ਨਹੀਂ ਫਿਰ ਮੁੜ ਘਰੀਂ ਪਰਤੇ - ਬਾਬਾ ਬੇਲੀ

KARAN

Prime VIP
ਨਹੀਂ ਫਿਰ ਮੁੜ ਘਰੀਂ ਪਰਤੇ, ਦੁਪੱਟੇ ਜੋ ਸਿਰੋਂ ਸਰਕੇ,
ਬੜਾ ਕੁਝ ਸਿੱਖਿਆ ਸੱਜਣ, ਅਸਾਂ ਨੇ ਗਲਤੀਆਂ ਕਰਕੇ,
ਨਵੇਂ ਹੁਣ ਖੋਲ ਦੇ ਵਰਕੇ.........

ਤੁਸਾਂ ਤੋਂ ਟੁੱਟ ਕੇ ਸੱਜਣ, ਕਿਤੇ ਵੀ ਜੁੜ ਨਹੀਂ ਪਾਉਣਾ,
ਅਸਾਂ ਦੀ ਆਸ ਦੇ ਝੋਲੇ, ਕਿਸੇ ਨੇ ਗੁੜ ਨਹੀਂ ਪਾਉਣਾ,
ਸਮਾਂ ਇਹ ਮੁੜ ਨਹੀਂ ਆਉਣਾ.........

ਤੁਸਾਂ ਦੇ ਕੋਲ ਜਏ ਹੋ ਕੇ, ਤੁਸਾਂ ਨੂੰ ਛੋ’ ਕੇ ਵੇਖਾਂਗੇ,
ਅਸਾਂ ਦੇ ਨੈਣ ਜੋ ਮੈਲੇ, ਅਸੀਂ ਉਹ ਧੋ ਕੇ ਵੇਖਾਂਗੇ,
ਤੁਸਾਂ ਨੂੰ ਰੋ ਕੇ ਵੇਖਾਂਗੇ.........

ਕਿ ਲੈ ਕੇ ਖਾਬ ਜੋ ਨੀਕੇ, ਤੁਸਾਂ ਦੀ ਮਿਹਰ ਨੂੰ ‘ਡੀਕੇ,
ਅਸਾਂ ‘ਤੇ ਜੋ ਦਮਕਦੇ ਸਨ, ਉਹ ਸਾਰੇ ਰੰਗ ਪਏ ਫੀਕੇ,
ਸੱਜਣ ਵੇ ਬੁਲਬਲੀ ਚੀਕੇ........

ਬਾਬਾ ਬੇਲੀ, 2014
 
Top