ਹੁਣ ਤੱਕ ਦਾ ਸਫ਼ਰ

'MANISH'

yaara naal bahara
ਲੇਖਕ: ਗੁਰਦਿਆਲ ਰੌਸ਼ਨ
ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਗੁਰਦਿਆਲ ਰੌਸ਼ਨ ਪੰਜਾਬੀ ਦਾ ਉਸਤਾਦ ਗ਼ਜ਼ਲਗੋ ਹੈ। ਉਹ ਪੰਜਾਬੀ ਦਾ ਅਜਿਹਾ ਦਰਵੇਸ਼ ਤੇ ਕਦਰਦਾਨ ਸ਼ਾਇਰ ਹੈ ਜਿਸ ਨੇ ਕਾਫੀ ਅਰਸੇ ਤੋਂ ਪੰਜਾਬੀ ਗ਼ਜ਼ਲ ਵਿਚ ਨਵਾਂ ਤੇ ਉੱਚ ਪਾਏ ਦਾ ਲਿਖ ਕੇ ਖੂਬ ਪ੍ਰਸ਼ੰਸਾ ਖੱਟੀ ਹੈ। ਇਸ ਦੀ ਗ਼ਜ਼ਲ ਕੇਵਲ ਸਮੁੱਚੇ ਸਮਾਜ ਲਈ ਪਿਆਰ, ਸਤਿਕਾਰ ਤੇ ਸੋਹਣੇਪਣ ਦਾ ਸੁਫ਼ਨਾ ਹੀ ਨਹੀਂ ਬਣਦੀ, ਸਗੋਂ ਹਾਸ਼ੀਏ ’ਤੇ ਧੱਕੀ ਹੋਈ ਧਿਰ ਦਾ ਹੱਥ-ਠੋਕਾ ਬਣ ਕੇ ਉਨ੍ਹਾਂ ਨੂੰ ਤਕੜੇ ਤੇ ਭਵਿੱਖੀ ਸੰਘਰਸ਼ ਦਾ ਚੇਤਨ ਰਾਹ ਵੀ ਦੱਸਦੀ ਹੈ। ਉਹ ਅਜਿਹਾ ਸੰਵੇਦਨਸ਼ੀਲ, ਸੁਹਿਰਦ ਤੇ ਸੰਘਰਸ਼ਸ਼ੀਲ ਸ਼ਾਇਰ ਹੈ ਜਿਸ ਦਾ ਦਿਲ ਹਰ ਸਮੇਂ ਮਾਨਵੀ ਹੱਕ-ਸੱਚ ਲਈ ਧੜਕਦਾ ਹੈ। ਘੱਟ ਬੋਲਣਾ, ਸੱਚ ਬੋਲਣਾ ਤੇ ਦੱਬੀ, ਕੁਚਲੀ, ਲੋਕਾਈ ਲਈ ਤੜਫ ਹੀ ਉਸ ਦੀ ਸ਼ਾਇਰੀ ਦਾ ਮੁੱਖ ਉਦੇਸ਼ ਹੈ। ਉਸ ਦੀ ਗ਼ਜ਼ਲ ਵਿਚ ਰਵਾਨੀ ਵੀ ਹੈ, ਰੌਚਕਤਾ ਵੀ। ਉਸ ਦੀ ਸਮੁੱਚੀ ਸ਼ਾਇਰੀ ਮਨੁੱਖੀ ਮਨ ਨੂੰ ਸਕੂਨ ਤੇ ਖੇੜਾ ਬਖਸ਼ਦੀ ਹੈ। ‘ਹੁਣ ਤਕ ਦਾ ਸਫ਼ਰ’ ਪੁਸਤਕ ਵਿਚ ਉਸ ਨੇ ਹੁਣ ਛਪੀਆਂ ਅੱਠ ਗ਼ਜ਼ਲ ਸੰਗ੍ਰਹਿਾਂ ਨੂੰ ਸ਼ਾਮਲ ਕੀਤਾ ਹੈ। ਇਸ ਪੁਸਤਕ ਵਿਚ ਉਸ ਨੇ ਜੀਵਨ ਦੇ ਬਹੁ-ਪੱਖੀ ਤਜਰਬਿਆਂ, ਸੰਘਰਸ਼ਾਂ ਤੇ ਜੀਵਨ ਮੁੱਲਾਂ ਨੂੰ ਸੱਚੋ-ਸੱਚ ਬਿਆਨ ਕਰ ਦਿੱਤਾ ਹੈ।
ਗੁਰਦਿਆਲ ਰੌਸ਼ਨ ਨੂੰ ਪਤਾ ਹੈ ਕਿ ਸੰਘਰਸ਼ ਤੋਂ ਬਿਨਾਂ ਜ਼ਿੰਦਗੀ ਨੀਰਸ ਹੈ, ਬੇਰਸ ਹੈ ਤੇ ਬੇਰੰਗ ਹੈ। ਸੰਘਰਸ਼ ਨਾਲ ਹੀ ਗਰੀਬ, ਮਜ਼ਦੂਰ ਤੇ ਕਾਮੇ ਨੂੰ ਹੱਕ ਮਿਲ ਸਕਦੇ ਹਨ। ਉਹ ਇਕੱਠੇ ਹੋ ਕੇ ਸਰਮਾਏਦਾਰੀ ਤੇ ਲੋਟੂਆਂ ਨੂੰ ਹਰਾ ਸਕਦੇ ਹਨ। ਇਕ ਸ਼ਿਅਰ ਦੇਖੋ:
ੜਿੜਕਣਗੇ ਸ਼ੀਸ਼ੇ ਮਹਿਲਾਂ ਦੇ ਲੋਕਾਂ ਦੇ ਹੱਥਾਂ ਵਿਚ ਪੱਥਰ ਹਨ,
ਟੁੱਟ ਪੈਣਗੇ ਬਸ ਹੁਣ ਲੋਕਾਂ ਨੂੰ ਇਕ ਹੱਥ ਦਾ ਇਸ਼ਾਰਾ ਕਾਫੀ ਹੈ।
ਪੰਨਾ-43

ਗੁਰਦਿਆਲ ਰੌਸ਼ਨ ਪੰਜਾਬੀ ਦਾ ਸੱਚਾ ਸੇਵਕ ਹੈ, ਕਦਰਦਾਨ ਹੈ ਤੇ ਹਰ ਸਮੇਂ ਇਸ ਦੀ ਬਿਹਤਰੀ ਲਈ ਫ਼ਿਕਰਮੰਦ ਵੀ ਹੈ। ਉਹ ਆਖਦਾ ਹੈ:-
ਦੁਨੀਆਂ ਤੋਂ ਰੁਖ਼ਸਤ ਹੋ ਕੇ ਵੀ ਇਸ ਦੇ ਕਾਰਨ ਜ਼ਿੰਦਾ ਹਨ,
ਹਾਸ਼ਮ ਕਾਦਰ ਵਾਰਿਸ ਸ਼ਾਹ ਸ਼ਾਇਰ ਬੁੱਲਾ ਪੰਜਾਬੀ ਦਾ। ਪੰਨਾ-88

ਉਹ ਸੰਪਰਦਾਇਕਤਾ ਤੇ ਕੱਟੜਤਾ ਦਾ ਘੋਰ ਵਿਰੋਧੀ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਤੇ ਬਰਾਬਰਤਾ ਦਾ ਹਾਮੀ ਹੈ। ਧਾਰਮਿਕ, ਫਸਾਦ ਤੇ ਭੇਦਭਾਵ ਕਾਰਨ ਉਹ ਉਦਾਸ ਹੋ ਜਾਂਦਾ ਹੈ ਤਾਂ ਹੀ ਉਹ ਕਹਿ ਉਠਦਾ ਹੈ:-
ਛੁਰੀਆਂ, ਤਲਵਾਰਾਂ, ਗੰਡਾਸੇ, ਬਾਣ ਤਿੱਖੇ ਹੋ ਰਹੇ ਨੇ,
ਹੋਰ ਤਿੱਖਾ ਹੋ ਰਿਹਾ ਹੈ ਧਰਮ ਦਾ ਪ੍ਰਚਾਰ ਕੁਝ ਕੁਝ।
ਪੰਨਾ-105

ਸੋ ਕਿਹਾ ਜਾ ਸਕਦਾ ਹੈ ਕਿ ਗੁਰਦਿਆਲ ਰੌਸ਼ਨ ਖੁਸ਼ੀਆਂ, ਖੇੜਿਆਂ ਤੇ ਨਵੀਆਂ ਉਮੰਗਾਂ, ਤਰੰਗਾਂ ਤੇ ਹੌਸਲਿਆਂ ਦਾ ਸ਼ਾਇਰ ਹੈ। ਉਸ ਦੀ ਸ਼ਾਇਰੀ ਤੇ ਸ਼ਖਸੀਅਤ ਆਪਸ ਵਿਚ ਇਕਮਿਕ ਹੋ ਗਏ ਹਨ। ਉਸ ਦੀ ਗ਼ਜ਼ਲ ਵਿਚ ਤਕਨੀਕੀ ਪੱਖ ਤੇ ਗਿਆਨਮੂਲਕ ਵਿਸ਼ਾ ਮਨ ਨੂੰ ਖਿੜਾਉਂਦਾ ਵੀ ਹੈ ਤੇ ਨਵਾਂ ਪੰਧ ਸੁਝਾਉਂਦਾ ਵੀ ਹੈ। ਜਿੱਥੇ ਇਹ ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ, ਉਥੇ ਅਜਿਹੀ ਪੁਸਤਕ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਵੀ ਲਗਾਉਣੀ ਚਾਹੀਦੀ। ਆਸ ਹੈ ਕਿ ਲੇਖਕ ਪੂਰੀ ਸ਼ਿੱਦਤ ਤੇ ਦਲੇਰੀ ਨਾਲ ਲਿਖ ਕੇ ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਉਂਦੇ ਰਹਿਣਗੇ।
 
Top