baba bulle shah!


ਬੁੱਲ੍ਹੇ ਸ਼ਾਹ (1680-1758)



ਬੁੱਲ੍ਹੇ ਸ਼ਾਹ - ਅਸਲੀ ਨਾਮ "ਅਬਦੁੱਲਾ ਸ਼ਾਹ" ਜੀ

ਜਨਮ - 1680 ਮਿਤੀ ਬਾਰੇ ਕੋਈ ਠੋਸ ਪ੍ਰਮਾਣ ਨਹੀਂ

ਜਨਮ ਅਸਥਾਨ - ਪਾਂਡੋਕੇ ਭੱਟੀਆਂ ਜਿਲ੍ਹਾਂ ਲਹੌਰ (ਕੋਈ ਪੱਕਾ ਨਹੀਂ) , ਇਸ ਤੋਂ ਇਲਾਵਾ ਵਿਦਵਾਨਾਂ ਦੀ ਆਪੋ-ਆਪਾਣੀਂ ਮੱਤ ਤੇ ਭਾਲ ਮੁਤਾਬਿਕ ਕੋਈ ਬੁੱਲ੍ਹੇ ਸ਼ਾਹ ਦਾ ਵਸਣ ਕਸੂਰ , ਕੋਈ ਰਿਆਸਤ ਬਹਾਵਲਪੁਰ ਦਾ ਇੱਕ ਮਸ਼ਹੂਰ ਪਿੰਡ ਉੱਚ ਗਿਲਾਨੀਆਂ ਆਦਿ ਦੱਸਦਾ ਹੈ |

ਬੁੱਲ੍ਹੇ ਸ਼ਾਹ - ਇੱਕ ਮਹਾਨ ਸੂਫ਼ੀ ਫਕੀਰ , ਦਰਵੇਸ਼ , ਅਲਮਸਤ ਸ਼ਾਇਰ ਸਾਈਂ ਆਦਿ ਨਾਵਾਂ ਨਾਲ ਸੰਬੋਧਿਤ ਅਸਲ ਚ’ ਵੀ ਇੱਕ ਮਹਾਨ ਕਵੀ-ਇੱਕ ਮਹਾਨ ਸ਼ਿਸ਼ ਅਤੇ ਇੱਕ ਸੱਚਾ ਫਕੀਰ ਹੋ ਨਿੱਭੜਿਆ ਜੋ ਕਿ ਇਸ ਦੌਰ ਦੀ ਇੱਕ ਅਜਿਹੀ ਅਦਬੀ ਸਖਸ਼ੀਅਤ ਸਨ ਜਿੰਨ੍ਹਾਂ ਨੇਂ ਆਪਣੇ ਸਮੇਂ ਨੂੰ ਪੰਜਾਬੀ-ਸਹਿਤ ਦਾ ਸਹੀ ਅਰਥਾਂ ਵਿੱਚ ਸੁਨਿਹਰੀ-ਕਾਲ ਬਣਾਇਆ ਅਤੇ ਪੰਜਾਬੀ-ਅਦਬ ਨੂੰ ਇੱਕ ਵਿਸ਼ਵ-ਸਾਹਿਤ ਦੀ ਹੈਸੀਅਤ ਬਖਸ਼ੀ |

ਬੁੱਲ੍ਹੇ ਸ਼ਾਹ ਬਾਰੇ ਕਈ ਮਹਾਨ ਸਖਸ਼ੀਅਤਾਂ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ "ਬੁੱਲ੍ਹੇ ਸ਼ਾਹ ਦੀ ਥਰਾਂਦੀ-ਅਵਾਜ਼ ਅਨੰਤ ਚੁੱਪ ਵਿੱਚ ਜੁਆਰਭਾਟਾ ਲਿਆ ਦਿੰਦੀ ਹੈ" ਤੇ "ਮੁੱਲ੍ਹਾ ਨੱਚਣ ਲੱਗ ਪੈਂਦਾ ਹੈ ਤੇ ਨਾਚੀ ਨੱਚਦੀ-ਨੱਚਦੀ ਆਪਣਾਂ-ਆਪ ਭੁੱਲ ਜਾਂਦੀ ਹੈ" ਅਤੇ ਇੱਕ ਵਿਦਵਾਨ ਬੁੱਲ੍ਹੇ ਸ਼ਾਹ ਨੂੰ "ਪੰਜਾਬੀ ਸੂਫ਼ੀਆਂ ਦਾ ਸਰਤਾਜ" ਆਖਦਾ ਹੈ|

ਬੁੱਲ੍ਹੇ ਸ਼ਾਹ ਜੀ ਦੇ ਗੁਰੂ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਚੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ , ਉਨ੍ਹਾਂ ਦੀਆਂ ਤਕਰੀਬਨ ਰਚਨਾਵਾਂ ਚ’ ਉਨ੍ਹਾਂ ਦੇ ਗੁਰੂ "ਸ਼ਾਹ ਅਨਾਇਤ" ਦਾ ਅਕਸਰ ਜ਼ਿਕਰ ਹੁੰਦਾ ਹੈ |

ਬੁੱਲ੍ਹੇ ਸ਼ਾਹ ਦੀ ਕਵਿਤਾ ਉੱਤੇ ਸ਼ਾਹ ਹੁਸੈਨ , ਫ਼ਾਰਸੀ ਦੇ ਮਹਾਨ ਕਵੀ ਰੂਮੀ ਤੇ ਹੋਰ ਕਵੀਆਂ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ ਅਤੇ ਪੜਤਾਲਿਆਂ ਇਹ ਵੀ ਗੱਲ ਸਾਹਮਣੇਂ ਆਉਂਦੀ ਹੈ ਕਿ ਕੁਝ ਕੁ ਸ਼ਿਅਰ ਤਾਂ ਰੂਮੀ ਦੇ ਫ਼ਾਰਸੀ ਸ਼ਿਅਰਾਂ ਦਾ ਅਨੁਵਾਦ ਹੀ ਹਨ , ਇਸ ਤੋਂ ਇਲਾਵਾ ਬੁੱਲ੍ਹੇ ਸ਼ਾਹ ਨੇਂ ਬਹੁਤ ਸਾਰੀਆਂ ਕੁਰਾਨ ਦੀਆਂ ਆਇਤਾਂ ਦੀ ਤਰਜ਼ਮਾਨੀਂ ਵੀ ਆਪਣੀਆਂ ਕਾਫ਼ੀਆਂ ਅੰਦਰ ਕੀਤੀ ਹੈ |

&

ਦੋ ਸ਼ਬਦ ਕਾਫ਼ੀ ਬਾਰੇ ਵੀ

ਕਾਫ਼ੀ - ਪੰਜਾਬੀ ਦਾ ਇੱਕ ਬਹੁਤ ਹੀ ਲੋਕ-ਪ੍ਰਿਯ ਕਾਵਿ ਰੂਪ ਹੈ ਜੋ ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਹੀ ਹੋਂਦ ਚ’ ਆ ਚੁੱਕਾ ਸੀ | ਪੰਜਾਬੀ ਦੇ ਅਧਿਆਤਮਕ ਕਿੱਸਾ ਕਾਵਿ ਦੇ ਨਾਲ-ਨਾਲ ਕਾਫ਼ੀ ਸਾਹਿਤ ਵੀ ਇੱਕ ਨਿਰੰਤਰ ਅਟੁੱਟ ਪ੍ਰੰਪਰਾ ਚਲਦੀ ਰਹੀ ਹੈ ਜਿਸ ਨੇਂ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਵਰਗੇ ਅਲਮਸਤ ਕਵੀਆਂ ਨੂੰ ਜਨਮ ਦਿੱਤਾ |

ਕਾਫ਼ੀ ਸਾਹਿਤ ਦਾ ਮੋਡੀ ਸ਼ੇਖ ਫ਼ਰੀਦ ਜੀ ਨੂੰ ਮੰਨਿਆ ਜਾਂਦਾ ਹੈ ਅਤੇ ਸਿੱਖ ਗੁਰੂਆਂ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ , ਗੁਰੂ ਅਮਰ ਦਾਸ , ਗੁਰੂ ਰਾਮਦਾਸ , ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਨੇਂ ਵੀ ਕਾਫ਼ੀਆਂ ਦੀ ਰਚਨਾਂ ਕੀਤੀ , ਐਪਰ ਕਾਫ਼ੀ ਨੂੰ ਵੱਧ ਲੋਕਪ੍ਰਿਯਤਾ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਦੀ ਹੀ ਕਲਮ ਤੋਂ ਪ੍ਰਾਪਤ ਹੋਈ | ਸਤਾਰ੍ਹਵੀਂ ਸਦੀ ਤੋਂ ਲੈ ਕੇ ਉੱਨੀਵੀਂ ਸਦੀ ਤੱਕ ਬਹੁਤ ਸਾਰੇ ਸੰਤਾਂ , ਸਾਧਾਂ ਅਤੇ ਸੂਫ਼ੀ ਦਰਵੇਸ਼ਾਂ ਨੇਂ ਕਾਫ਼ੀਆਂ ਲਿਖੀਆਂ | ਪੰਜਾਬੀ ਦੇ ਅਨੇਕ ਕਵੀ , ਭਾਂਵੇਂ ਓਹ ਹਿੰਦੂ ਹਨ ਭਾਂਵੇਂ ਮੁਸਲਮਾਨ ਤੇ ਭਾਂਵੇਂ ਸਿੱਖ , ਹੁਣ ਤੱਕ ਕਾਫ਼ੀ ਰਚਨਾਂ ਉੱਤੇ ਹੱਥ ਅਜ਼ਮਾਉਂਦੇ ਰਹੇ ਹਨ |

ਕਾਫ਼ੀ ਕਿਸ ਨੂੰ ਕਹਿੰਦੇ ਹਨ ?

ਹੁਣ ਤੱਕ ਇਸਦੇ ਬਾਰੇ ਦੋ ਪ੍ਰਸਿੱਧ ਮਤ ਹਨ ,

ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਕਾਫ਼ੀ ਦਾ ਭਾਵ ਹੈ ਵਾਰ-ਵਾਰ ਆਉਂਣਾਂ ਤੇ ਉਹਨਾਂ ਨੇਂ ਸ਼ਾਇਦ ਇਸ ਨੂੰ ਕਵਾਫ਼ੀ ਤੋਂ ਵਿਗੜਿਆ ਸ਼ਬਦ ਸਮਝਿਆ ਹੈ ਅਤੇ ਕੱਵਾਲੀ ਨਲ ਜੋੜਕੇ ਇਸ ਦੇ ਭਾਵ ਕੱਢੇ ਹਨ ਜਿਸ ਵਿੱਚ ਟੇਕ ਜਾਂ ਧਾਰਾ ਵਾਲੀਆਂ ਤੁਕਾਂ ਨੂੰ ਮੁੜ-ਮੁੜ ਦੁਹਰਾਇਆ ਜਾਂਦਾ ਹੈ |
ਡਾ:ਮੋਹਨ ਸਿੰਘ ਕਾਫ਼ੀ ਨੂੰ ਇੱਕ ਰਾਗਨੀ ਮੰਨਦੇ ਹਨ | ਜਿਆਦਾਤਰ ਵਿਦਵਾਨਾਂ ਨੇਂ ਕਾਫ਼ੀ ਨੂੰ "ਸਰੋਦੀ ਕਾਵਿ" ਦਾ ਇੱਕ ਰੂਪ ਮੰਨਿਆ ਹੈ |
ਭਾਈ ਕਾਨ੍ਹ ਸਿੰਘ ਨੇ ਕਾਫ਼ੀ ਨੂੰ ਇੱਕ ਰਾਗਨੀ ਵੀ ਦੱਸਿਆ ਹੈ ਅਤੇ ਗੀਤ-ਧਾਰਨਾਂ ਵੀ | ਕੁਝ ਵਿਦਵਾਨਾਂ ਨੇਂ "ਤਿਲੰਗ ਮਹਾਨੀ" ਦਾ ਨਾਂ ਕਾਫ਼ੀ ਦੱਸਿਆ ਹੈ , ਐਪਰ ਕੁਝ ਰਾਗ-ਰਾਗਨੀਆਂ ਵਿੱਚ ਵੀ ਕਾਫ਼ੀ ਦੀ ਰਚਨਾਂ ਕੀਤੀ ਗਈ ਹੈ |

ਕਾਫ਼ੀ ਗਾਉਂਣ ਦਾ ਵੇਲ੍ਹਾ ਵੀ ਦਿਨ ਦਾ ਚੌਥਾ ਪਹਿਰ ਮੰਨਿਆ ਗਿਆ ਹੈ |

ਕੁਝ ਵਿਦੇਸ਼ੀ ਵਿਦਵਾਨਾਂ ਨੇਂ ਕਾਫ਼ੀ ਨੂੰ "ਏ ਪਰਟੀਕੁਲਰ ਕਾਈਡੇ ਆਫ਼ ਸਾਂਗ" ਜਾਂ "ਏ ਸਾਨੈਟ ਸਟੈਂਜ਼ਾ" ਕਿਹਾ ਹੈ |

ਕਿਹਾ ਜਾ ਸਕਦਾ ਹੈ ਕਿ ਕਾਫ਼ੀ ਇੱਕ "ਸਰੋਦੀ ਕਾਵਿ ਰਚਨਾਂ" ਹੈ ਜਿਸਨੂੰ ਲਿਖਣ ਜਾਂ ਗਾਉਂਣ ਵਾਲੇ ਕੈਫ਼ੀ (ਨਸ਼ੇ ਵਿੱਚ ਗੜੁੰਦ) ਲੋਕ ਹਨ ਜੋ ਕੈਫ਼ੀਅਤ ਦੀ ਦਸ਼ਾ ਵਿੱਚ ਇਸ ਨੂੰ ਰਚਦੇ ਤੇ ਗਾਉਂਦੇ ਹਨ | ਕਾਫ਼ੀ ਨੂੰ "ਕੈਫ਼ੀ" ਸ਼ਬਦ ਤੋਂ ਹੀ ਨਿੱਕਲਿਆ ਮੰਨਿਆ ਜਾਣਾਂ ਚਾਹੀਦਾ ਹੈ ਕਿਉਂਕਿ ਭਗਤੀ-ਰਸ ਵੀ ਇੱਕ ਨਸ਼ਾ ਹੀ ਹੈ ਜਿਸ ਨਾਲ ਇੱਕ ਖੁਮਾਰੀ ਜਿਹੀ ਚੜ੍ਹੀ ਰਹਿੰਦੀ ਹੈ | ਏਸੇ ਨੂੰ ਨਾਮ-ਖੁਮਾਰੀ ਕਿਹਾ ਗਿਆ ਹੈ | ਚੇਤੇ ਰੱਖਣ ਯੋਗ ਗੱਲ ਏ ਹੈ ਕਿ ਕਾਫ਼ੀਆਂ ਕੇਵਲ ਉਹਨਾਂ ਕਵੀਆਂ ਜਾਂ ਦਰਵੇਸ਼ਾਂ ਅਥਵਾ ਮਹਾਂਪੁਰਸ਼ਾਂ ਨੇਂ ਲਿਖੀਆਂ ਹਨ ਜਿਹੜੇ ਨਾਮ-ਖੁਮਾਰੀ ਦੀ ਮਸਤੀ ਵਿੱਚ ਗੜੁੱਚ ਸਨ , ਭਾਂਵੇਂ ਓਹ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਰਹੇ ਹੋਣ | ਇਸ ਲਈ ਕਾਫ਼ੀ ਸਾਹਿਤ ਭਗਤੀ-ਰਸ ਨਾਲ ਭਰਪੂਰ ਇੱਕ ਰਹੱਸਵਾਦੀ ਕਾਵਿ ਧਾਰਾ ਹੈ | ਸਤਾਰ੍ਹਵੀਂ ਸਦੀ ਤੋਂ ਅਰੰਭ ਹੋਈ ਇਹ ਕਾਵਿ ਧਾਰਾ ਅੱਜ ਵੀ ਪ੍ਰਵਾਹਮਾਨ ਹੈ ਅਤੇ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਤਾਂ ਇੰਨ੍ਹੀਆਂ ਲੋਕਪ੍ਰਿਯ ਹਨ ਕਿ ਅੱਜ ਵੀ ਸਾਹਿਤਿਕ ਸਮਾਗਮਾਂ ਉੱਤੇ ਪੜ੍ਹੀਆਂ ਅਤੇ ਗਾਈਆਂ ਜਾਂਦੀਆਂ ਹਨ ||

ਝੂਠ ਆਖਾਂ ਤੇ ਕੁਝ ਬਚਦਾ ਏ,
ਸੱਚ ਆਖਿਆਂ ਭਾਂਬੜ ਮੱਚਦਾ ਏ..
ਜੀ ਦੋਹਾਂ ਗੱਲਾਂ ਤੋਂ ਜੱਚਦਾ ਏ,
ਜਚ-ਜਚ ਕੇ ਜੀਬਾ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਜਿਸ ਪਾਇਆ ਭੇਤ ਕਲੰਦਰ ਦਾ,
ਰਾਹ ਖੋਜਿਆ ਆਪਣੇਂ ਅੰਦਰ ਦਾ..
ਓਹ ਵਾਸੀ ਹੈ ਸੁੱਖ ਮੰਦਰ ਦਾ,
ਜਿੱਥੇ ਕੋਈ ਨਾਂ ਚੜ੍ਹਦੀ ਨਾਂ ਲਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਇੱਕ ਲਾਜ਼ਮ ਬਾਤ ਅਦਬ ਦੀ ਏ,
ਸਾਨੂੰ ਬਾਤ ਮਲੂਮੀ ਸਭ ਦੀ ਏ..
ਹਰ-ਹਰ ਵਿੱਚ ਸੂਰਤ ਰੱਬ ਦੀ ਏ,
ਕਿਤੇ ਜ਼ਾਹਿਰ ਕਿਤੇ ਛੁਪੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਏਥੇ ਦੁਨੀਆਂ ਵਿੱਚ ਹਨ੍ਹੇਰਾ ਏ,
ਇਹ ਤਿਲਕਣਬਾਜ਼ੀ ਵਿਹੜਾ ਏ..
ਵੜ ਅੰਦਰ ਦੇਖੋ ਕਿਹੜਾ ਏ,
ਕਿਓਂ ਖਫ਼ਤਣ ਬਾਹਰ ਢੂੰਡੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਏਥੇ ਲੇਖਾ ਪਾਓਂ ਪਸਾਰਾ ਏ,
ਇਹ ਦਾ ਵੱਖਰਾ ਭੇਤ ਨਿਆਰਾ ਏ..
ਇਹ ਸੂਰਤ ਦਾ ਚਮਕਾਰਾ ਏ,
ਜਿਵੇਂ ਚਿਣਗ ਦਾਰੂ ਵਿੱਚ ਪੈਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਕਿਤੇ ਨਾਜ਼ ਅਦਾ ਦਿਖਲਾਈਦਾ,
ਕਿਤੇ ਹੋ ਰਸੂਲ ਮਿਲਾਈਦਾ..
ਕਿਤੇ ਆਸ਼ਿਕ ਬਣ-ਬਣ ਆਈਦਾ,
ਕਿਤੇ ਜਾਨ ਜੁਦਾਈ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਅਸਾਂ ਪੜ੍ਹਿਆ ਇਲਮ ਤਹਿਕੀਕੀ ਏ,
ਓਥੇ ਏਕੋ ਹਰਫ਼ ਹਕੀਕੀ ਏ..
ਹੋਰ ਝਗੜਾ ਸਭ ਵਧੀਕੀ ਏ,
ਰੌਲਾ ਪਾ-ਪਾ ਬਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਇਸ ਆਜਿਜ਼ ਦਾ ਕੀ ਹੀਲਾ ਏ,
ਰੰਗ ਜ਼ਰਦ ਦਾ ਮੁੱਖੜਾ ਪੀਲਾ ਏ..
ਜਿੱਥੇ ਆਪੇ ਆਪ ਵਸੀਲਾ ਏ,
ਓਥੇ ਕੀ ਅਦਾਲਤ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਬੁੱਲ੍ਹੇ ਸ਼ਾਹ ਅਸਾਂ ਥੀਂ ਵੱਖ ਨਹੀਂ,
ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ..
ਪਰ ਦੇਖਣ ਵਾਲੀ ਅੱਖ ਨਹੀਂ,
ਤਾਹੀਂ ਜਾਨ ਜੁਦਾਈਆਂ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
 

JUGGY D

BACK TO BASIC
ਬੁੱਲ੍ਹੇ ਸ਼ਾਹ ਅਸਾਂ ਥੀਂ ਵੱਖ ਨਹੀਂ,
ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ..
ਪਰ ਦੇਖਣ ਵਾਲੀ ਅੱਖ ਨਹੀਂ,
ਤਾਹੀਂ ਜਾਨ ਜੁਦਾਈਆਂ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
 
Top