ਭੈਣਾਂ ਕੀ ਮੰਗਦੀਆਂ ਨੇ?

ਭੈਣਾਂ ਮੋਹਵੰਤੀਆਂ
ਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਜਦੋਂ ਵੀਰਾਂ ਨੂੰ ਯਾਦ ਕਰਦੀਆਂ ਨੇ
ਜਦੋਂ ਵੀਰਾਂ ਨੂੰ ਖਤ ਪਾਉਂਦੀਆਂ ਨੇ
ਜਦੋਂ ਵੀਰਾਂ ਨੂੰ ਅਸੀਸਾਂ ਘੱਲਦੀਆਂ ਨੇ
ਤਾਂ ਕੀ ਕਰਦੀਆਂ ਨੇ
ਬਸ,'ਵੀਰਾ' ਆਖਦੀਆਂ ਨੇ
ਤੇ ਚੁੱਪ ਕਰ ਜਾਂਦੀਆਂ ਨੇ
ਵਰਕਾ ਭਰਦੀਆਂ ਨੇ
ਤੇ ਖਾਲੀ ਘਲਾ ਦੇਂਦੀਆਂ ਨੇ
'ਦੁਆ' ਕਰਦੀਆਂ ਨੇ
ਤੇ ਬੁੱਲ੍ਹ ਮੀਚ ਲੈਂਦੀਆਂ ਨੇ
ਭੈਣਾਂ ਕਿੰਨਾ ਕੁਝ ਕਰਦੀਆਂ ਨੇ
ਵੀਰਾਂ ਨੂੰ 'ਵੀਰ' ਹੋਣ ਦੇ ਆਹਰੇ ਲਾਉਂਦੀਆਂ ਨੇ
ਵੀਰਾਂ ਦੇ ਘਰ ਦੀ ਛੱਤ ਲਈ
ਨਿੱਕੇ-ਨਿੱਕੇ ਠੁੰਮ੍ਹਣੇ ਬਣਾਉਂਦੀਆਂ ਨੇ
ਵੀਰਾਂ ਦੇ ਵਿਹੜੇ ਨੂੰ
ਭਾਗਾਂ-ਭਰਿਆ ਆਖ ਵਡਿਆਉਂਦੀਆਂ ਨੇ
ਇਹ ਭੈਣਾਂ ਕੀ ਆਖਦੀਆਂ ਨੇ?
ਭੈਣਾਂ ਤਾਂ ਕੁਝ ਨਹੀਂ ਆਖਦੀਆਂ
ਬਸ, ਵੀਰ ਈ ਸੁਣਦੇ ਨੇ
ਵੀਰ ਭੈਣਾਂ ਦੇ ਦੁਖੜੇ ਸੁਣਦੇ ਨੇ
ਜਿਹੜੇ ਉਹ ਦੱਸਦੀਆਂ ਨਹੀਂ
ਵੀਰ ਭੈਣਾਂ ਦੇ ਹਾਸੇ ਸੁਣਦੇ ਨੇ
ਜਿਹੜੇ ਉਹ ਹੱਸਦੀਆਂ ਨਹੀਂ
ਵੀਰ ਭੈਣਾਂ ਦੇ ਸਿਰ'ਤੇ ਹੱਥ ਰੱਖਦੇ ਨੇ
ਜਿਹੜੇ ਉਹ ਕਦੇ ਚੁੱਕਦੀਆਂ ਨਹੀਂ
ਵੀਰ ਭੈਣਾਂ ਦੇ ਸੁਪਨੇ ਸੁਣਦੇ ਨੇ
ਜਿਹੜੇ ਉਹਨਾਂ ਦੇ ਜਾਗਣ'ਤੇ ਸੌਂ ਜਾਂਦੇ ਨੇ
ਸੁਪਨੇ ਕਿਵੇਂ ਸੌਂ ਜਾਂਦੇ ਨੇ?
ਵੀਰ ਸੋਚਦੇ ਨੇ
ਭੈਣਾਂ ਸੋਚਦੀਆਂ ਨਹੀਂ
ਸਮਝਦੀਆਂ-ਸਮਝੌਂਦੀਆਂ ਨੇ
ਭੈਣਾਂ ਕੀ ਸਮਝੌਂਦੀਆਂ ਨੇ?
ਭੈਣਾਂ ਕੀ ਚਾਹੁੰਦੀਆਂ ਨੇ?
ਭੈਣਾਂ ਕੀ ਮੰਗਦੀਆਂ ਨੇ?
ਭੈਣਾਂ ਬਸ ਵੀਰਾਂ ਦੀ ਸੁੱਖ ਮੰਗਦੀਆਂ ਨੇ
ਵੀਰਾਂ ਵਲੋਂ ਆਉਂਦੀ ਠੰਢੀ 'ਵਾ ਮੰਗਦੀਆਂ ਨੇ
ਵੀਰਾਂ ਦੀਆਂ ਵੱਡੀਆਂ ਉਮਰਾਂ ਦੀਆਂ
ਦੁਆਵਾਂ ਮੰਗਦੀਆਂ ਨੇ
ਭੈਣਾਂ ਸੱਚੀਂ ਕਿੰਨਾ ਕੁਝ ਮੰਗਦੀਆਂ ਨੇ
ਭੈਣਾਂ ਮੋਹਵੰਤੀਆਂ
ਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਆਪਣੇ ਲਈ ਕੀ ਮੰਗਦੀਆਂ ਨੇ ?
ਜੋ ਵੀ ਮੰਗਦੀਆਂ ਨੇ
ਵੀਰਾਂ ਲਈ ਮੰਗਦੀਆਂ ਨੇ
ਭੈਣਾਂ ਕਿੰਨਾ ਕੁਝ ਮੰਗਦੀਆਂ ਨੇ..... ਅਤੈ ਸਿੰਘ
 
Top