ਜੰਗਨਾਮਾ (੯੧-੧੦੫)_Part 4_Final Part

ਪਏ ਬਾਵਿਓਂ ਹੋਇ ਕੇ ਫੇਰ ਗੋਰੇ, ਫਰਾਂਸੀਸ ਤੇ ਜਿੱਥੇ ਸੀ ਚਾਰ-ਯਾਰੀ।
ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ, ਬਣੀ ਆਣ ਸਰਦਾਰਾਂ ਨੂੰ ਬਹੁਤ ਖੁਆਰੀ।
ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ, ਘਰੀਂ ਨੱਸ ਨਾ ਜਾਏ ਇਹ ਫੌਜ ਸਾਰੀ।
ਸ਼ਾਹ ਮੁਹੰਮਦਾ, ਮਰਨ ਸ਼ਹੀਦ ਹੋ ਕੇ, ਅਤੇ ਜਾਨ ਨਾ ਕਰਨਗੇ ਫਿਰ ਪਿਆਰੀ।੯੧


ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਸਣੇ ਆਦਮੀ ਗੋਲੀਆਂ ਨਾਲ ਉੰਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ, ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।੯੨



ਕਈ ਸੂਰਮੇ ਮਾਰ ਕੇ ਮੋਏ ਓਥੇ, ਜਿਨ੍ਹਾਂ ਹੱਥ ਕੀਤੇ ਤੇਗ਼ਾਂ ਨੰਗੀਆਂ ਦੇ।
ਰਹਿੰਦੇ ਘੇਰ ਕੇ ਵਿਚ ਦਰਿਆਉ ਡੋਬੇ, ਸ਼ੱਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ।
ਕਹਿੰਦੇ : 'ਨੌਕਰੀ ਕਾਸ ਨੂੰ ਅਸਾਂ ਕੀਤੀ, ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ।
ਸ਼ਾਹ ਮੁਹੰਮਦਾ, ਫੇਰ ਨਾ ਰੱਬ ਲਿਆਵੇ, ਵਿਚ ਜੰਗ ਦੇ ਨਾਲ ਫਰੰਗੀਆਂ ਦੇ।੯੩


ਕਈ ਮਾਵਾਂ ਦੇ ਪੁੱਤਰ ਨੇ ਮੋਏ ਓਥੇ, ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ, ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ, ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।
ਸ਼ਾਹ ਮੁਹੰਮਦਾ, ਬਹੁਤ ਸਰਦਾਰ ਮਾਰੇ, ਪਈਆਂ ਰਾਜ ਦੇ ਵਿਚ ਖੁਆਰੀਆਂ ਨੀ।੯੪


ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ : 'ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ।
ਰਹਿੰਦੀ ਫੌਜ ਦਾ ਕਰ ਇਲਾਜ ਕੋਈ, ਕਾਬੂ ਤੁਸਾਂ ਬਗੈਰ ਨਾ ਆਵਣੀ ਜੀ।
ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ, ਪਾਉ ਵਿਚ ਲਾਹੌਰ ਦੇ ਛਾਵਣੀ ਜੀ।'
ਸ਼ਾਹ ਮੁਹੰਮਦਾ, ਅੱਜ ਮੈਂ ਲਿਆ ਬਦਲਾ, ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ।੯੫


ਪੁਲ ਬੱਧਾ ਫਰੰਗੀ ਨੇ ਖ਼ਬਰ ਸੁਣ ਕੇ, ਲਾਂਘੇ ਪਏ ਨੀ ਵਿਚ ਪਲਕਾਰਿਆਂ ਦੇ।
ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ, ਵਾਜੇ ਵੱਜਦੇ ਨਾਲ ਨਗਾਰਿਆਂ ਦੇ।
ਅੱਗੋਂ ਸਭ ਪਠਾਣ ਲੈ ਮਿਲੇ ਨਜ਼ਰਾਂ, ਪਿੱਛੋਂ ਪੈਂਚ ਆਏ ਮੁਲਖਾਂ ਸਾਰਿਆਂ ਦੇ।
ਸ਼ਾਹ ਮੁਹੰਮਦਾ, ਆਣ ਲੁਆਣ ਲੱਥੇ, ਅੱਛੇ ਦੇਸ ਤੇ ਥਾਉਂ ਟਿਕਾਣਿਆਂ ਦੇ।੯੬


ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ, ਬਾਹੋਂ ਪਕੜ ਲਾਹੌਰ ਲਿਆਂਵਦਾ ਈ।
'ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ', ਉਹ ਤਾਂ ਆਪਣਾ ਕੰਮ ਬਣਾਂਵਦਾ ਈ।
ਦਿੱਤੇ ਕੱਢ ਮਲਵਈ ਦੁਆਬੀਏ ਜੀ, ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ।
ਸ਼ਾਹ ਮੁਹੰਮਦਾ, ਤਰਫ ਪਹਾੜ ਲੈ ਕੇ, ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ।੯੭



ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ, ਪਾਈ ਛਾਵਣੀ ਵਿਚ ਲਾਹੌਰ ਦੇ ਜੀ।
ਰੋਹੀ, ਮਾਲਵਾ, ਪਾਰ ਦਾ ਮੁਲਕ ਸਾਰਾ, ਠਾਣਾ ਘੱਤਿਆ ਵਿਚ ਫਲੌਰ ਦੇ ਜੀ।
ਲਿਆ ਸ਼ਹਿਰ ਲਾਹੌਰ, ਫਿਰੋਜ਼ਪੁਰ ਦਾ, ਜਿਹੜੇ ਟਕੇ ਆਵਣ ਨੰਦਾ ਚੋਰ ਦੇ ਜੀ।
ਸ਼ਾਹ ਮੁਹੰਮਦਾ, ਕਾਂਗੜਾ ਮਾਰ ਲੀਤਾ, ਉਹਦੇ ਕੰਮ ਗਏ ਸਭੇ ਸੌਰਦੇ ਜੀ।੯੮


ਰਹਿੰਦਾ ਮੁਲਕ ਫਰੰਗੀ ਦੇ ਪਿਆ ਪੇਟੇ, ਕੀਤਾ ਹੁਕਮ ਫਰੰਗੀਆਂ ਸਾਰਿਆਂ ਨੇ।
ਮਾਈ ਫੌਜ ਨੂੰ ਚਾਇ ਜਵਾਬ ਦਿੱਤਾ, ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ।
ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ, ਬਖਤਾਵਰਾਂ ਤੇ ਨੇਕ ਸਤਾਰਿਆਂ ਨੇ।
ਸ਼ਾਹ ਮੁਹੰਮਦਾ, ਲੋਕ ਵਿਰਾਨ ਹੋਏ, ਤੋੜ ਸੁੱਟਿਆ ਮੁਲਕ ਉਜਾੜਿਆਂ ਨ।੯੯


ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ, ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ।
ਗੁੱਝੀ ਰਮਜ਼ ਕਰ ਕੇ ਆਪ ਰਹੀ ਸੱਚੀ, ਬਦਲਾ ਤੁਰਤ ਭਰਾਉ ਦਾ ਮੋੜਿਆ ਈ।
ਲਏ ਤੁਰਤ ਮੁਸਾਹਿਬ ਲਪੇਟ ਰਾਣੀ, ਲਸ਼ਕਰ ਵਿਚ ਦਰਿਆ ਦੇ ਰੋੜ੍ਹਿਆ ਈ।
ਸ਼ਾਹ ਮੁਹੰਮਦਾ, ਕਰੇ ਜਹਾਨ ਗੱਲਾਂ, ਉਹਨਾਂ ਕੁਫ਼ਰ ਮੁਦਈ ਦਾ ਤੋੜਿਆ ਈ।੧੦੦



ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ, ਕਿਹੀ ਚੜ੍ਹੀ ਹੈ ਜ਼ਹਿਰ ਦੀ ਸਾਣ ਮਾਈ!
ਕਿਨ੍ਹਾਂ ਖੁੰਦਰਾਂ ਵਿਚ ਫਸਾਇ ਕੇ ਜੀ, ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈ।
ਹੱਥ ਧੋਇ ਕੇ ਮਗਰ ਕਿਉਂ ਪਈ ਸਾਡੇ, ਘਰੀਂ ਅਜੇ ਨਾ ਦੇਨੀ ਏਂ ਜਾਣ ਮਾਈ।
ਸ਼ਾਹ ਮੁਹੰਮਦਾ, ਖੋਹ ਹਥਿਆਰ ਬੈਠੇ, ਨਾਲ ਕੁੜਤੀਆਂ ਲਏ ਪਛਾਣ ਮਾਈ।੧੦੧


ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ।
ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ, ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।
ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।
ਸ਼ਾਹ ਮੁਹੰਮਦਾ, ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿੱਤਾ।੧੦੨



ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ, ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ, ਖੁਦੀ ਆਪਣੀ ਵਿਚ ਮੁਹਾਸਤਾ ਈ।
ਸ਼ਾਹ ਮੁਹੰਮਦਾ, ਦੌਲਤਾਂ ਜਮ੍ਹਾਂ ਕਰਦਾ, ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ।੧੦੩


ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਅੱਗੇ ਹੋਰ ਕੀ ਬਣਤ ਬਣਾਵਣੀ ਜੀ।
ਇਕ ਘੜੀ ਦੀ ਕੁਝ ਉਮੈਦ ਨਾਹੀਂ, ਕਿਸੇ ਲਈ ਹਾੜ੍ਹੀ ਕਿਸੇ ਸਾਵਣੀ ਜੀ।
ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ : 'ਅਸਾਂ ਡਿੱਠੀ ਫਰੰਗੀ ਦੀ ਛਾਵਣੀ ਜੀ।'
ਸ਼ਾਹ ਮੁਹੰਮਦਾ, ਨਹੀਂ ਮਲੂਮ ਸਾਨੂੰ, ਅੱਗੇ ਹੋਰ ਕੀ ਖੇਡ ਖਿਡਾਵਣੀ ਜੀ।੧੦੪


ਸੰਮਤ ਉਨੀ ਸੌ ਦੂਸਰਾ ਉਤਰਿਆ ਸੀ, ਜਦੋਂ ਹੋਇਆ ਫਰੰਗੀ ਦਾ ਜੰਗ ਮੀਆਂ।
ਹੈਸੀ ਖ਼ੂਨ ਦੀ ਉਹ ਜ਼ਮੀਨ ਪਿਆਸੀ, ਹੋਇਆ ਸੁਰਖ ਸ਼ਰਾਬ ਦੇ ਰੰਗ ਮੀਆਂ।
ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ, ਜੈਸੇ ਚੜ੍ਹੇ ਅਕਾਸ਼ ਪਤੰਗ ਮੀਆਂ।
ਸ਼ਾਹ ਮੁਹੰਮਦਾ, ਸਿਰਾਂ ਦੀ ਲਾਇ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।੧੦੫



 
Re: ਜੰਗਨਾਮਾ (੯੧-੧੦੫)_Part ੪_Final Part

ਸ਼ਾਹ ਮੁਹੰਮਦਾ, ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।੯੨
Gal pehlan vi uhi si, gal hun vi ihi hai...Punjab needs a honest and brave leader like M. Ranjit singh.:so A leader who can negotiate the rights of punjab with the central govt.
 
ਜੰਗਨਾਮੇ ਦੇ ਸਾਰੇ parts ਕਾਬਿਲੇ ਤਾਰੀਫ਼ ਨੇ,
ਤੁਸੀਂ ਬਹੁਤ ਮਿਹਨਤ ਕੀਤੀ ਹੈ,ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਣ,
 
Top