nanga sach

ਅਜ ਵਿਚਾਰ ਜਰੂਰ ਦਿਓ ਆਸ ਕਰਦਾ ਸਚ ਬੋਲਣ ਤੋਂ ਪਾਸਾ ਨਹੀ ਵਟਾਂਗੇ

ਨੰਗਾ ਸੱਚ
ਜਦੋਂ ਸਾਰਾ ਪਰਿਵਾਰ ਮੈਰਿਜ ਪੈਲੇਸ ਵਿਚੋਂ ਵਿਆਹ ਦੇ
ਜਸ਼ਨ ਵਿਚ ਸ਼ਰੀਕ ਹੋਣ ਬਾਅਦ ਘਰ ਮੁੜਿਆ ਤਾਂ ਦਾਦੇ ਨੇ
ਆਪਣੀ ਅੱਲੜ੍ਹ ਉਮਰ ਦੀ ਪੋਤੀ ਨੂੰ ਸ਼ੱਕੀ ਨਜ਼ਰਾਂ ਨਾਲ
ਘੂਰਦਿਆਂ ਸਵਾਲ ਕੀਤਾ, 'ਪ੍ਰੀਤੀ! ਪੈਲੇਸ ਵਿਚ ਜਿਸ
ਓਪਰੇ ਜਿਹੇ ਨੌਜਵਾਨ ਮੰੁਡੇ ਨਾਲ ਤੂੰ ਗੱਲਾਂ ਕਰ ਰਹੀ ਸੈਂ, ਕੌਣ
ਸੀ ਉਹ?'
'ਉਹ ਮੇਰਾ ਸਕੂਲ ਦਾ ਜਮਾਤੀ ਸੀ ਦਾਦਾ ਜੀ | ਮੈਂ ਕੱਲ੍ਹ
ਸਕੂਲ ਨਹੀਂ ਗਈ ਸੀ | ਉਸ ਦੇ ਅਚਾਨਕ ਉਥੇ ਮਿਲ ਜਾਣ
ਕਾਰਨ ਮੈਂ ਉਸ ਤੋਂ ਸਾਡੇ ਅਧਿਆਪਕਾਂ ਵੱਲੋਂ ਉਸ ਦਿਨ ਦਾ
ਘਰ ਕਰਨ ਲਈ ਦਿੱਤਾ ਹੋਇਆ ਕੰਮ ਪੁੱਛ ਰਹੀ ਸੀ', ਪੋਤੀ ਨੇ
ਨਿਮਰਤਾ ਸਹਿਤ ਸਪੱਸ਼ਟੀਕਰਨ ਦਿੱਤਾ | 'ਉਹ ਤਾਂ
ਠੀਕ ਐ ਪੁੱਤ! ਪੰ੍ਰਤੂ ਇਸ ਉਮਰ ਵਿਚ ਕਿਸੇ ਕੁੜੀ ਦਾ
ਆਪਣੇ ਹਾਣੀ ਮੰੁਡੇ ਨਾਲ ਏਡੇ ਵੱਡੇ ਇਕੱਠ ਸਾਹਮਣੇ, ਨੇੜੇ
ਜਿਹੇ ਖੜ੍ਹ ਕੇ ਲੰਮਾ ਸਮਾਂ 'ਕੱਲਿਆਂ ਗੱਲਾਂ ਕਰਨੀਆਂ ਸ਼ੋਭਾ
ਨਹੀਂ ਦਿੰਦਾ', ਦਾਦੇ ਨੇ ਫਿਰ ਤਾੜਵੀਂ ਆਵਾਜ਼ ਵਿਚ
ਕਿਹਾ |
'ਦਾਦਾ ਜੀ, ਆਪ ਤੁਸੀਂ ਉਥੇ ਮੇਰੀ ਹੀ ਉਮਰ ਦੀ
ਆਰਕੈਸਟਰਾ ਕੁੜੀ ਉਤੋਂ ਦੀ ਨੋਟ ਵਾਰ-ਵਾਰ ਕੇ ਸੁੱਟਦਿਆਂ
ਉਸ ਨਾਲ ਨੱਚ ਭੀ ਰਹੇ ਸੀ | ਮੈਨੂੰ ਤਾਂ ਤੁਸੀਂ ਕਦੇ
ਕਿਤਾਬਾਂ ਲਈ ਇਕ ਪੈਸਾ ਵੀ ਨਹੀਂ ਦਿੱਤਾ | ਮੇਰੇ ਜਨਮ
ਦਿਨ 'ਤੇ ਕੋਈ ਛੋਟਾ ਜਿਹਾ ਤੋਹਫ਼ਾ ਲਿਆ ਕੇ ਦੇਣ ਦੇ ਉਲਟ
ਉਸ ਦਿਨ ਤੁਸੀਂ ਉਦਾਸ ਹੋਏ ਰਹਿੰਦੇ ਹੋ | ਆਪਣਾ ਸਾਰਾ
ਟੱਬਰ ਤਾਂ ਕੀ ਉਥੇ ਹਾਜ਼ਰ ਸਭ ਲੋਕ ਤੁਹਾਡੇ ਵੱਲ ਵੇਖ-ਵੇਖ
ਹੱਸ ਭੀ ਰਹੇ ਸੀ | ਘਰ ਸਾਰਾ ਦਿਨ ਤੁਸੀਂ ਦਾਦੀ ਨੂੰ
ਬੁੱਢੀ-ਬੁੱਢੀ ਕਹਿ ਕੇ ਖਾਹ-ਮਖਾਹ ਉਨ੍ਹਾਂ ਨਾਲ ਲੜਦੇ
ਰਹਿੰਦੇ ਹੋ', ਕੁੜੀ ਇਕੋ ਸਾਹ ਬਹੁਤ ਕੁਝ ਬੋਲ ਗਈ ਸੀ |
ਅਣਭੋਲ ਪੋਤੀ ਦੇ ਮੰੂਹੋਂ ਬੇ-ਝਿਜਕ ਹੋ ਕੇ ਦਲੇਰਾਨਾ ਢੰਗ ਨਾਲ
ਨੰਗਾ ਸੱਚ ਸੁਣਦਿਆਂ ਦਾਦੇ ਦੀ ਜਿਵੇਂ ਜ਼ਬਾਨ ਹੀ ਠਾਕੀ
ਗਈ |
-ਮਾ: ਬੋਹੜ ਸਿੰਘ ਮੱਲਣ
 
Top