ਕਦੇ ਹੰਝੂਆਂ 'ਚ ਡੁਬਿਆ, ਕਦੇ ਬੇਕਰਾਰ ਆਇਆ

ਕਦੇ ਹੰਝੂਆਂ 'ਚ ਡੁਬਿਆ, ਕਦੇ ਬੇਕਰਾਰ ਆਇਆ ।
ਬੜੀ ਦੇਰ ਬਾਅਦ ਮੌਸਮ, ਇਵੇਂ ਸ਼ਾਨਦਾਰ ਆਇਆ ।

ਤੇਰੇ ਵਸਲ ਦੀ ਖੁਸ਼ੀ ਤਾਂ, ਕੀ ਪਤਾ ਹੈ ਨਾਮ ਕਿਸਦੇ ?
ਮੇਰੇ ਨਾਮ ਤਾਂ ਹਮੇਸ਼ਾਂ, ਤੇਰਾ ਇੰਤਜ਼ਾਰ ਆਇਆ ।

ਨਾ ਬੇਵਫ਼ਾ ਨੇ ਮੈਨੂੰ, ਕਦੇ ਬੇਵਫ਼ਾ ਕਿਹਾ ਹੈ,
ਨਾ ਮੇਰੀ ਵਫ਼ਾ 'ਤੇ ਉਸਨੂੰ, ਕਦੇ ਐਤਬਾਰ ਆਇਆ ।

ਤੇਰੇ ਪਿਆਰ ਦਾ ਨਸ਼ਾ ਵੀ, ਇਹ ਕਿਹੋ ਜਿਹਾ ਨਸ਼ਾ ਹੈ,
ਨਾ ਹੀ ਪੈਰ ਲੜਖੜਾਏ, ਨਾ ਕਦੇ ਉਤਾਰ ਆਇਆ ।
 
Top