ਸੋਨ ਚਿੜੀ

Yaar Punjabi

Prime VIP
ਇਕ ਸੋਨ ਚਿੜੀ ਨੇ ਆਪਣੀਆਂ ਸਹੇਲੀਆਂ ਨਾਲ ਖੇਡਦੀ ਹੱਸਦੀ ਤੇ ਉਡਦੀ ਨੇ ਜਵਾਨੀ ਦੀ ਦਹਿਲੀਜ਼ ਉਤੇ ਪੈਰ ਰੱਖਿਆ ਹੀ ਸੀ ਕਿ ਉਸ ਦੇ ਆਸ਼ਕਾਂ ਨੇ ਆਪਣੇ ਦਿਲ ਦੇ ਬੂਹੇ ਖੋਲ੍ਹ ਕੇ ਇਸ ਨੂੰ ਆਪਣੇ ਦਿਲ ਅੰਦਰ ਕੈਦ ਕਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਇਹ ਅਣਭੋਲ ਮਾਸੂਮ ਸੋਨ ਚਿੜੀ ਦੂਰ ਅੰਬਰਾਂ ‘ਤੇ ਉਡਣਾ ਚਾਹੁੰਦੀ ਸੀ। ਕਿਤੇ ਦੂਰ ਆਪਣਾ ਆਲ੍ਹਣਾ ਬਣਾਉਣਾ ਚਾਹੁੰਦੀ ਸੀ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰ ਸਕੇ ਤੇ ਜੀਵਨ ਦਾ ਅਨੰਦ ਮਾਣ ਸਕੇ। ਬਾਪ ਵਿਚਾਰਾ ਵੀ ਜਵਾਨ ਸੋਨ ਚਿੜੀ ਦੇ ਫਿਕਰ ਵਿਚ ਡੁੱਬਿਆ ਰਹਿੰਦਾ ਕਿ ਕਦ ਇਹ ਆਪਣੇ ਘਰ ਜਾਵੇ ਅਤੇ ਉਹ ਇਸ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਵੇ। ਚਿੜੀ ਵਿਚਾਰੀ ਆਪਣੀਆਂ ਉਡਾਰੀਆਂ ਵਿਚ ਮਸਤ ਸੀ ਕਿ ਇਕ ਦਿਨ ਕਾਂਵਾਂ ਦੀ ਟੋਲੀ ਨੇ ਉਸ ਨੂੰ ਘੇਰ ਲਿਆ। ਸੋਨ ਚਿੜੀ ਬਹੁਤ ਰੋਈ, ਕੁਰਲਾਈ, ਤੜਫੀ। ਮੱਦਦ ਲਈ ਚੀਕਾਂ ਮਾਰੀਆਂ, ਪਰ ਕੋਈ ਵੀ ਨਾ ਬਹੁੜਿਆ। ਕਾਂਵਾਂ ਦੀ ਟੋਲੀ ਉਸ ਨੂੰ ਨੋਚ ਨੋਚ ਕੇ ਸਾਰੀ ਰਾਤ ਖਾਂਦੀ ਰਹੀ। ਉਹਦੇ ਸੁਪਨੇ ਅਤੇ ਅਰਮਾਨ ਪਲ ਵਿਚ ਕਾਂਵਾਂ ਦੀ ਦਰਿੰਦਗੀ ਦੀ ਭੇਟ ਚੜ੍ਹ ਗਏ। ਕਾਂਵਾਂ ਨੇ ਜਸ਼ਨ ਮਨਾਏ, ਭੰਗੜੇ ਪਾਏ ਪਰ ਵਿਚਾਰੀ ਸੋਨ ਚਿੜੀ ਜਿਉਂਦੀ ਲਾਸ਼ ਬਣ ਕੇ ਕਿਸੇ ਮੱਦਦ ਦੀ ਉਡੀਕ ਵਿਚ ਆਖਰੀ ਸਾਹਾਂ ‘ਤੇ ਪਹੁੰਚ ਗਈ। ਫਿਰ ਚੀਨੇ ਕਬੂਤਰਾਂ ਦੀ ਟੋਲੀ ਨੇ ਰੱਬ ਰੱਬ ਕਰਦੀ ਇਸ ਚਿੜੀ ਨੂੰ ਦੇਖ ਲਿਆ। ਉਹ ਚਿੜੀ ਨੂੰ ਚੁੱਕ ਕੇ ਆਪਣੇ ਅਲੀਸ਼ਾਨ ਆਲ੍ਹਣੇ ਵਿਚ ਲੈ ਗਏ। ਉਸ ਦਾ ਇਲਾਜ ਕਰਵਾਇਆ। ਚਿੜੀ ਹੌਲੀ ਹੌਲੀ ਰਾਜ਼ੀ ਹੋਣ ਲੱਗੀ। ਜਦੋਂ ਚਿੜੀ ਉਡਣ ਜੋਗੀ ਹੋਈ ਤਾਂ ਕਬੂਤਰਾਂ ਦੇ ਸਰਦਾਰ ਨੇ ਚਿੜੀ ਨੂੰ ਆਪਣੇ ਚਰਨਾਂ ਦੀ ਦਾਸੀ ਬਣਨ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਧੀ ਦੇ ਵਿਛੋੜੇ ਵਿਚ ਬਾਪ ਦੇ ਮਰਨ ਦੀ ਖ਼ਬਰ ਨੇ ਚਿੜੀ ਨੂੰ ਫਿਰ ਮਾਰ ਦਿੱਤਾ। ਉਸ ਨੇ ਕਬੂਤਰਾਂ ਵੱਲੋਂ ਕੀਤੀ ਮੱਦਦ ਦਾ ਸ਼ੁਕਰਾਨਾ ਕਰਦਿਆਂ ਦਾਸੀ ਦੀ ਸੇਵਾ ਪ੍ਰਵਾਨ ਕਰ ਲਈ। ਸਾਰਾ ਦਿਨ ਆਲੀਸ਼ਾਨ ਆਲ੍ਹਣੇ ਵਿਚ ਰੱਬ ਦਾ ਜਾਪ ਹੁੰਦਾ ਰਹਿੰਦਾ। ਹਨੇਰਾ ਹੁੰਦਿਆਂ ਹੀ ਸਭ ਆਪੋ-ਆਪਣੇ ਆਲ੍ਹਣਿਆਂ ਨੂੰ ਉਠ ਜਾਂਦੇ। ਬਾਪ ਦੇ ਵਿਜੋਗ ਵਿਚ ਰਹਿੰਦਿਆਂ ਚਿੜੀ ਨੇ ਮਸਾਂ ਮਨ ਟਿਕਾਇਆ, ਸਬਰ ਦਾ ਘੁੱਟ ਪੀਤਾ। ਜ਼ਖ਼ਮਾਂ ‘ਤੇ ਅਜੇ ਅੰਗੂਰ ਵੀ ਮਸਾਂ ਆਇਆ ਸੀ ਕਿ ਇਕ ਰਾਤ ਕਬੂਤਰਾਂ ਦਾ ਸਰਦਾਰ ਚਿੜੀ ਦੀ ਹਿੱਕ ‘ਤੇ ਜ਼ਬਰਦਸਤੀ ਗੁਟਕਣ ਲੱਗ ਪਿਆ। ਉਸ ਨੇ ਚਿੜੀ ਦੇ ਸਾਰੇ ਜ਼ਖ਼ਮ ਉਧੇੜ ਦਿੱਤੇ, ਸਾਰੀ ਰਾਤ ਜ਼ਖ਼ਮਾਂ ਨੂੰ ਛਿਲਦਾ ਗਿਆ। ਚਿੜੀ ਵਿਚਾਰੀ ਫਿਰ ਜ਼ਖ਼ਮੀ ਹੋ ਗਈ। ਸਾਰੀ ਰਾਤ ਜਾਨ ਦੀ ਭੀਖ ਮੰਗਦੀ ਰਹੀ ਪਰ ਉਹ ਚੀਨਾ ਕਬੂਤਰ ਸਰਦਾਰ ਦੀ ਪਦਵੀ ਦਾ ਅਹਿਸਾਸ ਕਰਵਾਉਂਦਾ ਰਿਹਾ। ਦੂਜੇ ਦਿਨ ਸਵੇਰਿਓਂ ਸਰਦਾਰ ਕਬੂਤਰ ਉਚੇ ਥੜ੍ਹੇ ਉਤੇ ਬੈਠਾ ਦੂਜੇ ਕਬੂਤਰਾਂ ਤੇ ਕਬੂਤਰੀਆਂ ਨੂੰ ਕਹਿ ਰਿਹਾ ਸੀ ਕਿ ਸਾਨੂੰ ਕਾਂਵਾਂ ਦੀਆਂ ਅਵਾਰਾ ਫਿਰਦੀਆਂ ਟੋਲੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ ਜਿਨ੍ਹਾਂ ਕਰਕੇ ਚਿੜੀਆਂ ਦਾ ਰਹਿਣਾ ਤੇ ਉਡਣਾ-ਫਿਰਨਾ ਮੁਸ਼ਕਲ ਹੋ ਗਿਆ ਹੈ। ਅੱਧਮੋਈ ਪਈ ਚਿੜੀ ਦੇ ਕੰਨਾਂ ਵਿਚ ਸਰਦਾਰ ਦੇ ਬਚਨ ਨੇਜੇ ਵਾਂਗ ਖੁੱਭ ਗਏ ਅਤੇ ਮਸਾਂ ਹੀ ਉਸ ਦੇ ਮੂੰਹੋਂ ਨਿਕਲਿਆ, “ਸਾਨੂੰ ਕਾਲੇ ਕਾਂਵਾਂ ਨਾਲੋਂ ਚਿੱਟੇ ਕਬੂਤਰਾਂ ਤੋਂ ਜ਼ਿਆਦਾ ਖ਼ਤਰਾ ਹੈ। ਕਾਂ ਤਾਂ ਹੋਏ ਹੀ ਕਾਲੇ ਜਿਨ੍ਹਾਂ ਕਾਲੀਆਂ ਕਰਤੂਤਾਂ ਕਰਨੀਆਂ ਹਨ ਪਰ ਜਦੋਂ ਚਿੱਟੇ ਰੰਗ ਵਾਲੇ ਕਾਲਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਉਧੇੜ ਕੇ ਬੇਗੈਰਤੀ ਦਾ ਲੂਣ ਭੁੱਕਦੇ ਹਨ ਤਾਂ ਅਸੀਂ ਜੀਵਨ ਦੀ ਆਸ ਛੱਡ ਦਿੰਦੀਆਂ ਹਾਂ।” ਫਿਰ ਹਨੇਰਾ ਹੋ ਚੁੱਕਿਆ ਸੀ। ਰੋਂਦੀ ਚਿੜੀ ਦੀਆਂ ਸਿਸਕੀਆਂ ਸਿਰਫ਼ ਕੰਧਾਂ ਹੀ ਸੁਣ ਰਹੀਆਂ ਸਨ|
 
Last edited by a moderator:
Top