ਕੋਸ਼ਿਸ਼ ਕਰੀਏ |

ਤੇਜ਼ ਰਫਤਾਰੀ ਵਧਦੇ ਖਿਆਲਾਂ ਨੂੰ , ਠੱਲ ਪਾਣ ਦੀ ਕੋਸ਼ਿਸ਼ ਕਰੀਏ,
ਭੁੱਲੇ-ਵਿਸਰੇ ਆਪਣੇ ਸਭਿਆਚਾਰ ਨੂੰ , ਯਾਦਾਂ ਚ' ਲਿਆਉਣ ਦੀ ਕੋਸ਼ਿਸ਼ ਕਰੀਏ |

ਸਜਾ ਸਿਰ ਸੱਗੀ ਫੁੱਲ ਤੇ ਪੈਰੀਂ ਝਾਂਜਰਾ, ਗਿੱਧੇ ਪਾਉਣ ਦੀ ਕੋਸ਼ਿਸ਼ ਕਰੀਏ,
ਚੜਵਾ ਹੱਥੀਂ ਵੰਗਾ ਤੇ ਗਲੇ ਤਵੀਤੜੀ, ਹੁਸਨ ਸਜਾਉਣ ਦੀ ਕੋਸ਼ਿਸ਼ ਕਰੀਏ,
ਬੋਹੜ ਤੇ ਪਿੱਪਲੀ ਪਾ ਕੇ ਪੀਂਘਾ, ਤੀਆਂ ਮਨਾਉਣ ਦੀ ਕੋਸ਼ਿਸ਼ ਕਰੀਏ,
ਕਢੀਏ ਫੁੱਲ ਫੁਲਕਾਰੀ ਉਪਰ, ਬਾਗ਼ ਬਣਾਉਣ ਦੀ ਕੋਸ਼ਿਸ਼ ਕਰੀਏ,
ਲਭ ਚਰਖ਼ਾ ਕਿਸੇ ਬੁਢੜੀ ਹਵੇਲੀ 'ਚੋਂ', ਤੰਦ ਪਾਉਣ ਦੀ ਕੋਸ਼ਿਸ਼ ਕਰੀਏ,
ਗਹਿਣਾ ਸ਼ਰਮ ਸਜ਼ਾ ਅੱਖੀਆਂ 'ਚ', ਮੁਟਿਆਰ ਬਣ ਜਾਣ ਦੀ ਕੋਸ਼ਿਸ਼ ਕਰੀਏ |

ਆਪਣੇ ਪਿੰਡ ਆਪਣੇ ਖੇਤਾਂ ਨੂੰ, ਮਿਸਾਲ ਬਣਾਉਣ ਦੀ ਕੋਸ਼ਿਸ਼ ਕਰੀਏ,
ਛੱਡ ਖਹਿੜਾ ਕਰੂਪ ਨਸ਼ਿਆਂ ਦਾ, ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰੀਏ,
ਵਹਾ ਪਸੀਨਾ ਆਪਣੇ ਖੇਤਾਂ ਵਿਚ, ਕਿਰਤ ਕਮਾਉਣ ਦੀ ਕੋਸ਼ਿਸ਼ ਕਰੀਏ,
ਸਿਰ ਤੁਰਲੇ ਵਾਲੀਆਂ ਪੱਗਾ ਬਣ, ਵਿਰਸਾ ਬਚਾਉਣ ਦੀ ਕੋਸ਼ਿਸ਼ ਕਰੀਏ,
ਇਕਠੇ ਇਕ ਹੀ ਘਰ ਵਿਚ ਵਸੀਏ, ਨਾ ਹੱਕ ਵੰਡਾਉਣ ਦੀ ਕੋਸ਼ਿਸ਼ ਕਰੀਏ,
ਨਿੱਤ ਅਖਾੜਿਆਂ 'ਚ' ਡੰਡ ਪੇਲ ਕੇ, ਗਭਰੂ ਬਣ ਜਾਣ ਦੀ ਕੋਸ਼ਿਸ਼ ਕਰੀਏ |

ਬਹਿ ਸੱਥਾਂ ਵਿਚ ਰਲ ਸਾਰੇ, ਸਾਂਝ ਵਧਾਉਣ ਦੀ ਕੋਸ਼ਿਸ਼ ਕਰੀਏ,
ਕਰ ਆਦਰ ਤੇ ਸਤਿਕਾਰ ਵੱਡਿਆਂ ਦਾ, ਦੁੱਖ ਘਟਾਉਣ ਦੀ ਕੋਸ਼ਿਸ਼ ਕਰੀਏ,
ਛੱਡ ਉਲਾਂਭੇ ਤੇ ਆਲਸਾਂ ਦੇ ਚੱਕਰ, ਹਿੰਮਤ ਜਗਾਉਣ ਦੀ ਕੋਸ਼ਿਸ਼ ਕਰੀਏ,
ਨਵੇ ਅਪਣਾ ਢੰਗ ਪੰਜ਼ਾਬ ਨੂੰ, ਉੱਚਾ ਉਠਾਉਣ ਦੀ ਕੋਸ਼ਿਸ਼ ਕਰੀਏ,
ਦੇ ਸੁਨੇਹਾ ਪਿਆਰ ਤੇ ਅਪਣੱਤਾ ਦਾ, ਨਫਰਤਾਂ ਮਿਟਾਉਣ ਦੀ ਕੋਸ਼ਿਸ਼ ਕਰੀਏ,
ਪੰਜ਼ਾਬ, ਪੰਜ਼ਾਬੀ ਅਤੇ ਪੰਜ਼ਾਬੀਅਤ ਦਾ, ਮਾਨ ਵਧਾਉਣ ਦੀ ਕੋਸ਼ਿਸ਼ ਕਰੀਏ,|

ਤੇਜ਼ ਰਫਤਾਰੀ ਵਧਦੇ ਖਿਆਲਾਂ ਨੂੰ , ਠੱਲ ਪਾਣ ਦੀ ਕੋਸ਼ਿਸ਼ ਕਰੀਏ,
ਭੁੱਲੇ-ਵਿਸਰੇ ਆਪਣੇ ਸਭਿਆਚਾਰ ਨੂੰ , ਯਾਦਾਂ ਚ' ਲਿਆਉਣ ਦੀ ਕੋਸ਼ਿਸ਼ ਕਰੀਏ |


writer:- unknown
 
Top