UNP

ਮਰਨ ਤੋਂ ਬਾਅਦ part 2

Go Back   UNP > Contributions > Punjabi Culture

UNP Register

 

 
Old 13-Jan-2012
Mandeep Kaur Guraya
 
Thumbs up ਮਰਨ ਤੋਂ ਬਾਅਦ part 2

''ਮੈਨੂੰ ਸਨਮਾਨਿਤ ਨਹੀਂ ਕਰਨਾ...?'' ਡਾਕਟਰ ਦੀ ਅਧੂਰੀ ਗੱਲ ਬੁੜੇ ਨੇ ਪੂਰੀ ਕੀਤੀ।
''ਤੂੰ ਸਨਮਾਨਿਤਪੁਣੇ ਦੀ ਗੱਲ ਕਰਦੈਂ। ਮੈਂ ਕਹਿਨਾ ਤੇਰੇ ਛਿੱਤਰ ਫੇਰੂ ਗਿਣ ਗਿਣ ਕੇ ਉਹ। ਗੁੱਸੇ ਦਾ ਬਹੁਤ ਭੈੜਾ ਇੰਦਰ ਮਹਾਰਾਜ। ਆਪਣੇ ਘਰ ਨੂੰ ਕੋਈ ਮਾੜਾ ਅਖਵਾਉਣ ਨੂੰ ਤਿਆਰ ਨਹੀਂ ਹੁੰਦਾ ਬਲਵੰਤ ਸਿੰਹੁ।'' ਡਾਕਟਰ ਨੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ। ''ਝੂਠ, ਬਿਲਕੁਲ। ਤੇਰੇ ਭਾਣੇ ਮੈਂ ਰਮਾਇਣ ਨਹੀਂ ਵੇਖੀ? ਸੁਰਗਾਪੁਰੀ ਸੋਨੇ ਦੀ ਹੈ ਡਾਕਟਰ ਸਾਹਿਬ। ਇਹ ਸ਼ੋਰੇ ਵਾਲੀਆਂ ਕੰਧਾਂ ਦੀ ਨਹੀਂ।'' ਬੁੜੇ ਨੇ ਕੰਧਾਂ ਨਾਲੋਂ ਲਹਿੰਦੀਆਂ ਰੰਗ ਦੀਆਂ ਪੇਪੜੀਆਂ ਵਿਖਾ ਕੇ ਕਿਹਾ। ਗੱਲਾਂ ਕਰਦਾ ਫਿਰਦੈਂ। ਇਨ੍ਹਾਂ ਜਮਾਂ ਨਾਲ ਰਲ ਕੇ ਉਲੂ ਬਣਾ ਰਿਹਾ ਮੈਨੂੰ।'' ਡਾਕਟਰ ਹੱਸਣੋਂ ਨਾ ਰਹਿ ਸਕਿਆ। ਜਿਵੇਂ ਕਹਿ ਰਿਹਾ ਹੋਵੇ ਉਲੂ ਨੂੰ ਉਲੂ ਬਣਾਉਣ ਦੀ ਲੋੜ ਕੀ ਹੈ। ਪਰ ਉਹ ਬੋਲਿਆ ''ਬਾਬਾ ਜੀ ਤੁਸੀਂ ਸੱਚੇ ਹੋ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਸ ਹਸਪਤਾਲ ਦੀਆਂ ਕੰਧਾਂ 'ਤੇ ਸੋਨੇ ਦਾ ਪੱਤਰਾ ਚੜ੍ਹਿਆ ਹੁੰਦਾ ਸੀ। ਓਦੋਂ ਦੇ ਸੀ ਐਮ ਓ ਨੇ ਚੋਰੀ ਦੀਆਂ ਵਾਰਦਾਤਾਂ ਵੇਖਦਿਆਂ ਸੋਨਾ ਉਤਾਰਕੇ ਚਾਂਦੀ ਚਾੜ੍ਹ ਦਿੱਤੀ। ਉਸ ਤੋਂ ਅਗਲੇ ਨੇ ਚਾਂਦੀ ਉਤਾਰ ਕੇ ਤਾਂਬਾ ਚਾੜ੍ਹ ਦਿੱਤਾ। ਅੱਜ ਵਾਲੇ ਨੇ ਤਾਂਬਾ ਵੀ ਉਤਾਰ ਲਿਆ ਅਤੇ ਹਸਪਤਾਲ ਨੂੰ ਤਾਂਬੇ ਰੰਗਾ ਰੰਗ ਕਰਕੇ ਹੀ ਬੁੱਤਾ ਸਾਰ ਦਿੱਤਾ।''
''ਮੈਂ ਨਹੀਂ ਮੰਨਦਾ। ਹੁਣੇ-ਹੁਣੇ ਅਸੀਂ ਕਾਲੇ ਲਹੂ ਦਾ ਅਤੇ ਅੱਗ ਦਾ ਸਮੁੰਦਰ ਲੰਘ ਕੇ ਆਏ ਹਾਂ। ਰਾਹ 'ਚ ਇਨਸਾਨੀ ਕਤਲੋ ਗਾਰਤ ਵੀ ਵੇਖੀ। ਇਕ ਅੰਮ੍ਰਿਤ ਦਾ ਝਰਨਾ ਟੁੱਟ ਕੇ ਗੰਦੇ ਨਾਲੇ 'ਚ ਪਈ ਜਾਂਦਾ ਵੇਖਿਆ। ਜੇ ਇਹ ਸੁਰਗ ਹੈ ਤਾਂ ਫਿਰ ਨਰਕਲ ਦਾ ਨਮੂਨਾ ਕਿਹੜਾ ਹੈ ਡਾਕਟਰ ਸਾਹਬ?''
ਡਾਕਟਰ ਨੇ ਧਰਮੂ ਵੱਲ ਵੇਖਿਆ ''ਕੀ ਆਖ ਰਿਹਾ ਬੁੜਾ?''
ਧਰਮ ਸਿੰਘ ਦੱਸਣ ਲੱਗਿਆ ਤਾਂ ਬੁੜਾ ਇਸ ਤਰ੍ਹਾਂ ਪੈ ਨਿਕਲਿਆ ਜਿਵੇਂ ਆਪਣੇ ਮਾਲਕ ਨਾਲ ਬੋਲਦਿਆਂ ਬਿਗਾਨੇ ਨੂੰ ਕੁੱਤਾ ਪੈ ਨਿਕਲਦਾ ਹੈ ਜਾਂ ਇਹ ਕਹਿ ਲਓ ਕਿ ਇਮਤਿਹਾਨਾਂ 'ਚ ਜਿਵੇਂ ਨਕਲ ਮਾਰ ਕੇ ਵਿਦਿਆਰਥੀ ਨੂੰ ਕੋਈ ਅਧਿਆਪਕ ਕਦਾੜਕੇ ਪੈ ਨਿਕਲਦਾ ਹੈ। ਗੱਲ ਸੁਣਨ ਵਾਸਤੇ ਉਸਨੂੰ ਇਸ ਤਰ੍ਹਾਂ ਦੂਰ ਕਰਨਾ ਪਿਆ, ਜਿਵੇਂ ਸਪੀਕਰ ਦਾ ਮੂੰਹ ਘੁੰਮਾ ਦੇਈਦਾ ਹੈ। ਧਰਮੂ ਦੱਸਣ ਲੱਗਾ, ''ਸਾਡੇ ਪਿੰਡ ਦੇ ਵਿਸ਼ਾਲ ਛੱਪੜ ਨੂੰ ਇਕ ਸੜਕ ਦੋ ਭਾਗਾਂ ਵਿਚ ਵੰਡਦੀ ਹੈ ਜੋ ਕਿ ਰੂੜ੍ਹੀਆਂ ਨਾਲ ਘਿਰਿਆ ਹੈ। ਉਹਦੇ 'ਚ ਕਿਸਾਨ ਸਣ ਵਗੈਰਾ ਵੀ ਦੱਬ ਦਿੰਦੇ ਹਨ। ਇਕ ਨੇ ਤਾਂ ਸਪਰੇਅ ਦਾ ਲਿੱਬੜਿਆ ਪੰਪ ਸਮੇਤ ਟਰੈਕਟਰ ਹੀ ਧੋ ਦਿੱਤਾ। ਪਾਣੀ ਕਾਲਾ ਤਾਂ ਪਹਿਲਾਂ ਹੀ ਸੀ ਜੀਵ ਜੰਤੂ ਮਰ ਜਾਣ ਕਾਰਨ ਮੁਸ਼ਕਾਂ ਪਿਆ ਮਾਰਦਾ ਹੈ। ਜਿਵੇਂ ਅਸੀਂ ਏਹਨੂੰ ਜਮਦੂਤ ਨਜ਼ਰ ਆਉਂਦੇ ਹਾਂ। ਉਸੇ ਤਰ੍ਹਾਂ ਇਹ ਪਿੰਡ ਦੇ ਗੰਦੇ ਛੱਪੜ ਨੂੰ ਕਾਲੇ ਲਹੂ ਦਾ ਸਮੁੰਦਰ ਸਮਝ ਬੈਠਾ।''
''ਅੱਗ ਦੇ ਕਿਹੜੇ ਦਰਿਆ ਦੀ ਗੱਲ ਕਰਦਾ ਇਹ।'' ਡਾਕਟਰ ਨੇ ਪੁੱਛਿਆ।
''ਪਰਾਲੀ ਦੇ ਵੱਢਾਂ ਨੂੰ ਲਾਈ ਅੱਗ ਬਾਪੂ ਦੀ ਬ੍ਰਹਮ ਦ੍ਰਿਸ਼ਟੀ ਨੂੰ ਅੱਗ ਦੇ ਸਮੁੰਦਰ ਬਣਕੇ ਦਿਸਦੀ ਹੈ, ਬਾਪੂ ਮੰਜ਼ਲ ਮੁਕਾ ਕੇ ਮੌਤ ਦੀ ਸਵੇਰ ਸਮਝੀ ਬੈਠਾ ਹੈ। ਇਹਨੂੰ ਨਹੀਂ ਪਤਾ ਕਿ ਅਜੇ ਜ਼ਿੰਦਗੀ ਦੀ 'ਰਾਤ ਬਾਕੀ ਹੈ'।'' ਕਰਮੂ ਨੇ ਦੱਸਿਆ। ਵੱਡੇ ਭਰਾ ਵਾਂਗ ਉਹਨੇ ਵੀ ਗਿਆਨਵਾਨ ਬਣਨ ਦੀ ਕੋਸ਼ਿਸ਼ ਕੀਤੀ। ''ਕਿਸੇ ਝਰਨੇ ਦਾ ਅਮ੍ਰਿਤ ਟੁੱਟਣ ਅਤੇ ਇਨਸਾਨੀ ਕਤਲੋ ਗਾਰਤ ਦੀ ਵੀ ਗੱਲ ਕਰਦਾ ਸੀ।'' ਬੁੜੇ ਦੀ ਜਵਾਬ-ਤਲਬੀ ਅਨੁਸਾਰ ਡਾਕਟਰ ਸਾਰੇ ਸਵਾਲ ਪੁੱਛੀ ਜਾ ਰਿਹਾ ਸੀ। ''ਜੀ ਸਾਡੇ ਪਿੰਡ ਕੋਲ ਦੀ ਇਕ ਪਾਣੀ ਦੀ ਨਹਿਰ ਅਤੇ ਗੰਦਾ ਨਾਲਾ ਬਰਾਬਰੋ ਬਰਾਬਰ ਨਿਕਲਦੇ ਹਨ। ਚਾਰ ਦਿਨ ਹੋ ਗਏ ਨਹਿਰ ਟੁੱਟ ਕੇ ਨਾਲੇ 'ਚ ਪਈ ਜਾਂਦੀ ਨੂੰ ਕਿਸੇ ਨੇ ਬੰਨ੍ਹਣ ਦੀ ਹਿੰਮਤ ਨਹੀਂ ਕੀਤੀ। ਦੂਜੇ ਪਾਸੇ ਬੋਰ ਚਲਾ ਚਲਾ ਕੇ ਲੋਕ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਕਰੀ ਜਾਂਦੇ ਨੇ। ਰਹੀ ਗੱਲ ਇਨਸਾਨੀ ਕਤਲੋ-ਗਾਰਤ ਦੀ। ਬਾਪੂ ਵੱਲੋਂ ਸੁਰਗ ਪ੍ਰਾਪਤੀ ਵਾਸਤੇ ਲਾਏ ਹਜ਼ਾਰਾਂ ਦਰੱਖ਼ਤਾਂ 'ਚੋਂ ਲੋਕਾਂ ਨੇ ਕੁਝ ਪੱਟ ਲਏ ਕੁਝ ਕੱਟ ਲਏ। ਆਕਸੀਜਨ ਦੇ ਖ਼ਜ਼ਾਨਿਆਂ ਦੀ ਅੰਨ੍ਹੀ ਕਟਾਈ ਵੇਖ ਕੇ ਬਾਪੂ ਦੀ ਮੌਤ ਚੀਕ ਉਠੀ। ਆਪਣੇ ਆਪ ਨੂੰ ਬੇਜਾਨ ਸਮਝਣ ਵਾਲੇ ਮਨੁੱਖ ਦਾ ਬੇਜਾਨ ਚੀਜ਼ਾਂ ਨਾਲ ਪਿਆਰ ਪੈ ਜਾਣਾ ਸੰਭਾਵਿਕ ਹੈ ਡਾਕਟਰ ਸਾਹਬ। ਵਾਤਾਵਰਨ ਨੂੰ ਦੂਸ਼ਣ ਕਰਨ ਤੋਂ ਸਰਕਾਰ ਵੀ ਰੋਕਦੀ ਹੈ, ਪਰ ਲੱਗਦੈ ਲੋਕਾਂ ਨੂੰ ਬਾਪੂ ਵਾਂਗ 'ਮਰਨ ਤੋਂ ਬਾਅਦ' ਹੀ ਹੋਸ਼ ਆਵੇਗੀ।'' ਓਧਰ ਬੁੜਾ ਫੁਰਸਤ ਮਿਲਣ ਤੇ ਬਾਹਾਂ ਖਿਲਾਰੀ ਉਡਣ ਦੀ ਐਕਟਿੰਗ ਕਰਦਾ ਇੰਦਰ ਦੇਵਤੇ ਨੂੰ ਆਵਾਜ਼ਾਂ ਮਾਰੀ ਜਾ ਰਿਹਾ ਸੀ। ਕੋਲ ਸੱਦ ਕੇ ਡਾਕਟਰ ਨੇ ਉਸਨੂੰ ਕਿਹਾ ''ਬਾਬਾ ਜੀ ਟੈਨਸ਼ਨ ਨਾ ਲਓ। ਆਪ ਸੌ ਪ੍ਰਸੈਂਟ ਸੁਰਗ 'ਚ ਹੋ। ਤੁਸੀਂ ਮੂਰਖਾਂ ਵਾਲੀਆਂ ਹਰਕਤਾਂ ਨਾ ਕਰਨੋ ਹਟੇ ਤਾਂ ਸਵਰਗ ਦੇ ਲੋਕ ਤੁਹਾਡਾ ਮਜ਼ਾਕ ਉਡਾਉਣਗੇ। ਜਿਹੜੇ ਤੁਸੀਂ ਅੱਗ ਦੇ ਸਮੁੰਦਰ, ਲਹੂ ਅਤੇ ਖੇਹ ਸਵਾਹ ਵੇਖ ਕੇ ਆਏ ਉਹ ਨਰਕਾਂ ਦੀ ਹੱਦ 'ਚ ਰਹਿ ਗਏ।''
''ਲੱਗਦਾ ਤੁਸੀਂ ਇਨ੍ਹਾਂ ਜਮਾਂ ਨਾਲ ਰਲ ਗਏ। ਜੇ ਇਹ ਸਵਰਗ ਹੈ ਤਾਂ ਇਨ੍ਹਾਂ ਜਮਾਂ ਦਾ ਏਥੇ ਕੀ ਕੰਮ।'' ਬੁੜਾ ਕਿਵੇਂ ਮੰਨਦਾ, ਉਹਨੂੰ ਉਪਰੋਂ ਮਰੀਜ਼ਾਂ ਦੀਆਂ ਚੀਕਾਂ ਅਜੇ ਵੀ ਸੁਣ ਰਹੀਆਂ ਸਨ। ਫਿਰ ਉਹ ਬੋਲਿਆ। ''ਚਲੋ ਮੰਨ ਲੈਂਦਾ ਹਾਂ। ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਇੰਦਰ ਮਹਾਰਾਜ ਦਾ ਦਰਬਾਰ ਵਿਖਾਓ ਕਿੱਥੇ ਹੈ।''
''ਇੰਦਰ ਦਾ ਦਰਬਾਰ ਰੋਜ਼ ਰੋਜ਼ ਨਹੀਂ ਲੱਗਦਾ। ਮੈਂ ਤੈਨੂੂੰ ਪਹਿਲਾਂ ਵੀ ਦੱਸਿਆ ਸੀ ਕਿ ਏਥੇ ਹਰੇਕ ਚੀਜ਼ ਪਾਵਰਫੁੱਲ ਹੈ। ਇੱਥੇ ਮਾਤ ਲੋਕ ਛੇ ਮਹੀਨਿਆਂ ਬਰਾਬਰ ਇਕ ਦਿਨ ਹੁੰਦਾ ਹੈ। ਇੰਦਰ ਦਾ ਦਰਬਾਰ ਪਰਸੋਂ ਲੱਗੂਗਾ। ਵੇਖਣਾ ਹੋਇਆ ਤਾਂ ਆ ਜਾਈਂ।'' ਡਾਕਟਰ ਨੇ ਕਿਹਾ।
'ਪਰਸੋਂ? ਕੀ ਅੱਜ ਮੈਨੂੰ ਨਰਕਾਂ 'ਚ ਵਾਪਸ ਮੁੜਨਾ ਪਊ?'' ਬੁੜੇ ਨੇ ਕੰਬ ਕੇ ਕਿਹਾ।
''ਇਕ ਅੱਧ ਵਾਰ ਦੀ ਗੱਲ ਹੈ, ਫੇਰ ਏਥੇ ਹੀ ਰੱਖ ਲਵਾਂਗੇ। ਚੰਗਿਆਂ ਦਿਨਾਂ 'ਚ ਮਾੜੇ ਦਿਨਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਹਰ ਵਕਤ ਮਿੱਠਾ ਖਾਂਦੇ ਜੇ ਕੌੜਾ ਕਰਾਰਾ ਨਾ ਖਾਵਾਂਗੇ ਤਾਂ ਸ਼ੂਗਰ ਹੋ ਜਾਂਦੀ ਹੈ। ਅਸੀਂ ਡਿਊਟੀ ਕਰਨ ਨਰਕਾਂ 'ਚ ਜਾਂਦੇ ਆਉਂਦੇ ਰਹਿੰਦੇ ਹਾਂ। ਸੈਂਪਲ ਭਰਨ, ਝੋਲਾ ਛਾਪ ਡਾਕਟਰਾਂ ਅਤੇ ਭਰੂਣ ਹੱਤਿਆਵਾਂ ਫੜਨ। ਪੋਲੀਓ ਬੂੰਦਾਂ ਪਿਲਾਉਣ ਅਤੇ ਬੰਬ ਧਮਾਕਿਆਂ ਦੇ ਜ਼ਖ਼ਮੀਆਂ ਨੂੰ ਅਸੀਂ ਹੀ ਜਾ ਕੇ ਸਾਂਭਦੇ ਹਾਂ। ਬਾਕੀ ਗੱਲਾਂ ਫੇਰ ਕਰਦੇ ਹਾਂ, ਅਕੇਰਾਂ ਬਾਹਰ ਥੜੀ 'ਤੇ ਬੈਠ।'' ਬੁੜੇ ਨੂੰ ਕਰਮੂ ਦੇ ਕਬਜ਼ੇ 'ਚ ਕਰ ਡਾਕਟਰ ਨੇ ਅੰਦਰ ਧਰਮੂ ਨੂੰ ਬੁਲਾਇਆ।
ਧਰਮੂ ਨੇ ਆਉਂਦਿਆਂ ਹੀ ਦਬੀ ਆਵਾਜ਼ 'ਚ ਰੋਸ ਪ੍ਰਗਟ ਕੀਤਾ। ''ਡਾਕਟਰ ਸਾਹਬ, ਇਹਨੂੰ ਇੱਥੇ ਪੱਕਾ ਹੀ ਰੱਖਣ ਵਾਲੀ ਗੱਲ ਤਾਂ ਮੈਂ ਬਮਝ ਗਿਆਂ। ਸ਼ਾਇਦ ਦਾਖਲ ਕਰ ਲਵੋਂਗੇ। ਪਰ ਇੰਦਰ ਦਾ ਲਾਰਾ ਏਹਨੂੰ ਕਾਹਤੋਂ ਲਾਉਣਾ ਸੀ। ਹੁਣ ਇਹ ਸਾਡੀ ਜਾਨ ਖਾਊ।''
''ਨਹੀਂ ਖਾਂਦਾ।'' ਡਾਕਟਰ ਨੇ ਰੰਗ ਬਰੰਗੀਆਂ ਕੁਝ ਗੋਲੀਆਂ ਅਤੇ ਕੈਪਸੂਲ ਦਿੰਦਿਆਂ ਕਿਹਾ, ''ਇਹ ਖੁਰਾਕਾਂ ਚਾਰ ਚਾਰ ਘੰਟਿਆਂ ਬਾਅਦ ਦੇਈ ਜਾਣੀਆਂ। ਏਹਨੂੰ ਅਰਾਮ ਦੀ ਸਖ਼ਤ ਜ਼ਰੂਰਤ ਹੈ। ਨੀਂਦ ਆਉਣ ਲੱਗ ਪਈ ਤਾਂ ਠੀਕ ਹੋ ਜਾਏਗਾ। ਨਹੀਂ ਤਾਂ ਪਰਸੋਂ ਲੈ ਆਇਓ। ਇੰਦਰ ਦਰਬਾਰ ਵੀ ਵਿਖਾ ਦਿਆਂਗੇ।'' ''ਉਹ ਕਿੱਥੋਂ ਡਾਕਟਰ ਸਾਹਬ?'' ਧਰਮੂ ਨੇ ਹੈਰਾਨ ਹੋ ਕੇ ਪੁੱਛਿਆ।
''ਪਰਸੋਂ ਸਾਡੇ ਇਕ ਡਾਕਟਰ ਦੀ ਰਿਟਾਇਰਮੈਂਟ ਹੈ। ਮਿਊਜ਼ਿਕ ਵੀ ਚੱਲੂ ਅਤੇ ਸ਼ਰਾਬ ਵੀ। ਇਹਦੀ ਤਸੱਲੀ ਵਾਸਤੇ ਪਾਰਟੀ 'ਚ ਇਕ ਨਾਟਕ ਮੰਡਲੀ ਫਿੱਟ ਕਰ ਦਿਆਂਗੇ। ਨੱਚਣ ਵਾਸਤੇ ਸਾਡੀਆਂ ਸਟਾਫ ਨਰਸਾਂ ਅਤੇ ਕਲਾਸ ਫੋਰ ਮੁਲਾਜ਼ਮਾਂ ਹੀ ਹਨੇਰੀ ਲਿਆ ਦੇਣਗੀਆਂ। ਜੇ ਬੁੜਾ ਫੁੜਕ ਕੇ ਨਾ ਡਿੱਗ ਪਿਆ ਤਾਂ ਆਖੀਂ। ਇਕ ਗੱਲ ਮੈਂ ਦੱਸਣੀ ਚਾਹੂੰਗਾ। ਜੇ ਬੇਹੋਸ਼ ਹੋਣ ਤੋਂ ਬਾਅਦ ਹੋਸ਼ ਫੜ ਗਿਆ ਤਾਂ ਬਚ ਜਾਏਗਾ। ਨਹੀਂ ਤਾਂ ਸਿੱਧਾ...।''
ਗੱਲ ਅਧੂਰੀ ਛੱਡ ਡਾਕਟਰ ਨੇ ਉਪਰ ਨੂੰ ਉਂਗਲ ਕੀਤੀ।
''ਨਹੀਂ ਤਾਂ ਸੱਚਮੁੱਚ ਹੀ ਸਵਰਗ 'ਚ ਪਹੁੰਚ ਜਾਏਗਾ।'' ਧਰਮੂ ਸਾਹ ਚੜ੍ਹਾ ਗਿਆ। ''ਉਏ ਯਾਰ ਸਵਰਗ ਪਹੁੰਚੇ ਜਾਂ ਨਰਕ। ਏਥੋਂ ਤੁਰ ਗਿਆ, ਤੁਹਾਡੇ ਤਾਂ ਗਲੋਂ ਗਲਾਵਾਂ ਲਹਿਜੂ ਕਿ ਨਹੀਂ।'' ਡਾਕਟਰ ਖਿੱਝ ਕੇ ਦਬੀ ਅਵਾਜ਼ 'ਚ ਬੋਲਿਆ। ''ਜਾਣੀ ਕਿ ਆਨਾ ਦੂਰ ਜਾਂ ਫਾਨਾ। ਚਲੋ ਫਿਰ ਘਾਟਾ ਵਾਧਾ ਇਹਦੀ ਕਿਸਮਤ।'' ਧਰਮੂ ਸ਼ਾਇਦ ਬੁੜੇ ਨੂੰ ਫੜੀ ਫਿਰਦਾ ਅੱਕ ਗਿਆ ਸੀ। ਉਪਰ ਨੂੰ ਹੱਥ ਜੋੜ ਕੇ ਬੋਲਿਆ ''ਜੋ ਤੁਧ ਭਾਵੇ ਨਾਨਕਾ, ਸਾਈ ਗੱਲੀ ਚੰਗੀ।'' ਡਾਕਟਰ ਨੇ ਅਗਲੇ ਮਰੀਜ਼ ਵਾਸਤੇ ਘੰਟੀ ਮਾਰੀ।

Post New Thread  Reply

« ਜ਼ਿੰਦਗੀ ਦੀ ਖੁਸ਼ੀ | ਮਰਨ ਤੋਂ ਬਾਅਦ part 1 »
X
Quick Register
User Name:
Email:
Human Verification


UNP