ਮੇਰੇ ਲੋਕਾਂ ਦੇ ਨਾਂਅ !

[JUGRAJ SINGH]

Prime VIP
Staff member
ਬਹੁਤ ਔਖਾ ਹੁੰਦਾ ਹੈ
ਤਪਦੀ ਦੁਪਹਿਰੇ
ਰਾਜੇ ਦੇ ਮਹਿਲ ਦੀ
ਛਾਂਅ 'ਚ ਖੜਨ ਤੋਂ
ਇਨਕਾਰੀ ਹੋ ਜਾਣਾਂ !
ਬਹੁਤ ਔਖਾ ਹੁੰਦਾ ਹੈ
ਕੰਡਿਆਲੇ ਰਾਹਾਂ ਵਿੱਚ
ਕਿਸੇ ਮਖਮਲੀ ਕਾਲੀਨ ਦੇ
ਸਮਾਨਅੰਤਰ ਤੁਰਨਾ !
ਬਹੁਤ ਔਖਾ ਹੁੰਦਾ ਹੈ
ਢਿੱਡ ਨੂੰ ਗੰਢ ਦੇ ਕੇ
ਭੁੱਖਣ ਭਾਣੇ
ਨਜ਼ਰ-ਅੰਦਾਜ਼ ਕਰ ਦੇਣੇ
ਕਿਸੇ ਮਲਕ ਭਾਗੋ ਦੇ
ਛੱਤੀ ਪ੍ਰਕਾਰ ਦੇ ਭੋਜਨ !
ਭਾਈ ਲਾਲੋ ਦੇ ਘਰ
ਰੁੱਖੀ ਮਿੱਸੀ ਖਾਣੀ
ਤੇ ਸੁੱਖ ਦੀ ਨੀਂਦਰ ਸੌਣਾ
ਸੌਖਾ ਨਹੀਂ ਹੁੰਦਾ !
ਬਹੁਤ ਔਖਾ ਹੁੰਦਾ ਹੈ
ਉਸ ਤੱਕੜੀ ਦੇ
ਇੱਕ ਪਲੜੇ 'ਚ ਨਾ ਬੈਠਣਾਂ
ਜਿਸਦੇ ਦੂਜੇ ਪਲੜੇ 'ਚ
ਤੁਹਾਡੀ ਔਕਾਤ ਤੁਲਦੀ ਹੋਵੇ !
ਰਾਜਾ ਬਹੁਤ ਵੱਡਾ ਵਪਾਰੀ ਹੈ
ਉਹ ਸਭ ਕੁੱਝ ਖਰੀਦ ਸਕਦਾ ਹੈ
ਕਲਮ , ਬੋਲ , ਢੱਡ , ਸਾਰੰਗੀਆਂ
ਨਾਚ , ਗਾਣੇ , ਨਖਰੇ , ਅਦਾਵਾਂ
ਗੈਰਤ , ਅਣਖ , ਜ਼ਮੀਰ
ਤੇ ਤੁਹਾਡੀ ਧੌਣ ਵਿੱਚਲਾ ਕਿੱਲਾ ਵੀ !
ਰਾਜਾ ਸਭ ਖਰੀਦ ਸਕਦਾ ਹੈ !!
ਪਰ ਮੇਰੇ ਲੋਕ
ਹਮੇਸ਼ਾਂ ਰਾਜੇ ਤੋਂ
ਨਾਬਰ ਵੀ ਤਾਂ ਹੁੰਦੇ ਆਏ ਨੇ !
ਇਤਿਹਾਸ 'ਚ
ਸਿਰਫ ਨਾਬਰਾਂ ਦਾ ਜ਼ਿਕਰ ਹੁੰਦਾ ਹੈ !
ਵਿਕਾਊ ਮਾਲ ਵਰਤਿਆ ਜਾਂਦਾ ਹੈ
ਤੇ ਫਿਰ ਮੁੱਕ ਜਾਂਦਾ ਹੈ !
ਜੋ ਮੁੱਕ ਗਿਆ ਉਹ ਮਿਟ ਗਿਆ
ਜੋ ਮਿਟ ਗਿਆ ਉਹ ਭੁੱਲ ਗਿਆ !
ਜੋ ਲੋਕ ਰਾਜੇ ਦੇ ਮੂੰਹ 'ਚ
ਪਾਨ ਵਾਂਗ ਚਿੱਥੇ ਜਾਂਦੇ ਹਨ
ਉਹ ਰਾਜੇ ਨੂੰ ਕਦ ਯਾਦ ਰਹਿੰਦੇ ਨੇ ?
ਰਾਜਾ ਇਨਾਮ ਰੱਖਦਾ ਹੈ
ਤਾਂ ਸਿਰਫ ਉਨਾਂ ਸਿਰਾਂ ਤੇ
ਜੋ ਕਸੀਰ ਵਾਂਗ
ਉਸਦੇ ਸੰਘ 'ਚ ਅੜਦੇ ਨੇ !
ਜੋ ਭੱਖੜੇ ਵਾਂਗ
ਉਸਦੇ ਰਾਹਾਂ 'ਚ ਖੜਦੇ ਨੇ !
ਜੋ ਗੁਆਰੇ ਦੀ ਕੰਡ ਵਾਂਗ
ਉਸਦੇ ਜਿਸਮ ਤੇ ਲੜਦੇ ਨੇ !!
 
Top