maa --boli punjabi

ਮੈਂ ਬੋਲੀ ਪੰਜਾਬੀ ਲੋਕੋ,
ਆਪਣਾ ਦੁੱਖ ਸੁਣਾਉਂਣ ਲੱਗੀ..
ਰੁੱਸੇ ਹੋਏ ਪੁੱਤਰਾਂ ਨੂੰ,
ਮੈਂ ਅੱਜ ਹਾਂ ਫ਼ੇਰ ਮਨਾਉਂਣ ਲੱਗੀ..
ਸ਼ਹਿਦ ਸਮਝ ਕੇ ਅੱਕ ਨੇ ਚੁੰਮਦੇ,
ਏ ਗੱਲ ਕਮਲੇ ਜਾਨਣ ਨਾਂ..
ਮਾਵਾਂ ਲਈ ਤਾਂ ਜਿਗਰ ਦੇ ਟੁਕੜੇ,
ਭਾਵੇਂ ਪੁੱਤ ਪਛਾਨਣ ਨਾਂ..
ਮੈਂ ਬੋਲੀ ਪੰਜਾਬੀ ਲੋਕੋ..||

ਏ ਭੁੱਲ ਗਏ ਨੇਂ,
ਕੀਤੀ ਮੇਰੇ ਤੇ ਰਹਿਮਤ ਗੁਰੂਆਂ-ਪੀਰਾਂ ਨੇਂ,
ਰੂਪ ਮੇਰੇ ਨੂੰ ਹੋਰ ਸ਼ਿੰਗਾਰਿਆ,
ਬੁੱਲ੍ਹੇ ਜਿਹੇ ਫ਼ਕੀਰਾਂ ਨੇਂ..
ਸੂਫ਼ੀ-ਸੰਤਾਂ,ਜੋਗੀਆਂ-ਭਗਤਾਂ,
ਮੇਰਾ ਮਾਣ ਵਧਾਇਆ ਏ..
ਮੇਰੇ ਅੱਜ ਦਿਆਂ ਪੁੱਤਰਾਂ,
ਵਿਰਸਾ ਮਿੱਟੀ ਵਿੱਚ ਮਿਲਾਇਆ ਏ..
ਮੈਂ ਬੋਲੀ ਪੰਜਾਬੀ ਲੋਕੋ..||

ਕੱਲੀ ਬਹਿ ਕੇ ਸੋਚਦੀ ਸੋਚਾਂ,
ਰੱਬ ਨੇਂ ਕੀ ਤਕਦੀਰ ਲਿਖੀ..
ਓਹ ਵੀ ਮੇਰੇ ਪੁੱਤਰ ਸੀ,
ਜਿੰਨਾਂ ਲੂਣਾਂ,ਸੱਸੀ,ਹੀਰ ਲਿਖੀ..
ਨੂਰਪੁਰੀ ਨੂੰ ਚੇਤੇ ਕਰਕੇ,
ਅੱਖੀਂਓ ਵਗਦੇ ਨੀਰ ਬੜੇ..
ਅੱਜ ਦੇ ਇੰਨ੍ਹਾਂ ਅਖੌਤੀ-ਗਾਇਕਾਂ,
ਜਿਸਮ ਤੇ ਲਾਏ ਚੀਰ ਬੜੇ..
ਮੈਂ ਬੋਲੀ ਪੰਜਾਬੀ ਲੋਕੋ..||

ਭੁੱਲੇ ਨਹੀਂ ਮੈਨੂੰ ਮੋਹਣ ਤੇ ਸ਼ੌਂਕੀ,
ਵੀਰ ਸਿੰਘ ਵੀ ਯਾਦ ਮੈਨੂੰ..
ਮੇਰੇ ਅੱਜ ਦੇ ਹੀ ਕੁਝ ਪੁੱਤਰਾਂ,
ਰੱਖਿਆ ਹੋਇਆ ਅਬਾਦ ਮੈਨੂੰ..
ਗੈਰਾਂ ਪਿੱਛੇ ਲੱਗ ਕੇ ਬਹੁਤੇ,
ਮੈਨੂੰ ਸਦਾ ਉਜਾੜਿਆ ਏ..
ਮਾਂ ਮੰਨਣ ਤੇ ਹੋ ਇੰਨਕਾਰੀ,
ਪੈਰਾਂ ਹੇਠ ਲਤਾੜਿਆ ਏ..
ਮੈਂ ਬੋਲੀ ਪੰਜਾਬੀ ਲੋਕੋ..||

ਲੱਖ ਚੰਗੀਆਂ ਮਤਰਈਆਂ ਮਾਵਾਂ,
ਆਪਣੀ ਮਾਂ ਨੂੰ ਭੁੱਲੋ ਨਾਂ..
ਮਾਂ ਵੱਲੀਂ ਕੰਧ ਕਰਣ ਵਾਲਿਓ,
ਖੁਸ਼ੀਆਂ ਦੇ ਵਿੱਚ ਫ਼ੁੱਲੋ ਨਾਂ..
ਡਾਲਰ-ਪੌਂਡ ਇੱਕਠੇ ਕਰਦੇ,
ਦਿਲ ਚੋਂ ਅਮਨ ਗਵਾ ਲਓਂਗੇ..
ਮਾਂ-ਬੋਲੀ ਨੂੰ ਭੁੱਲ ਕੇ ਲੋਕੋ,
ਖੁਦ ਪਹਿਚਾਣ ਗਵਾ ਲਓਂਗੇ..
ਮੈਂ ਬੋਲੀ ਪੰਜਾਬੀ ਲੋਕੋ..||
ਮੈਂ ਬੋਲੀ ਪੰਜਾਬੀ ਲੋਕੋ..||
 
Top