..ਨਜ਼ਮ..

ਹਾਲੇ ਤਾਂ ਬੱਸ ਕਲਮ ਮੇਰੀ ਹੈ
ਜਾਂ ਸਿਰਫ਼
ਹਰਫ਼ ਨੇ ਮੇਰੇ ।
ਸਫ਼ਾ ਤਾਂ ਤੇਰਾ ਹੈ
ਮੇਰੇ ਕੁੱਝ ਵੀ ਲਿਖਣ ਤੋਂ ਪਹਿਲਾਂ
ਤੂੰ ਚੁੱਕ ਲਵੇਂਗਾ
ਝੂਠੀ ਤਾਰੀਫ਼
ਜਾਂ ਫ਼ਿਰ
ਬੇ-ਸਿਰ ,ਪੈਰ ਦੀ
ਆਲੋਚਨਾ ਦਾ ਝਾੜੂ ।
ਤੇ ਮੇਰੇ ਸ਼ਬਦਾਂ ਨੂੰ ਹੂੰਝ ਕੇ ਸੁੱਟ ਦੇਵੇਂਗਾ
ਕੂੜੇ ਵਾਲੇ ਡੱਬੇ ਵਿੱਚ ।
ਪਰ
ਅੱਜ ਮੈਂ ਹਰਫ਼
ਸਿਆਹੀ ਨਾਲ ਨਹੀਂ
ਆਪਣੇ ਲਹੂ ਨਾਲ ਪਾਵਾਂਗੀ ।
ਤੇ ਮਿਟਾਉਣ ਲਈ
ਤੈਂਨੂੰ ਵੀ ਲਹੂ ਲੋੜੀਂਦਾ ਹੈ ।
ਤੇਰੇ ਪਾਣੀਆਂ ਦੀ
ਐਡੀ ਔਕਾਤ ਨਹੀਂ
ਕਿ ਉਹ ਮੇਰੇ ਲਹੂ ਨਾਲ ਮੜਿੱਕ ਸਕਣ ।
ਰਚਨਾ ਸਿਰਫ਼
ਮਾਸ਼ੂਕ ਦੀਆਂ ਅੱਖਾਂ ਦੀ ਚਮਕ ਨਹੀਂ
ਬਲਦੀ ਅੱਗ ਦਾ ਭਾਂਬੜ ਵੀ ਹੁੰਦੀ ਹੈ ।
ਰਚਨਾ ਦੀਆਂ ਬਾਰੀਕੀਆਂ ਨੂੰ
ਬੁੱਲਾਂ ਹੇਠ ਭੋਰ-ਭੋਰ ਸਵਾਦ ਲੈਣ ਵਾਲਿਓ
ਇਹ ਸਿਰਫ਼ ਕਿਸੇ ਅੱਲੜ ਦੀਆਂ ਛਾਤੀਆਂ ਨਹੀਂ
ਹੱਥਗੋਲੇ ਦੇ ਫਟਣ ਦੀ ਗੂੰਜ ਵੀ ਹੁੰਦੀ ਹੈ ।
ਰਚਨਾ ਸਿਰਫ਼ ਸਹਿ ਜਾਣ ਦਾ ਨਾਮ ਨਹੀਂ
ਕੁੱਝ ਖੋਹ ਲੈਣਾ ਵੀ ਹੈ
'ਹੱਕ' ਵਰਗੀ ਕੋਈ ਚੀਜ਼ ।
ਪਿਘਲਦੇ ਲੋਹੇ ਤੇ
ਕੇਸਰ ਦੇ ਛਿੱਟੇ ਮਾਰਨ ਵਾਲਿਆ
ਕਦੇ ਖ਼ੂਨ ਦੇ ਛਿੱਟਿਆਂ ਦੀ ਖ਼ੌਫਨਾਕਤਾ 'ਚੋਂ
ਖ਼ੂਬਸੂਰਤੀ ਫੜੀਂ
ਜਾਂ ਫ਼ਿਰ
ਫੜੀਂ ਆਪਣੀ ਬੁਜ਼ਦਿਲੀ ।
ਮੈਂ ਤੇਰੇ ਕਾਲੇ ਹਰਫ਼ਾਂ ਤੇ
ਆਪਣਾ ਸੂਹਾ ਲਹੂ ਡੋਲ ਦੇਣਾ ਹੈ
ਜੋ ਸੁੱਕ ਕੇ ਕਾਲਾ ਹੋ ਜਾਵੇਗਾ
ਤੇ ਤੇਰੀ ਸਿਆਹੀ ਨੂੰ ਲੈ ਲਵੇਗਾ
ਆਪਣੇ ਆਗ਼ੋਸ਼ ਵਿੱਚ ।
ਮੈਂ ਨਹੀਂ ਚਾਹੁੰਦੀ
ਤੂੰ ਮੇਰੇ ਸ਼ਬਦਾਂ ਦੀ ਲੈਅ 'ਚ
ਪਾਣੀ ਤੇ ਤਰਦੇ ਮੁਰਦੇ ਵਾਂਗ ਵਹੇਂ
ਤੂੰ ਮੇਰੇ ਬੋਲਾਂ ਨੂੰ ਤਾਲ ਦੇਣ ਦੀ ਕਰੇਂ
ਮਿਆਂਕਦੀ ਕੋਸ਼ਿਸ਼ ।
ਮੈਂ ਤਾਂ ਚਾਹੁੰਦੀ ਹਾਂ
ਕਿ ਮੇਰਾ ਹਰ ਹਰਫ਼
ਤੇਰੀ ਹਿੱਕ ਨੂੰ ਖੁਰਚ ਕੇ ਲੰਘੇ
ਤੇਰੀ ਸੋਚ ਤੇ ਜੰਮੀ
ਸਦੀਆਂ ਪੁਰਾਣੀ ਜ਼ੰਗਾਲ ਲਾਹੇ ।
ਮੈਂ ਧਰਤੀ ਦੀ ਧੀ ਹਾਂ
ਤੇ ਸ਼ਾਇਦ ਤੂੰ
ਧਰਤੀ ਨਾਲ ਹੋਏ ਬਲਾਤਕਾਰ ਦੀ ਪੈਦਾਇਸ਼ ਹੈਂ ।
ਮੈਂ ਤੇਰੀ ਔਲਾਦ ਦੇ
ਜ਼ਿਹਨ ਤੇ ਛਾਏ
ਕਾਲੇ ਸਿਆਹ ਬੱਦਲਾਂ ਵਿੱਚੋਂ
ਬਿਜ਼ਲੀ ਬਣਕੇ ਚਮਕਾਂਗੀ
ਤੇ ਕੜਕਦੀ ਰਹਾਂਗੀ
ਜਦੋਂ ਤੱਕ ਤੇਰੀ ਔਲਾਦ ਜਾਗ ਨਹੀਂ ਜਾਂਦੀ ।
ਤੂੰ ਫ਼ਾਲਤੂ ਦੀ ਆਸ ਦੀ ਲੋਰੀ ਦੇ ਕੇ
ਜਿੰਨਾਂ ਨੂੰ ਗੂੜੀ ਨੀਂਦੇ ਸੁਲਾਇਆ ਹੈ ।
ਹਾਲੇ ਤਾਂ ਬੱਸ ਕਲਮ ਮੇਰੀ ਹੈ । ................ਨਵਦੀਪ ਕੌਰ
 
Top