ਸੱਸੀ ਪੁੰਨੂੰ

  • ਸੱਸੀ ਪੁੰਨੂੰ
ਪੰਜਾਬੀ ਦੇ ਹੋਰ ਕਿੱਸਾਕਾਰਾਂ ਦਮੋਦਰ, ਪੀਲੂ, ਮੁਕਬਲ, ਵਾਰਸ ਆਦਿ ਵਾਂਗ ਹਾਸ਼ਮ ਦੇ ਜੀਵਨ ਬਾਰੇ ਵੀ ਬਹੁਤ ਥੋੜ੍ਹੀ ਜਾਣਕਾਰੀ ਮਿਲਦੀ ਹੈ ਅਤੇ ਜੋ ਤੱਥ ਇਕੱਠੇ ਕੀਤੇ ਗਏ ਹਨ ਉਨ੍ਹਾਂ ਵਿਚ ਵੀ ਸ਼ੰਕਾ ਅਤੇ ਚਰਚਾ ਦਾ ਅੰਸ਼ ਕਾਫੀ ਹੱਦ ਤੱਕ ਵਿਦਮਾਨ ਹੈ। ਇਸ ਲਈ ਇਹ ਵਿਸ਼ਾ ਇਕ ਸਮੱਸਿਆ ਤੋਂ ਘੱਟ ਨਹੀਂ।
ਪੁਸਤਕ ’ਸੱਸੀ ਹਾਸ਼ਮ ’ ਸੰਪਾਦਿਤ ਡਾ: ਸ਼ਾਨ ਹਾਸ਼ਮ ਦੇ ਜੀਵਨ ਤੇ ਰਚਨਾ ਬਾਰੇ ਬਹੁਤ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਲੇਖਕ ਨੇ ਵਾਹ ਲਗਦੇ, ਸਾਰੇ ਛਪੇ ਅਣਛਪੇ, ਸਾਹਿਤਕ, ਅਣ-ਸਾਹਿਤਕ ਸੋਮਿਆਂ ਨੂੰ ਵਰਤਿਆ ਅਤੇ ਹਵਾਲੇ ਦਿੱਤੇ ਹਨ। ਪਰੰਤੂ ਜਿੱਥੇ ਇਹ ਵਿਸਤਾਰ ਕਈ ਥਾਈਂ ਬੇਲੋੜਾ ਅਤੇ ਵਾਧੂ ਹੈ (ਕਈ ਗੱਲਾਂ, ਤਾਰੀਖਾਂ, ਨਾਵਾਂ ਤੇ ਹਵਾਲਿਆਂ ਨੂੰ ਕਈ ਵਾਰੀ ਦੁਹਰਾਇਆ ਗਿਆ ਹੈ ਅਤੇ ਸਖੇਪਤਾ ਦਾ ਉੱਕਾ ਅਭਾਵ ਹੈ) ਉਥੇ ਵਿਦਵਾਨ ਲੇਖਕ ਨੇ ਖੋਜ ਦੇ ਅਡੰਬਰ ਤੇ ਜੋਸ਼ ਵਿਚ ਗੁੰਝਲਾਂ ਖੋਲ੍ਹਦੇ-ਖੋਲ੍ਹਦੇ ਕਈ ਨਵੀਆਂ ਗੁੰਝਲਾਂ ਪਾ ਦਿੱਤੀਆਂ ਹਨ। ਕਈ ਗੱਲਾਂ ਦਾ ਨਿਰਨਾ ਵਿਚੇ ਛੱਡ ਦਿੱਤਾ ਹੈ। ਇਸ ਲਈ ਸਾਡਾ ਆਸ਼ਾ ਇਸ ਸਮੱਸਿਆ ਨੂੰ ਸਾਦਾ, ਸੰਖੇਪ ਅਤੇ ਨਿਰਨਾ-ਜਨਕ ਢੰਗ ਨਾਲ ਪੇਸ਼ ਕਰਨਾ ਹੈ ਤਾਂ ਜੋ ਆਮ ਪੰਜਾਬੀ ਪਾਠਕ ਤੇ ਸਾਹਿਤ ਦੇ ਵਿਦਿਆਰਥੀ ਇਸ ਨੂੰ ਪੜ੍ਹ ਕੇ ਸਮਝ ਸਕਣ ਅਤੇ ਇਸ ਤੋਂ ਲਾਭ ਪ੍ਰਾਪਤ ਕਰ ਸਕਣ।
ਗੱਲ ਵਧਾਣੀ ਹੋਵੇ ਤਾਂ ਰਾਈ ਦਾ ਪਹਾੜ ਬਣ ਸਕਦਾ ਹੈ ਅਤੇ ਸੰਜਮ ਦੇ ਆਸ਼ੇ ਤੋਂ ਗੱਲ ਘਟਾਣੀ (ਜਾਂ ਮੁਕਾਉਣੀ) ਹੋਵੇ ਤਾਂ ਕੁੱਜੇ ਵਿਚ ਦਰਿਆ ਵੀ ਸਮਾ ਸਕਦਾ ਹੈ। ਇਹ ਸਾਰੀ ਕਮਾਈ ਸਾਹਿਤ ਦੇ ਹੁਨਰ ਦੀ ਹੈ। ਖੋਜ ਵਾਧੂ ਵਿਸਤਾਰ ਦਾ ਨਾਂਅ ਨਹੀਂ, ਇਹ ਤਾਂ ਸਾਹਿਤ ਦੀਆਂ ਬਾਹਰਲੀਆਂ ਸੱਚਾਈਆਂ ਨੂੰ ਲੱਭਣ, ਪਰਖਣ ਅਤੇ ਪਰਮਾਣਿਤ ਕਰਨ ਦਾ ਇਕ ਬੌਧਿਕ ਸਾਧਨ ਹੈ। ਸਾਹਿਤ ਵਿਚ ਸੰਜਮ, ਸੰਕੋਚ ਨੂੰ ਕਲਾ (ਅਤੇ ਸ਼ੈਲੀ) ਦੀ ਇਕ ਸਿਖਰਲੀ ਪ੍ਰਾਪਤੀ ਮੰਨਿਆ ਗਿਆ ਹੈ, ਜਿਵੇਂ ਜਰਮਨ ਕਵੀ ਸਿ਼ਲਰ ਨੇ ਕਿਹਾ ਹੈ, ‘ਕਲਾਕਾਰ ਦੀ ਪਛਾਣ ਇਸ ਵਿਚ ਹੈ ਕਿ ਉਸ ਨੇ (ਆਪਣੀ ਲਿਖਤ ਤੇ ਵਿਸ਼ੇ-ਚੋਣ ਵਿਚ) ਕੀ ਕੁਝ ਛੱਡ ਦਿੱਤਾ ਹੈ।
ਹਾਸ਼ਮ ਦਾ ਆਪਣਾ ਅੰਦਾਜ਼ ਵੀ ਤਾਂ ਇਹੋ ਹੈ। ਭਾਵੀ ਦਾ ਅਜਬ ਮਖੌਲ ਹੈ ਕਿ ਜਿਹੜਾ ਕਵੀ ਹੀਰ-ਰਾਂਝੇ ਦਾ ਸਾਰਾ ਕਿੱਸਾ ਕੇਵਲ 120 ਤੁੱਕਾਂ ਵਿਚ ਬਿਆਨ ਕਰਨ ਦੀ ਸਮਰਥਾ ਰੱਖਦਾ ਹੋਵੇ ਅਤੇ ਸੰਜਮ ਜਿਸ ਦੀ ਸ਼ੈਲੀ ਦਾ ਵੱਡਾ ਕਮਾਲ ਹੋਵੇ, ਉਸ ਦੇ ਜੀਵਨ, ਰਚਨਾ ਅਤੇ ਪਾਠ ਦੀ ਚਰਚਾ ਸੈਂਕੜੇ ਸਫ਼ੇ ਮੱਲ ਕੇ ਵੀ ਕਿਸੇ ਸਿੱਟੇ ਫ਼#8216;ਤੇ ਨਾ ਪੁੱਜੇ, ਸਗੋਂ ਨਵੇਂ ਝਮੇਲਿਆਂ ਦਾ ਮੁੱਢ ਬੰਨ੍ਹੇ। ਗੱਲ ਥੋੜ੍ਹੀ ਜਿਹੀ ਹੈ ਪਰ ‘ਦੋਸਤਾਂ ’ ਇਸ ਨੂੰ ਅਲਫ਼-ਲੈਲਾ ਦਾ ਕਿੱਸਾ ਬਣਾ ਦਿੱਤਾ ਹੈ।
 
Top