ਵੱਖਰੀ ਪਹਿਚਾਨ ਲੈ ਕੇ ਕੀ ਕਰਾਂਗਾ ਮੈਂ...

ਮਲਮ ਦੇ ਕਿਰਪਾਨ ਲੈ ਕੇ ਕੀ ਕਰਾਂਗਾ ?
ਮੈਂ ਕਿਸੇ ਦੀ ਜਾਨ ਲੈ ਕੇ ਕੀ ਕਰਾਂਗਾ ?

ਦੂਜਿਆਂ ਦੇ ਦਾਨ ਤੇ ਜੋ ਪਲ ਰਿਹਾ ਹੈ ,
ਉਸ ਤੋਂ ਮੈਂ ਵਰਦਾਨ ਲੈ ਕੇ ਕੀ ਕਰਾਂਗਾ ?

ਮੈਨੂੰ ਹਸਦਾ - ਵਸਦਾ ਇੱਕ ਆਹਲਣਾ ਦੇ ,
ਮਿਲਖ - ਬੀਆਬਾਨ ਲੈ ਕੇ ਕੀ ਕਰਾਂਗਾ ?

ਤੂੰ ਦਵਾ ਦੇਣੀ ਏਂ , ਮੈਂ ਪੀਣੀ ਏਂ ਦਾਰੂ ,
ਮੈਂ ਤੇਰਾ ਅਹਿਸਾਨ ਲੈ ਕੇ ਕੀ ਕਰਾਂਗਾ ?

ਮੈਂ ਤਾਂ ਹੁਣ ਜੀਵਨ ਚ ਇਤਮੀਨਾਨ ਚਾਹੁੰਦਾਂ ,
ਇਸ਼ਕ ਦਾ ਤੂਫਾਨ ਲੈ ਕੇ ਕੀ ਕਰਾਂਗਾ ?

ਘਾਲਣਾ ਮੇਰੀ ਦਾ ਜੇ ਨਹੀਂ ਮੁੱਲ ਪਿਆ ਤਾਂ ,
ਮੁੱਲ ਦਾ ਸਨਮਾਨ ਲੈ ਕੇ ਕੀ ਕਰਾਂਗਾ ?

ਸ਼ਾਨ ਦੇਵੀਂ ਐ ਖੁਦਾ ' ਗੁਣਵਾਨ ' ਕਰਕੇ ,
ਐਵੇਂ ਫੋਕੀ ਸ਼ਾਨ ਲੈ ਕੇ ਕੀ ਕਰਾਂਗਾ ?

ਜੇ ਗੁਣਾਂ ਦੇ ਨਾਲ ਹੀ ਹੰਕਾਰ ਆਉਣੈ ,
ਫਿਰ ਗੁਣਾਂ ਦੀ ਖਾਨ ਲੈ ਕੇ ਕੀ ਕਰਾਂਗਾ ?

ਨੀਨਾ ਆਪਣੇ ਦਿਲ ਵਿੱਚ ਰਖ ਲੈ "ਹੀਰ" ਨੂੰ ,
ਵੱਖਰੀ ਪਹਿਚਾਨ ਲੈ ਕੇ ਕੀ ਕਰਾਂਗਾ ਮੈਂ...
 
Top