ਰਾਜਨੀਤੀ ਦੀ ਸ਼ਤਰੰਜ !

[JUGRAJ SINGH]

Prime VIP
Staff member
ਰਾਜਨੀਤੀ ਦੀ ਸ਼ਤਰੰਜ 'ਚ
ਘੋੜਾ ਢਾਈ ਘਰ ਹੀ ਨਹੀਂ ਚਲਦਾ
ਨਾ ਹੀ ਪਿਆਦਾ
ਇੱਕ ਘਰ ਚਲਦਾ ਹੈ ,
ਰਾਜਨੀਤੀ ਦੀ ਸ਼ਤਰੰਜ ਵਿੱਚ
ਊਠ ਤਿਰਛਾ ਹੀ ਨਹੀਂ ਮਾਰਦਾ
ਨਾ ਹੀ ਹਾਥੀ ਸਿਰਫ
ਸਿੱਧਾ ਮਾਰਦਾ ਹੈ !
ਰਾਜਨੀਤੀ ਦੀ ਸ਼ਤਰੰਜ ਵਿੱਚ
ਵਜ਼ੀਰ ਰਾਜੇ ਦਾ ਰਾਹ
ਸਾਫ ਕਰਦਾ ਹੈ
ਤੇ ਖੁਦ ਹੀ
ਰਾਜੇ ਕੋਲੋਂ ਵੀ ਡਰਦਾ ਹੈ !
ਇੱਥੇ ਪਿਆਦੇ
ਹਰ ਪਾਸੇ ਚਲਾਏ ਜਾਂਦੇ ਨੇ
ਕੁਟਵਾਏ ਜਾਂਦੇ ਨੇ
ਮਰਵਾਏ ਜਾਂਦੇ ਨੇ
ਹਰਾਏ ਜਾਂਦੇ ਨੇ
ਤੇ ਲੋੜ ਪੈਣ ਤੇ
ਜਿਤਾਏ ਜਾਂਦੇ ਨੇ !
ਰਾਜਨੀਤੀ ਦੀ ਸ਼ਤਰੰਜ ਵਿੱਚ
ਬਾਜ਼ੀ ਦੋ ਧਿਰਾਂ ਵਿੱਚਕਾਰ ਹੀ
ਨਹੀਂ ਹੁੰਦੀ ਸਿਰਫ
ਬਹੁਤ ਧਿਰਾਂ ਵਿੱਚਕਾਰ ਹੁੰਦੀ ਹੈ
ਪਰ ਜਿੱਤਦਾ ਉਹ ਹੈ
ਜੋ ਇਹ ਖੇਡ
ਸ਼ੁਰੂ ਕਰਦਾ ਹੈ !
ਰਾਜਾ ਹਮੇਸ਼ਾਂ ਜਿੱਤਣ ਲਈ
ਬਿਸਾਤ ਵਿਛਾਉਂਦਾ ਹੈ ,
ਹਰ ਖਾਨੇ 'ਚ
ਮਨਮਰਜ਼ੀ ਦੇ ਮੋਹਰੇ
ਟਿਕਾਉਂਦਾ ਹੈ ,
ਹਰ ਕਿਸੇ ਨੂੰ
ਦਾਅ ਤੇ ਲਾਉਂਦਾ ਹੈ !
ਇਸ ਖੇਡ 'ਚ
ਲੱਥੀਆਂ ਪੱਗਾਂ
ਤੇ ਵੱਢੇ ਸਿਰਾਂ ਦਾ
ਕਿਤੇ ਹਿਸਾਬ ਨਹੀਂ ਹੁੰਦਾ !
ਕੋਈ ਕਮੀਸ਼ਨ ਕਦੇ ਵੀ
ਪਿਆਦਿਆਂ ਦੇ ਹੱਕ 'ਚ
ਨਹੀਂ ਭੁਗਤਦਾ !
ਰਾਜੇ ਬਿਸਾਤ ਵਿਛਾਉਂਦੇ ਨੇ
ਮਨ ਪਰਚਾਉਂਦੇ ਨੇ
ਤੇ ਫਿਰ
ਅਗਲੀ ਬਾਜ਼ੀ ਤੱਕ
ਜਿੱਤੀ ਬਾਜ਼ੀ ਦੇ
ਇਸ਼ਤਿਹਾਰ ਛਪਵਾਉਂਦੇ ਨੇ !
ਰਾਜਨੀਤੀ ਦੀ ਸ਼ਤਰੰਜ ਦੀ
ਵਿਆਕਰਣ ਹੋਰ ਹੁੰਦੀ ਹੈ !
------------------------
 
Top