never forget 1984

84 ਵੇਲਾ ਤਾਂ ਯਾਦ ਨੀ ਪਰ ਜਦੋਂ ਸੁਰਤ ਸੰਭਲੀ ਤਾਂ ਹਰ ਘਰ ‘ਚ ਬਾਬੇ ਨਾਨਕ ਤੇ ਬਾਜਾਂ ਆਲੇ ਦੀ ਫ਼ੋਟੋ ਕੋਲ ਦੋ ਸਰਦਾਰਾਂ ਦੀਆਂ ਇਕੋ ਜਿਹੀਆਂ ਫ਼ੋਟੋ ਜ਼ਰੂਰ ਹੁੰਦੀਆਂ ਜਿੰਨਾ ਵੱਲ ਬਾਬੇ ਹੋਰੀ ਹੱਥ ਕਰਕੇ ਵੱਖਰੇ ਹੀ ਜਾਹੋ ਜਲਾਲ ਨਾਲ ਤਪਦੇ ਅੱਖਾਂ ਲਾਲ ਕਰਦੇ ਕਹਿ ਦਿੰਦੇ ਕਿ ਇਹਨਾਂ ਸੂਰਮਿਆਂ ਨੇ ਸਾਡੇ ਹਰਿਮੰਦਰ ਦਾ ਬਦਲਾ ਲਿਆ ਸੀ। ਇੱਕ ਤਾਂ ਪਾਪੀਆਂ ਨੇ ਥਾਏਂ ਮਾਰ ਤਾ ਦੂਜੇ ਦੇ ਪੱਟ ਚੀਰ ਕੇ ਮਿਰਚਾਂ ਪਾ ਕੇ ਘੋਟੇ ਲਾ ਲਾ ਕੇ ਮਾਰਿਆ ਡਾਢਿਆਂ ਨੇ। ਤਾਂ ਬਾਲ ਮਨ ਕਰਕੇ ਕਈ ਕਈ ਦਿਨ ਮਿਰਚਾਂ ਤੇ ਕੂੰਡੇ ਘੋਟਣੇ ਤੋਂ ਹੀ ਡਰੀ ਜਾਣਾ ਉਨ੍ਹਾਂ ਨੂੰ ਵੇਖ ਵੇਖ ਹੀ ਧੁੜਤੜੀਆਂ ਚੜ੍ਹੀ ਜਾਣੀਆਂ ਨਾਲ਼ੇ ਸੋਚੀ ਜਾਣਾ ਕਿ ਕੇਹੇ ਬੰਦੇ ਹੋਣਗੇ ਇਹੇ। ਬਾਅ ਹੋਰਾਂ ਦੀਆਂ ਗੱਲਾਂ ਵਿਚ ਇਹਨਾਂ ਸਰਦਾਰਾਂ ਦਾ ਕਦੇ ਨਾ ਕਦੇ ਜਿਕਰ ਜ਼ਰੂਰ ਹੁੰਦਾ। ਨਾਲ਼ੇ ਦੱਸਦੇ ਕਿ ਇਹਨਾਂ ਚੋਂ ਛੋਟੇ ਦਾ ਹਾਲੇ ਮੰਗਣਾ ਹੋਇਆ ਸੀ ਕਿ ਆਹ ਭਾਣਾ ਵਰਤ ਗਿਆ ਪਰ ਸਿਦਕ ਦੀ ਪੱਕੀ ਮਾਪਿਆਂ ਦੀ ਧੀ ਨੇ ਫ਼ੋਟੋ ਨਾਲ ਹੀ ਲਾਵਾਂ ਲਈਆਂ ਬੋਲ ਪੁਗਾਏ। ਤਾਂ ਮਨ ਵਿਚ ਕਈ ਸਵਾਲ ਉੱਠਣੇ ਕਦੀ ਇਹਨਾਂ ਦੀਆਂ ਫ਼ੋਟੋ ਜਾ ਕੇ ਦੇਖਣੀਆਂ ਕਦੇ ਸੋਚਣਾ ਯਾਰ ਫ਼ੋਟੋ ਨਾਲ ਭਲਾਂ ਕਿਵੇਂ ਵਿਆਹ ਹੋ ਸਕਦਾ ਕਿਸੇ ਦਾ। ਵੇਖਲਾ ਟਾਈਮ ਟਾਈਮ ਦੀ ਗੱਲ ਆ ਕਦੇ ਇਹਨਾਂ ਦੀਆਂ ਗੱਲਾਂ ਘਰਾਂ ਸੱਥਾਂ ਪਰਿਆਂ ‘ਚ ਹੁੰਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਮੇਲਿਆਂ ‘ਚ ਇਹਨਾਂ ਦੀਆਂ ਫ਼ੋਟੋ ਵਿਕਦੀਆਂ ਲੋਕ ਵਾਰਾਂ ਗਾਉਂਦੇ ਆਹ ਫ਼ੋਟੋ ਨਾਲ ਵਿਆਹ ਵਾਲੀ ਗੱਲ ਕਰਦਿਆਂ ਬੇਬੇ ਹੋਰੀਂ ਰੋਂਦੀਆਂ ਮੈਂ ਆਪ ਦੇਖੀਆਂ। ਜ਼ਮਾਨਾ ਬਦਲ ਗਿਆ ਮੁੰਡਿਆਂ ਨੇ ਆਪਣੇ ਆਦਰਸ਼ ਫ਼ਿਲਮੀ ਹੀਰੋ ਚੁਣ ਲਏ। ਟਾਂਵੇਂ ਵਿਰਲਿਆਂ ਨੂੰ ਯਾਦ ਆ ਪਰ ਲੋਕ ਭੁੱਲ ਭੁਲਾ ਗਏ ਜਿਵੇਂ ਅਕਸਰ ਭੁੱਲਦੇ ਆਏ ਆ। ਹੁਣ ਤਾਂ ਖ਼ੈਰ ਇਹਨਾਂ ਸਰਦਾਰਾਂ ਦੀਆਂ ਫ਼ੋਟੋ ਵੀ ਟਾਨਾਂ ਅੰਗੀਠੀਆਂ ਤੇ ਬੈਠਕਾਂ ਦੀਆਂ ਕੰਧਾਂ ਤੋਂ ਵੀ ਗ਼ਾਇਬ ਆ।

ਲੇਖਕ ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top