ਪੰਜਾਬ ਇੱਕ ਅਜਿਹਾ ਰਾਜ ਹੈ, ਜਿੱਥੇ ਹਰ ਤੀਜੇ ਦਿਨ ਕੋ&a

ਪੰਜਾਬ ਇੱਕ ਅਜਿਹਾ ਰਾਜ ਹੈ, ਜਿੱਥੇ ਹਰ ਤੀਜੇ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬੀ ਦੁਨੀਆ ਵਿੱਚ ਜਿੱਥੇ ਆਪਣੀ ਅਲੱਗ ਪਹਿਚਾਣ ਰੱਖਦੇ ਹਨ, ਉੱਥੇ ਹੀ ਪੰਜਾਬ ਦੇ ਤਿਉਹਾਰਾਂ ਦੀ ਵੀ ਦੁਨੀਆ ਵਿੱਚ ਆਪਣੀ ਇੱਕ ਅਲੱਗ ਥਾਂ ਹੈ।




ਸਾਲ ਦੀਆਂ ਸਾਰੀਆਂ ਰੁੱਤਾਂ ਵਿੱਚ ਕਈ ਤਰ੍ਹਾਂ ਦੇ ਛੋਟੇ-ਵੱਡੇ ਤਿਉਹਾਰ ਮਨਾਏ ਜਾਂਦੇ ਹਨ, ਜਿਹਨਾਂ ਚੋਂ ਇੱਕ ਪ੍ਰਮੁੱਖ ਤਿਉਹਾਰ ਲੋਹੜੀ ਹੈ ਜੋ ਬਸੰਤ ਦੀ ਸ਼ੁਰੂਆਤ ਦੇ ਨਾਲ 13 ਜਨਵਰੀ, ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸਦੇ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਦ ਨੂੰ ਮਾਘੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਵਿਸਾਖੀ ਦੀ ਤਰ੍ਹਾਂ ਲੋਹੜੀ ਦਾ ਸਬੰਧ ਵੀ ਪੰਜਾਬ ਦੇ ਪਿੰਡਾਂ, ਫ਼ਸਲਾਂ ਅਤੇ ਮੌਸਮ ਨਾਲ ਹੈ। ਪੋਹ ਦੀ ਕੜਾਕੇ ਦੀ ਠੰਡ ਤੋਂ ਬਚਣ ਲਈ, ਭਾਈਚਾਰਾ ਵਧਾਉਣ ਲਈ ਅਤੇ ਅੱਗ ਦਾ ਨਿੱਘ ਲੈਣ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ। ਬਾਕੀ ਤਿਉਹਾਰਾਂ ਜਿਵੇਂ ਕਿ ਦੀਵਾਲੀ, ਵਿਸਾਖੀ ਦੀ ਤਰ੍ਹਾਂ ਇਸ ਤਿਉਹਾਰ ਨਾਲ ਕੋਈ ਧਾਰਮਿਕ ਘਟਨਾ ਨਹੀਂ ਜੁੜੀ ਹੋਈ ਹੈ, ਇਸੇ ਕਾਰਨ ਇਹ ਤਿਉਹਾਰ ਪੰਜਾਬ ਦੀ ਸੱਭਿਅਤਾ ਦਾ ਪ੍ਰਤੀਕ ਬਣ ਗਿਆ ਹੈ।

ਲੋਹੜੀ ਸ਼ਬਦ ਤਿਲ + ਰੋੜੀ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜੋ ਸਮੇਂ ਦੇ ਨਾਲ ਬਦਲ ਕੇ ਤਿਲੋੜੀ ਅਤੇ ਬਾਅਦ ਵਿੱਚ ਲੋਹੜੀ ਹੋ ਗਿਆ। ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਨੂੰ 'ਲੋਹੀ' ਜਾਂ 'ਲੋਈ' ਵੀ ਕਿਹਾ ਜਾਂਦਾ ਹੈ।

ਲੋਹੜੀ ਦਾ ਸਬੰਧ ਕਈ ਇਤਿਹਾਸਿਕ ਕਹਾਣੀਆਂ ਨਾਲ ਜੋੜਿਆ ਜਾਂਦਾ ਹੈ, ਪਰ ਇਸ ਨਾਲ ਜੁੜੀ ਪ੍ਰਮੁੱਖ ਲੋਕ ਕਥਾ ਦੁੱਲਾ ਭੱਟੀ ਦੀ ਹੈ, ਜੋ ਮੁਗ਼ਲਾਂ ਦੇ ਸਮੇਂ ਦਾ ਇੱਕ ਬਹਾਦਰ ਯੋਧਾ ਸੀ, ਜਿਸਨੇ ਮੁਗਲਾਂ ਦੇ ਵਧਦੇ ਜੁਲਮ ਦੇ ਖਿਲਾਫ ਕਦਮ ਉਠਾਇਆ। ਕਿਹਾ ਜਾਂਦਾ ਹੈ ਕਿ ਇੱਕ ਬ੍ਰਾਹਮਣ ਦੀਆਂ 2 ਧੀਆਂ ਸੁੰਦਰੀ ਅਤੇ ਮੁੰਦਰੀ ਨਾਲ ਇਲਾਕੇ ਦਾ ਮੁਗਲ ਸਰਦਾਰ ਜ਼ਬਰਦਸਤੀ ਵਿਆਹ ਕਰਾਉਣਾ ਚਾਹੁੰਦਾ ਸੀ, ਪਰ ਉਹਨਾਂ ਦੋਵਾਂ ਦੀ ਕੁੜਮਾਈ ਕਿਤੇ ਹੋਰ ਹੋਈ ਸੀ ਅਤੇ ਉਸ ਮੁਗ਼ਲ ਸਰਦਾਰ ਤੋਂ ਡਰਦੇ ਉਹਨਾਂ ਦੇ ਸਹੁਰੇ ਵਿਆਹ ਲਈ ਤਿਆਰ ਨਹੀਂ ਸਨ। ਇਸ ਮੁਸੀਬਤ ਦੇ ਸਮੇਂ ਦੁੱਲਾ ਭੱਟੀ ਨੇ ਬ੍ਰਾਹਮਣ ਦੀ ਮੱਦਦ ਕੀਤੀ ਅਤੇ ਮੁੰਡਿਆਂ ਵਾਲਿਆਂ ਨੂੰ ਮਨਾ ਕੇ ਇੱਕ ਜੰਗਲ ਵਿੱਚ ਅੱਗ ਜਲਾ ਕੇ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਵਾਇਆ। ਦੁੱਲੇ ਨੇ ਆਪ ਹੀ ਉਹਨਾਂ ਦਾ ਕੰਨਿਆਦਾਨ ਵੀ ਕੀਤਾ। ਕਹਿੰਦੇ ਹਨ ਦੁੱਲੇ ਨੇ ਸ਼ਗਨ ਦੇ ਰੂਪ ਵਿੱਚ ਉਹਨਾਂ ਨੂੰ ਸ਼ੱਕਰ ਦਿੱਤੀ ਸੀ। ਇਸੇ ਕਥਾ ਦੀ ਹਾਮੀ ਭਰਦਾ ਲੋਹੜੀ ਦਾ ਇਹ ਗੀਤ ਹੈ, ਜਿਸ ਨੂੰ ਲੋਹੜੀ ਦੇ ਦਿਨ ਗਾਇਆ ਜਾਂਦਾ ਹੈ :




WD



ਸੁੰਦਰ, ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ...

ਦੁੱਲਾ ਭੱਟੀ ਦੀ ਜੁਲਮ ਦੇ ਖਿਲਾਫ ਮਾਨਵਤਾ ਦੀ ਸੇਵਾ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਅਤੇ ਉਸ ਰਾਤ ਨੂੰ ਲੋਹੜੀ ਦੇ ਰੂਪ ਵਿੱਚ ਸੱਚ ਅਤੇ ਹਿੰਮਤ ਦੀ ਜੁਲਮ 'ਤੇ ਜਿੱਤ ਦੇ ਤੌਰ ਤੇ ਮਨਾਉਂਦੇ ਹਨ। ਇਸ ਤਿਉਹਾਰ ਦਾ ਸਬੰਧ ਫ਼ਸਲ ਨਾਲ ਵੀ ਹੈ, ਇਸ ਸਮੇਂ ਕਣਕ ਅਤੇ ਸਰੋਂ ਦੀਆਂ ਫ਼ਸਲਾਂ ਆਪਣੇ ਜੋਬਨ 'ਤੇ ਹੁੰਦੀਆਂ ਹਨ, ਖੇਤਾਂ ਵਿੱਚ ਕਣਕ, ਸਰੋਂ ਅਤੇ ਛੋਲੇ ਦੀਆਂ ਫ਼ਸਲਾਂ ਲਹਿਰਾਉਂਦੀਆਂ ਹਨ।

ਲੋਹੜੀ ਦੇ ਦਿਨ ਪਿੰਡ ਦੇ ਮੁੰਡੇ-ਕੁੜੀਆਂ ਆਪਣੀਆਂ-ਆਪਣੀਆਂ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਦੇ ਗੀਤ ਗਾਉਂਦੇ ਹੋਏ ਲੋਹੜੀ ਮੰਗਦੇ ਹਨ। ਇਹਨਾਂ ਗੀਤਾਂ ਵਿੱਚ ਦੁੱਲਾ ਭੱਟੀ ਦਾ ਗੀਤ 'ਸੁੰਦਰ, ਮੁੰਦਰੀਏ ਹੋ, ਤੇਰਾ ਕੌਨ ਵਿਚਾਰਾ ਹੋ...', 'ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ', 'ਦੇ ਮਾਈ ਪਾਥੀ ਤੇਰਾ ਪੁੱਤ ਚੜੇਗਾ ਹਾਥੀ' ਆਦਿ ਪ੍ਰਮੁੱਖ ਹਨ। ਲੋਕ ਉਹਨਾਂ ਨੂੰ ਲੋਹੜੀ ਦੇ ਰੂਪ ਵਿੱਚ ਗੁੜ, ਰਿਉੜੀਆਂ, ਮੂੰਗਫ਼ਲੀ, ਦਾਣੇ, ਤਿਲ ਜਾਂ ਫਿਰ ਪੈਸੇ ਵੀ ਦਿੰਦੇ ਹਨ। ਇਹ ਟੋਲੀਆਂ ਰਾਤ ਨੂੰ ਅੱਗ ਜਲਾਉਣ ਲਈ ਘਰਾਂ ਚੋਂ ਲੱਕੜੀਆਂ, ਪਾਥੀਆਂ ਆਦਿ ਵੀ ਇਕੱਠੀਆਂ ਕਰਦੀਆਂ ਹਨ, ਅਤੇ ਰਾਤ ਨੂੰ ਪਿੰਡ ਦੇ ਲੋਕ ਆਪਣੇ ਮੁਹੱਲੇ ਵਿੱਚ ਅੱਗ ਜਲਾ ਕੇ ਗੀਤ ਗਾਉਂਦੇ, ਭੰਗੜਾ-ਗਿੱਧਾ ਪਾਉਂਦੇ, ਗੁੜ, ਮੂੰਗਫ਼ਲੀ, ਰਿਉੜੀਆਂ, ਫੁੱਲੇ ਖਾਂਦੇ ਹੋਏ ਲੋਹੜੀ ਮਨਾਉਂਦੇ ਹਨ। ਲੋਹੜੀ ਦੀ ਅੱਗ ਵਿੱਚ ਤਿਲ ਸੁੱਟਦੇ ਹੋਏ 'ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ' ਬੋਲਦੇ ਹੋਏ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ।

ਲੋਹੜੀ ਦਾ ਸਬੰਧ ਨਵੇਂ ਜੰਮੇ ਬੱਚਿਆਂ ਨਾਲ ਜਿਆਦਾ ਹੈ। ਪੁਰਾਣੇ ਸਮੇਂ ਤੋਂ ਹੀ ਇਹ ਰੀਤ ਚੱਲੀ ਆ ਰਹੀ ਹੈ ਕਿ ਜਿਸ ਘਰ ਵਿੱਚ ਮੁੰਡਾ ਜਨਮ ਲੈਂਦਾ ਹੈ, ਉਸ ਘਰ ਵਿੱਚ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਦੇ ਕੁਝ ਦਿਨ ਪਹਿਲਾਂ ਪੂਰੇ ਪਿੰਡ ਵਿੱਚ ਗੁੜ ਵੰਡਿਆ ਜਾਂਦਾ ਹੈ ਅਤੇ ਲੋਹੜੀ ਦੀ ਰਾਤ ਸਾਰੇ ਦੇ ਮੁੰਡੇ ਘਰ ਆਉਂਦੇ ਹਨ ਅਤੇ ਧੂਣੀ ਲਗਾਈ ਜਾਂਦੀ ਹੈ। ਸਭ ਨੂੰ ਗੁੜ, ਮੂੰਗਫ਼ਲੀ, ਰਿਉੜੀਆਂ ਵੰਡੇ ਜਾਂਦੇ ਹਨ। ਅੱਜ ਕੱਲ ਕੁਝ ਲੋਕ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਕੁੜੀਆਂ ਦੇ ਜਨਮ ਤੇ ਵੀ ਲੋਹੜੀ ਮਨਾਉਣ ਲੱਗੇ ਹਨ. ਤਾਂ ਕਿ ਰੂੜੀਵਾਦੀ ਲੋਕਾਂ ਵਿੱਚ ਮੁੰਡੇ-ਕੁੜੀ ਦੇ ਅੰਤਰ ਨੂੰ ਖਤਮ ਕੀਤਾ ਜਾ ਸਕੇ। ਕਈ ਇਲਾਕਿਆਂ ਵਿੱਚ ਨਵੀਂ ਵਿਆਹੀ ਜੋੜੀ ਦੀ ਪਹਿਲੀ ਲੋਹੜੀ ਮਨਾਈ ਜਾਂਦੀ ਹੈ, ਜਿਸ ਵਿੱਚ ਲੋਹੜੀ ਦੀ ਪਵਿੱਤਰ ਅੱਗ ਵਿੱਚ ਤਿਲ ਸੁੱਟਣ ਤੋਂ ਬਾਅਦ ਜੋੜੀ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੀ ਹੈ।





ਲੋਹੜੀ ਦੀ ਰਾਤ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ ਅਤੇ ਉਸ ਨੂੰ ਅਗਲੇ ਦਿਨ ਮਾਘੀ ਦੇ ਦਿਨ ਖਾਧਾ ਜਾਂਦਾ ਹੈ, ਜਿਸ ਨਾਲ 'ਪੋਹ ਰਿੱਧੀ ਮਾਘ ਖਾਧੀ' ਵਰਗੀ ਕਹਾਵਤ ਜੁੜੀ ਹੋਈ ਹੈ, ਮਤਲਬ ਕਿ ਪੋਹ ਵਿੱਚ ਬਣਾਈ ਖੀਰ ਮਾਘ ਵਿੱਚ ਖਾਧੀ ਗਈ। ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਸਮੇਂ ਦੇ ਬਦਲਦੇ ਰੰਗਾਂ ਦੇ ਨਾਲ ਕਈ ਪੁਰਾਣੀਆਂ ਰਸਮਾਂ ਅਤੇ ਤਿਉਹਾਰਾਂ ਦਾ ਆਧੁਨਿਕੀਕਰਨ ਹੋ ਗਿਆ ਹੈ, ਲੋਹੜੀ ਤੇ ਵੀ ਇਸਦਾ ਪ੍ਰਭਾਵ ਪਿਆ ਹੈ। ਹੁਣ ਪਿੰਡਾਂ ਵਿੱਚ ਮੁੰਡੇ-ਕੁੜੀਆਂ ਲੋਹੜੀ ਮੰਗਦੇ ਹੋਏ, ਗੀਤ ਗਾਉਂਦੇ ਦਿਖਾਈ ਨਹੀਂ ਦਿੰਦੇ, ਸ਼ਾਇਦ ਕੁਝ ਲੋਕਾਂ ਨੂੰ ਤਾਂ ਇਹਨਾਂ ਗੀਤਾਂ ਅਤੇ ਲੋਹੜੀ ਦੇ ਇਤਿਹਾਸ ਬਾਰੇ ਪਤਾ ਵੀ ਨਹੀਂ ਹੋਵੇਗਾ। ਲੋਹੜੀ ਦੇ ਗੀਤਾਂ ਦਾ ਸਥਾਨ ਡੀ.ਜੇ. ਅਤੇ ਗੁੜ-ਮੂੰਗਫ਼ਲੀ ਦਾ ਸਥਾਨ ਮਹਿੰਗੀਆਂ ਮਠਿਆਈਆਂ ਨੇ ਲੈ ਲਿਆ ਹੈ।

ਭਲਾ ਕੁਝ ਵੀ ਹੋਵੇ, ਪਰ ਲੋਹੜੀ ਰਿਸ਼ਤਿਆਂ ਦੀ ਮਿਠਾਸ, ਨਿੱਘ ਅਤੇ ਪਿਆਰ ਦਾ ਪ੍ਰਤੀਕ ਹੈ। ਦੁੱਖਾਂ ਦੇ ਨਾਸ਼, ਪਿਆਰ ਅਤੇ ਭਾਈਚਾਰੇ ਨਾਲ ਮਿਲ-ਜੁਲ ਕੇ ਨਫ਼ਰਤ ਦੇ ਬੀਜ ਦਾ ਨਾਸ਼ ਕਰਨ ਦਾ ਨਾਂਅ ਹੈ ਲੋਹੜੀ। ਲੋਹੜੀ ਦੀ ਰਾਤ ਪਰਿਵਾਰ ਅਤੇ ਰਿਸ਼ਤੇਦਾਰਾਂ, ਦੋਸਤਾਂ ਨਾਲ ਮਿਲ ਜੁਲ ਕੇ ਬੈਠ ਕੇ ਹਾਸਾ-ਮਜਾਕ ਕਰਕੇ, ਨੱਚ-ਗਾ ਕੇ ਰਿਸ਼ਤਿਆਂ ਵਿੱਚ ਮਿਠਾਸ ਭਰਨ, ਮਿਲ-ਜੁਲ ਕੇ ਰਹਿਣ ਦਾ ਸੁਨੇਹਾ ਦਿੰਦੀ ਹੈ। ਲੋਹੜੀ ਦੀ ਮਹੱਤਤਾ ਅੱਜ ਵੀ ਬਰਕਰਾਰ ਹੈ, ਉਮੀਦ ਹੈ ਕਿ ਪਵਿੱਤਰ ਅੱਗ ਦਾ ਇਹ ਤਿਉਹਾਰ ਮਾਨਵਤਾ ਨੂੰ ਸਿੱਧੇ ਰਾਹੇ ਪਾਉਣ ਅਤੇ ਰੁੱਸਿਆਂ ਨੂੰ ਮਨਾਉਣ ਦਾ ਜਰੀਆ ਬਣਦਾ ਰਹੇਗਾ।

ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ!!!
 
Top