ਸੜਕ ਛਾਪ

JUGGY D

BACK TO BASIC
ਹਰ ਸ਼ਹਿਰ, ਹਰ ਪ੍ਰਾਂਤ ਦੀ ਆਪਣੀ ਇਕ ਵਿਸ਼ੇਸ਼ ਫੂਡ ਰੈਸਪੀ (ਪਕਵਾਨ) ਹੁੰਦੀ ਹੈ, ਜਿਸ ਕਾਰਨ ਉਸ ਦੀ ਇਕ ਵੱਖਰੀ ਪਛਾਣ ਬਣਦੀ ਹੈ। ਜਿਹੜੇ ਵੀ ਸ਼ਹਿਰ ਜਾਓ, ਉੱਥੇ ਆਪਣੇ ਪ੍ਰਾਂਤ ਦਾ ਮਨਪਸੰਦ ਵਿਅੰਜਨ (ਪਕਵਾਨ) ਭਾਲਣ ਦੀ ਬਜਾਏ, ਉਸ ਸ਼ਹਿਰ ਜਾਂ ਇਲਾਕੇ ਦੇ ਵਿਅੰਜਨਾਂ ਦਾ ਆਨੰਦ ਮਾਣੋ, ਇਹ ਮੇਰੀ ਧਾਰਨਾ ਰਹੀ ਹੈ। ਇਹੋ ਕਾਰਨ ਹੈ ਕਿ ਮੈਂ ਜਿਸ ਵੀ ਇਲਾਕੇ ’ਚ ਜਾਂਦਾ ਹਾਂ, ਉੱਥੇ ਰਚ-ਮਿਚ ਜਾਂਦਾ ਹਾਂ। ਤੁਸੀਂ ਪੁਰਾਣੇ ਅਖਾਣ ਨੂੰ ਮੇਰੇ ’ਤੇ ਲਾਗੂ ਨਾ ਕਰਨਾ ਕਿ ‘ਗੰਗਾ ਗਿਆ ਤਾਂ ਗੰਗਾ ਰਾਮ ਤੇ ਜਮਨਾ ਗਿਆ ਤਾਂ ਜਮਨਾ ਦਾਸ।’ ਮੇਰੀ ਸੋਚ, ਮੇਰੀ ਜੀਵਨ ਸ਼ੈਲੀ ਮੌਲਿਕ ਹੈ ਜੋ ਬਦਲਦੀ ਨਹੀਂ, ਭਾਵੇਂ ਪ੍ਰਭਾਵਤ ਜ਼ਰੂਰ ਹੁੰਦੀ ਹੈ। ਬਦਲੀ ਹੈ ਤਾਂ ਮੇਰੀ ਆਪਣੀ ਸੰਗਦਿਲੀ । ਜੇ ਮੈਂ ਬਦਲਦਾ ਹਾਂ ਤਾਂ ਆਪਣੇ ਥੋਥੇ ਤੇ ਬੋਦੇ ਉਨ੍ਹਾਂ ਵਿਚਾਰਾਂ ਨੂੰ ਜੋ ਹਮੇਸ਼ਾ ਆਪਣੀ ਹਉਂ ’ਚ ਗ੍ਰਸੇ, ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਬਿਹਤਰ ਜੀਵ, ਬਿਹਤਰ ਕੌਮ ਹੋਣ ਦਾ ਭਰਮ ਜਿਹਾ ਆਪਣੇ ਜ਼ਿਹਨ ’ਚ ਪਲਦੇ-ਪਾਲਦੇ ਹਨ।

ਭਾਰਤ ਦੇ ਅਨੇਕ ਸ਼ਹਿਰਾਂ ਵਿਚ ਘੁੰਮਣ ਫਿਰਨ ਦਾ ਮੌਕਾ ਮੈਨੂੰ ਮਿਲਦਾ ਰਹਿੰਦਾ ਹੈ। ਜਿਉਂ ਹੀ ਮੈਂ ਮੁੰਬਈ ’ਚ ਦਾਖਲ ਹੁੰਦਾ ਹਾਂ, ਵੜਾ-ਪਾਓ ਮੇਰੇ ਦਿਲ-ਦਿਮਾਗ਼ ’ਤੇ ਭਾਰੂ ਹੋ ਜਾਂਦਾ ਹੈ। ਮੁੰਬਈ ’ਚ ਹਰ ਤਰ੍ਹਾਂ ਦਾ ਭੋਜਨ ਮਿਲ ਜਾਂਦਾ ਹੈ-ਕੰਟੀਨੈਂਟਲ, ਸਾਊਥ ਇੰਡੀਅਨ, ਮਾਰਵਾੜੀ, ਪੰਜਾਬੀ, ਗੁਜਰਾਤੀ ਆਦਿ। ਪਰ ਮਹਾਰਾਸ਼ਟਰ ਦੇ ਇਸ ਸ਼ਹਿਰ ’ਚ ਵੜਾ-ਪਾਓ ਨੂੰ ਕੋਈ ਵੀ ਬਾਹਰਲੀ ਰੈਸਪੀ (ਪਕਵਾਨ) ਹਰਾ ਨਹੀਂ ਸਕੀ। ਵੜਾ-ਪਾਓ ਨਾ ਸਿਰਫ ਮਹਾਰਾਸ਼ਟਰ ਦੇ ਲੋਕਾਂ ਦੀ ਕਮਜ਼ੋਰੀ ਹੈ, ਸਗੋਂ ਇੱਥੇ ਆਉਣ ਵਾਲੇ ਵੱਖ-ਵੱਖ ਪ੍ਰਾਂਤਾਂ ਤੇ ਵਿਦੇਸ਼ਾਂ ਦੇ ਵਸਨੀਕ ਵੀ ਇਸ ਨੂੰ ਚੱਖ ਕੇ, ਖਾ ਕੇ, ਇਸ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦੇ। ਵੜਾ ਪਾਓ ਪੁਣੇ, ਲੋਨਾਵਾਲਾ, ਨਾਸਿਕ, ਨਾਗਪੁਰ ਜਿੱਥੇ ਕਿੱਥੇ ਵੀ ਮਹਾਰਾਸ਼ਟਰ ਵਿਚ ਜਾਓ, ਹਰ ਥਾਂ ’ਤੇ ਆਪਣੀ ਛਾਪ ਛੱਡੀ ਬੈਠਾ ਹੈ। ਘੱਟੋ-ਘੱਟ ਮਹਾਰਾਸ਼ਟਰ ’ਚ ਵੜਾ ਪਾਓ ਨੂੰ ਨਾ ਡੋਸਾ ਹਰਾ ਸਕਿਆ ਹੈ, ਨਾ ਪੰਜਾਬੀ ਸਮੋਸਾ ਤੇ ਨਾ ਹੀ ਪੱਛਮ ਦਾ ਬਰਗਰ।

ਦਿਨ ਨੂੰ ਆਪਣਾ ਕੰਮ ਮੁਕਾਉਣ ਮਗਰੋਂ ਮੇਰੇ ਕਦਮ ਆਪ ਮੁਹਾਰੇ ਮੁੰਬਈ ਦੇ ਕਲਪਾ ਦੇਵੀ ਵੱਲ ਮੈਨੂੰ ਲੈ ਤੁਰਦੇ ਹਨ, ਜਿੱਥੇ ਮੇਰੀ ਪਸੰਦ ਦਾ ਵੜਾ-ਪਾਓ ਮੈਨੂੰ ਮਿਲਦਾ ਹੈ। ਮੇਰੇ ਜਿਹੇ ਸੈਂਕੜੇ ਹੋਰ ਵੀ ਹਨ ਜਿਹੜੇ ਉੱਥੇ ਵੜਾ-ਪਾਓ ਖਾਣ ਲਈ ਪੁਜਦੇ ਹਨ। ਜਿਉਂ ਹੀ ਉੱਥੇ ਪਹੁੰਚਦਾ ਹਾਂ, ਉਥੇ ਜੋਸ਼ੀ ਭਰਾਵਾਂ ਦੀ ਇਕ ਰੇਹੜੀ ਹੈ, ਜਿਸ ਨੂੰ ਘੱਟੋ ਘੱਟ ਮੈਂ ਪਿਛਲੇ ਦਸ ਸਾਲਾਂ ਤੋਂ ਦੇਖ ਰਿਹਾ ਹਾਂ। ਰੇਹੜੀ ’ਤੇ ਲਿਖਿਆ ਹੋਇਆ ਹੈ- ਵਿਸ਼ਵਾਨਾਥ ਵੈਂਕਟੇਸ਼ ਪ੍ਰਸਾਦ ਜੋਸ਼ੀ ਵੜਾ-ਪਾਓ। ਵਿਸ਼ਵਾਨਾਥ ਹੁਣ ਨਹੀਂ ਰਿਹਾ ਜਿਸ ਨੇ ਇੱਥੇ ਚਾਲੀ ਸਾਲ ਪਹਿਲਾਂ ਵੜਾ-ਪਾਓ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਉਸ ਦੇ ਦੋ ਮੁੰਡੇ ਆਤਮਾ ਰਾਮ ਵਿਸ਼ਵਾਨਾਥ ਜੋਸ਼ੀ ਤੇ ਦੂਜਾ ਵਿਨਾਇਕ ਵਿਸ਼ਵਾਨਾਥ ਜੋਸ਼ੀ ਹਨ ਜੋ ਪਿਛਲੇ ਸਾਲਾਂ ਤੋਂ ਇਸ ਵੜਾ-ਪਾਓ ਰਾਹੀਂ ਆਪਣੇ ਪਰਿਵਾਰ ਦੀ ਉਪਜੀਵਿਕਾ ਦਾ ਜੁਗਾੜ ਕਰ ਰਹੇ ਹਨ। ਉਮਰ ਪੱਖੋਂ ਆਤਮਾ ਰਾਮ ਵਿਨਾਇਕ ਤੋਂ ਲਗਪਗ ਦਸ ਸਾਲ ਵੱਡਾ ਹੈ। ਇਹ ਦੋਵੇਂ ਭਰਾ ਦੁਪਹਿਰ ਨੂੰ ਦੋ ਵਜੇ ਪਹੁੰਚਦੇ ਹਨ ਤੇ ਵੜਾ-ਪਾਓ ਦਾ ਕੱਚਾ ਮਸਾਲਾ, ਚਟਨੀ ਆਦਿ ਘਰੋਂ ਤਿਆਰ ਕਰਕੇ ਲਿਆਉਂਦੇ ਹਨ। ਵੱਡੀ ਸਾਰੀ ਲੋਹੇ ਦੀ ਗੋਲ ਤਵੀ, ਖੁਰਪੀ ਚਮ ਚਮ ਕਰਦੀ ਹੁੰਦੀ ਹੈ, ਜਦੋਂ ਉਹ ਉੱਥੇ ਆਉਂਦੇ ਹਨ। ਤਲੀਆਂ ਹੋਈਆਂ ਮਿਰਚਾਂ, ਵਿਚਕਾਰੋਂ ਚੀਰੀਆਂ ਹੋਈਆਂ, ਉਹ ਘਰੋਂ ਹੀ ਤਿਆਰ ਕਰ, ਲੈ ਕੇ ਆਉਂਦੇ ਹਨ। ਲੋਹੇ ਦੀ ਕੜਾਹੀ ਵੀ ਮਾਂਜੀ ਸੰਵਾਰੀ ਹੁੰਦੀ ਹੈ। ਦੋ ਵਜੇ ਪਹੁੰਚਦੇ ਹਨ ਤੇ ਢਾਈ ਵਜੇ ਖੁਰਪੀ ਤਵੇ ’ਤੇ ਖੜਕਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦਾ ਪਿਤਾ ਵਿਸ਼ਵਾਨਾਥ ਪਹਿਲਾਂ ਲੱਕੜ ਦੇ ਗੋਲੇ, ਫਿਰ ਅੰਗਾਰੇ ਭੱਠੀ ਤਪਾਉਣ ਲਈ ਪ੍ਰਯੋਗ ਕਰਦਾ ਰਿਹਾ, ਪਰ ਹੁਣ ਦੋਵੇਂ ਭਰਾ ਗੈਸ ਦੇ ਸਿਲੰਡਰ ਨਾਲ ਭੱਠੀ ਚਲਾਉਂਦੇ ਹਨ। ਕੁਝ ਚਿਰ ਉਨ੍ਹਾਂ ਭੱਠੀ ਮਿੱਟੀ ਦੇ ਤੇਲ ਨਾਲ ਵੀ ਚਲਾਈ ਹੈ।

ਸਾਫ ਸੁਫਰਾ ਕੰਮ ਤੇ ਸਾਰੇ ਕੰਮ ’ਚ ਸਹਿਜਤਾ, ਸਰਲਤਾ, ਸਿਰੜਤਾ ਨਜ਼ਰ ਆਉਂਦੀ ਹੈ। ਹੜਬੜਾਹਟ ਜਾਂ ਮਾਰੋ-ਮਾਰ ਨਹੀਂ, ਕਿਤੇ ਵੀ ਨਹੀਂ। ਆਤਮਾ ਰਾਮ ਦਾ ਚਿਹਰਾ ਦਗ਼-ਦਗ਼ ਕਰਦਾ ਹੈ ਤੇ ਸਾਦ-ਮੁਰਾਦਾ ਹੈ। ਉਸ ਦੇ ਅੰਦਰ ਬਾਹਰ ਰੱਜ ਹੈ। ਉਮਰ ਕੋਈ ਪੰਜਾਹ ਸਾਲ ਤੇ ਛੋਟਾ ਭਰਾ ਵਿਨਾਇਕ ਚਾਲੀ ਕੁ ਸਾਲ ਦਾ ਹੈ। ਵਿਨਾਇਕ ਕੰਮ-ਕਾਜ ਵਿਚ ਆਪਣੇ ਭਰਾ ਦਾ ਡਿਪਟੀ ਭਾਵ ਸਹਾਇਕ ਹੈ। ਉਹ ਵੇਸਣ ਘੋਲਣ, ਮਿਰਚ-ਮਸਾਲਾ ਰਲਾਉਣ, ਆਲੂ ਪਿਆਜ਼ ਆਦਿ ਪਾ ਤਿਆਰ ਕਰਕੇ ਆਤਮਾਰਾਮ ਨੂੰ ਦੇ ਦਿੰਦਾ ਹੈ ਤੇ ਆਤਮਾ ਰਾਮ ਕੜਾਹੀ ’ਚ ਵੜੇ ਵੀ ਤਲਦਾ ਹੈ ਤੇ ਤਵੀ ’ਤੇ ਤੇਲ ਛਿੜਕ, ਪਾਓ ਵੀ ਸੇਕਦਾ ਹੈ। ਵਿਨਾਇਕ ਗਾਹਕਾਂ ਨੂੰ ਆਰਡਰ ਮੁਤਾਬਕ ਵੜਾ ਪਾਓ, ਤਲੀਆਂ ਮਿਰਚਾਂ, ਮਸਾਲਾ ਨਾਲ ਪਾ ਕੇ ਅਖ਼ਬਾਰੀ ਕਾਗਜ਼ ’ਚ ਲਪੇਟ ਕੇ ਦਿੰਦਾ ਹੈ। ਪੈਸੇ ਲੈਣ ਦਾ ਕੰਮ ਵੱਡਾ ਆਤਮਾ ਰਾਮ ਕਰਦਾ ਹੈ। ਜੇ ਵਿਨਾਇਕ ਨੂੰ ਕੋਈ ਗਾਹਕ ਪੈਸੇ ਦੇ ਵੀ ਦੇਵੇ ਤਾਂ ਉਹ ਵੱਡੇ ਭਰਾ ਨੂੰ ਫੜਾ ਦਿੰਦਾ ਹੈ। ਰੇਹੜੀ ਦੇ ਤਿੰਨ ਪਾਸੇ ਛੋਟੀਆਂ ਛੋਟੀਆਂ ਮੇਜ਼ਾਂ ਜੁੜੀਆਂ ਹੋਈਆਂ ਹਨ, ਜਿਥੇ ਗਾਹਕਾਂ ਨੂੰ ਵੜਾ-ਪਾਓ ਪਲੇਟ ’ਚ ਪਾ ਕੇ ਖਾਣ ਦੀ ਸਹੂਲਤ ਵੀ ਹੈ। ਪਾਣੀ ਦੀਆਂ ਬੋਤਲਾਂ ਰੱਖਣ ਲਈ ਇਕ ਮੁੰਡੂ ਉਨ੍ਹਾਂ ਰੱਖਿਆ ਹੋਇਆ ਹੈ ਜੋ ਯੂ.ਪੀ. ਦਾ ਹੈ। ਦੋਵੇਂ ਭਰਾਵਾਂ ਨੇ ਆਪਣੀ ਵੱਡੀ ਰੇਹੜੀ ਦੇ ਨਾਲ ਯੂ.ਪੀ. ਦੇ ਖੁਸ਼ੀ ਰਾਮ ਤਿਵਾੜੀ ਨੂੰ ਵੀ ਥਾਂ ਦਿੱਤੀ ਹੋਈ ਹੈ ਜੋ ਚਾਹ ਬਣਾਉਂਦਾ ਹੈ। ਤਿਵਾੜੀ ਦਾ ਕੰਮ ਵੱਖਰਾ ਹੈ। ਉਹ ਵੱਖ ਵੱਖ ਮਿੱਟੀ ਦੇ ਕਸੋਰਿਆਂ ’ਚ ਚਾਹ ਦਿੰਦਾ ਹੈ-ਡੇਢ ਰੁਪਿਆ, ਢਾਈ ਰੁਪਿਆ ਤੇ ਚਾਰ ਰੁਪਿਆ। ਕਸੋਰਿਆਂ ਦੇ ਸਾਈਜ਼ ਮੁਤਾਬਕ ਉਹ ਚਾਹ ਦੇ ਪੈਸੇ ਲੈਂਦਾ ਹੈ। ਜੋਸ਼ੀ ਭਰਾਵਾਂ ਦੇ ਵੜਾ-ਪਾਓ ਦੇ ਕੁਝ ਗਾਹਕ ਚਾਹ ਵੀ ਪਸੰਦ ਕਰਦੇ ਹਨ। ਇਸ ਲਈ ਤਿਵਾੜੀ ਨੂੰ ਚਾਹ ਦੇਣ ਦਾ ਜ਼ਿੰਮਾ ਸੌਂਪਿਆ ਹੋਇਆ ਹੈ। ਇਹ ਤਿੰਨੋਂ ਮੇਰਾ ਸਵਾਗਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਉਨ੍ਹਾਂ ਦਾ ਪੁਰਾਣਾ ਤੇ ਨਿਯਮਤ ਗਾਹਕ ਹਾਂ ਤੇ ਦੂਜੀ ਗੱਲ ਮੈਂ ਪੰਜਾਬ ਤੋਂ ਆਉਂਦਾ ਹਾਂ। ਵੜਾ-ਪਾਓ ਖਾ, ਵਿਚਕਾਰਲੇ ਕਸੋਰੇ ’ਚ ਚਾਹ ਪੀ ਕੇ, ਮੈਨੂੰ ਰੱਜ ਜਿਹਾ ਆ ਜਾਂਦਾ ਹੈ ਤੇ ਇਸ ਮਗਰੋਂ ਮੈਨੂੰ ਤਿੰਨ ਚਾਰ ਘੰਟੇ ਕੁਝ ਹੋਰ ਖਾਣ ਦੀ ਤਲਬ ਹੀ ਨਹੀਂ ਹੁੰਦੀ। ਆਤਮਾ ਰਾਮ ਤੇ ਤਿਵਾੜੀ ਦੇ ਚਿਹਰਿਆਂ ’ਤੇ ਜੋ ਰੱਜ ਝਲਕਦਾ ਹੈ, ਉਹ ਰੱਜ ਵਿਨਾਇਕ ਦੇ ਚਿਹਰੇ ’ਤੇ ਘੱਟ ਹੀ ਨਜ਼ਰੀਂ ਪੈਂਦਾ ਹੈ। ਉਸ ’ਚ ਕੁਝ ਛਟਪਟਾਹਟ ਨਜ਼ਰੀਂ ਪੈਂਦੀ ਹੈ। ਪਰ ਫਿਰ ਵੀ ਉਹ ਛਟਪਟਾਹਟ ਗਾਹਕਾਂ ਸਾਹਮਣੇ ਘੱਟ ਹੀ ਦਰਸਾਉਂਦਾ ਹੈ। ਦੋਵੇਂ ਭਰਾ ਆਪਣੇ ਕਰਮ ਨੂੰ ਆਪਣਾ ਇਸ਼ਟ ਸਮਝ ਕੇ ਕਰਦੇ ਹਨ। ਸਾਫ-ਸਫਾਈ, ਵਿਰਸੇ ਤੋਂ ਮਿਲੇ ਕਰਮ ਪ੍ਰਤੀ ਸਿਰੜਤਾ ਤੇ ਦ੍ਰਿੜਤਾ, ਗਾਹਕਾਂ ਪ੍ਰਤੀ ਇੱਜ਼ਤ-ਉਦਾਰਤਾ ਆਦਿ ਗੁਣਾਂ ਰਾਹੀਂ ਉਨ੍ਹਾਂ ਦੀ ਕਾਰਗੁਜ਼ਾਰੀ ਜਾਂਚੀ ਜਾ ਸਕਦੀ ਹੈ। ਵੜੇ ’ਚ ਨਾ ਕਦੇ ਨਮਕ ਘੱਟ ਹੁੰਦਾ ਹੈ ਤੇ ਨਾ ਹੀ ਕਦੇ ਵਧ। ਪਾਓ ਉਹ ਬਣੇ ਬਣਾਏ ਬੇਕਰੀ ਤੋਂ ਲੈਂਦੇ ਹਨ। ਪਰ ਪਾਓ ਨੂੰ ਖਰੀਦਣ ਸਮੇਂ ਵੀ ਉਹ ਬਹੁਤ ਇਹਤਿਆਤ ਵਰਤਦੇ ਹਨ। ਰੂੰ ਵਰਗੇ ਨਰਮ-ਨਰਮ ਤੇ ਤਾਜ਼ੇ।

ਇਸ ਵਾਰ ਮੈਂ ਜਦੋਂ ਉੱਥੇ ਗਿਆ ਤਾਂ ਹੈਰਾਨ ਹੋ ਗਿਆ। ਉਨ੍ਹਾਂ ਦੀ ਰੇਹੜੀ ਵਾਲੀ ਥਾਂ ਦੇ ਸਾਹਮਣੇ ਅੰਤਰਰਾਸ਼ਟਰੀ ਪੱਧਰ ਦਾ ਰੈਸਟੋਰੈਂਟ ਖੁੱਲ੍ਹਿਆ ਹੋਇਆ ਸੀ। ਨਾਂ ਲਿਖਿਆ ਸੀ-ਹਾਟ ਬਿਲੀਅਨ। ਪਿਛਲੇ ਛੇ ਮਹੀਨਿਆਂ ਵਿਚ ਹੀ ਉਸਾਰ ਕੇ, ਲਿਸ਼ਕਾ-ਪੁਸ਼ਕਾ ਕੇ ਤਿਆਰ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਲੋਕਾਂ ’ਚ ਹਰਮਨ ਪਿਆਰਾ ਬਣਾਉਣ ਲਈ ਉਨ੍ਹਾਂ ਲੱਖਾਂ ਰੁਪਏ ਮਸ਼ਹੂਰੀਆਂ ਦੇ ਅੱਡ ਅੱਡ ਤਰੀਕਿਆਂ ’ਤੇ ਖਰਚੇ ਸਨ। ਲਗਪਗ ਪੰਜ ਕਰੋੜ ਦਾ ਨਿਵੇਸ਼ ਉਸ ਦੇ ਮਾਲਕਾਂ ਨੇ ਉੱਥੇ ਕੀਤਾ ਹੋਇਆ ਸੀ। ਮੈਂ ਆਤਮਾ ਰਾਮ ਨੂੰ ਪੁੱਛਿਆ, ‘‘ਹੁਣ ਤੁਹਾਡਾ ਕੀ ਬਣੇਗਾ?’’ ਮੁਸਕਰਾਉਂਦੇ ਹੋਏ ਉਸ ਕਿਹਾ ਸੀ- ‘‘ਸਾਡੀ ਕਿਸਮਤ ਸਾਡੇ ਨਾਲ ਹੈ ਤੇ ਉਨ੍ਹਾਂ ਦੀ ਉਨ੍ਹਾਂ ਨਾਲ…।’’
ਪਰ ਆਤਮਾ ਰਾਮ ਦੇ ਚਿਹਰੇ ’ਤੇ ਚਿੰਤਾ ਦੀਆਂ ਕੁਝ ਕੁਝ ਝੁਰੜੀਆਂ ਜ਼ਰੂਰ ਉਕਰ ਆਈਆਂ ਸਨ। ਵਿਨਾਇਕ, ਉਸ ਦੇ ਛੋਟੇ ਭਰਾ ’ਚ ਵਧੇਰੇ ਛਟਪਟਾਹਟ ਉਜਾਗਰ ਹੋ ਰਹੀ ਸੀ। ਪਰ ਮੈਂ ਵੇਖ ਕੇ ਹੈਰਾਨ ਹੋਇਆ ਕਿ ਦੁਪਹਿਰ ਢਾਈ ਵਜੇ ਤੋਂ ਸਾਢੇ ਛੇ ਵਜੇ ਤਕ ਜਿੰਨੇ ਗਾਹਕ ਜੋਸ਼ੀ ਭਰਾਵਾਂ ਕੋਲ ਸਨ,ਉਸ ਦਾ ਚੌਥਾ ਹਿੱਸਾ ਵੀ ਰੈਸਟੋਰੈਂਟ ਦੇ ਅੰਦਰ ਨਹੀਂ ਬੈਠੇ ਹੁੰਦੇ ਸਨ। ਜਦੋਂ ਜੋਸ਼ੀ ਭਰਾ ਆਪਣਾ ਕੰਮ ਸਮੇਟਦੇ ਤੇ ਗਾਹਕਾਂ ਨੂੰ ਨਾਂਹ ਕਹਿੰਦੇ ਤਾਂ ਰੈਸਟੋਰੈਂਟ ’ਚ ਕੋਈ ਚਹਿਲ-ਪਹਿਲ ਹੋਣੀ ਸ਼ੁਰੂ ਹੁੰਦੀ। ਇਸ ਫੇਰੀ ਦੇ ਦੌਰਾਨ ਪੰਜ ਦਿਨ ਲਗਾਤਾਰ ਇਹ ਗੱਲ ਮੈਂ ਭਾਂਪਦਾ ਰਿਹਾ ਸਾਂ। ਮੈਂ ਰੈਸਟੋਰੈਂਟ ਦੇ ਅੰਦਰ ਜਾ ਕੇ ਕੁਝ ਨਿਕ-ਸੁਕ ਖਾ ਕੇ ਵੀ ਆਇਆ ਸਾਂ; ਪਰ ਜੋ ਮਜ਼ਾ ਜੋਸ਼ੀ ਦੀ ਰੇਹੜੀ ’ਤੇ ਵੜਾ-ਪਾਓ ਖਾਣ ਮਗਰੋਂ ਮਿਲਦਾ ਸੀ, ਉੱਥੇ ਨਹੀਂ ਸੀ ਮਿਲਿਆ ਹਾਲਾਂਕਿ ਉਥੇ ਬਰਗਰ, ਪੀਜ਼ਾ, ਪਾਸਤਾ, ਫਰੈਂਚ-ਫਰਾਈ, ਇਡਲੀ ਡੋਸਾ, ਚਾਹ-ਕਾਫੀ ਆਦਿ ਮਿਲਦੇ ਸਨ। ਦੂਜੀ ਗੱਲ ਉਨ੍ਹਾਂ ਦੇ ਰੇਟ ਜੋਸ਼ੀ ਦੇ ਵੜਾ-ਪਾਓ ਤੋਂ ਕਈ ਗੁਣਾਂ ਵੱਧ ਸਨ।
ਤਿੰੰਨ ਮਹੀਨਿਆਂ ਬਾਅਦ ਮੈਨੂੰ ਮੁੜ ਮੁੰਬਈ ਜਾਣ ਦਾ ਮੌਕਾ ਮਿਲਿਆ। ਮੈਂ ਮੁੜ ਜੋਸ਼ੀ ਭਰਾਵਾਂ ਦੀ ਰੇਹੜੀ ’ਤੇ ਪੁੱਜਾ। ਉੱਥੇ ਇਕੱਲਾ ਆਤਮਾ ਰਾਮ ਜੋਸ਼ੀ ਖੜ੍ਹਾ ਸੀ। ਪਹਿਲਾਂ ਵਾਲੀ ਰੇਹੜੀ ਵੀ ਨਹੀਂ ਸੀ। ਹੁਣ ਪਹਿਲਾਂ ਨਾਲੋਂ ਛੋਟੀ ਰੇਹੜੀ ਸੀ। ਉਸ ਦੇ ਚਿਹਰੇ ’ਤੇ ਕੁਝ ਕੁਝ ਕਾਲਖ਼ ਪੁਤ ਗਈ ਸੀ। ਮੈਂ ਪੁੱਛਿਆ- ‘‘ਇਹ ਕੀ! ਛੋਟਾ ਕਿੱਥੇ ਹੈ?’’
‘‘ਬੱਸ ਪੂਛੋ ਮਤ!’’
‘‘ਫਿਰ ਭੀ?’’
‘‘ਸਾਬ੍ਹ ਜੀ! ਰੈਸਟੋਰੈਂਟ ਵਾਲੋਂ ਕੀ ਮੇਹਰਬਾਨੀ ਹੈ। ਹਮਾਰੇ ਦੋਨੋਂ ਕੇ ਪਾਸ ਇਨ੍ਹੋਂ ਨੇ ਦੱਲੇ ਭੇਜੇ ਥੇ ਕਿ ਹਮ ਅਪਨੀ ਰੇਹੜੀ ਕਹੀਂ ਔਰ ਲੇ ਜਾਏਂ। ਹਮਨੇ ਕਹਾ ਕਿ ਹਮ ਪੱਚਾਸ ਸਾਲ ਸੇ ਯਹਾਂ ਪਰ ਹੈਂ। ਦੂਸਰੀ ਜਗ੍ਹੇ ਹਮੇਂ ਕੌਨ ਭੜੂਆ ਲਗਾਨੇ ਦੇਗਾ?’’ ਉਹ ਕੁਝ ਚਿਰ ਲਈ ਚੁੱਪ ਹੋ ਗਿਆ ਸੀ ਕਿਉਂਕਿ ਦੋ ਗਾਹਕ ਵੜਾ-ਪਾਓ ਲੈਣ ਆ ਗਏ ਸਨ ਤੇ ਮੇਰੀ ਪਲੇਟ ’ਚ ਵੜਾ-ਪਾਓ ਪਿਆ ਠੰਢਾ ਹੋ ਰਿਹਾ ਸੀ। ਜਦ ਉਸ ਨੇ ਮੁੜ ਗੱਲ ਸ਼ੁਰੂ ਕੀਤੀ ਤਾਂ ਮੈਂ ਵੀ ਵੜਾ-ਪਾਓ ਖਾਣਾ ਸ਼ੁਰੂ ਕੀਤਾ।
‘‘…ਉਨਹੋਂ ਨੇ ਹਮ ਦੋਨੋਂ ਕੋ ਦਸ ਲਾਖ ਰੁਪਏ ਲੇ ਕਰ ਯਹਾਂ ਸੇ ਚਲੇ ਜਾਨੇ ਕੋ ਕਹਾ। ਮੈਨੇ ਇਨਕਾਰ ਕਰ ਦਿਆ ਕਿ ਪੁਸ਼ਤੈਨੀ ਜਗ੍ਹੇ ਕੋ ਨਹੀਂ ਛੋੜੇਂਗੇ।…ਫਿਰ ਉਨਹੋਂ ਨੇ ਵਿਨਾਇਕ ਕੋ ਫਾਂਸ ਲੀਆ। ਉਸ ਕੋ ਪਾਂਚ ਲਾਖ ਰੁਪਏ ਔਰ ਦਸ ਹਜ਼ਾਰ ਰੁਪਏ ਮਹੀਨੇ ਕੀ ਨੌਕਰੀ ਕੀ ਪੇਸ਼ਕਸ਼ ਕੀ। ਵੋਹ ਪਗਲਾ ਉਨ ਕੇ ਕਹੇ ਮੇਂ ਆ ਗਯਾ। ਮੁਝ ਸੇ ਝਗੜਾ ਕੀਆ ਔਰ ਅਪਨੇ ਹਿੱਸੇ ਕੀ ਜਗ੍ਹਾ ਉਨਕੋ ਦੇ ਦੀ ਔਰ ਉਨ ਕੇ ਯਹਾਂ ਨੌਕਰੀ ਕਰ ਲੀ। ਅਬ ਵਹ ਅੰਦਰ ਵੜਾ-ਪਾਓ ਬਨਾਨੇ ਲਗ ਗਿਆ ਹੈ। ਤਿਵਾੜੀ ਕੋ ਉਨ੍ਹੋਂ ਨੇ ਪੁਲੀਸ ਸੇ ਡਰਾ ਧਮਕਾ ਕਰ ਭਗਾ ਦਿਆ ਹੈ। ਪਰ ਮੇਰੀ ਜਬ ਤਕ ਸਾਂਸ ਹੈ, ਮੈਂ ਯਹ ਜਗ੍ਹਾ ਨਹੀਂ ਛੋੜੂੰਗਾ…, ਆਖਰੀ ਦਮ ਤਕ ਲੜੂੰਗਾ। ਅਬ ਮੇਰਾ ਯੇਹ ਬੇਟਾ ਮੇਰੇ ਸਾਥ ਆ ਗਿਆ ਹੈ। ਪਹਿਲੇ ਯੇਹ ਕਿਸੀ ਕੇ ਪਾਸ ਤਿੰਨ ਹਜ਼ਾਰ ਮਹੀਨੇ ਪਗਾਰ ਲੇਤਾ ਥਾ।’’ ਆਤਮਾ ਰਾਮ ਨੂੰ ਇਸ ਗੱਲ ’ਤੇ ਕੁਝ ਤਸੱਲੀ ਜ਼ਰੂਰ ਸੀ ਕਿ ਉਸ ਦਾ ਬੇਟਾ ਉਸ ਦੇ ਨਾਲ ਹੈ।

ਮੈਂ ਵੇਖਿਆ ਆਤਮਾ ਰਾਮ ਜੋਸ਼ੀ ਨੂੰ ਇਕੋ ਗ਼ਿਲਾ ਸੀ ਕਿ ਵਿਨਾਇਕ ਉਸ ਨੂੰ ਛੱਡ ਕੇ ਕਿਉਂ ਚਲਾ ਗਿਆ ਹੈ। ਉਸ ਦੇ ਮੁੰਡੇ ਦਾ ਚਿਹਰਾ ਤਾਂਬੇ ਵਾਂਗ ਤਪਿਆ ਹੋਇਆ ਮੈਨੂੰ ਲੱਗਿਆ ਤੇ ਉਹ ਵਾਰ-ਵਾਰ ਹਾਟ-ਬਿਲੀਅਨ ਨੂੰ ਘੂਰ ਘੂਰ ਕੇ ਵੇਖਦਾ ਰਹਿੰਦਾ, ਜਿਵੇਂ ਉਹ ਅੱਖਾਂ ਦੇ ਰਿਮੋਟ ਨਾਲ ਹੀ ਰੈਸਟੋਰੈਂਟ ਨੂੰ ਉਡਾ ਦੇਵੇਗਾ। ਮੈਨੂੰ ਵੀ ਹਾਟ-ਬਿਲੀਅਨ ਨਾਲ ਚਿੜ ਜਿਹੀ ਮਹਿਸੂਸ ਹੁੰਦੀ। ਮੈਂ ਉੱਥੇ ਕੁਝ ਦਿਨ ਮੁੰਬਈ ਰਿਹਾ ਤੇ ਹਰ ਰੋਜ਼ ਆਤਮਾ ਰਾਮ ਜੋਸ਼ੀ ਦੇ ਵੜਾ-ਪਾਓ ਖਾਂਦਾ ਰਿਹਾ। ਹੁਣ ਆਤਮਾ ਰਾਮ ਵਿਚ ਪਹਿਲਾਂ ਵਰਗਾ ਜੋਸ਼ ਨਹੀਂ ਰਿਹਾ ਸੀ।
ਮੇਰੇ ਜਾਣ ਤੋਂ ਇਕ ਦਿਨ ਪਹਿਲਾਂ ਆਤਮਾ ਰਾਮ ਨੇ ਮੇਰੇ ਨਾਲ ਆਪਣਾ ਦਰਦ ਸਾਂਝਾ ਕੀਤਾ। ਕਾਰਪੋਰੇਸ਼ਨ ਵਾਲਿਆਂ ਨੇ ਇਕ ਨਵੀਂ ਬਿਪਤਾ ਉਸ ਲਈ ਖੜ੍ਹੀ ਕਰ ਦਿੱਤੀ ਸੀ। ਉੱਥੇ ਚਮਚਮਾਉਂਦਾ-ਖਿੱਚ ਭਰਪੂਰ ਪਬਲਿਕ ਟੁਆਇਲਟ ਬਣਨ ਲੱਗਾ ਸੀ। ਉਨ੍ਹਾਂ ਉਸ ਥਾਂ ’ਤੇ ਕਬਜ਼ਾ ਕਰ ਲਿਆ ਸੀ ਜੋ ਵਿਨਾਇਕ ਨੇ ਹਾਟ-ਬਿਲੀਅਨ ਨੂੰ ਦੇ ਦਿੱਤੀ ਸੀ ਤੇ ਆਤਮਾ ਰਾਮ ਜੋਸ਼ੀ ਨੂੰ ਵੀ ਨੋਟਿਸ ਦੇ ਦਿੱਤਾ ਸੀ ਕਿ ਉਹ ਦੋ ਹਫਤਿਆਂ ਵਿਚ ਆਪਣੀ ਟਿੰਡ-ਫਹੁੜੀ ਚੁੱਕ ਲੈ ਜਾ ਜਾਵੇ।
ਮੈਨੂੰ ਮਹਿਸੂਸ ਹੋਇਆ ਕਿ ਇਹ ਸਾਰੀ ਸ਼ਰਾਰਤ ਹਾਟ ਬਿਲੀਅਨ ਦੀ ਹੀ ਹੋਵੇਗੀ। ਮੈਂ ਆਪਣਾ ਸ਼ੱਕ ਆਤਮਾ ਰਾਮ ਜੋਸ਼ੀ ਨਾਲ ਸਾਂਝਾ ਕੀਤਾ। ਉਹ ਚੁੱਪ ਰਿਹਾ ਤੇ ਫਿਰ ਬੋਲਿਆ- ‘‘ਕਿਆ ਕਹਿ ਸਕਤੇ ਹੈਂ ਸਾਬ੍ਹ! ਬੜੇ ਲੋਗ ਹੈਂ…ਬੜੇ ਲੋਗੋਂ ਕੀ ਬੜੀ ਬਾਤੇਂ…ਜਬ ਅਪਨੇ ਖੂਨ ਨੇ ਹੀ ਸਾਥ ਛੋੜ ਦੀਆ, ਦੂਸਰੋਂ ਕੋ ਭਲਾ ਕਿਆ ਕਹੇਂ?’’ ਲਗਦਾ ਸੀ ਵਿਨਾਇਕ ਦੇ ਦਿੱਤੇ ਜ਼ਖਮਾਂ ਨੂੰ ਉਹ ਅਜੇ ਵੀ ਸਹਿਲਾਉਣ ਦਾ ਯਤਨ ਕਰ ਰਿਹਾ ਸੀ।

ਕੁਝ ਮਹੀਨਿਆਂ ਮਗਰੋਂ ਮੈਨੂੰ ਮੁੰਬਈ ਮੁੜ ਜਾਣ ਦਾ ਮੌਕਾ ਮਿਲਿਆ। ਜਿਹੜਾ ਮੈਨੂੰ ਡਰ ਸੀ, ਉਹੀਓ ਹੋਇਆ। ਉਸ ਥਾਂ ਤੋਂ ਆਤਮਾ ਰਾਮ ਜੋਸ਼ੀ ਦੀ ਰੇਹੜੀ ਹਟਾ ਦਿੱਤੀ ਗਈ ਸੀ। ਮੈਂ ਨੇੜੇ-ਤੇੜੇ ਪਤਾ ਕੀਤਾ ਕਿ ਉਹ ਕਿੱਥੇ ਗਿਐ? ਉਸ ਦੇ ਕਿਸੇ ਹਮਦਰਦ ਨੇ ਦੱਸਿਆ ਕਿ ਉਹ ਪਿਛਲੀ ਗਲੀ ਵਿਚ ਖੋਮਚਾ ਲਾ ਕੇ ਬੈਠਦੈ। ਉੱਥੇ ਵੀ ਪੱਕਾ ਟਿਕਾਣਾ ਨਹੀਂ। ਹੁਣ ਉਹ ਘਰੋਂ ਵੜਾ-ਪਾਓ ਬਣਾ ਕੇ ਲਿਆਉਂਦੈ। ਪੁਲੀਸ ਵਾਲੇ ਕਦੇ ਉਸ ’ਤੇ ਰਹਿਮ ਕਰ ਜਾਂਦੇ ਨੇ ਤੇ ਜਦੋਂ ਉਪਰੋਂ ਦਬਾਅ ਪੈਂਦੈ ਤਾਂ ਉਸ ਨੂੰ ਨਸਾ ਦਿੰਦੇ ਨੇ। ‘ਸੜਕ ਛਾਪ’ ਫੂਡ ਨਾ ਖਾਣ ਲਈ ਕਾਰਪੋਰੇਸ਼ਨ ਤੇ ਸਰਕਾਰ ਵੀ ਪ੍ਰਚਾਰ ਕਰ ਰਹੀ ਹੈ। ਪੁਲੀਸ ਵਾਲੇ ਉਸ ਨੂੰ ਨਠਾਉਂਦੇ ਨੇ ਤੇ ਉਸ ਦੇ ਬਣਾਏ ਵੜੇ-ਪਾਓ ਨੂੰ ਜ਼ਬਤ ਕਰਕੇ, ਥਾਣੇ ’ਚ ਬੈਠ ਕੇ ਮਜ਼ੇ ਨਾਲ ਛਕਦੇ-ਛਕਾਉਂਦੇ ਹਨ। ਉਸ ਦੇ ਇਕ ਹਮਦਰਦ ਨੇ ਦੱਸਿਆ- ‘ਸਰਕਾਰ, ਕਾਰਪੋਰੇਸ਼ਨ ਸੜਕ ਛਾਪ ਵਾਲੋਂ ਕਾ ਖਾਨਾ ਖਾਨੇ ਸੇ ਤੋ ਰੋਕਦੀ ਹੈ। ਯੇ ਬੜੇ ਹੋਟਲ ਯਾ ਰੈਸਟੋਰੈਂਟ ਵਾਲੇ ਕੌਨ ਸਾ ਸਰਟੀਫਿਕੇਟ ਦੇਤੇ ਹੈਂ ਕਿ ਫਲਾਂ ਗਾਹਕ ਨੇ ਖਾਨਾ ਹਮਾਰੇ ਸੇ ਖਾਇਆ ਹੈ।’
ਮੈਂ ਆਤਮਾ ਰਾਮ ਨੂੰ ਮਿਲਣ ਉਸ ਦੇ ਨਵੇਂ ਟਿਕਾਣੇ ’ਤੇ ਗਿਆ। ਅਚਨਚੇਤ ਚੰਗੇ ਕਰਮੀਂ ਉਹ ਮੈਨੂੰ ਮਿਲ ਗਿਆ। ਮੈਂ ਪਾਓ-ਵੜਾ ਲਿਆ ਤੇ ਉਸ ਕਿਹਾ- ‘‘ਬਾਬੂ ਜੀ! ਘਰ ਯਾ ਹੋਟਲ ਜਾ ਕੇ ਖਾਈਏਗਾ? ਪੁਲੀਸ ਵਾਲੋਂ ਕਾ ਕੋਈ ਪਤਾ ਨਹੀਂ।…ਯੇ ਸਾਲੇ ਗਾਹਕ ਕੀ ਭੀ ਪੈਂਟ ਉਤਾਰਤੇ ਦੇਰ ਨਹੀਂ ਲਗਾਤੇ।’’
ਉਸ ਨੇ ਸੰਖੇਪ ’ਚ ਸਾਰੀ ਗੱਲ ਸਮਝਾਈ। ਮੈਂ ਕਿਹਾ ਕਿ ਉਹ ਕਾਰਪੋਰੇਸ਼ਨ ਦੇ ਖ਼ਿਲਾਫ਼ ਕੋਰਟ ’ਚ ਕਿਉਂ ਨਹੀਂ ਜਾਂਦਾ। ਉਥੇ ਉਨ੍ਹਾਂ ਦਾ ਪੁਸ਼ਤੈਨੀ ਕਬਜ਼ਾ ਪਿਛਲੇ ਪੰਜਾਹ ਸਾਲਾਂ ਤੋਂ ਹੈ। ਉਹ ਕਹਿਣ ਲੱਗਾ- ‘‘ਹਮਾਰੀ ਕੌਨ ਸੁਨਤਾ ਹੈ?’’

ਫਿਰ ਉਸ ਨੇ ਦਰਦ ਭਰੀ ਕਹਾਣੀ ਹੋਰ ਦੱਸੀ ਕਿ ਛੋਟੇ ਵਿਨਾਇਕ ਤੋਂ ਪਾਓ ਵੜੇ ਦੀ ਰੈਸਪੀ (ਬਣਾਉਣ ਦਾ ਢੰਗ-ਤਰੀਕਾ) ਲੈ ਕੇ ਉਸ ਨੂੰ ਤਿੰਨ ਮਹੀਨਿਆਂ ਮਗਰੋਂ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਪੰਜ ਲੱਖ ਰੁਪਏ ਉਹ ਇੱਧਰ ਉੱਧਰ ਗੁਆ ਬੈਠਾ ਹੈ। ਸ਼ਰਾਬ ਪੀਣ ਲੱਗ ਪਿਆ ਹੈ ਤੇ ਉਹ ਵੀ ਖੋਮਚੇ ’ਚ ਪਾਓ-ਵੜਾ ਬਣਾ ਕੇ ਨਾਲ ਦੀ ਗਲੀ ’ਚ ਭਟਕਦਾ ਵੇਚਦਾ ਰਹਿੰਦਾ ਹੈ। ਸ਼ਰਮ ਕਾਰਨ ਉਸ ਦੀਆਂ ਅੱਖਾਂ ਉਪਰ ਉਠਦੀਆਂ ਹੀ ਨਹੀਂ ਹਨ। ਮੈਂ ਕਿਹਾ, ‘‘ਤੁਸੀਂ ਮੁੜ ਦੋਵੇਂ ਇਕੱਠੇ ਹੋ ਕੇ ਦੁਬਾਰਾ ਕੰਮ ਕਿਉਂ ਨਹੀਂ ਕਰਦੇ?’’
‘‘ਪਹਿਲੇ ਵਾਲੀ ਬਾਤ ਅਬ ਕੈਸੇ ਬਨ ਸਕਦੀ ਹੈ, ਸਰ ਜੀ! ਦੂਸਰੇ ਕਾਰਪੋਰੇਸ਼ਨ ਔਰ ਸਰਕਾਰ ਔਰ ਪੜ੍ਹੇ ਲਿਖੇ ਲੋਗ ਅਬ ਸੜਕ ਛਾਪੋਂ ਦੁਆਰਾ ਬਨਾਈ ਵਸਤੂਓਂ ਕੋ ਅੱਛਾ ਨਹੀਂ ਸਮਝਤੇ। ਨਈ ਜਗ੍ਹੇ ਜਾਤੇ ਹੈਂ ਤੋਂ ਲੋਗ ਵਿਸ਼ਵਾਸ ਨਹੀਂ ਕਰਤੇ। ਪੁਰਾਣੀ ਜਗ੍ਹੇ ਪਰ ਪਬਲਿਕ ਟੁਆਲਿਟ ਬਨ ਰਹਾ ਹੈ।’’
‘‘ਆਪ ਕਾਰਪੋਰੇਸ਼ਨ ਕੇ ਬੜੇ ਅਫਸਰ ਯਾ ਨੇਤਾ ਕੋ ਕਿਉਂ ਨਹੀਂ ਮਿਲਤੇ?’’ ਮੈਂ ਕਿਹਾ।

‘‘ਮਿਲੇ ਥੇ! ਉਨਹੋਂ ਨੇ ਕਹਾ ਕਿ ਪਬਲਿਕ ਟੁਆਇਲਟ ਵਹਾਂ ਪਰ ਹੀ ਰਹੇਗਾ…ਨਹੀਂ ਹਟ ਸਕਤਾ। ਹਾਂ ਆਪਕੋ ਵਹਾਂ ਪਰ ਸਾਲਾਨਾ ਠੇਕਾ ਮਿਲ ਸਕਤਾ ਹੈ- ਸਾਫ ਸਫਾਈ ਕਾ। ਉਸ ਮੇਂ ਤਰਜੀਹ ਆਪਕੋ ਮਿਲ ਸਕਦੀ ਹੈ। …ਹਮ ਬ੍ਰਾਹਮਣ ਹੈਂ! ਬਤਾਓ ਅਬ ਯੇਹ ਕਾਮ ਕੈਸੇ ਕਰੇਂ?’’
ਮੈਂ ਠਠੰਬਰ ਗਿਆ। ਉਸ ਨੇ ਅਗਲਾ ਰੋਣਾ ਰੋਇਆ- ‘‘ਸਰ ਜੀ, ਵਿਨਾਇਕ ਇਸ ਕਾਮ ਕੇ ਲੀਏ ਭੀ ਮਾਨ ਗਯਾ ਹੈ। ਮੇਰਾ ਬੇਟਾ ਭੀ ਕਹਤਾ ਹੈ ਕਿ ਮੈਂ ਭੀ ਮਾਨ ਜਾਊਂ। ਵਿਨਾਇਕ ਔਰਤਾਂ ਵਾਲਾ ਟੁਆਇਲਟ ਲੇਨੇ ਕੇ ਲੀਏ ਤਿਆਰ ਹੈ। ਉਸ ਕੀ ਬੀਵੀ ਯੇਹ ਕਾਮ ਕਰਨੇ ਕੋ ਤਿਆਰ ਹੈ। ਬੇਟਾ ਮਰਦੋਂ ਵਾਲਾ ਟੁਆਇਲਟ ਲੇਨੇ ਕੀ ਜ਼ਿੱਦ ਪਕੜੇ ਬੈਠਾ ਹੈ। ਅਬ ਆਪ ਹੀ ਬਤਾਓ ਮੈਂ ਕੌਨ ਸੇ ਗੱਢੇ ਮੇਂ ਗਿਰੰੂ…? ਮੈਂ ਮਰ ਜਾਊਂਗਾ…ਭੂਖਾ ਮਰ ਜਾਊਂਗਾ, ਯੇਹ ਕਾਮ ਨਹੀਂ ਕਰੂੰਗਾ। ਬਾਪ ਕੀ ਰੇਹੜੀ ਪਰ ਹਮ ਰਾਜਾ ਥੇ, ਹਮਾਰਾ ਨਾਮ ਥਾ, ਲੋਗ ਹਮ ਪਰ, ਹਮਾਰੇ ਵੜੇ-ਪਾਓ ਕੋ ਪ੍ਰਸਾਦ ਸਮਝ ਕਰ ਖਾਤੇ ਥੇ। ਹਮ ਦਿਲ ਸੇ ਬਨਾਤੇ ਥੇ, ਦਿਲ ਸੇ ਪਰੋਸਤੇ ਥੇ ਔਰ ਖਾਨੇ ਵਾਲੇ ਦਿਲ ਸੇ ਖਾਤੇ ਥੇ…।’’ ਉਹ ਫੁੱਟ ਪਿਆ ਸੀ।
ਮੈਨੂੰ ਕੁਝ ਵੀ ਸਮਝ ਨਾ ਆਈ ਕਿ ਮੈਂ ਉਸ ਨੂੰ ਕੀ ਸਲਾਹ-ਮਸ਼ਵਰਾ ਦੇਵਾਂ। ਜਿਊਣ ਦਾ ਕਿ ਨਾ-ਜਿਊਣ ਦਾ…
 
Top