ਇੱਕ ਗ਼ਜ਼ਲ਼ – ਕੁਲਵਿੰਦਰ ਬੱਛੋਆਣਾ

ਤਿੜਕੇ ਬੂਹੇ, ਬਿਰਧ ਦਿਵਾਰਾਂ ਨੂੰ ਕਾਹਦਾ ਧਰਵਾਸ
ਘਰ ਦੀ ਰੌਣਕ ਸਨ ਜੋ ਕਰ ਗਏ ਦੇਹਲੀ ਤੋਂ ਪਰਵਾਸ
ਮੇਰੇ ਪਿੰਡ ਵਿਚ ਰਹਿਣ ਅਨੇਕਾਂ ਹੀ ਅਣਗੌਲੇ ਰਾਮ
ਅਪਣੇ ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ
ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ,
ਮੇਰੇ ਅੰਦਰ ਮਾਰੂਥਲ ਸੀ, ਬੁਝਦੀ ਕਿੰਝ ਪਿਆਸ
ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸਧਰਾਂ ਦੇ ਬੀਜ
ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ ਪਈ ਸਲਫਾਸ
ਮਾਂ ਹੀ ਵਾਪਸ ਆ ਜਾਵੇ ਬਸ ਕੀ ਕਰਨੀ ਐ ਚੋਗ
ਵਹਿਸ਼ੀ ਰੁੱਤ ਚ ਕੀਤੀ ਕੰਬਦੇ ਬੋਟਾਂ ਨੇ ਅਰਦਾਸ
ਜਿੰਦਗੀ ਦੀ ਸਰਦੀ ਨੇ ਐਨਾ ਦਿੱਤਾ ਪਿੰਡਾ ਠਾਰ
ਹੁਣ ਸਿਵਿਆਂ ਦੀ ਅੱਗ ਨੇ ਵੀ ਨਾ ਦੇਣਾ ਕੋਈ ਨਿਘਾਸ
ਪਾਣੀ ਵਾਂਗ ਪਵਿੱਤਰ ਸੀ ਉਹ ਜਦ ਸੀ ਬੰਦਾ ਆਮ
ਹੁੰਦੀ ਹੀ ਗਈ ਕੂੜ-ਮਿਲਾਵਟ ਜਿਉਂ-ਜਿਉਂ ਹੋਇਆ ਖਾਸ


ਕੁਲਵਿੰਦਰ ਬੱਛੋਆਣਾ
 
Top