ਬੇਬੇ ਚਾਹ ਨੂੰ ਵਾਜਾਂ ਮਾਰਦੀ ਸੀ

ਅਸੀਂ ਸੁਪਨਿਆਂ 'ਚੋਂ ਜਿੰਦਗੀ ਭਾਲਦੇ ਹਾਂ,
ਸੁਪਨੇ ਵੇਖਦਿਆਂ ਲੰਘਗੀ ਉਮਰ ਸਾਰੀ ।
ਤੁਰੇ ਜਾਂਦੇ ਸਾਂ ਲੋਕਾਂ ਦੀ ਭੀੜ ਵਿੱਚੋਂ,
ਕਹਿਕੇ ਆਪਣਾ ਕਿਸੇ ਆਵਾਜ਼ ਮਾਰੀ ।
ਦਿਲ ਚੀਰਕੇ ਪੁਰੇ ਦੀ ਵਾ ਵਾਗੂੰ,
ਪਾਰ ਲੰਘਗੀ ਜਾਣੀ ਆਵਾਜ਼ ਪਿਆਰੀ ।
ਏਹੋ ਆਵਾਜ਼ ਹੀ ਸਾਡੀ ਏ ਜਿੰਦ ਰੱਬਾ,
ਮੇਲ ਦੇਵੇਂ ਤਾਂ ਸ਼ੁਕਰ ਹੈ ਲੱਖ ਵਾਰੀ ।।

ਸੁਣੀ ਭੌਰ ਦੀ ਰੱਬ ਨੇ ਨੇੜੇ ਹੋ ਕੇ,
ਇੱਕ ਦਿਨ ਉਸੇ ਆਵਾਜ਼ ਨਾਲ ਮੇਲ ਹੋਇਆ ।
ਖੜੀ ਤੱਕ ਕੇ ਬੂਹੇ ਤੇ ਸੋਨ ਰਾਣੀ,
ਨੰਗੇ ਪੈਰੀਂ ਹੀ ਬੂਹੇ ਵੱਲ ਰੇਲ ਹੋਇਆ ।
ਆਜਾ ਲੰਘਿਆ ਅੱਗੇ ਬਹਾਰ ਰੁੱਤੇ,
ਏਨਾ ਆਖ ਕੇ ਬੂਹੇ ਤੇ ਤੇਲ ਚੋਇਆ ।।

ਕਦੇ ਸੁਪਨੇ ਵਿੱਚ ਵੀ ਨਾ ਸੋਚਿਆ ਸੀ,
ਜਿਹੜਾ ਅੱਜ ਕਿਸਮਤ ਦਾ ਖੇਲ ਹੋਇਆ ।
ਨੇੜੇ ਹੋ ਕੇ ਉਸਨੂੰ ਤੱਕਿਆ ਮੈਂ,
ਕੋਲ ਬੈਠ ਕੇ ਪੁੱਛਿਆ ਚਾਹ-ਪਾਣੀ ।
ਮੂੰਹ ਘੁੱਟ ਕੇ ਹਾਸੇ ਨੂੰ ਰਿਕਿਆ ਮੈਂ,
ਹਾਸਾ ਨਿਕਲਦਾ ਜਾਂਦਾ ਸੀ ਕੰਨਾਂ ਥਾਣੀ ।
ਜੋੜੀ ਆਪਣੀ ਬੜੀ ਹੀ ਫੱਬਦੀ ਏ,
ਅੱਜ ਹਾਣ ਨੂੰ ਮਿਲੇ ਨੇ ਆਣ ਹਾਣੀ
ਮੇਰੇ ਬਾਰੇ ਤੂੰ ਕੀ ਸੋਚਿਆ ਏ,
ਮੂੰਹੋਂ ਤੂੰ ਵੀ ਕੁਝ ਤਾਂ ਬੋਲ ਰਾਣੀ ।।

ਥੋੜਾ ਹੱਸ ਕੇ ਉਸਨੇ ਪਾਈ ਨੀਵੀਂ,
ਉਹ ਵੀ ਮੇਰੇ ਵਾਗੂੰ ਭੁੱਖੀ ਪਿਆਰ ਦੀ ਸੀ ।
ਕਰ ਹੌਸਲਾ ਬਾਂਹ ਨੂੰ ਹੱਥ ਪਾਇਆ,
ਸ਼ਾਇਦ ਏਹੋ ਹੀ ਖ਼ੁਸ਼ੀ ਸਰਕਾਰ ਦੀ ਸੀ ।
ਗਈ ਬਿਜਲੀ ਹਨੇਰ-ਗਵਾਰ ਹੋਇਆ,
ਉਹ ਪੁਕਾਰਦੀ ਸੀ ।
ਅੱਖ ਖੁੱਲੀ ਤਾਂ ਇਹ ਵੀ ਸੁਪਨਾ ਸੀ,
ਬੇਬੇ ਚਾਹ ਨੂੰ ਵਾਜਾਂ ਮਾਰਦੀ ਸੀ ।।
 
Top