ਸਿਰ ਤੇ ਦਸਤਾਰ ਸਜਾ ਕੇ ਮਾਣ ਮਹਿਸੂਸ ਕਰ ਰਿਹਾਂ - ਬੇਨ

jassmehra

(---: JaSs MeHrA :---)


ਆਪਣੀ ਤਾਜ਼ਾ ਫ਼ਿਲਮ ‘ਚ ਮਿਠਬੋਲੜੇ ਸਿੱਖ ਟੈਕਸੀ ਚਾਲਕ ਦੀ ਭੂਮਿਕਾ ਨਿਭਾ ਰਹੇ ਸਰ ਬੇਨ ਕਿੰਗਸਲੇ ਨੇ ਪੱਗ ਬੰਨ੍ਹਣ ਦੇ ਅਹਿਸਾਸ ਨੂੰ ‘ਅਸਲ ‘ਚ ਖ਼ੁਸ਼ੀ ਦੇਣ ਵਾਲਾ’ ਦਸਦਿਆਂ ਕਿਹਾ ਹੈ ਕਿ ਸਿੱਖ ਅਮਰੀਕਾ ‘ਚ ਜਿਸ ਵਿਤਕਰੇ ਅਤੇ ਨਸਲੀ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ, ਉਹ ‘ਪੂਰੀ ਤਰ੍ਹਾਂ ਅਫ਼ਸੋਸਜਨਕ’ ਹੈ।
ਅੱਜ ਰੀਲੀਜ਼ ਹੋ ਰਹੀ ‘ਲਰਨਿੰਗ ਟੂ ਡਰਾਈਵ’ ਫ਼ਿਲਮ ‘ਚ ਕਿੰਗਸਲੇ ਦਰਵਾਨ ਸਿੰਘ ਤੂਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ‘ਚ ਅਕਾਦਮੀ ਅਵਾਰਡ ਲਈ ਨਾਮਜ਼ਦ ਅਤੇ ਐਮੀ ਅਵਾਰਡ ਜੇਤੂ ਅਦਾਕਾਰਾ ਪੈਟਰੀਸ਼ੀਆ ਕਲਾਰਕਸਨ ਅਤੇ ‘ਮਿਸੀਸਿੱਪੀ ਮਸਾਲਾ’ ਦੀ ਅਦਾਕਾਰਾ ਸਰਿਤਾ ਚੌਧਰੀ ਵੀ ਹੈ।
ਫ਼ਿਲਮ ‘ਚ ਕਿੰਗਸਲੇ ਨੇ ਇਕ ਅਜਿਹੇ ਸਿੱਖ ਟੈਕਸੀ ਚਾਲਕ ਦੀ ਭੂਮਿਕਾ ਨਿਭਾਈ ਹੈ ਜਿਸ ਨੂੰ ਅਪਣੇ ਸਿੱਖ ਹੋਣ ‘ਤੇ ਮਾਣ ਹੈ। ਉਹ ਅਮਰੀਕਾ ‘ਚ ਸਿਆਸੀ ਪਨਾਹ ਮਿਲਣ ਤੋਂ ਬਾਅਦ ਨਿਊ ਯਾਰਕ ‘ਚ ਰਹਿੰਦਾ ਹੈ। ਉਹ ਟੈਕਸੀ ਚਾਲਕ ਹੋਣ ਤੋਂ ਇਲਾਵਾ ਟੈਕਸੀ ਚਲਾਉਣ ਦੀ ਸਿਖਲਾਈ ਵੀ ਦਿੰਦਾ ਹੈ।
ਕਿੰਗਸਲੇ ਨੇ ਦਸਿਆ ਕਿ ਸ਼ਹਿਰ ‘ਚ ਰਹਿ ਰਹੇ ਸਮਾਜਕ ਕਾਰਕੁਨ ਹਰਪ੍ਰੀਤ ਸਿੰਘ ਤੂਰ ਨੇ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ। ਉਨ੍ਹਾਂ ਨੂੰ ਸਿੱਖਾਂ ਬਾਰੇ ਦਸਿਆ ਅਤੇ ਪੱਗ ਬੰਨ੍ਹਣ ‘ਚ ਉੁਨ੍ਹਾਂ ਦੀ ਮਦਦ ਕੀਤੀ।
ਉਨ੍ਹਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ, ”ਸਿਰ ‘ਤੇ ਕੱਸ ਕੇ ਪੱਗ ਬੰਨ੍ਹੀ ਹੋਣ ਦਾ ਅਹਿਸਾਸ ਅਸਲ ‘ਚ ਤਸੱਲੀਬਖ਼ਸ਼ ਹੁੰਦਾ ਹੈ।
ਸਿੱਖ ਯੋਧੇ ਹੁੰਦੇ ਹਨ, ਇਸ ਲਈ ਅਪਣਾ ਹਥਿਆਰ ਰਖਦੇ ਸਮੇਂ ਮੈਨੂੰ ਮਾਣ ਮਹਿਸੂਸ ਹੋਇਆ।”
ਕਿੰਗਸਲੇ ਨੇ ਕਿਹਾ ਕਿ ਨਿਊ ਯਾਰਕ ‘ਚ ਵਸੇ ਸਿੱਖਾਂ ਨੇ ਫ਼ਿਲਮ ਦੀ ਸ਼ੂਟਿੰਗ ਸਮੇਂ ਬਹੁਤ ‘ਉਦਾਰਤਾ’ ਵਿਖਾਈ ਅਤੇ ਸਥਾਨਕ ਗੁਰਦਵਾਰੇ ‘ਚ ਸ਼ੂਟਿੰਗ ਲਈ ਯੂਨਿਟ ਨੂੰ ਸਦਿਆ। ਕਿੰਗਸਲੇ ਨੇ ਕਿਹਾ, ”ਇਹ ਮੌਕਾ ਮਿਲਣ ‘ਤੇ ਯੂਨਿਟ ਉਨ੍ਹਾਂ ਦੀ ਧਨਵਾਦੀ ਹੈ। ਗੁਰਦਵਾਰਾ ਬਹੁਤ ਸੋਹਣਾ ਹੈ। ਕੁਈਨਜ਼ ਦੇ ਵਿਚਕਾਰ ਇਹ ਇਕ ਸ਼ਾਂਤ ਜਿਹਾ ਦੀਪ ਹੈ।”
ਫ਼ਿਲਮ ਦਾ ਨਿਰਦੇਸ਼ਨ ਇਸਾਬੇਲ ਕੋਇਗਜੇਟ ਨੇ ਕੀਤਾ ਹੈ ਅਤੇ ਲੇਖਨ ਦਾ ਕੰਮ ਸਾਰਾ ਕੇਰਨੋਚਨ ਨੇ ਕੀਤਾ ਹੈ। ਇਹ ਫ਼ਿਲਮ ਉਨ੍ਹਾਂ ਅਤਿਆਚਾਰਾਂ ਵਲ ਇਸ਼ਾਰਾ ਕਰਦੀ ਹੈ ਜਿਹੜੇ ਭਾਰਤ ਵਿਚ ਸਿੱਖਾਂ ਨੇ ਝੱਲੇ ਹਨ। ਇਸੇ ਕਾਰਨ ਕਿੰਗਸਲੇ ਦੇ ਕਿਰਦਾਰ ਨੂੰ ਅਮਰੀਕਾ ‘ਚ ਸਿਆਸੀ ਸ਼ਰਨ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਫ਼ਿਲਮ ‘ਚ ਤੂਰ ਯੂਨੀਵਰਸਿਟੀ ਅਧਿਆਪਕ ਹੈ ਪਰ ਅਪਣੇ ਧਾਰਮਕ ਵਿਸ਼ਵਾਸ ਕਾਰਨ ਉਸ ਨੂੰ ਕੈਦ ਕੱਟਣੀ ਪਈ।
ਮੁੱਖ ਤੌਰ ‘ਤੇ ਫ਼ਿਲਮ ਅਮਰੀਕਾ ‘ਚ 11 ਸਤੰਬਰ ਦੇ ਕੌਮਾਂਤਰੀ ਵਪਾਰ ਕੇਂਦਰ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਨਸਲੀ ਪਛਾਣ ਦੇ ਮੁੱਦੇ ਨੂੰ ਚੁੱਕਦੀ ਹੈ। ਇਸ ਬਾਬਤ ਪੁੱਛੇ ਜਾਣ ‘ਤੇ ਕਿੰਗਸਲੇ ਨੇ ਕਿਹਾ, ”ਇਹ ਪੂਰੀ ਤਰ੍ਹਾਂ ਅਫ਼ਸੋਸਜਨਕ ਹੈ। ਫ਼ਿਲਮ ‘ਚ ਵਿਖਾਇਆ ਗਿਆ ਹੈ ਕਿ 11 ਸਤੰਬਰ ਦੀ ਘਟਨਾ ਤੋਂ ਬਾਅਦ ਸਿੱਖ ਚਾਲਕਾਂ ਨੇ ਅਪਣਾ ਮੀਟਰ ਬੰਦ ਕਰ ਕੇ ਰਫ਼ਤਾਰ ਹੌਲੀ ਕੀਤੀ ਅਤੇ ਲੋਕਾਂ ਨੂੰ ਪੁਛਿਆ ਕਿ ਉੁਨ੍ਹਾਂ ਦੇ ਸਨੇਹੀ ਕਿਥੇ ਹਨ, ਕੀ ਉੁਨ੍ਹਾਂ ਦਾ ਪਤਾ ਲਾਉਣ ‘ਚ ਮੈਂ ਉਨ੍ਹਾਂ ਦੀ ਮਦਦ ਕਰ ਸਕਦਾ ਹਾਂ। ਨਿਊ ਯਾਰਕ ‘ਚ ਰਹਿਣ ਵਾਲੇ ਸਾਰੇ ਸਿੱਖ ਚੰਗੇ ਹਨ। ਉਨ੍ਹਾਂ ਨਾਲ ਜੋ ਕੁੱਝ ਕੀਤਾ ਗਿਆ, ਇਹ ਉਸ ਤੋਂ ਬਿਲਕੁਲ ਉਲਟ ਹੈ।”
ਸਿੱਖਾਂ ਦੀ ਖੁਲ੍ਹਦਿਲੀ ਦੀ ਤਾਰੀਫ਼ ਕਰਦਿਆਂ ਕਿੰਗਸਲੇ ਨੇ ਉਮੀਦ ਪ੍ਰਗਟਾਈ ਕਿ ਫ਼ਿਲਮ ਨੂੰ ਵੇਖਣ ਮਗਰੋਂ ਲੋਕ ਸਿੱਖਾਂ ਦੀ ਪਰਵਾਹ ਕਰਨ ਵਾਲੇ ਸੁਭਾਅ ਬਾਰੇ ਜ਼ਿਆਦਾ ਜਾਣ ਸਕਣਗੇ।
 
Top