ਜੰਗਨਾਮਾ (੧ -੧੦)_Part 1

ਜੰਗਨਾਮਾ
ਸਿੰਘਾ ਤੇ ਫਰੰਗੀਆ
ਸ਼ਾਹ ਮੁਹੰਮਦ (ਜੀਵਨ ਕਾਲ ੧੭੮੦ - ੧੭੪੫ ਈ)

ਅਵਲ ਹਮਦ ਜਨਾਬ ਅਲਾਹ ਦੀ ਨੂੰ, ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ੋਗਾਰ ਕਰ ਕੇ, ਰੰਗਾ ਰੰਗ ਬਾਗ ਲਗਾਂਵਦਾ ਈ ।
ਸਫ਼ਾ ਪਿਛਲੀਆਂ ਸਭ ਲਪੇਟ ਲੈਂਦਾ, ਅਗੋਂ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਉਸ ਤੂੰ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ ।


ਥੇ ਅਇਆਂ ਨੂੰ ਦੁਨੀਆਂ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ ।
ਸਦਾ ਨਹੀ ਜਵਾਨੀ ਤੇ ਸ਼ ਮਾਪੈ, ਸਦਾ ਨਹੀਂ ਜੇ ਬਾਲ ਵਰੇਸ ਮੀਆਂ ।
ਸਦਾ ਨਹੀੱ ਜੇ ਦੌਲਤਾਂ ਫੀਲ, ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ ।
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ।


ਇਕ ਰੋਜ਼
ਵਡਾਲੇ (ਵਟਾਲੇ) ਦੇ ਵਿਚ ਬੈਠੇ, ਚੱਲੀ ਆਣ ਅੰਗਰੇਜ਼ ਦੀ ਬਾਤ ਆਈ ।
ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ, ਜਿਨ੍ਹਾਂ ਨਾਲ ਸਾਡੀ ਮੁਲਾਕਾਤ ਹੋਈ ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰਾਂ ਦੋਹਾਂ ਦੇ ਉੱਤੇ ਅਫ਼ਾਆਈ ।
ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ ।


ਹ ਜਗ ਸਰਾਇ ਮੁਸਾਫ਼ਰਾਂ ਦੀ, ਏਥੇ ਜ਼ੋਰ ਵਾਲੇ ਕਈ ਆਏ ਗਏ।
ਸ਼ਦਾਦ ਨਮਰੂਦ ਫਿਰਊਨ ਜੇਹੇ, ਦਾਵ੍ਹਾ ਬੰਨ੍ਹ ਖੁਦਾਇ ਕਹਾਇ ਗਏ।
ਅਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਇ ਗਏ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਇ ਗਏ।


ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ (ਜਾਣੀ) ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ। ੫।

ਜਦੋਂ ਹੋਏ ਸਰਕਾਰ ਦੇ ਸਾਸ ਪੂਰੇ, ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ (ਨੌਨਿਹਾਲ ਸਿੰਘ), ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ, 'ਮੋਇਆ ਮੁਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ, ਸਾਡਾ ਇਹੋ ਸੀ ਕੌਲ ਕਰਾਰ ਮੀਆਂ।


ਮੇਰੇ ਬੈਠਿਆ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਗਰਕ ਜਾਵੇ ਦਰਬਾਰ ਮੀਆਂ।
ਪਿੱਛੇ ਸਾਡੇ ਵੀ ਕੌਰ ਨਾ ਰਾਜ ਕਰਸੀ, ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ।'
ਨਾ ਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਮਰਨਗੇ ਸਭ ਸਰਦਾਰ ਮੀਆਂ।'
ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ, ਖ਼ਾਲੀ ਨਹੀਂ ਜਾਣਾ ਇਕ ਵਾਰ ਮੀਆਂ।


ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ, ਬਰਸ ਇਕ ਪਿੱਛੋਂ ਵੱਸ ਕਾਲ ਹੋਇਆ।
ਆਈ ਮੌਤ ਨਾ ਅਟਕਿਆ ਇਕ ਘੜੀ, ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।
ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਸੁਣ ਕੇ, ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ।
ਸ਼ਾਹ ਮੁਹੰਮਦਾ, ਕਈਆਂ ਦੇ ਮਾਰਨੇ ਨੂੰ, ਵਿਚ ਕੌਂਸਲੇ ਕੌਰ ਨੂੰ ਹੁਕਮ ਹੋਇਆ।


ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ, ਦੇਖੋ ਸਾੜਨੇ ਨੂੰ ਹੁਣ ਲੈ ਚੱਲੇ।
ਧਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ, ਕੌਰ ਮਾਰਨੇ ਨੂੰ ਉਸ ਦੂਤ ਘੱਲੇ।
ਮਾਰੋ ਮਾਰ ਕਰਦੇ ਦੂਤ ਆਣ ਵੜੇ, ਜਦੋਂ ਮੌਤ ਦੇ ਹੋਏ ਨੀ ਆਣ ਹੱਲੇ।
ਸ਼ਾਹ ਮੁਹੰਮਦਾ, ਦੇਖੋ ਰਜ਼ਾਇ ਉਸ ਦੀ, ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ।


ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ, ਪਲਕ ਵਿਚ ਦਰਵਾਜ਼ੇ ਦੇ ਆਇਆ ਈ।
ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ, ਦੇਖੋ ਉਸ ਨੂੰ ਖ਼ੂਬ ਬਜਾਇਆ ਈ।
ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ, ਛੱਜਾ ਢਾਹ ਦੋਹਾਂ ਉੰਤੇ ਪਾਇਆ ਈ।
ਸ਼ਾਹ ਮੁਹੰਮਦਾ, ਊਧਮ ਸਿੰਘ ਥਾਂਉਂ ਮੋਇਆ, ਕੌਰ ਸਾਹਿਬ ਭੀ ਸਹਿਕਦਾ ਆਇਆ ਈ। ੧੦

ਸ਼ਬਦ ਅਰਥ (੧-੨
)
੧)
ਅਵਲ: ਸਭ ਤੋਂ ਪਹਿਲਾਂ
੨) ਹਮਦ: ਸਿਫਤ
੩)
ਚੌਦਾਂ: ੭ ਪਾਤਾਲ, ੭ ਆਕਾਸ਼
੪)
ਨਕਸ਼ੋ: ਚਿਹਨ ਚੱਕਰ
੫) ਸਫ਼ਾ
: ਸਭ ਸਮੇਟ
੬) ਬਾਲ: ਨਹੀਂ
੭) ਵਰੇਸ: ਉਮਰ
੮) ਫੀਲ: ਹਾਥੀ
੯) ਕਾਲੜੇ: ਹਮੇਸ਼ਾ ਨਹੀਂ ਰਹਿਣੇ


ਸ਼ਬਦ ਅਰਥ (੩
-੫)
੧) ਅਫ਼ਾ: ਮੁਸੀਬਤਾਂ
੨) ਸ਼ਦਾਦ: ਅਰਥ ਦਾ ਬਾਦਸ਼ਾਹ ਜਿਸ ਨੇ ਧਰਤੀ ਤੇ ਬਹਿਸ਼ਤ ਤਿਆਰ ਕਰਵਾਇਆ
੩) ਨਮਰੂਦ : ਨਿਨੇਵਾਂਹ ਦਾ ਬਾਦਸ਼ਾਹ, ਜਿਸਨੇ ਹਜਰਤ ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ
੪) ਫਿਰਊਨ: ਮਿਸਰ ਦਾ ਹੰਕਾਰੀ ਬਾਦਸ਼ਾਹ ਜੋ ਰੱਬ ਅਖਵਾਂਦਾ ਸੀ
੫) ਕੂੜ: ਝੂਠ



ਸ਼ਬਦ ਅਰਥ (੬-੮)
੧) ਕਦੀਮ: ਪੁਰਾਣਾ
੨):ਬੈਠਿਆ: ਮੇਰੇ ਕੋਲ ਬੈਠੇ
੩) ਹੱਕ: ਬੇਗੁਨਾਹ
੪) ਮਾਂਦਾ: ਕਮਜ਼ੋਰ

ਸ਼ਬਦ ਅਰਥ (੯-੧੧)
੧) ਕੌਰ: ਕੰਵਰ ਨੌ ਨਿਹਾਲ ਸਿੰਘ
੨)ਉਸ: ਓਨ
੩) ਵੜੇ: ਉੱਠ ਦੋੜੇ
੪) ਰਜ਼ਾਇ: ਭਾਣਾ
੫) ਦਰੇਗ : ਅਫਸੋਸ

 
Top