ ਹੋਣ ਤੇ
ਸ਼ਰਮ ਨਹੀਂ , ਮਾਣ ਕੀਤਾ ਜਾਵੇ |
ਤੇ ਮਾੜਿਆਂ ਦੇ ਮੱਥੇ ਵੱਜ
ਇਹਨਾਂ ਨੂੰ ਛਲਣੀ ਕੀਤਾ ਜਾਵੇ |
ਵੱਜਿਆ ਤਾਂ ਕੱਚ ਈ ਬਥੇਰਾ ਹੁੰਦੈ
ਕੁੜੀਆਂ ਤਾਂ ਫੇਰ ਪੱਥਰ ਨੇ |


unknwn writer
 
Top