10 ਮਈ 1857 ਦੇ ਗ਼ਦਰ ਦੀ ਯਾਦਗਾਰ

BaBBu

Prime VIP
ਦਿਲਾ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਨਾ ਕੀ ।
ਏਸੇ ਰੋਜ਼ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖੁਛੀ ਦਾ ਗਮੀ ਲਿਆਵਣਾ ਕੀ ।
ਏਸੇ ਰੋਜ਼ ਪਲਾਸੀ ਦੀ ਜੰਗ ਹੋਈ, ਐਸਾ ਖੁਛੀ ਦਾ ਰੋਜ਼ ਭੁਲਾਵਨਾ ਕੀ ।
ਆਪਸ ਵਿਚ ਭਾਵੇਂ ਲੜ ਕੇ ਹਾਰ ਆਈ, ਸਿੱਖੋ ਸਬਕ ਹੁਣ ਮਨੋ ਭੁਲਾਵਨਾ ਕੀ ।
ਅਸੀਂ ਲੜਾਂਗੇ ਕਰਾਂਗੇ ਗਦਰ ਜਲਦੀ, ਖਬਰਦਾਰ ਹੋ ਚਿੱਤ ਡੁਲਾਵਨਾ ਕੀ ।
ਗੋਰੇ ਗੱਲ ਕੀ ਏ ? ਜਦੋਂ ਉੱਠ ਬੈਠੇ, ਏਹਨਾ ਬਾਂਦਰਾਂ ਤੋਂ ਖੌਫ਼ ਖਾਵਣਾ ਕੀ ।
ਅੱਗ ਲੱਗ ਚੁੱਕੀ ਜੇਹੜੀ ਨਹੀਂ ਬੁਝਦੀ, ਹੋਊ ਗ਼ਦਰ ਜਰੂਰ ਹਟਾਵਣਾ ਕੀ ।
ਕਿਲਾ ਦੇਸ਼ ਪਰੇਮ ਦਾ ਬੜਾ ਪੱਕਾ, ਨਹੀਂ ਟੁੱਟਣਾ ਦਿਲ ਦੈਹਲਾਵਣਾ ਕੀ ।
ਸਾਰੀ ਕੌਮ ਨੂੰ ਗ਼ਦਰ ਦੀ ਖਬਰ ਲਗੀ, ਹੁਣ ਤਾਨ ਫਰੰਗ ਨੇ ਲਾਵਨਾ ਕੀ ।
ਹੋਊ ਯੁੱਧ ਆਜ਼ਾਦੀ ਦਾ ਬੌਹਤ ਭਾਰੀ, ਲੱਗੀ ਖ਼ਬਰ ਤੇ ਪਿੱਛਾਂ ਨੂੰ ਜਾਵਣਾ ਕੀ ।
ਮੁੱਦਤ ਗੁਜ਼ਰ ਗਈ ਏ ਦੁੱਖ ਸੈਂਹਦਿਆਂ ਦੀ, ਹੋਣੀ ਜਿਤ ਹੁਣ ਵਕਤ ਗੁਆਵਣਾ ਕੀ ।
ਜਲਦੀ ਉਠ ਤੇ ਤਿਯਾਰ ਬਰ ਤਿਯਾਰ ਹੋ ਜਾ, ਬੋਲ ਗੱਜ ਕੇ ਮਨੋ ਸ਼ਰਮਾਵਣਾ ਕੀ ।
ਪੁੱਛ ਗ਼ਦਰ ਪਰੇਮੀਆਂ ਸਾਰਿਆਂ ਨੂੰ, ਸਾਫ਼ ਸਾਫ਼ ਐਵੇਂ ਪੇਚ ਪਾਵਣਾ ਕੀ ।
ਕੌਣ ਤਿਯਾਰ ਹੁੰਦਾ ਮਾਲਕ ਜਾਵਣੇ ਨੂੰ, ਕਰਨਾ ਗ਼ਦਰ ਕੈਹ ਸਾਫ਼, ਸ਼ਰਮਾਵਣਾ ਕੀ ।
ਥੋੜੇ੍ਹ ਦਿਨਾਂ ਦੇ ਵਿਚ ਤਿਯਾਰ ਹੋ ਜਾਓ, ਜਿਸ ਦੀ ਖੁਸ਼ੀ ਆ ਮਿਲੇ ਅਟਕਾਵਣਾ ਕੀ ।
ਖਬਰਦਾਰ ਖੁਫ਼ੀਆ ਰਾਜ਼ ਰੱਖ ਖੁਫ਼ੀਆ, ਉੱਚਾ ਬੋਲ ਕੇ ਸ਼ੋਰ ਮਚਾਵਣਾ ਕੀ ।
ਆਹਾ ਹਸਰਤ ਮੁਹਾਣੀ ਦੀ ਦੇਖ ਹਿੱਮਤ, ਦਿਲ ਸਿੰਘ ਅਜੀਤ ਦਾ ਢਾਵਣਾ ਕੀ ।
ਦਸ ਦਸ ਸਾਲ ਦੇ ਬੱਚੇ ਸ਼ਹੀਦ ਹੋਏ, ਖਾਤਰ ਦੇਸ਼ ਦੀ ਜ਼ੁਲਮ ਭੁਲਾਵਣਾ ਕੀ ।
ਸਾਕਾ ਯਾਦ ਵੀਰੋ ਅਜੇ ਕਾਨਪੁਰ ਦਾ, ਹੋਯਾ ਕੱਲ੍ਹ ਜੋ ਮਨੋਂ ਭੁਲਾਵਣਾ ਕੀ ।
ਕੇਹੜੀ ਗੱਲ ਪਿੱਛੇ ਐਡੀ ਡੇਰ ਲਾਈ, ਮੁਲਕ ਪੌਾਹਚ ਛੇਤੀ ਡੇਰੀ ਲਾਵਣਾ ਕੀ ।
ਕੰਮ ਕਾਰ ਮਾਯਾ ਲੋਭ ਛੱਡ ਏਥੇ, ਕੂੜੇ ਧੰਦਿਆਂ ਚਿੱਤ ਫਸਾਵਨਾ ਕੀ ।
ਜੇ ਕਰ ਜਾਣਦਾ ਹੈਂ ਅੰਤ ਛੰਡ ਦੇਣੀ, ਅੱਜੋ ਛੱਡ ਛੇਤੀ ਡੇਰੀ ਲਾਵਣਾ ਕੀ ।
ਝੂਠੇ ਮਜ਼ਹਬੀ ਝਗੜਿਆਂ ਝੇੜਿਆਂ ਦਾ, ਗਲੋਂ ਤੋੜ ਫ਼ਾਹਾ ਗਲ੍ਹੇ ਪਾਵਣਾ ਕੀ ।
ਹਿੰਦੋਸਤਾਨ ਦੇ ਨਾਮ ਤੋਂ ਵਾਰ ਜਲਦੀ, ਝੂਠੀ ਜਾਨ ਦਾ ਮੋਹ ਵਧਾਵਣਾ ਕੀ ।
ਲੈਕਚਰ ਸੁਨਦਿਆਂ ਸੁਨਦਿਆਂ ਡੇਰ ਹੋਈ, ਸੋਹਣਾ ਵਕਤ ਏਹ ਵਕਤ ਗੁਆਵਣਾ ਕੀ ।
ਡਾਹਡਾ ਜੋਸ਼ ਮਨ ਵਿੱਚ ਹਿੰਦੋਸਤਾਨੀਆਂ ਦੇ, ਜਲਦੀ ਤੋਰ ਤੁਰ ਆਪ ਅਟਕਾਵਣਾ ਕੀ ।
ਈਦੋਂ ਬਾਦ ਤੰਬਾ ਭਲਾ ਕੰਮ ਕੇਹੜੇ, ਸੁਖ਼ਨ ਯਾਦ ਕਰ ਮਨੋਂ ਭੁਲਾਵਣਾ ਕੀ ।
ਨਾਮ ਸਿੰਘ ਰਾਜਪੂਤ ਤੇ ਖਾਨ ਧਰ ਕੇ, ਜ਼ੁਲਮ ਦੇਖ ਕੇ ਹੱਥ ਖਸਕਾਵਣਾ ਕੀ ।
 
Top