MaaBoli-ਇੱਕ ਡਾਕਟਰੀ ਦ੍ਰਿਸ਼ਟੀਕੌਣ, ਹਰਸ਼ਿੰਦਰ ਕੌਰ

ਮੇਰੇ ਵੱਲੋਂ

ਮੈਨੂੰ ਬਚਪਨ ਵਿਚ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਇਕ ਦੰਤ ਕਥਾ ਸੁਣਾਇਆ ਕਰਦੇ ਸਨ, ਜੋ ਉਨ੍ਹਾਂ ਨੂੰ ਮੇਰੇ ਦਾਦਾ ਜੀ ਨੇ ਸੁਣਾਈ ਸੀ ਤੇ ਉਨ੍ਹਾਂ ਨੂੰ ਮੇਰੇ ਪੜਦਾਦਾ ਜੀ ਨੇ। ਹੋਇਆ ਇੰਜ ਕਿ ਅਕਬਰ ਬਾਦਸ਼ਾਹ ਵੇਲੇ ਦਰਬਾਰ ਵਿਚ ਰੱਬ ਦੀ ਬੋਲੀ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਮੁਲਾਣੇ ਕਹਿਣ ਕਿ ਰੱਬ ਦੀ ਬੋਲੀ ਅਰਬੀ ਹੈ ਤੇ ਪੰਡਤ ਕਹਿਣ ਕਿ ਸੰਸਕ੍ਰਿਤ ਹੈ। ਇਸ ਗੱਲ ਦਾ ਫ਼ੈਸਲਾ ਕਰਨ ਲਈ ਕੁੱਝ ਗੁੰਗੇ ਬੋਲੇ ਬੰਦੇ ਲੱਭੇ ਗਏ ਤੇ ਉਨ੍ਹਾਂ ਨੂੰ ਇਕ ਕਿਲ੍ਹੇ ਅੰਦਰ ਬੰਦ ਕਰ ਦਿੱਤਾ ਗਿਆ। ਪੰਦਰਾਂ ਸਾਲਾਂ ਬਾਅਦ ਉਨ੍ਹਾਂ ਦੇ ਬੱਚੇ ਬਾਹਰ ਕੱਢੇ ਗਏ ਤਾਂ ਜੋ ਉਨ੍ਹਾਂ ਦੀ ਬੋਲੀ ਤੋਂ ਇਹ ਪਤਾ ਲੱਗ ਸਕੇ ਕਿ ਰੱਬ ਦੀ ਬੋਲੀ ਕੀ ਹੈ? ਜਦੋਂ ਉਨ੍ਹਾਂ ਨੂੰ ਬੋਲਣ ਲਈ ਕਿਹਾ ਗਿਆ ਤਾਂ ਸਾਰੇ 'ਊ,' 'ਆ' ਕਰ ਕੇ ਹੀ ਚੁੱਪ ਹੋ ਗਏ। ਇਸ ਤੋਂ ਇਹ ਤਾਂ ਸਾਬਤ ਹੋ ਹੀ ਗਿਆ ਕਿ ਰੱਬ ਦੀ ਆਪਣੀ ਕੋਈ ਬੋਲੀ ਨਹੀਂ।

ਬੱਚੇ ਉਹੀ ਬੋਲਦੇ ਹਨ, ਜੋ ਉਹ ਸੁਣਦੇ ਹਨ। ਜਦੋਂ ਗੁੰਗੇ ਬੋਲੇ ਬੰਦਿਆਂ ਦੇ ਬੱਚਿਆਂ ਨੇ ਕਿਸੇ ਨੂੰ ਬੋਲਦੇ ਸੁਣਿਆ ਹੀ ਨਹੀਂ ਸੀ ਤਾਂ ਉਹ ਵੀ ਉਹੀ ਆਵਾਜ਼ਾਂ ਕੱਢ ਸਕਦੇ ਸਨ, ਜਿਹੜੀਆਂ ਉਨ੍ਹਾਂ ਦੇ ਮਾਪੇ ਕੱਢ ਰਹੇ ਸਨ। ਨਤੀਜੇ ਵਜੋਂ ਸੁਣ ਬੋਲ ਸਕਣ ਦੇ ਕਾਬਲ ਹੁੰਦੇ ਹੋਏ ਵੀ ਬੱਚੇ ਗੁੰਗੇ ਬਣ ਕੇ ਰਹਿ ਗਏ ਸਨ। ਇਸ ਦਾ ਮਤਲਬ ਸਾਫ਼ ਹੈ ਕਿ ਬੱਚੇ ਲਈ ਉਸਦੀ ਮਾਂ ਹੀ ਰੱਬ ਦਾ ਰੂਪ ਹੈ ਤੇ ਜਿਹੜੀ ਜ਼ਬਾਨ ਮਾਂ ਬੋਲ ਰਹੀ ਹੋਵੇ, ਉਹੀ ਬੱਚੇ ਲਈ ਰੱਬ ਦੀ ਬੋਲੀ ਬਣ ਗਈ। ਹਾਲੇ ਤਕ ਭਾਸ਼ਾ-ਵਿਗਿਆਨੀਆਂ ਤੇ ਧੁਨੀ-ਵਿਗਿਆਨੀਆਂ ਨੇ ਬੋਲੀ ਬਾਰੇ ਬਹੁਤੀ ਖੋਜ ਕੀਤੀ ਹੈ ਤੇ ਖੋਜ-ਪੱਤਰ ਲਿਖੇ ਹਨ। ਜੇ ਗ਼ੌਰ ਨਾਲ ਵੇਖੀਏ ਤਾਂ ਬੋਲਣ ਲਈ ਜਿਹੜੇ ਜੰਤਰਾਂ ਦੀ ਲੋੜ ਹੁੰਦੀ ਹੈ, ਉਹ ਹਨ: ਕੰਨ, ਅੱਖ, ਸੰਘ, ਤਾਲੂ, ਉਪਰਲੇ ਦੰਦਾਂ ਦਾ ਅੰਦਰਲਾ ਹਿੱਸਾ, ਬੁੱਲ੍ਹ ਤੇ ਜੀਭ। ਇਹ ਸਾਰੇ ਅੰਗਾਂ ਦਾ ਬਰੀਕੀ ਨਾਲ ਅਧਿਐਨ ਕਰਨਾ ਡਾਕਟਰੀ ਪੜ੍ਹਾਈ ਦਾ ਅਹਿਮ ਹਿੱਸਾ ਹੈ।

ਜੇ ਇਹ ਸਭ ਠੀਕ ਹੈ ਤਾਂ ਕਿਸੇ ਡਾਕਟਰ ਵੱਲੋਂ ਬੋਲੀ ਉੱਤੇ ਲਿਖਣਾ ਤੇ ਉਸਦਾ ਬੱਚੇ ਉਤੇ ਪੈਂਦੇ ਮਾਨਸਿਕ ਪ੍ਰਭਾਵ ਨੂੰ ਘੋਖਣਾ ਜਾਇਜ਼ ਹੈ।
ਇਸੇ ਲਈ ਮੈਂ ਬੱਚਿਆਂ ਦੀ ਡਾਕਟਰ ਹੁੰਦੇ ਹੋਏ ਇਹ ਵਿਸ਼ਾ ਚੁਣਿਆ ਹੈ, ਕਿਉਂਕਿ ਬੱਚੇ ਦੀ ਸ਼ਖ਼ਸੀਅਤ ਉਭਾਰਨ ਵਿਚ ਮਾਂ-ਬੋਲੀ ਇਹ ਅਹਿਮ ਰੋਲ ਅਦਾ ਕਰਦੀ ਹੈ। ਆਪਣੀ ਮਾਂ-ਬੋਲੀ ਨੂੰ ਨੀਵਾਂ ਸਮਝਣ ਵਾਲੇ ਆਪਣੇ ਆਪ ਨੂੰ ਵੀ ਹੀਣ ਸਮਝਣ ਲੱਗ ਪੈਂਦੇ ਹਨ ਤੇ ਆਪਣੇ ਸੱਭਿਆਚਾਰ ਤੇ ਪਿਛੋਕੜ ਨੂੰ ਵੀ। ਮੈਨੂੰ ਆਪਣੀ ਮਾਂ-ਬੋਲੀ ਉਤੇ ਫ਼ਖ਼ਰ ਹੈ ਤੇ ਮੈਂ ਇਸ ਨੂੰ ਦੁਨੀਆ ਦੇ ਹਰ ਕੋਨੇ ਤਕ ਫੈਲਦੀ ਤੇ ਛਲਾਂਗਾਂ ਮਾਰਦੀ ਉਤਾਂਹ ਚੜ੍ਹਦੀ ਵੇਖਣਾ ਚਾਹੁੰਦੀ ਹਾਂ। ਇਸੇ ਲਈ ਮਾਂ-ਬੋਲੀ ਦੇ ਹਰ ਪਹਿਲੂ ਨੂੰ ਘੋਖ ਕੇ ਮੈਂ ਹਰ ਉਸ ਪੰਜਾਬੀ ਦੀ ਜ਼ਮੀਰ ਨੂੰ ਹਲੂਣ ਦੇਣਾ ਚਾਹੁੰਦੀ ਹਾਂ, ਜਿਸ ਦੇ ਦਿਲ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਰਤਾ ਵੀ ਪੀੜ ਹੈ।

ਮੈਨੂੰ ਮਾਣ ਹੈ ਕਿ ਮੈਂ ਉਸ ਪਿਓ ਦੀ ਧੀ ਹਾਂ, ਜਿਸ ਨੇ ਜਿੰਦਗੀ ਭਰ ਪੰਜਾਬੀ ਬੋਲੀ ਦੇ ਹੱਕ ਵਿਚ ਹਿੱਕ ਤਾਣ ਕੇ ਹਰ ਮੁਸੀਬਤ ਝੱਲੀ ਹੈ ਤੇ ਆਪਣੀ ਕਮਾਣ ਨਹੀਂ ਛੱਡੀ। ਮੈਂ ਉਸੇ ਝੰਡਾ-ਬਰਦਾਰ ਦਾ ਪਰਛਾਵਾਂ ਹਾਂ ਤੇ ਉਹੀ ਝੰਡਾ ਲਹਿਰਾਉਣ ਦੀ ਮੈਂ ਵੀ ਕਸਮ ਖਾਧੀ ਹੈ। ਮੈਂ ਸ਼ੁਕਰਗੁਜ਼ਾਰ ਹਾਂ ਸ: ਗੁਰਿੰਦਰ ਸਿੰਘ ਢੱਟ ਜੀ ਦਾ, ਜਿਨ੍ਹਾਂ ਨੇ ਨਿਊਜ਼ੀਲੈਂਡ ਵਿਚ ਬੈਠ ਕੇ ਵੀ ਮੈਨੂੰ ਹੱਲਾ-ਸ਼ੇਰੀ ਦੇਣੀ ਜਾਰੀ ਰੱਖੀ ਤਾਂ ਜੋ ਮੈਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕਾਂ। ਹੋਰ ਵੀ ਅਨੇਕ ਐਨ.ਆਰ.ਆਈ. ਵੀਰ ਭੈਣ, ਜਿਹੜੇ ਸਮੇਂ ਸਮੇਂ ਸਿਰ ਮੇਰੀ ਹਿੰਮਤ ਵਧਾਉਂਦੇ ਰਹਿੰਦੇ ਹਨ, ਦਾ ਵੀ ਸ਼ੁਕਰੀਆ ਕੀਤੇ ਬਗ਼ੈਰ ਮੈਂ ਨਹੀਂ ਰਹਿ ਸਕਦੀ।

ਮੈਂ ਸ਼ੁਕਰਗੁਜਾਰ ਹਾਂ, ਉਨ੍ਹਾਂ ਪੰਜਾਬੀਆਂ ਦੀ ਵੀ, ਜਿਨ੍ਹਾਂ ਨੇ ਆਪਣੀ ਮਿੱਠੀ ਮਾਂ-ਬੋਲੀ ਨੂੰ ਇਉਂ ਵਗਾਹ ਸੁੱਟਿਆ ਹੈ, ਜਿਵੇਂ ਅੱਖਾਂ ਵਿੱਚੋਂ ਹੰਝੂ, ਕਿਉਂਕਿ ਉਨ੍ਹਾਂ ਨੂੰ ਜਗਾਉਣ ਸਦਕਾ ਹੀ ਇਹ ਕਿਤਾਬ ਹੋਂਦ ਵਿਚ ਆਈ ਹੈ।
ਪੰਜਾਬ ਦੇ ਚੋਟੀ ਦੇ ਭਾਸ਼ਾ-ਸ਼ਾਸਤਰੀ ਡਾ. ਟੀ.ਆਰ. ਸ਼ਰਮਾ ਜੀ ਨੇ ਮੇਰੀ ਕਿਤਾਬ ਨੂੰ ਪਰੀਚਿਤ ਕਰਵਾਉਣ ਦੀ ਖੇਚਲ ਕਰ ਕੇ ਇਸ ਕਿਤਾਬ ਨੂੰ ਭਾਗ ਲਾ ਦਿੱਤੇ ਹਨ।
ਮੈਂ ਕਿਵੇਂ ਭੁੱਲ ਸਕਦੀ ਹਾਂ ਆਪਣੇ ਭਾਪਾ ਜੀ ਦੀ ਲਗਾਤਾਰ ਮਿਲਦੀ ਹੱਲਾ-ਸ਼ੇਰੀ, ਜਿਸ ਤੋਂ ਬਿਨਾਂ ਮੇਰਾ ਲੇਖਿਕਾ ਵਾਲਾ ਵਜੂਦ ਹੀ ਅਧੂਰਾ ਸੀ। ਮੇਰੇ ਪਤੀ ਡਾ. ਗੁਰਪਾਲ ਸਿੰਘ ਤੇ ਬੱਚੇ ਸੁਖਮਨੀ ਤੇ ਨਾਨਕਜੋਤ ਦੇ ਪਿਆਰ ਦੁਲਾਰ ਸਦਕਾ ਮੈਨੂੰ ਆਪਣੇ ਰੁਝੇਵਿਆਂ ਭਰੇ ਵਕਤ ਵਿਚ ਥਕੇਵਾਂ ਮਹਿਸੂਸ ਹੀ ਨਹੀਂ ਹੋਇਆ ਤੇ ਇਸ ਕਿਤਾਬ ਦਾ ਕੰਮ ਬਿਨਾਂ ਰੁਕੇ ਪੂਰਾ ਹੋ ਗਿਆ।

ਅੰਤ ਵਿਚ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਮੈਂ ਆਪਣੀ ਸਵਰਗਵਾਸੀ ਮਾਂ ਦਾ ਵੀ ਸ਼ੁਕਰੀਆ ਕਰਦੀ ਹਾਂ, ਜਿਸ ਨੇ ਮੈਨੂੰ ਏਨੀ ਪਿਆਰੀ ਤੇ ਏਨੀ ਮਿੱਠੀ ਜ਼ਬਾਨ ਨਾਲ ਧਨੀ ਕਰ ਦਿੱਤਾ ਹੈ।
ਮੈਂ ਇੱਥੇ ਜਲੰਧਰ ਤੋਂ ਨਿਕਲਦੇ ਰੋਜ਼ਾਨਾ ਅਖ਼ਬਾਰ ਅਜੀਤ ਦੇ ਮੁਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਜੀ ਦਾ ਸ਼ੁਕਰੀਆ ਕਰਨਾ ਨਹੀਂ ਭੁੱਲ ਸਕਦੀ, ਕਿਉਂਕਿ ਉਨ੍ਹਾਂ ਨੇ ਮੇਰੇ ਲੇਖਾਂ ਨੂੰ ਆਪਣੇ ਅਖ਼ਬਾਰ ਵਿਚ ਥਾਂ ਦੇ ਕੇ ਸਾਰੀ ਦੁਨੀਆ ਵਿਚ ਪਹੁੰਚਾਇਆ। ਪੰਜਾਬੀ ਵਿਚ ਛਪਦਾ ਉਨ੍ਹਾਂ ਦਾ ਅਖ਼ਬਾਰ ਵਿਦੇਸ਼ਾਂ ਵਿਚ ਬੈਠੇ ਆਪਣੇ ਭੈਣ-ਭਰਾਵਾਂ ਨਾਲ ਸਾਂਝ ਬਣਾਉਣ ਦਾ ਸਾਧਨ ਬਣ ਚੁੱਕਾ ਹੈ।

ਜਿਸ ਜ਼ਾਤੀ ਧਿਆਨ ਨਾਲ ਸ: ਗੁਰਸਾਗਰ ਸਿੰਘ ਜੀ ਨੇ ਇਸ ਕਿਤਾਬ ਦੀ ਦੱਖ ਉਘਾੜੀ ਹੈ, ਇਸ ਲਈ ਮੈਂ ਉਨ੍ਹਾਂ ਦਾ ਵੀ ਧੰਨਵਾਦਾ ਕਰਦੀ ਹਾਂ।


ਡਾ. ਹਰਸ਼ਿੰਦਰ ਕੌਰ (ਪ੍ਰੋ: ਸਾਹਿਬ ਸਿੰਘ, ਮਸ਼ਹੂਰ ਟੀਕਾਕਾਰ ਦੀ ਦੋਤੀ)
ਐਮ.ਡੀ.


 
lol, koi nahin bire...uh wi din cheti chadega....mein shahmukhi(urdu script of punjabi) sikhan di try kar reha si....uh aukhi hai, sare akhar same ih lagde ne. Aapni punjabi(gurumukhi script) taan saukhi ih badi hai, har ik akhar di shape different hai, is karke its easy to learn.
 
Top