ਸੌਰੀ

Mandeep Kaur Guraya

MAIN JATTI PUNJAB DI ..
ਸੌਰੀ… ਸੌਰੀ… ਸੌਰੀ… ਚੀਕਣ ਤੋਂ ਸਿਵਾਏ ਮੇਰੇ ਕੋਲ ਕੋਈ ਹੋਰ ਚਾਰਾ ਰਿਹਾ ਹੀ ਨਹੀਂ ਸੀ। ਮੈਥੋਂ ਇਹ ਬਰਦਾਸ਼ਤ ਨਹੀਂ ਹੋਇਆ ਸੀ। ਆਖਿਰ ਕਹਿਣ/ਸੁਣਨ ਦੀ ਵੀ ਕੋਈ ਸੀਮਾ ਹੁੰਦੀ ਹੈ। … ਨਹੀਂ …ਨਹੀਂ। ਇਸ ਨੂੰ ਮੇਰੀ ਕਮਜ਼ੋਰੀ ਨਹੀਂ ਕਿਹਾ ਜਾ ਸਕਦਾ। ਬੁਜਦਿਲੀ ਵੀ ਨਹੀਂ। ਐਨੀ ਜਲਦੀ ਕੋਈ ਕਿਵੇਂ ਨਿਰਣਾ ਲੈ ਸਕਦਾ। ਮੁਮਕਿਨ ਨਹੀਂ। ਬਿਲਕੁਲ ਨਹੀਂ। ਹੋ ਹੀ ਨਹੀਂ ਸਕਦਾ। ਮੈਂ ਨਹੀਂ ਮੰਨਦਾ। ਨਿਰਣਾ ਲੈਣਾ ਕੋਈ ਗੁੱਡੇ-ਗੁੱਡੀ ਦੇ ਵਿਆਹ ਜਿਹਾ ਨਹੀਂ ਹੁੰਦਾ। ਸੋਚਣਾ ਪੈਂਦਾ। ਵਿਚਾਰਨਾ ਪੈਂਦਾ। ਵਿਚਰਨਾ ਤੇ ਵਿਚਾਰਣਾ ਦੋਵੇਂ ਹੀ ਸਮਝੋ।
ਉਸ ਦਿਨ ਨਾ ਤਾਂ ਮੈਂ ਸੋਚਣ ਦੇ ਮੂਡ ’ਚ ਸੀ ਨਾ ਹੀ ਵਿਚਾਰਣ ਦੇ। ਵਿਹਲਾ ਸੀ। ਕੋਈ ਖਾਸ ਕੰਮ ਨਹੀਂ ਸੀ। ਕਿਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਮਨ ਸ਼ਾਂਤ ਸੀ। ਘਰ ’ਚ ਸੁੱਖ-ਸ਼ਾਂਤੀ ਹੋਵੇ, ਦਫਤਰੀ ਕੰਮ ਠੀਕ-ਠਾਕ ਚੱਲ ਰਿਹਾ ਹੋਵੇ ਤਾਂ ਨੀਂਦ ਗੂੜ੍ਹੀ ਆਉਂਦੀ ਹੈ। ਚਿੱਤ ਵੀ ਟਿਕਾਣੇ ਸਿਰ ਰਹਿੰਦਾ ਹੈ। ਪਿੰਡ ਗਿਆਂ ਦੋ-ਢਾਈ ਮਹੀਨੇ ਹੋ ਗਏ ਸਨ। ਪਿੰਡੋਂ ਵੀ ਕੋਈ ਆਇਆ/ਗਿਆ ਨਹੀਂ ਸੀ। ਨਵੰਬਰ ਦੇ ਆਖਰੀ ਦਿਨ ਸਨ। ਠੰਢ ਕੋਈ ਬਹੁਤੀ ਨਹੀਂ ਸੀ। ਧੁੱਪ ’ਚ ਬੈਠਣਾ ਤੇ ਉਹ ਵੀ ਸਵੇਰੇ-ਸਵੇਰੇ ਚੰਗਾ ਲੱਗਦਾ। ਲੋਈ ਦੀ ਬੁੱਕਲ ਮਾਰੀ, ਚੜ੍ਹਦੀ ਧੁੱਪ ’ਚ ਨਿੱਘ ਮਹਿਸੂਸ ਹੁੰਦਾ। ਸ਼ਨੀਵਾਰ ਸੀ। ਮੈਂ ਅਖਬਾਰ ਲੈ ਕੇ ਛੱਤ ’ਤੇ ਆ ਗਿਆ। ਸਾਡੇ ਵਾਲੀ ਲਾਈਨ ਦੇ ਕੁਆਟਰਾਂ ਪਿੱਛੇ ਖੇਤ ਪੈਂਦੇ ਹਨ। ਹਰਿਆਲੀ ਨਾਲ ਭਰਪੂਰ। ਮੱਠੀ-ਮੱਠੀ ਵਗਦੀ ਹਵਾ ’ਚ ਸਰੋ੍ਹਂ ਦੇ ਅੱਧ-ਪਚੱਧੇ ਖਿੜੇ ਫੁੱਲਾਂ ਦੀ ਖੁਸ਼ਬੂ ਰਲੀ ਹੋਈ ਸੀ। ਇਕ ਤਰ੍ਹਾਂ ਦਾ ਨਸ਼ਾ ਵੰਡਦੀ ਹੋਈ। ਮੇਰੇ ਸਾਹਮਣੇ ਦੂਰ ਤਾਈਂ ਖੇਤ ਫੈਲੇ ਹੋਏ ਸਨ। ਮੈਂ ਕੁਆਟਰਾਂ ਵੱਲ ਪਿੱਠ ਕਰਕੇ ਬਨੇਰੇ ’ਤੇ ਇਕ ਪੈਰ ਟਿਕਾ ਕੇ ਖੜ੍ਹਾ ਸੀ। ਕਹਿ ਲਉ ਜਾਂ ਸਮਝ ਲਉ ਲੁਤਫ਼ ਲੈ ਰਿਹਾ ਸੀ। ਇਸ ਸਮੇਂ ਬੰਦਾ ਕੁਝ ਨਹੀਂ ਸੋਚ ਸਕਦਾ। ਬੱਸ ਦੇਖਦਾ ਹੈ। ਦੇਖੀ ਹੀ ਜਾਂਦਾ ਹੈ। ਕੁਦਰਤ। ਹਰਿਆਲੀ। ਮੇਰੀ ਸਥਿਤੀ ਕੁਝ ਇਹੋ ਜਿਹੀ ਸੀ। ਮੈਂ ਛੱਤ ਦੇ ਇਕ ਸਿਰੇ ਤੋਂ ਦੂਜੇ ਸਿਰ ਤਕ ਜਾਂਦਾ। ਨੀਵੀਂ ਪਾਈ ਹੀ ਮੁੜ ਪੈਂਦਾ। ਸਾਹਮਣੇ ਫੈਲੀ ਖੁਸ਼ਬੂ ਨੇ ਮੈਨੂੰ ਆਪਣੇ ਕਲਾਵੇ ’ਚ ਲੈ ਰੱਖਿਆ ਸੀ। ਆਨੰਦ ਭਰਪੂਰ। ਕਿੰਨੇ ਸਾਲਾਂ ਤੋਂ ਮੇਰੇ ਅੰਦਰ ਜਮ੍ਹਾਂ ਹੋਈ ਚੰਮ ਦੀ ਬਦਬੂ ’ਤੇ ਇਹ ਭਾਰੂ ਹੋ ਗਈ। ਹਵਾ ਵਿਚ ਸਮੋਈ ਇਸ ਤਾਜ਼ਗੀ ਨੇ ਮੈਨੂੰ ਆਲੇ-ਦੁਆਲੇ ਦੀ ਸੁਧ ਨਹੀਂ ਰਹਿਣ ਦਿੱਤੀ ਸੀ।
‘‘ਲੱਧੜ ਸਾਹਿਬ, ਮਾਰਨਿੰਗ ਵਾਕ ਹੋਈ ਜਾਂਦੀ ਐ?’’ ਸੱਜੇ ਪਾਸਿਉਂ ਸ਼ਰਮੇ ਨੇ ਆ ਪੁੱਛਿਆ।
‘‘ਬੱਸ ਉਦਾਂ ਹੀ…।’’ ਮੇਰੀ ਉਸ ਵੱਲ ਪਿੱਠ ਸੀ।
‘‘ਸਿੱਧਾ ਕਹੋ ਨਾ, ਤਾਜ਼ੀ ਹਵਾ ਦਾ ਮਜ਼ਾ ਲੈ ਰਹੇ ਹੋ।’’
ਮੈਂ ਇਹਨੂੰ ਪਸੰਦ ਨਹੀਂ ਕਰਦਾ। ਇਹ ਬਹੁਤ ਗਾਲੜੀ ਹੈ। ਇਕ ਵਾਰੀ ਕੋਈ ਗੱਲ ਸ਼ੁਰੂ ਕਰ ਲਵੇ, ਫੇਰ ਇਸ ਤੋਂ ਪੱਲਾ ਛੁਡਾਉਣਾ ਬਹੁਤ ਔਖਾ। ਕਈ ਵਾਰ ਮੈਂ ਹੁੰਗਾਰਾ ਦੇਣੋਂ ਵੀ ਹਟ ਜਾਣਾ। ਇਹਨੂੰ ਇਸ ਨਾਲ ਫਰਕ ਨਹੀਂ ਪੈਂਦਾ। ਇਸ ਦੇ ਲਈ ਐਨਾ ਹੀ ਕਾਫੀ ਹੁੰਦਾ ਕਿ ਮੈਂ ਇਹਦੇ ਕੋਲ ਖੜ੍ਹਾ ਹਾਂ।
ਅੱਜ ਫੇਰ ਮੈਂ ਇਹਦੀ ਗ੍ਰਿਫਤ ’ਚ ਆ ਗਿਆ।
‘‘ਲਉ ਜੀ – ਆਹ ਜਿਹੜੀ ਡੀ.ਐਸ. ਫੋਰ ਦੀ ਸੈਨਾ ਬਣ ਗਈ ਆ ਨਾ – ਆ ਹੀ- ਕਾਸ਼ੀ-ਮਾਇਆਵਤੀ ਵਾਲੀ ਇਹਨੇ ਜਾਤ-ਪਾਤ ਦਾ ਵਖਰੇਵਾਂ ਹੋਰ ਵਧਾ ਦਿੱਤਾ। ਲੋਕ ਜਾਤ-ਪਾਤ ਭੁੱਲ ਚੁੱਕੇ ਸੀ। ਪਰ ਆਹ ਜਿਹੜੀ ਵੋਟਾਂ ਦੀ ਰਾਜਨੀਤੀ ਆ, ਇਹ ਆਪਣੀਆਂ ਚਾਲਾਂ ਚੱਲਦੀ ਰਹਿੰਦੀ ਹੈ। ਤੁਸੀਂ ਪੁੱਛੋ, ਕਿਵੇਂ, ਮੈਂ ਤੁਹਾਨੂੰ ਆਪਣੇ ਦਫਤਰ ਦੀ ਇਕ ਘਟਨਾ…?’’
ਸ਼ਰਮੇ ਦੀ ਗੱਲ ਦੀ ਲੜੀ ਅਗਾਂਹ ਤੁਰਦੀ, ਉਦੋਂ ਹੀ ਬਣਵੈਤ ਦੇ ਕੁਆਟਰ ਵੱਲੋਂ ਸ਼ੋਰ ਉਠਿਆ। ਇਹ ਸ਼ੋਰ ਕਦੇ ਉੱਚਾ ਹੋ ਜਾਂਦਾ। ਕਦੇ ਮੱਧਮ। ਮੈਂ ਤੇ ਸ਼ਰਮਾ ਬਨੇਰੇ ਕੋਲ ਆ ਕੇ ਖੜ੍ਹ ਗਏ।
‘‘ਇਕ ਵਾਰ ਫੇਰ ਆਖ ਤਾਂ…,’’ ਬੰਤੀ ਸ਼ੇਰਨੀ ਬਣੀ ਵਾਰ-ਵਾਰ ਇਹੋ ਕਹਿ ਰਹੀ ਸੀ। ਮੈਂ ਉਸ ਨੂੰ ਕਦੇ ਐਦਾਂ ਗੁੱਸੇ ’ਚ ਨਹੀਂ ਦੇਖਿਆ। ਆਪਣੇ ਕੁਆਟਰ ਅੱਗੇ ਖੜ੍ਹੀ ਉਹ ਝਈਆਂ ਲੈ-ਲੈ ਕੇ ਮਿਸਿਜ਼ ਸਿੰਘ ਵੱਲ ਤੇਜ਼ੀ ਨਾਲ ਜਾਂਦੀ। ਤਿੰਨ ਕੁ ਫੁੱਟ ਦਾ ਫਾਸਲਾ ਰੱਖਦੀ। ਫੇਰ ਜਿਥੇ ਪਹਿਲਾਂ ਖੜ੍ਹੀ ਸੀ, ਉਥੇ ਮੁੜ ਆ ਖੜ੍ਹਦੀ। ਜਿਵੇਂ ਅਗਾਂਹ ਕੋਈ ਲਛਮਣ ਰੇਖਾ ਉਕਰੀ ਹੋਵੇ, ਜਿਸ ਨੂੰ ਨਾ ਤਾਂ ਮਿਸਿਜ਼ ਸਿੰਘ ਤੇ ਨਾ ਹੀ ਉਹ ਪਾਰ ਕਰਨਾ ਚਾਹੁੰਦੀ ਹੋਵੇ। ਕਲਪਦੀ, ਬੋਲਦੀ ਦੀ ਚੁੰਨੀ ਦਾ ਇਕ ਲੜ ਧਰਤੀ ਨਾਲ ਘਿਸੜਣ ਲੱਗ ਜਾਂਦਾ। ਚੁੰਨੀ ਸੂਤ-ਬਾਤ ਕਰਦਿਆਂ ਉਸ ਦਾ ਗੁੱਸਾ ਸੱਤ ਅਸਮਾਨੀਂ ਜਾ ਚੜ੍ਹਦਾ।
ਮੈਂ ਹੈਰਾਨ ਸੀ ਕਿ ਬਹੁਤ ਹੀ ਧੀਮੀ ਆਵਾਜ਼ ’ਚ ਬੋਲਣ ਵਾਲੀ ਬੰਤੀ ਦਾ ਕੜ ਕਿਵੇਂ ਪਾਟ ਗਿਆ ਸੀ।
‘‘ਇਕ ਵਾਰ ਕੀ, ਮੈਂ ਤਾਂ ਸੌ ਵਾਰ ਕਹੂੰ, ਤੇਰਾ ਮੁੰਡਾ ਚੋਰ…।’’ ਮਿਸਿਜ਼ ਸਿੰਘ ਨੇ ਫੇਰ ਮੋੜਵਾਂ ਜੁਆਬ ਦਿੱਤਾ। ਉਹ ਆਪਣੇ ਕੁਆਟਰ ਅੱਗੇ ਲਾਈ ਸਬਜ਼ੀ ਦੀਆਂ ਕਿਆਰੀਆਂ ਤੋਂ ਦੋ ਫੁੱਟ ਅਗਾਂਹ ਖੜ੍ਹੀ ਸੀ। ਸੱਜੇ ਤੇ ਖੱਬੇ ਪਾਸੇ ਉਸ ਦੇ ਬੱਚੇ ਖੜ੍ਹੇ ਸਨ। ਉਸ ਨੂੰ ਵਾਰ-ਵਾਰ ਅਗਾਂਹ ਜਾਣ ਤੋਂ ਰੋਕਦੇ। ਚੁੱਪ-ਚਾਪ। ਇਵੇਂ ਲੱਗਦਾ ਸੀ ਜਿਵੇਂ ਉਹ ਉਸ ਦੀ ਹਿਫਾਜ਼ਤ ਲਈ ਖੜ੍ਹੇ ਸਨ ਜੋ ਨਾ ਤਾਂ ਉਹ ਇਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਮੰਮੀ ਬੰਤੀ ਨਾਲ ਹੱਥੋਪਾਈ ਹੋਵੇ। ਨਾ ਹੀ ਬੰਤੀ ਨੂੰ ਇਸ ਪਾਸੇ ਆਉਣ ਦੇਣਾ ਚਾਹੁੰਦੇ ਸਨ।
ਛੁੱਟੀ ਦਾ ਦਿਨ ਸੀ। ਮਿਸਿਜ਼ ਸਿੰਘ ਕੋਲ ਕੋਈ ਕੰਮ ਨਹੀਂ ਸੀ। ਉਹ ਬਰੇਕ-ਫਾਸਟ ਕਰ ਚੁੱਕੇ ਸਨ। ਬੱਚਿਆਂ ਨੂੰ ਸਕੂਲ ਵਾਲੀ ਵੈਨ ਨੇ ਲੈ ਜਾਣਾ ਸੀ।
‘‘ਦੇਖੋ ਭਰਾ ਜੀ, ਆਹ ਜਿਹੜੀ ਨਿੱਕਰ ਇਹਦੇ ਕੁਸ਼ ਲੱਗਦੇ ਦੇਸੇ ਨੇ ਪਾਈ ਹੈ ਨਾ, ਇਹ ਮੇਰੇ ਜਸਪਾਲ ਦੀ ਹੈ।’’ ਮਿਸਿਜ ਸਿੰਘ ਨੇ ਕੋਲ ਆ ਖੜ੍ਹੇ ਬਣਵੈਤ ਨੂੰ ਦੱਸਿਆ।
‘‘ਕਿਉਂ ਝੂਠ ਬੋਲਣ ’ਤੇ ਲੱਕ ਬੰਨ੍ਹ ਲਿਆ। ਇਹ ਤਾਂ ਮੈਂ ਪਿਛਲੇ ਐਤਵਾਰ ਪਾਇਲ ਸਿਨਮੇ ਕੋਲ ਲੱਗੀ ਸੇਲ ’ਚੋਂ ਪੰਦਰਾਂ ਰੁਪਈਆਂ ਦੀ ਖਰੀਦ ਕੇ ਲਿਆਂਦੀ। ਜੇ ਮੇਰੇ ਆਖੇ ਦਾ ਇਤਬਾਰ ਨ੍ਹੀਂ ਆਉਂਦਾ ਤਾਂ ਹੁਣੇ ਚੱਲ ਮੇਰੇ ਨਾਲ। ਉਥੇ ਅਜੇ ਵੀ ਸੇਲ ਲੱਗੀ ਏ।’’ ਬੰਤੀ ਨੇ ਆਪਣੀ ਸਫਾਈ ਦਿੱਤੀ।
‘‘ਕੁੱਤੀਏ!… ਰੱਬ ਨੂੰ ਜਾਨ ਦੇਣੀ ਹੈ…।’’ ਮਿਸਿਜ਼ ਸਿੰਘ ਹਫਦੀ ਹੋਈ ਬੋਲੀ।
ਲੱਗਦਾ ਸੀ ਜਿਵੇਂ ਉਸ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੋ ਗਈ ਸੀ। ਉਹ ਮਿਸਿਜ਼ ਸਿੰਘ ਦੇ ਬਿਲਕੁਲ ਲਾਗੇ ਚਲੇ ਗਈ, ਫੇਰ ਕੁਝ ਸੋਚ ਕੇ ਪਿੱਛੇ ਹਟ ਗਈ। ਉਹ ਦੋਵੇਂ ਜੋ ਮੂੰਹ ’ਚ ਆਇਆ, ਬੋਲਦੀਆਂ ਗਈਆਂ। ‘‘ਆ ਮੇਰੇ ਪੇਅ ਦੀਏ ਕੁਸ਼ ਲੱਗਦੀਏ – ਹਰਾਮ ਦੀ ਮਾਰ – ਚਗਲ – ਆਪਣੇ ਆਪ ਨੂੰ ਵੱਡੀ ਸਤੀ-ਸਵਿੱਤਰੀ ਸਮਝਦੀ – ਮੈਂ ਤੈਥੋਂ ਕੀ ਲੈਣਾ- ਜਦੋਂ ਮੰਗਣ ਆਈ – ਬਾਹੋਂ ਫੜ ਕੇ ਬਾਹਰ ਕੱਢ ਦਈਂ – ਮੈਂ ਤੈਨੂੰ ਭਜਨ ਸਿਹੁੰ ਵਾਲੀ ਗੱਲ ਯਾਦ ਕਰਵਾਵਾਂ। ਯਾਦ ਆ ਨਾ ਸਾਰੀ ਉਮਰ ਲੋਕਾਂ ਦਾ ਗੂੰਹ ਮੂਤ ਚੁੱਕਣ ਵਾਲੀ…’’ ਕੁਆਟਰਾਂ ਦੀਆਂ ਖਿੜਕੀਆਂ, ਦਰਵਾਜ਼ਿਆਂ ’ਚ ਖੜ੍ਹੀਆਂ ਔਰਤਾਂ ਹੱਸ-ਹੱਸ ਕੇ ਚੁੰਨੀਆਂ ਮੂੰਹ ’ਚ ਲੈਣ ਲੱਗੀਆਂ। ਕਈ ਇਹ ਕਿਆਸ ਲਾਉਣ ਲੱਗੀਆਂ ਸਨ ਕਿ ਕੀ ਮਿਸਿਜ਼ ਸਿੰਘ ਬੰਤੀ ਦਾ ਮੁਕਾਬਲਾ ਕਰ ਵੀ ਸਕੇਗੀ? ਜਾਂ ਨਹੀਂ?
ਸ਼ਰਮੇ ਨੇ ਮੈਨੂੰ ਇਸ਼ਾਰਾ ਕੀਤਾ। ਅਸੀਂ ਦੋਵੇਂ ਹੇਠਾਂ ਉਤਰ ਆਏ। ਲੜਾਈ ਸਾਡੇ ਕੁਆਟਰਾਂ ਤੋਂ ਪੰਜਾਹ ਕੁ ਫੁੱਟ ਅੱਗੇ ਚੱਲ ਰਹੀ ਸੀ।
‘‘ਬੰਤੀ ਦੇ ਮੁੰਡੇ ਦੀ ਸ਼ਕਲ ਜਮਾਂ ਈ ਚੋਰਾਂ ਵਰਗੀ ਲੱਗਦੀ ਹੈ।’’ ਸਾਨੂੰ ਕੋਲ ਆਉਂਦਿਆਂ ਦੇਖ ਤਿਵਾੜੀ ਨੇ ਕਿਹਾ।
‘‘ਹੋ ਸਕਦੈ।’’ ਸ਼ਰਮੇ ਨੇ ਇਸ ਗੱਲ ਦੀ ਅੱਧ ਮੰਨੇ ਮਨ ਨਾਲ ਹਾਮੀ ਭਰੀ।
‘‘ਸ਼ਰਮਾ ਸਾਹਿਬ, ਤੁਸੀਂ ਵੀ ਕੀ ਗੱਲ ਕਰ ਰਹੇ ਹੋ। ਹੋ ਸਕਦਾ ਨ੍ਹੀਂ, ਹੈ। ਤੁਸੀਂ ਪੁੱਛੋ ਕਿਵੇਂ? ਮੈਂ ਸਬੂਤ ਪੇਸ਼ ਕਰ ਸਕਦਾਂ। ਜਮਾਂ ਈ ਖਰੇ ਸਬੂਤ।’’ ਤਿਵਾੜੀ ਇਕ ਤਰ੍ਹਾਂ ਨਾਲ ਸਾਨੂੰ ਰੋਕ ਕੇ ਹੀ ਖੜ੍ਹ ਗਿਆ ਜਿਵੇਂ ਉਸ ਆਪਣੀ ਗੱਲ ਮਨਵਾਉਣ ਲਈ ਢੇਰ ਸਾਰੇ ਸਬੂਤ ਇਕੱਠੇ ਕੀਤੇ ਹੋਏ ਸਨ।
‘‘ਕਿੱਦਾਂ?’’ ਆਪਣੇ-ਆਪ ਨੂੰ ਰੋਕਦਿਆਂ-ਰੋਕਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ।
‘‘ਤੁਹਾਨੂੰ ਪਤਾ ਹੋਣਾ ਕਿ ਸਾਡੇ ਕੁਆਟਰ ਪਿੱਛੇ ਵਿਹੜਾ ਪੈਂਦਾ। ਉਧਰ ਹੀ ਬਾਥਰੂਮ ਹੈਗਾ। ਅਸੀਂ ਮੀਆਂ-ਬੀਵੀ ਦਫਤਰ ਚਲੇ ਜਾਈਦਾ। ਸਾਡੇ ਅੰਡਰ ਗਾਰਮੈਂਟਸ ਬਾਹਰਲੀ ਤਾਰ ’ਤੇ ਹੀ ਟੰਗੇ ਪਏ ਰਹਿੰਦੇ। ਪਹਿਲਾਂ ਕਦੇ ਇਕ ਰੁਪਈਏ ਦੀ ਚੀਜ਼ ਇਧਰ-ਉਧਰ ਨ੍ਹੀਂ ਹੋਈ ਸੀ। ਪਰ ਹੁਣ ਆਏ ਦਿਨ ਇਹ ਗਾਇਬ ਹੁੰਦੇ ਆ।’’ ਤਿਵਾੜੀ ਅਜੇ ਵੀ ਮੇਰੇ ਵੱਲ ਸਿੱਧਾ ਹੀ ਦੇਖ ਰਿਹਾ ਸੀ। ਉਹ ਫਿਰ ਬੋਲਿਆ, ‘‘ਸਾਰਾ ਪੁਆੜਾ ਬੰਤੀ ਦੇ ਆਉਣ ’ਤੇ ਪਿਆ। ਪਤਾ ਨ੍ਹੀਂ ਕਿਹੜੀ ਜਾਤ ਦੀ ਆ? ਆਹ ਦੇਸਾ ਤਾਂ ਮੈਨੂੰ ਬਾਜ਼ੀਗਰਾਂ ਦਾ ਬੀਅ ਲੱਗਦਾ। ਅੱਖ ਦੇ ਫੋਰ ’ਚ ਬਾਂਦਰ ਵਾਂਗੂ ਸਫੈਦਿਆਂ ’ਤੇ ਚੜ੍ਹ ਜਾਂਦਾ। ਕੰਧ ਤੋਂ ਛਾਲ ਮਾਰੂ। ਕਦੇ ਅੰਦਰ, ਕਦੇ ਬਾਹਰ। ਇਹਦਾ ਸਰੀਰ ਸਪਰਿੰਗ ਵਾਂਗ ਲਿਫਦਾ। ਸ਼ਿਕਾਰੀ ਕੁੱਤੇ ਵਰਗੀਆਂ ਇਹਦੀਆਂ ਲੱਤਾਂ। ਬੜਾ ਤੇਜ਼ ਦੌੜਦਾ। ਮੈਂ ਆਪ ਅਜ਼ਮਾ ਕੇ ਦੇਖਿਆ। ਇਕ ਦਿਨ ਜਿੰਦਰ ਦੇ ਮੁੰਡੇ ਦਾ ਪਤੰਗ ਪ੍ਰੋਫੈਸਰ ਦੇ ਕੋਠੇ ’ਤੇ ਜਾ ਡਿੱਗਿਆ। ਮੈਡਮ ਤੋਂ ਡਰਦਾ ਮੁੰਡਾ ਉਨ੍ਹਾਂ ਦੇ ਘਰ ਵੱਲ ਮੂੰਹ ਨਾ ਕਰੇ। ਕੁਦਰਤੀ ਮੈਂ ਆ ਗਿਆ। ਮੈਥੋਂ ਮੁੰਡੇ ਦਾ ਹਾਲ ਦੇਖਿਆ ਨਾ ਗਿਆ। ਲੱਗਦਾ ਸੀ ਕਿ ਉਹ ਹੁਣ ਵੀ ਰੋਇਆ ਕਿ ਹੁਣ ਵੀ ਰੋਇਆ। ਮੈਂ ਦੇਸੇ ਨੂੰ ਕਿਹਾ ਕਿ ਜੇ ਤੂੰ ਇਹਦਾ ਪਤੰਗ ਚੁੱਕ ਲਿਆਵੇਂ ਤਾਂ ਮੈਂ ਤੈਨੂੰ ਰੁਪਈਆ ਦਊਂ। ਇਹ ਦੋ ਮਿੰਟਾਂ ’ਚ ਪਤੰਗ ਲੈ ਆਇਆ।’’
ਉਦੋਂ ਹੀ ਸਾਹਮਣੇ ਵਾਲਾ ਜੌੜਾ ਆ ਗਿਆ। ਉਸ ਤਿਵਾੜੀ ਨੂੰ ਬਾਹੋਂ ਫੜ ਕੇ ਮਾੜਾ ਜਿੰਨਾ ਘੁੱਟਿਆ, ਜਿਸ ਦਾ ਮਤਲਬ ਸੀ ਕਿ ਹੁਣ ਤੁਸੀਂ ਚੁੱਪ ਕਰੋ। ਉਹ ਬੋਲਿਆ, ‘‘ਪਹਿਲੀ ਗਲਤੀ ਅਰੋੜਾ ਸਾਹਿਬ ਨੇ ਆਹ ਕੀਤੀ। ਕੁਜਾਤ ਨੂੰ ਹੇਠਲਾ ਪੋਰਸ਼ਨ ਦੇ ਦਿੱਤਾ। ਸਿਰਫ ਆਪਣੇ ਸਵਾਰਥ ਲਈ ਇਹੀ ਬਈ ਕਿ ਇਹ ਉਨ੍ਹਾਂ ਦੀ ਬਿਮਾਰ ਮਾਂ ਦੀ ਸੇਵਾ ਕਰੂ। ਕਰਾ ਲਈਂ ਇਹਦੇ ਤੋਂ ਸੇਵਾ। ਫੇਰ ਕਮਰਾ ਕਿਰਾਏ ’ਤੇ ਦੇਣ ਲੱਗੇ ਇਹ ਤਾਂ ਦੇਖ ਲੈਂਦੇ ਕਿ ਕੀ ਬੰਦਾ ਆਪਣੇ ਸਟੇਟਸ ਦਾ ਹੈ। ਹੁਣ ਆਪਾਂ ਇਕ ਗੱਲ ਕਰੀਏ। ਉਨ੍ਹਾਂ ਨੂੰ ਰਿਕੁਐਸਟ ਕਰੀਏ ਬਈ ਬੰਤੀ ਨੂੰ ਆਪਣੇ ਕੁਆਟਰ ’ਚੋਂ ਕੱਢ ਦੇਣ। ਫੇਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸੁਰੀ।’’
‘‘ਤੁਸੀਂ ਬੜੀ ਦੂਰ ਦੀ ਸੋਚੀ।’’ ਸ਼ਰਮੇ ਨੂੰ ਉਸ ਦੀ ਤਜਵੀਜ਼ ਭਾਅ ਗਈ ਸੀ।
ਮਿਸਿਜ਼ ਸਿੰਘ ਤੇ ਬੰਤੀ ਇਕ ਵਾਰ ਫੇਰ ਹੱਥੋਪਾਈ ਹੁੰਦੀਆਂ-ਹੁੰਦੀਆਂ ਮਸਾਂ ਹੀ ਹਟੀਆਂ।
ਅਸੀਂ ਥੋੜ੍ਹਾ ਕੁ ਹੋਰ ਅਗਾਂਹ ਚਲੇ ਗਏ।
‘‘ਦੱਸੋ ਵੀਰ ਜੀ, ਮੇਰਾ ਦੇਸ ਰਾਜ ਤੁਹਾਨੂੰ ਚੋਰ ਲੱਗਦੈ?’’ ਹੁਣ ਬੰਤੀ ਮਿਸਿਜ਼ ਸਿੰਘ ਵੱਲੋਂ ਹਟ ਕੇ ਮੈਨੂੰ ਮੁਖਾਤਿਬ ਹੋਈ।
‘‘ਨ੍ਹੀਂ, ਬਿਲਕੁਲ ਨ੍ਹੀਂ। ਇਹ ਤਾਂ ਬੀਬਾ ਬੱਚਾ। ਬਰਿਲੀਐਂਟ ਬੁਆਇ। ਤੇਜ਼ ਦਿਮਾਗ ਵਾਲਾ। ਇਹ ਕਦੇ ਵੀ ਚੋਰੀ ਨ੍ਹੀਂ ਕਰ ਸਕਦਾ।’’ ਮੈਂ ਕਿਹਾ ਤਾਂ ਸ਼ਰਮੇ ਅਤੇ ਤਿਵਾੜੀ ਨੇ ਮੈਨੂੰ ਘੂਰ ਕੇ ਦੇਖਿਆ। ਜੌੜਾ ਕਦੇ ਮੇਰੇ ਵੱਲ ਦੇਖ ਲੈਂਦਾ। ਕਦੇ ਬੰਤੀ ਵੱਲ। ਜਿਵੇਂ ਉਸ ਨੂੰ ਮੇਰੇ ਕੋਲੋਂ ਅਜਿਹੇ ਵਰਤਾਉ ਦੀ ਕੋਈ ਆਸ ਨਹੀਂ ਸੀ। ਉਹ ਸਾਰੇ ਇਸ ਨੂੰ ਆਖਰੀ ਸੱਚ ਮੰਨੀ ਬੈਠੇ ਸਨ। ਇਸ ਕਾਲੋਨੀ ’ਚ ਹੁੰਦੀ ਹਰੇਕ ਨਿੱਕੀ-ਮੋਟੀ ਚੋਰੀ ’ਚ ਉਨ੍ਹਾਂ ਨੂੰ ਇਸ ਮੁੰਡੇ ਦਾ ਸਿੱਧਾ ਹੱਥ ਲੱਗਦਾ ਸੀ।
‘‘ਤੁਸੀਂ ਇਹ ਕਹਿ ਕੇ ਉਸ ਨੂੰ ਸ਼ਹਿ ਨਾ ਦਿਓ। ਤੁਹਾਨੂੰ ਇਸ ਮੁੰਡੇ ਦੀਆਂ ਆਦਤਾਂ ਦਾ ਪਤਾ ਨ੍ਹੀਂ।’’ ਵਿਰਦੀ ਸਾਹਿਬ ਨੇ ਮੇਰੇ ਕੰਨ ਕੋਲ ਮੂੰਹ ਲਿਆ ਕੇ ਕਿਹਾ। ਮੈਥੋਂ ਕਿਹਾ ਗਿਆ, ‘‘ਤੁਹਾਡੀ ਗੱਲ ਵੀ ਸੱਚੀ ਹੋ ਸਕਦੀ ਐ।’’
ਦਰਅਸਲ ਉਸ ਸਮੇਂ ਮੈਂ ਕਾਲੋਨੀ ਦੀ ਬਰਾਦਰੀ ਦੀ ‘ਹਾਂ’ ’ਚ ‘ਹਾਂ’ ਮਿਲਾਉਣ ’ਚ ਹੀ ਆਪਣਾ ਫਾਇਦਾ ਸਮਝਿਆ ਸੀ।
ਮੈਂ ਬੰਤੀ ਨੂੰ ਆਪਣੇ ਕਮਰੇ ਵਿਚ ਜਾਣ ਲਈ ਇਸ਼ਾਰਾ ਕੀਤਾ। ਉਸ ਅੱਗੋਂ ਕੋਈ ਉਜ਼ਰ ਨਾ ਕੀਤੀ। ਮਿਸਿਜ਼ ਸਿੰਘ ਦੀਆਂ ਨਜ਼ਰਾਂ ’ਚ ਸ਼ੱਕ ਦੇ ਡੋਰੇ ਉਭਰੇ। ਉਹ ਨਾਸਾਂ ਫੈਲਾਉਂਦੀ, ਦਰਵਾਜ਼ੇ ’ਚ ਖੜ੍ਹੀ ਬੰਤੀ ਦੇ ਕਮਰੇ ਵੱਲ ਦੇਖ ਰਹੀ ਸੀ। ਜੇਤੂ ਅੰਦਾਜ਼ ’ਚ।
‘‘ਚਾਹ ਚੱਲੇ?’’ ਜੌੜੇ ਨੇ ਅਮਨ-ਸ਼ਾਂਤੀ ਦੇਖ ਮੇਰੇ ਨਾਲ ਸੁਲਾਹ ਮਾਰੀ।
‘‘ਜ਼ਰੂਰ-ਜ਼ਰੂਰ।’’ ਸ਼ਰਮਾ ਝੱਟ ਬੋਲਿਆ। ਮੇਰੇ ਨਾਂਹ-ਨਾਂਹ ਕਰਦਿਆਂ ਵੀ ਮੇਰੀ ਬਾਂਹ ਫੜ ਕੇ ਅੰਦਰ ਨੂੰ ਲੈ ਤੁਰਿਆ।
ਮਿਸਿਜ਼ ਜੌੜਾ ਬੋਲੀ, ‘‘ਭਾਈ ਸਾਹਿਬ, ਇਹ ਪੜ੍ਹਿਆਂ-ਲਿਖਿਆਂ ਦੀ ਕਲੋਨੀ ਏ। ਮੈਨਰਜ਼ ਨਾਲ ਹੀ ਬੋਲਣਾ/ਰਹਿਣਾ ਚੰਗਾ ਲੱਗਦਾ ਏ?’’
‘‘ਹਾਂ, ਭਰਜਾਈ ਜੀ, ਬੰਤੀ ਤਾਂ ਬੋਲਣ ਲੱਗੀ ਕੋਈ ਅੱਗਾ-ਪਿੱਛਾ ਨ੍ਹੀਂ ਦੇਖਦੀ ਕਿ ਉਸ ਕੋਲ ਕੋਈ ਮਰਦ ਵੀ ਖੜ੍ਹੈ।’’ ਤਿਵਾੜੀ ਬੋਲਿਆ।
‘‘ਇਹਦਾ ਕੋਈ ਪੱਕਾ ਉਪਾਅ ਕਰੋ ਨਾ। ਇਕ ਉਸ ਦਾ ਮੁੰਡਾ ਚੋਰ। ਉਪਰੋਂ ਸੀਨਾ-ਜ਼ੋਰੀ ਕਰਦੀ ਐ। ਇਕ ਕੰਮ ਮੈਂ ਕਰ ਸਕਦੀ ਆਂ। ਜਿਸ ਫੈਕਟਰੀ ਵਿਚ ਇਹ ਪੀਅਨ ਲੱਗੀ ਉਥੇ ਮੇਰੀ ਇਕ ਕੁਲੀਗ ਦਾ ਬ੍ਰਦਰ ਲੱਗਾ। ਉਸ ਨੂੰ ਰਿਕੁਐਸਟ ਕਰਕੇ ਇਸ ਨੂੰ ਹਟਾਉਨੀ ਆਂ। ਤੁਸੀਂ ਅਰੋੜਾ ਸਾਹਿਬ ਕੋਲ ਜਾਉ ਜਾਂ ਉਨ੍ਹਾਂ ਨੂੰ ਇੱਥੇ ਸੱਦ ਲਉ।’’ ਮਿਸਿਜ ਜੌੜਾ ਨੇ ਆਪਣੀ ਤਜਵੀਜ਼ ਰੱਖੀ।
ਸਾਰੇ ਅਰੋੜਾ ਸਾਹਿਬ ਵੱਲ ਤੁਰ ਪਏ।
‘‘ਅਰੋੜਾ ਸਾਹਿਬ ਤਾਂ ਕਿਧਰੇ ਰੜਕਦੇ ਨ੍ਹੀਂ।’’ ਸ਼ਰਮੇ ਨੇ ਜਾ ਪੁੱਛਿਆ।
‘‘ਟੁਰ ’ਤੇ ਗਏ ਹੋਣੇ। ਸ਼ਾਮ ਨੂੰ ਆ ਜਾਣਗੇ।’’
‘‘ਫੇਰ ਸ਼ਾਮ ਨੂੰ ਸਹੀ।’’
‘‘ਠੀਕ’’, ਕਹਿੰਦਿਆਂ ਸਾਰੇ ਆਪਣੇ-ਆਪਣੇ ਕੁਆਟਰਾਂ ਵੱਲ ਤੁਰ ਪਏ। ਸ਼ਰਮੇ ਨੇ ਆਪਣੇ ਗੇਟ ਕੋਲ ਪਹੁੰਚਦਿਆਂ ਫਿਰ ਤਾਕੀਦ ਕੀਤੀ। ‘‘ਲੱਧੜ ਸਾਹਿਬ, ਕਿਤੇ ਜਾਣਾ ਨ੍ਹੀਂ ਜੇ। ਆਪਾਂ ਅੱਜ ਇਹਦਾ ਕੱਟਾ-ਕੱਟੀ ਕੱਢ ਦੇਣਾ।’’
* * *
ਪੌੜੀਆਂ ਚੜ੍ਹਨ ਲੱਗਾ ਤਾਂ ਸੰਤੋਸ਼ ਨੇ ਪੁੱਛਿਆ, ‘‘ਕਰ ਆਏ ਫੈਸਲਾ?’’ ਮੇਰੇ ਜੁਆਬ ਦੇਣ ਤੋਂ ਪਹਿਲਾਂ ਹੀ ਉਹ ਫੇਰ ਬੋਲੀ, ‘‘ਕੱਲ੍ਹ ਬੰਤੀ ਆਈ ਸੀ।’’
‘‘ਅੱਛਾ।’’ ਮੈਂ ਹੇਠਾਂ ਆ ਗਿਆ।
‘‘ਕਹਿੰਦੀ ਸੀ, ਵੀਰ ਜੀ ਨੂੰ ਦੱਸਿਓ, ਇਹ ਸਾਰੀਆਂ ਬਾਬੂਆਣੀਆਂ ਮੇਰੇ ਮੁੰਡੇ ਨੂੰ ਦੇਖ ਨ੍ਹੀਂ ਸੁਖਾਉਂਦੀਆਂ। ਇਕ ਗੱਲ ਹੋਰ। ਇਸ ਵਾਰੀ ਵੀ ਦੇਸ ਰਾਜ ਆਪਣੀ ਕਲਾਸ ਵਿਚੋਂ ਫਸਟ ਆਇਆ।’’
‘‘ਵੈਰੀ ਗੁੱਡ।’’
‘‘ਕਲਪਦੀ ਸੀ ਕਿ ਇਹੋ ਗੱਲ ਇਨ੍ਹਾਂ ਨੂੰ ਰੜਕਦੀ ਆ।’’
‘‘ਤੇ ਚੋਰੀ?’’
‘‘ਮੈਨੂੰ ਆਪ ਮੁੰਡਾ ਚੋਰ ਲੱਗਦੈ।’’
ਮੈਂ ਕੁਝ ਵੀ ਹੋਰ ਸੁਣਨ ਜਾਂ ਕਹਿਣ ਦੇ ਮੂਡ ’ਚ ਨਹੀਂ ਸੀ। ਮੈਨੂੰ ਉਸ ਦਾ ਵੀਰ ਜੀ ਕਹਿਣਾ ਸ਼ੰਕਿਤ ਕਰਨ ਲੱਗਾ। ਕਾਲੋਨੀ ਦੇ ਬਹੁਤੇ ਬੰਦਿਆਂ ਨੂੰ ਉਹ ਬਾਬੂ ਜੀ ਜਾਂ ਸਰਦਾਰ ਜੀ ਕਹਿ ਕੇ ਬੁਲਾਉਂਦੀ ਹੈ ਪਰ ਮੈਨੂੰ ਵੀਰ ਜੀ ਕਿਉਂ? ਇਸ ਗੱਲ ਦੇ ਰਾਜ਼ ਦੀ ਅਜੇ ਤਕ ਮੈਨੂੰ ਸਮਝ ਨਹੀਂ ਲੱਗੀ ਸੀ। ਉਹ ਵੀ ਸਤਲੁਜ ਪਾਰ ਦੀ ਹੈ। ਕਿਤੇ ਉਸ ਨੂੰ ਮੇਰੀ ਬਰਾਦਰੀ ਦਾ ਤਾਂ ਪਤਾ ਨਹੀਂ ਲੱਗ ਗਿਆ? ਪਰ ਇਹ ਸੰਭਵ ਨਹੀਂ ਹੋ ਸਕਦਾ। ਮੈਂ ਤਾਂ ਆਪਣੀ ਸਬ ਕਾਸਟ ਦੀ ਥਾਂ ’ਤੇ ਪਿੰਡ ਦਾ ਨਾਂ ਲਾਇਆ। ਮੇਰੀ ਜਾਤ ਸਿਰਫ ਮੇਰੀ ਸਰਵਿਸ ਬੁੱਕ ’ਚ ਦਰਜ ਸੀ। ਜਸਵਿੰਦਰ ਦੀ ਕਾਸਟ ਵਾਲਾ ਖਾਨਾ ਵੀ ਉਸ ਦੀ ਮੰਮੀ ਨੇ ਭਰਿਆ ਸੀ। ਜਸਵਿੰਦਰ ਗਿੱਲ। ਮੈਂ ਇਸ ਦਾ ਵਿਰੋਧ ਨਹੀਂ ਕੀਤਾ ਸੀ। ਮੈਨੂੰ ਇਸ ’ਚੋਂ ਸੰਤੁਸ਼ਟੀ ਮਿਲੀ ਸੀ। ਸੰਤੋਸ਼ ਨੇ ਉਸ ਨੂੰ ਆਪਣੀ ਕਾਸਟ ਦਿੱਤੀ ਸੀ। ਉਹ ਪੁੱਤ ਤਾਂ ਅਖੀਰ ਮੇਰਾ ਹੈ। ਜੇ ਮੈਨੂੰ ਉਸ ਦਾ ਸ਼ਡਿਊਲਡ ਕਾਸਟ ਸਰਟੀਫਿਕੇਟ ਬਣਾਉਣਾ ਪਿਆ, ਮੈਂ ਝੱਟ ਬਣਾ ਲੈਣਾ।
ਹੁਣ ਇਨ੍ਹਾਂ ਲੋਕਾਂ ਵਿਚ ਵਿਚਰਦਿਆਂ ਮੈਂ ਆਪਣੇ-ਆਪ ਨੂੰ ਅਪਰ-ਕਾਸਟ ਵਜੋਂ ਸਥਾਪਤ ਕਰ ਲਿਆ ਹੈ। ਇਸ ਕਾਲੋਨੀ ਵਿਚ ਪੰਜਾਹ ਕੁ ਕੁਆਟਰ ਹਨ। ਹਾਊਸਿੰਗ ਬੋਰਡ ਨੇ ਇਹ ਕਲੋਨੀ ਬਣਾਈ ਹੈ। ਬਹੁਤਿਆਂ ਨੇ ਇਹ ਕੁਆਟਰ ਕਿਸ਼ਤਾਂ ’ਤੇ ਲਏ ਹਨ। ਤਕਰੀਬਨ ਸਾਰੇ ਸਰਕਾਰੀ ਕਰਮਚਾਰੀ ਹਨ। ਬਹੁਤੇ ਮੀਆਂ-ਬੀਵੀ ਦੋਵੇਂ ਹੀ। ਦੁਪਹਿਰ ਤਕ ਕਾਲੋਨੀ ’ਚ ਸੁੰਨ ਪੱਸਰੀ ਰਹਿੰਦੀ ਹੈ। ਬੱਚੇ ਸਕੂਲੋਂ ਆਉਂਦੇ ਹਨ। ਖਰੂਦ ਕਰਦੇ ਹਨ। ਛੇ ਵੱਜਦਿਆਂ ਤੀਕ ਜ਼ਿੰਦਗੀ ਆ ਮੁੜਦੀ ਜਾਂ ਛੁੱਟੀ ਵਾਲੇ ਦਿਨ ਪੂਰੀ ਚਹਿਲ-ਪਹਿਲ ਰਹਿੰਦੀ ਹੈ। ਇਨ੍ਹਾਂ ’ਚ ਇਕ ਸਾਂਝ ਹੈ। ਹਮਦਰਦੀ ਹੈ, ਅਪਣੱਤ ਹੈ। ਕੋਈ ਆਪਸ ’ਚ ਲੜਦਾ-ਖਹਿਬੜਦਾ ਨਹੀਂ। ਇਨ੍ਹਾਂ ਕੋਲ ਲੜਨ-ਝਗੜਨ ਦਾ ਸਮਾਂ ਹੀ ਨਹੀਂ ਹੁੰਦਾ। ਆਪਣੇ-ਆਪਣੇ ਦਾਇਰਿਆਂ ’ਚ ਕੈਦ ਹਨ। ਸਾਰੇ ਘਰਾਂ ’ਚ ਮੇਰਾ ਆਉਣ-ਜਾਣ ਹੈ। ਦੁੱਖ-ਸੁੱਖ ਦੀ ਸਾਂਝ ਹੈ।
ਬੰਤੀ?
ਬੰਤੀ ਦਾ ਮੀਆਂ ਕਿਸੇ ਸਰਕਾਰੀ ਦਫਤਰ ’ਚ ਪੀਅਨ ਲੱਗਾ ਹੈ। ਉਸ ਦੱਸਿਆ ਸੀ ਕਿ ਉਸ ਦੀ ਡਿਊਟੀ ਸਾਹਿਬ ਦੀ ਕੋਠੀ ਲੱਗੀ ਹੈ। ਇਸ ਲਈ ਉਸ ਦੇ ਜਾਣ-ਆਉਣ ਜਾਂ ਛੁੱਟੀ ਦਾ ਕੋਈ ਵੇਲਾ ਨਹੀਂ ਹੁੰਦਾ। ਉਸ ਨੂੰ ਘਰੋਂ ਨਿਕਲਦਿਆਂ-ਵੜਦਿਆਂ ਸਬੱਬੀਂ ਦੇਖਿਆ ਜਾਂਦਾ। ਉਸ ਨੂੰ ਆਉਣ-ਜਾਣ ਦੀ ਕਾਹਲ ਲੱਗੀ ਰਹਿੰਦੀ ਹੈ। ਉਸ ਦੀ ਨੀਵੀਂ ਪਾਈ ਹੁੰਦੀ। ਉਸ ਨੂੰ ਕਦੇ ਕਿਸੇ ਨਾਲ ਗੱਲੀਂ ਪਿਆ ਨਹੀਂ ਦੇਖਿਆ ਗਿਆ। ਦੇਸ ਰਾਜ ਨੂੰ ਬੰਤੀ ਆਪ ਨਾਲ ਲਿਆਈ ਸੀ। ਉਸ ਬਿਨਾਂ ਕਿਸੇ ਉਚੇਚ ਦੇ ਕਿਹਾ ਸੀ, ‘‘ਵੀਰ ਜੀ, ਇਹਨੂੰ ਕਿਸੇ ਚੰਗੇ ਜਿਹੇ ਮਾਡਲ ਸਕੂਲ ਵਿਚ ਦਾਖਲ ਕਰਵਾ ਦਿਓ।’’
‘‘ਤੂੰ ਬੱਚੇ ਦਾ ਐਨਾ ਖਰਚ ਦੇ ਸਕੇਂਗੀ।’’ ਹੈਰਾਨੀ ਨਾਲ ਮੈਂ ਉਸ ਨੂੰ ਉਲਟਾ ਸੁਆਲ ਕੀਤਾ ਸੀ।
‘‘ਹਾਂ।’’
‘‘ਤੈਨੂੰ ਪਤੈ, ਉਥੇ ਮਹੀਨੇ ਦਾ ਕਿੰਨਾ ਖਰਚ ਆਉਂਦੈ?’’
‘‘ਕਿਤੇ ਕਿੰਨਾ ਕੁ ਹੋਊ? ਵੱਧ ਤੋਂ ਵੱਧ ਪੰਜ-ਸੱਤ ਸੌ ਹੋਊ। ਮੇਰੇ ਲਈ ਇਹ ਕੋਈ ਵੱਡਾ ਖਰਚਾ ਨ੍ਹੀਂ। ਸਾਡਾ ਇਕੋ ਇਕ ਜੁਆਕ ਐ। ਉਸ ਦੇ ਖਰਚੇ ਜੋਗੇ ਮੈਂ ਇਕੱਲੀ ਨੇ ਕਮਾ ਲੈਣੇ।’’ ਉਸ ਮਾਣ ਜਿਹੇ ਨਾਲ ਕਿਹਾ।
‘‘ਤੈਨੂੰ ਨਾਲ ਜਾਣਾ ਪੈਣਾ…।’’
‘‘ਲਉ, ਤੁਸੀਂ ਜੁ ਹੈਗੇ। ਫੇਰ ਮੈਨੂੰ ਜਾਣ ਦੀ ਕੀ ਲੋੜ ਆ।’’ ਉਹ ਅਥਾਹ ਵਿਸ਼ਵਾਸ ਨਾਲ ਬੋਲੀ ਸੀ। ਮੈਨੂੰ ਹਾਂ ਕਹਿਣੀ ਪਈ ਸੀ। ਜਸਵਿੰਦਰ ਨੇ ਵੀ ਉਸੇ ਸਕੂਲ ’ਚ ਐਡਮਿਸ਼ਨ ਲੈਣਾ ਸੀ। ਮੈਂ ਜਸਵਿੰਦਰ ਲਈ ਲਿਆਂਦਾ ਫਾਰਮ ਦੇਸ ਰਾਜ ਲਈ ਭਰਨ ਲੱਗਾ ਸੀ। ਵਿਚਕਾਰੋਂ ਪੁੱਛਿਆ ਸੀ, ‘‘ਤੁਹਾਡੀ ਜਾਤ?’’
‘‘ਤੁਹਾਨੂੰ ਨ੍ਹੀਂ ਪਤਾ? ਚਮਾਰ।’’ ਕਹਿੰਦਿਆਂ ਉਸ ਦੇ ਚਿਹਰੇ ’ਤੇ ਆਤਮ-ਸੰਤੁਸ਼ਟੀ ਦੇ ਭਾਵ ਉਭਰੇ ਸਨ।
ਬੰਤੀ ਕਿਸੇ ਛੁੱਟੀ ਵਾਲੇ ਦਿਨ ਆ ਜਾਂਦੀ। ਮੈਨੂੰ ਉਸ ਦਾ ਆਉਣਾ ਚੰਗਾ ਲੱਗਦਾ ਸੀ। ਉਸ ਦਾ ਆਉਣਾ ਕੀ, ਦੇਸ ਰਾਜ ਦਾ ਸਟੈਂਡਰਡ ਦੇ ਸਕੂਲ ’ਚ ਪੜ੍ਹਨਾ ਵੀ। ਉਹ ਪੜ੍ਹਾਈ ਵਿਚ ਜਸਵਿੰਦਰ ਨਾਲੋਂ ਬਹੁਤ ਅੱਗੇ ਜਾ ਰਿਹਾ ਸੀ। ਜਿਹੜੀ ਗੱਲ ਜਸਵਿੰਦਰ ਨੂੰ ਵਾਰ-ਵਾਰ ਸਮਝਾਉਣ ’ਤੇ ਮਸਾਂ ਸਮਝ ਆਉਂਦੀ, ਦੇਸ ਰਾਜ ਪਹਿਲੀ ਵਾਰ ਨਹੀਂ ਤਾਂ ਦੂਜੀ ਵਾਰ ਸਮਝ ਲੈਂਦਾ ਸੀ। ਕਾਲੋਨੀ ਦੇ ਹੋਰ ਘਰਾਂ ਵਾਂਗ ਮੈਨੂੰ ਉਸ ਦੀ ਹੋਂਦ ਅੱਖਰਦੀ ਨਹੀਂ ਸੀ। ਮੈਂ ਉਸ ਦੀ ਤੇਜ਼ ਬੁੱਧੀ ਦੀ ਦਾਦ ਦਿੰਦਾ। ਸੰਤੋਸ਼ ਵੀ ਕਹਿੰਦੀ ਸੀ ਕਿ ਉਹ ਮੈਰਿਟ ’ਤੇ ਰਹੇਗਾ। ਮੈਂ ਉਸ ਦੀ ਗੱਲ ’ਤੇ ਗੌਰ ਕਰਦਾ। ਕਿਤੇ ਇਹ ਵਿਅੰਗ ਨਾਲ ਤਾਂ ਨਹੀਂ ਕਹਿ ਰਹੀ। ਕਿਤੇ ਇਸ ਨੂੰ ਵੀ ਉਸ ਪ੍ਰਤੀ ਸਾੜਾ ਤਾਂ ਨਹੀਂ ਹੋ ਰਿਹਾ। ਉਹ ਮੇਰੇ ਸਾਹਮਣੇ ਉਸ ਦੀ ਜਾਤ ਨੂੰ ਮੰਦਾ ਚੰਗਾ ਨਹੀਂ ਬੋਲ ਸਕਦੀ ਸੀ। ਚੁੱਪ ਰਹਿੰਦੀ ਸੀ। ਇਨ੍ਹਾਂ ਦਿਨਾਂ ’ਚ ਮੇਰੇ ਮਨ ’ਤੇ ਇਕ ਹੋਰ ਵਿਚਾਰ ਭਾਰੂ ਹੋਣ ਲੱਗਾ ਕਿ ਜਸਵਿੰਦਰ ਦੇ ਨਾਲ-ਨਾਲ ਦੇਸ ਰਾਜ ਦੀ ਵੀ ਟਿਊਸ਼ਨ ਰਖਵਾ ਦਵਾਂ। ਇਸ ਦਾ ਖਰਚਾ ਖੁਦ ਝੱਲਾਂ। ਪਰ ਸੰਤੋਸ਼ ਨੇ ਇਸ ਦੇ ਉਲਟ ਅਰਥ ਕੱਢ ਲੈਣੇ ਸਨ। ਮੈਂ ਕਿਸੇ ਸ਼ੱਕ ’ਚ ਉਲਝਣਾ ਨਹੀਂ ਚਾਹੁੰਦਾ ਸੀ।
* * *
ਹੁਣ ਫੇਰ ਮੈਂ ਛੱਤ ’ਤੇ ਟਹਿਲ ਰਿਹਾਂ। ਮੇਰਾ ਧਿਆਨ ਸਰੋ੍ਹਂ ਦੇ ਫੁੱਲਾਂ ਵੱਲ ਨਹੀਂ। ਮੈਂ ਸੋਚਣ ਦੀ ਮੁਦਰਾ ’ਚ ਹਾਂ। ਮੈਂ ਕਲੋਨੀ ਦੀ ‘ਹਾਂ’ ’ਚ ‘ਹਾਂ’ ਮਿਲਾਉਣੀ ਹੈ। ਉਨ੍ਹਾਂ ਦੇ ਹਿੱਤ ਵਿਚ ਬੋਲਣਾ ਹੈ। ਇਸ ਤੋਂ ਬਿਨਾਂ ਕੁਝ ਹੋਰ ਨਹੀਂ ਕਰ ਸਕਦਾ।
ਥੱਲਿਉਂ ਸੰਤੋਸ਼ ਦੀ ਆਵਾਜ਼ ਆਈ। ਮੈਂ ਬਨੇਰੇ ਉਪਰੋਂ ਦੀ ਹੇਠਾਂ ਵੱਲ ਦੇਖਿਆ। ਬੰਤੀ ਖੜ੍ਹੀ ਸੀ। ਹੁਣ ਇਹ ਕੀ ਕਰਨ ਆਈ? ਇਹਨੂੰ ਐਸ ਵੇਲੇ ਸਾਡੇ ਘਰ ਨਹੀਂ ਆਉਣਾ ਚਾਹੀਦਾ ਸੀ। ਆਂਢੀ-ਗੁਆਂਢੀ ਕੀ ਕਹਿਣਗੇ। ਸੌ ਨਾਲ ਮੇਰਾ ਲਿਹਾਜ਼ ਹੈ। ਮੂੰਹ-ਮੁਲਾਹਜ਼ਾ ਹੈ। ਸੰਤੋਸ਼ ਦਾ ਮੂੰਹ ਬੰਤੀ ਵੱਲ ਸੀ। ਮੈਂ ਚਾਹੁੰਦਾ ਸੀ ਕਿ ਸੰਤੋਸ਼ ਮੇਰੇ ਵੱਲ ਦੇਖੇ ਤਾਂ ਮੈਂ ਇਸ਼ਾਰਾ ਕਰਾਂ ਕਿ ਇਸ ਨੂੰ ਜਲਦੀ-ਜਲਦੀ ਦਫਾ ਕਰ। ਇਹਨੂੰ ਕਹਿ ਦੇ ਸਾਡੇ ਘਰ ਨਾ ਆਇਆ ਕਰ। ਉਦੋਂ ਆਵੇ ਜਦੋਂ ਅਸੀਂ ਇਸ ਨੂੰ ਬੁਲਾਈਏ।
‘‘ਵੀਰ ਜੀ…।’’ ਬੰਤੀ ਨੇ ਉਤਾਂਹ ਮੇਰੇ ਵੱਲ ਦੇਖਦਿਆਂ ਕਿਹਾ।
ਮੈਂ ਖਿੱਝ ਕੇ ਉਸ ਵੱਲ ਦੇਖਿਆ। ਇਕ ਪਲ ਲਈ ਉਹ ਡਰ ਗਈ। ਉਸ ਨੇ ਮੇਰੀਆਂ ਨਜ਼ਰਾਂ ਦੀ ਇਬਾਰਤ ਪੜ੍ਹ ਲਈ ਸੀ। ਫੇਰ ਵੀ ਉਹਨੇ ਪੁੱਛ ਹੀ ਲਿਆ, ‘‘ਤੁਸੀਂ ਫੈਸਲਾ ਕਰੋ। ਕੀ ਮੇਰਾ ਦੇਸ ਰਾਜ ਚੋਰ ਲੱਗਦਾ।’’
‘‘ਨ੍ਹੀਂ -ਇਹ ਕਦੇ ਚੋਰੀ ਨ੍ਹੀਂ ਕਰ ਸਕਦਾ। ਕਦੇ ਵੀ ਨ੍ਹੀਂ। ਇਹਦੇ ’ਤੇ ਬਹੁਤੀਆਂ ਬੰਦਿਸ਼ਾਂ ਨਾ ਲਾ। ਜੋ ਕਰਦਾ ਹੈ, ਕਰਨ ਦੇ। ਇਹ ਵੱਡਾ ਆਦਮੀ ਬਣੇਗਾ। ਇਹ ਮੇਰਾ ਵਿਸ਼ਵਾਸ ਆ। ਇਹਨੂੰ ਆਪਣੇ ਕੋਲ ਹੀ ਰੱਖਿਆ। ਕਰ। ਇਹਨੂੰ ਬਾਹਰ ਨਾ ਨਿਕਲਣ ਦਿਆ ਕਰ। ਮੈਂ ਤੈਨੂੰ ਫੇਰ ਕਹਿਨਾ ਇਹ ਚੋਰ ਨ੍ਹੀਂ।’’
‘‘ਪਰ ਬੱਚੇ? ਸੰਤੋਸ਼ ਨੇ ਕਿਹਾ।
‘‘ਮੇਰਾ ਬੱਚਾ ਅਜਿਹਾ ਨ੍ਹੀਂ।’’
‘‘ਇਹਦੀ ਸ਼ਾਹਦੀ ਮੈਂ ਵੀ ਭਰਦਾਂ।’’
ਮੈਂ ਸੰਤੋਸ਼ ਨੂੰ ਕਿਹਾ, ‘‘ਤੁਸੀਂ ਇਹਨੂੰ ਚਾਹ ਪਿਲਾਉ। ਸਵੇਰ ਦੀ ਲੜਦੀ ਥੱਕ ਗਈ ਹੋਣੀ। ਮੈਂ ਵੀ ਚਾਹ ਲਵਾਂਗਾ।’’ ਹੌਲਾ ਫੁੱਲ ਹੋਇਆ ਮੈਂ ਫੇਰ ਛੱਤ ’ਤੇ ਟਹਿਲਣ ਲੱਗਾ। ਅਗਲੇ ਹੀ ਪਲ ਮੈਨੂੰ ਇਕ ਹੋਰ ਵਿਚਾਰ ਨੇ ਆ ਦਬੋਚਿਆ ਕਿ ਸੰਤੋਸ਼ ਨੇ ਅਜਿਹਾ ਜਾਣ-ਬੁਝ ਕੇ ਤਾਂ ਨਹੀਂ ਕਿਹਾ ਸੀ। ਮੈਂ ਉਲਝ ਚੱਲਿਆ ਸੀ। ਉਦੋਂ ਹੀ ਬੰਤੀ ਮੇਰੇ ਲਈ ਚਾਹ ਦਾ ਕੱਪ ਲੈ ਆਈ। ਮੈਂ ਉਹਨੂੰ ਸਮਝਾਇਆ, ‘‘ਇਨ੍ਹਾਂ ਬਾਬੂਆਣੀਆਂ ਤੋਂ ਨਾ ਡਰਿਆ ਕਰ। ਇਹ ਉਨ੍ਹਾਂ ਕੁੱਤਿਆਂ ਵਰਗੀਆਂ ਨੇ ਜਿਹੜੇ ਸਿਰਫ ਭੌਂਕਦੇ ਹੁੰਦੇ। ਇਹ ਤੇਰਾ ਮੁਕਾਬਲਾ ਨ੍ਹੀਂ ਕਰ ਸਕਦੀਆਂ। ਤੂੰ ਦੇਸ ਰਾਜ ਦੀ ਟਿਊਸ਼ਨ ਰਖਾ ਦੇ। ਉਸੇ ਟੀਚਰ ਕੋਲ ਜਿਸ ਕੋਲ ਜਸਵਿੰਦਰ ਪੜ੍ਹਨ ਜਾਂਦਾ। ਜੇ ਤੇਰੇ ਕੋਲ ਪੈਸਿਆਂ ਦੀ ਤੰਗੀ ਹੋਈ ਤਾਂ ਘਬਰਾਈਂ ਨਾ। ਉਸ ਦਾ ਖਰਚ ਮੈਂ ਦਊਂ। ਉਹਨੂੰ ਪੜ੍ਹਨੋਂ ਨਾ ਹਟਾਈਂ। ਦੇਖੀਂ ਇਕ ਦਿਨ ਇਹ ਗਜ਼ਟਿਡ ਅਫਸਰ ਬਣੂ। ਜਾਹ ਹੁਣ ਤੂੰ ਛੇਤੀ ਦੇਣੀ ਹੇਠਾਂ ਚਲੀ ਜਾ…।’’
ਬੰਤੀ ਸੰਤੋਸ਼ ਨਾਲ ਗੱਲੀਂ ਪੈ ਗਈ। ਉਸ ਨਾਲ ਅੰਦਰ-ਬਾਹਰ ਦੀ ਸਫਾਈ ਕਰਵਾ ਗਈ।
* * *
ਤਿਵਾੜੀ ਦੇ ਘਰੋਂ ਤੀਜਾ ਸੁਨੇਹਾ ਆ ਗਿਆ ਸੀ। ਹਰੇਕ ਸੁਨੇਹੇ ਨਾਲ ਮੈਂ ਕਿਹਾ ਸੀ ਕਿ ਹੁਣੇ ਆਇਆ। ਤੀਜੀ ਵੇਰ ਉਸ ਦਾ ਮੁੰਡਾ ਹਰਖ ’ਚ ਬੋਲਿਆ, ‘‘ਅੰਕਲ ਜੀ, ਅਰੋੜਾ ਅੰਕਲ ਜੀ ਕਦੋਂ ਦੇ ਆ ਚੁੱਕੇ ਨੇ। ਹੁਣ ਸਿਰਫ ਤੁਹਾਡੀ ਉਡੀਕ ਹੋ ਰਹੀ ਏ।’’
‘‘ਚੱਲ, ਮੈਂ ਆਇਆ।’’
ਮੈਂ ਲੋਈ ਦੀ ਬੁੱਕਲ ਮਾਰੀ। ਸੰਤੋਸ਼ ਨੇ ਟੋਕਿਆ, ‘‘ਆਹ ਕੀ ਆਪਣਾ ਜਲੂਸ ਕੱਢਣ ਲੱਗੇ ਹੋ। ਕੋਈ ਚੰਗਾ ਲੱਗਦੈ?’’
‘‘ਮੈਂ ਕਿਹੜਾ ਕਿਤੇ ਦੂਰ ਜਾਣਾ।’’
ਮੇਰੇ ਅੰਦਰ ਤੇਜ਼ ਕਾਂਬਾ ਉਠਿਆ। ਭਿਅੰਕਰ ਕਾਂਬਾ। ਇਹ ਮੇਰੇ ਕਾਬੂ ’ਚ ਨਹੀਂ ਆ ਰਿਹਾ। ਕੀ ਮੈਂ ਡਰ ਗਿਆਂ? ਦੂਜੇ ਪਲ ਮੇਰੇ ਮਨ ਨੇ ਕਿਹਾ ਕਿ ਇਸ ’ਚ ਡਰਨ ਵਾਲੀ ਕਿਹੜੀ ਬਲਾ ਆ ਵੜੀ?
‘‘ਅਰੋੜਾ ਸਾਹਿਬ ਮੰਨ ਗਏ, ‘‘ਮੇਰਾ ਇਕ ਪੈਰ ਅਜੇ ਤਿਵਾੜੀ ਦੇ ਡਰਾਇੰਗ ਰੂਮ ਦੇ ਅੰਦਰ ਸੀ ਤੇ ਇਕ ਬਾਹਰ, ਜਦੋਂ ਕਰਤਾਰ ਸਿੰਘ ਕਹਿ ਰਿਹਾ ਸੀ।
‘‘ਕੀ ਬਈ?’’ ਜਾਣਦਿਆਂ ਹੋਇਆਂ ਵੀ ਮੈਂ ਪੁੱਛਿਆ।
‘‘ਇਹੋ ਕਿ ਇਹ ਬੰਤੀ ਕੋਲੋਂ ਕਮਰਾ ਖਾਲੀ ਕਰਾ ਲੈਣਗੇ। ਅਸੀਂ ਇਨ੍ਹਾਂ ਨੂੰ ਹੋਰ ਕਿਰਾਏਦਾਰ ਲੱਭ ਕੇ ਦਵਾਂਗੇ। ਜਿਹੜਾ ਸਾਰਾ ਦਿਨ ਘਰੇ ਰਹੇ। ਅਜਿਹਾ ਕਿਰਾਏਦਾਰ ਜਿਹੜਾ ਇਨ੍ਹਾਂ ਦੀ ਬਿਮਾਰ ਮਾਂ ਦੀ ਪਰੌਪਰ ਦੇਖ-ਭਾਲ ਕਰ ਸਕੇ।’’ ਤਿਵਾੜੀ ਉਤਸ਼ਾਹ ਨਾਲ ਦੱਸਣ ਲੱਗਾ।
‘‘ਵੈਰੀ ਗੁੱਡ-ਵੈਰੀ ਗੁੱਡ।’’ ਕਹਿੰਦਿਆਂ ਮੈਂ ਤਾੜੀਆਂ ਮਾਰੀਆਂ। ‘‘ਤਿਵਾੜੀ ਸਾਹਿਬ, ਅੱਜ ਜਸ਼ਨ-ਵਸ਼ਨ ਹੋ ਜਾਏ।’’
‘‘ਲਉ, ਤੁਸੀਂ ਆਹ ਕੀ ਗੱਲ ਕੀਤੀ। ਮੈਂ ਕਦੋਂ ਦੌੜਿਆਂ।’’ ਤਿਵਾੜੀ ਕੁਰਸੀ ਤੋਂ ਉਠਿਆ। ਸਾਰਿਆਂ ਦੇ ਵਿਚਕਾਰ ਆ ਖੜ੍ਹਾ ਹੋਇਆ, ‘‘ਧੰਨ ਭਾਗ ਮੇਰੇ। ਮੇਰੀ ਸ਼ਾਮ ਰੰਗੀਨ ਹੋ ਗਈ। ਅੰਨ੍ਹਾ ਕੀ ਮੰਗੇ, ਦੋ ਅੱਖਾਂ।’’
ਤਿਵਾੜੀ ਰਸੋਈ ’ਚ ਗਿਆ। ਅੱਠ ਗਲਾਸੀਆਂ ਤੇ ਐਰਿਸਟੋਕਰੇਟ ਦੀ ਬੋਤਲ ਲੈ ਆਇਆ। ਅਰੋੜਾ ਸਾਹਿਬ ਨੇ ਆਪਣੇ ਵਾਲੀ ਗਲਾਸੀ ਮੇਜ਼ ਦੇ ਹੇਠਾਂ ਨੂੰ ਕਰ ਦਿੱਤੀ। ਬੋਲੇ, ‘‘ਮੈਂ ਤਾਂ ਕਦੇ ਲਿਤੀ ਨ੍ਹੀਂ ਜੀ।’’
ਸੱਤਾਂ ਨੇ ਇਕ-ਇਕ ਪੈੱਗ ਲੈ ਲਿਆ।
ਦੂਜਾ ਪੈੱਗ਼ ਚਾੜ੍ਹਦਿਆਂ ਹੀ ਸ਼ਰਮਾ ਬੋਲਿਆ, ‘‘ਇਨ੍ਹਾਂ ਦੇ ਨਿਆਣੇ ਚੋਰੀ ਨ੍ਹੀਂ ਕਰਨਗੇ ਤਾਂ ਹੋਰ ਕੀ ਕਰਨਗੇ?’’
‘‘ਚੋਰੀ ਤਾਂ ਬਲੱਡ ਤੋਂ ਬਲੱਡ ਤੱਕ ਜਾਂਦੀ ਐ।’’ ਤਿਵਾੜੀ ਨੇ ਕਿਹਾ।
ਇਨ੍ਹਾਂ ਦੇ ਜੀਨਜ਼ ਚੋਰੀਆਂ ਨਾਲ ਭਰੇ ਹੋਏ। … ਤੁਸੀਂ ਭਾਵੇਂ ਕੰਪਿਊਟਰ ’ਚ ਪਾ ਕੇ ਦੇਖ ਲਉ। … ਕੰਪਿਊਟਰ ਕਦੇ ਝੂਠ ਨ੍ਹੀਂ ਬੋਲ ਸਕਦਾ। … ਖਾਨਦਾਨ ਐਵੇਂ ਤਾਂ ਨ੍ਹੀਂ ਪਰਖੇ ਜਾਂਦੇ ਨੇ।’’ ਕਰਤਾਰ ਸਿੰਘ ਲੋਰ ’ਚ ਆਇਆ ਬੋਲਿਆ।
‘‘ਐਦਾਂ ਦੇ ਦੋ-ਚਾਰ ਹੋਰ ਕਿਰਾਏਦਾਰ ਕਾਲੋਨੀ ਵਿਚ ਆ ਵੜੇ ਤਾਂ ਸਮਝੋ ਅਸੀਂ ਸਾਰੇ ਗਏ।’’ ਜੌੜਾ ਬੋਲਿਆ।
‘‘ਬੰਤੀ ਬੜੀ ਚਾਲੂ ਜਨਾਨੀ ਐ।’’
‘‘ਸਾਲੀ ਕੰਜਰੀ…।’’
‘‘ਹਰਾਮਜਾਦਾ ਦੇਸਾ।’’
‘‘ਐਦਾਂ ਦਿਆਂ ਦਾ ਕਿਹੜਾ ਕੋਈ ਅਸਲੀ ਪਿਉ ਹੁੰਦਾ।’’
‘‘ਨ੍ਹੀਂ…ਨ੍ਹੀਂ… ਨ੍ਹੀਂ…।’’ ਮੇਰੇ ਮੂੰਹੋਂ ਚੀਕ ਨਿਕਲ ਗਈ। ਸਾਰੇ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੇ। ਤਿਵਾੜੀ ਨੇ ਮੇਰੇ ਚਿਹਰੇ ਨੂੰ ਤਾੜਦਿਆਂ ਕਿਹਾ, ‘‘ਲੱਧੜ ਸਾਹਿਬ, ਤੁਸੀਂ ਤਾਂ ਸਿਰਫ ਦੋ ਪੈੱਗਾਂ ਨਾਲ ਹਿੱਲ ਗਏ।’’
ਅਗਾਂਹ ਮੇਰੇ ਕੋਲੋਂ ਬੋਲਿਆ ਨਾ ਗਿਆ। ਮੈਂ ਭਾਵੁਕ ਹੋ ਗਿਆ ਸੀ। ਅਜਿਹੇ ਵੇਲੇ ਭਾਵੁਕਤਾ ਖੁੰਢੇ ਟੋਕੇ ਜਿੰਨਾ ਅਸਰ ਕਰ ਸਕਦੀ ਸੀ। ਅਜਿਹੀ ਗਲਤੀ ਮੈਂ ਇਕ ਵਾਰ ਪਹਿਲਾਂ ਵੀ ਕਰ ਚੁੱਕਾਂ। ਮੈਂ ਸੰਭਲਿਆ। ਕਿਹਾ, ‘‘ਸੌਰੀ… ਸਰਦਾਰ ਕਰਤਾਰ ਸਿੰਘ ਜੀ… ਮੈਂ ਤੁਹਾਡੀ ਅੰਡਰਸਟੈਂਡਿੰਗ ਦੀ ਦਾਦ ਦੇਨਾ।’’
ਮੈਂ ਬੋਤਲ ਚੁੱਕੀ। ਪੌਣੀ ਗਿਲਾਸੀ ਭਰ ਲਈ। ਇਕੋ ਸਾਹੀਂ ਪੀ ਲਈ। ਰੁਮਾਲ ਨਾਲ ਬੁੱਲ੍ਹ ਪੂੰਝੇ। ਨੀਵੀਂ ਪਾਈ ਅੰਨ੍ਹੇਵਾਹ ਤਾੜੀਆਂ ਮਾਰਨ ਲੱਗਾ।

- ਜਿੰਦਰ
 
Top