ਹਲਕੀ-ਹਲਕੀ ਵਗਦੀ ਪੁਰੇ ਦੀ ਪੌਣ

ਹਲਕੀ-ਹਲਕੀ ਵਗਦੀ ਪੁਰੇ ਦੀ ਪੌਣ, ਨਿੱਕੀ-ਨਿੱਕੀ ਕਣੀ ਦਾ ਪੈਂਦਾ ਮੀਂਹ, ਬਾਗਾਂ ਉੱਤੇ ਆਈ ਬਹਾਰ, ਮਲੂਕ ਪੱਤੀਆਂ ’ਤੇ ਪਏ ਤ੍ਰੇਲ ਤੁਪਕੇ, ਸੱਜਰੀ ਸਵੇਰ ਦੇ ਮੁੱਖ ਵਰਗਾਂ ਮਾਂ ਤੇ ਧੀ ਦਾ ਮੋਹ ਭਿੱਜਿਆ ਰਿਸ਼ਤਾ ਹੁੰਦਾ ਹੈ, ਜਿਸ ਅੱਗੇ ਮਖਿਆਲ ਦੇ ਭਰੇ ਛੰਨੇ ਦੀ ਮਿਠਾਸ ਵੀ ਫਿੱਕੀ ਜਾਪਦੀ ਹੈ।
ਬਾਬਲ ਰਾਜੇ ਨਾਲ ਵੀ ਧੀ ਦਾ ਰਿਸ਼ਤਾ ਉਨੇ ਹੀ ਨਿੱਘ, ਪਿਆਰ ਤੇ ਲਾਡ ਭਰਿਆ ਹੈ। ਧੀ ਦੇ ਪਾਲਣ-ਪੋਸ਼ਣ ਤੋਂ ਲੈਕੇ ਵਿਦਾਈ ਤੋਂ ਬਾਅਦ ਵੀ ਉਹ ਉਸ ਦੇ ਹਰ ਸੁੱਖ-ਦੁੱਖ ਦਾ ਭਾਗੀਦਾਰ ਬਣਦਾ ਹੈ ਪਰ ਘਰ ਦੀ ਆਰਥਿਕਤਾ ਦੇ ਥੰਮ੍ਹ ਕਾਮੇ ਬਾਬਲ ਨੂੰ ਬਾਹਰ ਜ਼ਿਆਦਾ ਰਹਿਣਾ ਪੈਂਦਾ ਹੈ ਜਦਕਿ ਮੋਹ ਦਾ ਮੁਜੱਸਮਾ ਮਾਂ ਨੇ ਭਾਵੁਕ ਸਾਂਝਾਂ ਦੇ ਕਲਾਵੇ ਵਿੱਚ ਘਰ ਨੂੰ ਬੰਨ੍ਹੀ ਰੱਖਣਾ ਹੁੰਦਾ ਹੈ। ਧੀ ਆਪਣੇ ਦਿਲ ਦੇ ਰਾਜ਼ ਦੱਸਣ ਲਈ ਮਾਂ ਨੂੰ ਮੁਖ਼ਾਤਬ ਹੁੰਦੀ ਹੈੈ- ‘ਰਿਸ਼ਤਾ ਮਾਵਾਂ ਤੇ ਧੀਆਂ ਹੋਰ ਜੱਗ ਵੱਸੇ ਪਰਾਇਆ’।
ਧੀ ਰੂਪੀ ਫੁੱਲ ਨੇ ਇੱਕ ਦਿਨ ਪੇਕਿਆਂ ਦਾ ਘਰ ਛੱਡ ਕੇਕਿਸੇ ਹੋਰ ਘਰ ਦੇ ਬਾਗ ਨੂੰ ਜਾ ਕੇ ਮਹਿਕਾਉਣਾ ਹੁੰਦਾ ਹੈ, ਜਿਸ ਪਰਿਵਾਰ ਵਿੱਚ ਜੰਮੀ-ਪਲੀ, ਵੱਡੀ ਹੋਈ, ਲਾਡ ਲਡਾਏ, ਸੁਪਨੇ ਸਿਰਜੇ ਉਸ ਨੂੰ ਛੱਡ ਕੇ ਜਾਣਾ ਬੜਾ ਔਖਾ ਲੱਗਦਾ ਹੈ। ਬੇਗਾਨਾ ਘਰ, ਉਸ ਵਿੱਚ ਵਸਣ ਵਾਲੇ ਅਣਜਾਣ ਅਤੇ ਉਸ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਵੇਗਾ, ਵਰਗੇ ਡਰ ਉਹ ਸਹਿਮੀ ਹੋਈ ਆਪਣੀ ਮਾਂ ਨਾਲ ਸਾਂਝੇ ਕਰਦੀ ਹੈ:
ਕਾਹਨੂੰ ਗੁੰਦਾਈਆਂ ਮਾਏ ਮੇਢੀਆਂ
ਸੂਹਾ ਤੇ ਸਾਵਾ ਪਾਇਆ ਵੇਸ ਨੀਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ ਭੋਲੀਏ
ਪੁੱਤਾਂ ਨੇ ਮੱਲੇ ਮਹਿਲ ਚੁਬਾਰੇ
ਧੀਆਂ ਦੇ ਵੰਡੇ ਪਰਦੇਸ ਨੀਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ ਭੋਲੀਏ।
ਏਥੇ ਧੀ ਵੱਲੋਂ ਮਾਂ ਅੱਗੇ ਇੱਕ ਤਰ੍ਹਾਂ ਦਾ ਗਿਲਾ ਵੀ ਕੀਤਾ ਗਿਆ ਹੈ ਕਿ ਪੁੱਤਾਂ ਨੇ ਤਾਂ ਘਰ, ਜਾਇਦਾਦ ਸਾਂਭ ਲਈ ਹੈ ਪਰ ਧੀਆਂ ਨੇ ਬੇਗਾਨੇ ਦੇਸ਼ ਜਾਣਾ ਹੈ ਜੋਬੇਘਰਿਆਂ ਦੀ ਮਜਬੂਰੀ ਹੁੰਦੀ ਹੈ। ਸਾਡੇ ਸਮਾਜ ਵਿੱਚ ਧੀਆਂ ਨੂੰ ਬਾਬਲ ਦੇ ਸਾਹਮਣੇ ਬੇਬਾਕ ਹੋਣ ਦੀ ਆਗਿਆ ਨਹੀਂ ਹੈ। ਇਸ ਲਈ ਉਹ ਆਪਣੇ ਦਿਲ ਦੇ ਰਾਜ਼, ਅੰਦਰਲੇ ਭਾਵਾਂ, ਸਿੱਕਾਂ ਤੇ ਸੱਧਰਾਂ ਨੂੰ ਮਾਂ ਨਾਲਹੀ ਸਾਂਝੀਆਂ ਕਰਦੀ ਹੈ। ਜਦੋਂ ਉਸ ਦੇ ਹਾਣ ਦੀਆਂ ਸਭ ਸਹੁਰੀ ਚਲੀਆਂ ਜਾਂਦੀਆਂ ਹਨ ਤਾਂ ਆਪਣੇ ਬਾਬਲ ਨੂੰ ਮਾਂ ਰਾਹੀਂ ਸੁਨੇਹਾ ਦਿੰਦੀ ਹੈ ਕਿ ਧੀ ਦੀ ਵਿਆਹ ਯੋਗ ਉਮਰ ਲੰਘਦੀ ਜਾਂਦੀ ਹੈ:
ਸੁਣ ਨੀਂ ਮਾਤਾ ਮੇਰੀਏ,
ਨੀਂ ਮੇਰੇ ਬਾਬਲ ਨੂੰ ਸਮਝਾ
ਹਾਣ ਦੀਆਂ ਸਭ ਸਹੁਰੇ ਗਈਆਂ
ਸਾਡੀ ਉਮਰ ਨਿਕਲਦੀ ਜਾ।


by meeti
 
Last edited by a moderator:
Top