ਹਯਾ / ਦੀਪਕ

→ ✰ Dead . UnP ✰ ←

→ Pendu ✰ ←
Staff member
ਇਸ਼ਕ ਦੀ ਬਾਤ ਸੁਣਾਉਂਦਿਆਂ ਭੀ ਹਯਾ ਆਉਂਦੀ ਹੈ|
ਹੁਸਨ ਦਾ ਜ਼ਿਕਰ ਚਲਾਉਂਦੇ ਭੀ ਹਯਾ ਆਉਂਦੀ ਹੈ|

ਐਨੀ ਬੇ-ਲੁਤਫ਼ ਬੇ-ਨੂਰ ਹੈ ਜ਼ਿੰਦਗੀ ਅਜ ਕੱਲ੍ਹ,
ਹੁਣ ਤਾਂ ਇਹ ਉਮਰ ਹੰਢਿਉਂਦੇ ਭੀ ਹਯਾ ਆਉਂਦੀ ਹੈ|

ਅਜ ਤੇ ਇਨਸਾਨ ਦਾ ਕਿਰਦਾਰ ਹੈ ਐਨਾ ਨੀਂਵਾ,
ਅਜ ਤਾਂ ਇਨਸਾਨ ਕਹਾਉਂਦੇ ਭੀ ਹਯਾ ਆਉਂਦੀ ਹੈ|

ਕਤਲ ਕਰ ਦਿੰਦਾ ਹੈ ਫ਼ਰਿਆਦ ਇਹ ਬੋਲਾ ਮੁਨਿਸਫ਼,
ਲਬ ਤੇ ਫ਼ਰਿਆਦ ਲਿਆਉਂਦੇ ਭੀ ਹਯਾ ਆਉਂਦੀ ਹੈ|

ਵਾਅਦੇ ਤੋੜੇ ਨੇ ਉਨ੍ਹਾ ਨੇ ਕਿ ਹੁਣ ਉਹ ਵਾਅਦੇ,
ਯਾਦ ਉਹਨਾਂ ਨੂੰ ਕਰਾਉਂਦੇ ਭੀ ਹਯਾ ਆਉਂਦੀ ਹੈ|

ਐਨੇ ਬੇ ਪਰਦ ਨਜ਼ਾਰੇ ਨੇ ਕਿ ਤੌਬਾ ਮੇਰੀ,
ਉਫ਼! ਕਿ ਅਜ ਪਲਕਾਂ ਉਠਾਉਂਦੇ ਭੀ ਹਯਾ ਆਉਂਦੀ ਹੈ|

ਤੇਰੇ ਮੈਅਖ਼ਾਨੇ ’ਚ ਬਦਮਸਤਾਂ ਦੀ ਤੂਤੀ ਬੋਲੇ,
ਤੇਰ ਮੈਅਖ਼ਾਨੇ ’ਚ ਆਉਂਦੇ ਭੀ ਹਯਾ ਆਉਂਦੀ ਹੈ|

ਐਨੀ ਪਿਆਸੀ ਹੈ ਹਰਿੱਕ ਰੂਹ ਕਿ ਇਸ ਮਹਿਫ਼ਿਲ ਵਿੱਚ,
ਮੈਅ ਦਾ ਲੁਤਫ਼ ਉਠਾਉਂਦੇ ਭੀ ਹਯਾ ਆਉਂਦੀ ਹੈ|

ਸ਼ਿਕਵਾ ਕਰ ਬੈਠੇ ਸਾਂ ਇਕ ਵਾਰ ਕਿ “ਦੀਪਕ”! ਹੁਣ ਤਕ,
ਯਾਰ ਥੀਂ ਅੱਖ ਮਿਲਾਉਂਦੇ ਭੀ ਹਯਾ ਆਉਂਦੀ ਹੈ|
 
Top