ਸੂਹੇ ਫੁੱਲਾਂ ਦੀ ਮਹਿਕ

ਲੇਖਕ: ਪੈਦਲ ਧਿਆਨਪੁਰੀ
ਮੁੱਲ: 50, ਪੰਨੇ: 48
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ।

ਪੈਦਲ ਧਿਆਨਪੁਰੀ ਬਾਲ ਸਾਹਿਤ ਦੇ ਖੇਤਰ ਵਿੱਚ ਬੜੇ ਲੰਮੇ ਅਰਸੇ ਤੋਂ ਕਾਰਜਸ਼ੀਲ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਉਸ ਕੋਲ ਬਾਲ ਮਨੋ-ਵਿਗਿਆਨ ਦਾ ਵੀ ਗਿਆਨ ਹੈ। ਇਸ ਕਰਕੇ ਹਰ ਰਚਨਾ ਬਾਲਾਂ ਦੇ ਧੁਰ ਅੰਦਰ ਤੱਕ ਲਹਿ ਜਾਂਦੀ ਹੈ। ਉਸ ਅੰਦਰ ਇਸ ਸਮਾਜ ਨੂੰ ਸੋਹਣਾ ਤੇ ਸੁਚੱਜਾ ਬਣਾਉਣ ਦੀ ਬੜੀ ਤਤਪਰਤਾ ਹੈ।
ਇਸੇ ਕਰਕੇ ਉਹ ਨਵੀਂ ਪਨੀਰੀ ਲਈ ਪਾਏਦਾਰ ਰਚਨਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ। ਬਾਲ ਸਾਹਿਤਕਾਰ ਕੋਲ ਬਾਲ ਸ਼ਬਦਕੋਸ਼ ਹੋਣਾ ਵੀ ਜ਼ਰੂਰੀ ਹੈ। ਲੇਖਕ ਕੋਲ ਅਜਿਹਾ ਵਿਸ਼ਾਲ ਸ਼ਬਦ ਭੰਡਾਰ ਹੈ, ਜਿਸ ਵਿੱਚੋਂ ਮੋਤੀਆਂ ਵਾਂਗ ਸ਼ਬਦ ਚੁਣ ਕੇ ਕਵਿਤਾ ਰੂਪੀ ਮਾਲਾ ਬਾਲਾਂ ਦੇ ਗਲਿਆਂ ਵਿੱਚ ਪਹਿਨਾਉਂਦਾ ਰਹਿੰਦਾ ਹੈ। ਉਸ ਦੀ ਹਰ ਰਚਨਾ ਇੰਨੀ ਦਮਦਾਰ ਹੁੰਦੀ ਹੈ ਕਿ ਬਾਲ ਪਾਠਕ ਪੜ੍ਹੇ ਬਗੈਰ ਨਹੀਂ ਰਹਿ ਸਕਦੇ।
ਵਿਚਾਰ ਅਧੀਨ ਪੁਸਤਕ ‘ਸੂਹੇ ਫੁੱਲਾਂ ਦੀ ਮਹਿਕ’ ਉਸ ਦਾ ਨਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਉਸ ਨੇ ਤਰਤਾਲੀ ਬਾਲ ਗੀਤ ਚਿੱਤਰਾਂ ਸਮੇਤ ਦਰਜ ਕੀਤੇ ਹਨ। ਇਹ ਸਾਰੇ ਗੀਤ ਬਾਲਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਗਿਆਨ ਦੇ ਦਰਵਾਜ਼ੇ ਵੀ ਖੋਲ੍ਹਦੇ ਹਨ। ਬਾਲ ਜੀਵਨ ਨਾਲ ਸਬੰਧਤ ਇਹ ਕਵਿਤਾਵਾਂ ਉਨ੍ਹਾਂ ਨੂੰ ਸੋਹਣੇ ਅਤੇ ਸੁਚੱਜੇ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਕੀੜੀ ਦਾ ਮੰਤਰੀ ਬਣਨਾ ਅਤੇ ਲੂੰਬੜੀ ਆਦਿ ਗੀਤ ਰੌਚਿਕਤਾ ਦਾ ਭੰਡਾਰਾ ਹਨ। ਪੁਸਤਕ ਵਿੱਚ ਮਦਰ ਟੈਰੇਸਾ ਵਰਗੀਆਂ ਮਾਵਾਂ ਬਾਰੇ ਵੀ ਕਵਿਤਾਵਾਂ ਦਰਜ ਹਨ। ਸਮੇਂ ਦੀ ਮੁੱਖ ਲੋੜ ਰੁੱਖਾਂ ਦੀ ਸਾਂਭ-ਸੰਭਾਲ ਬਾਰੇ ਇਹ ਗੀਤ ਜ਼ਿਕਰਯੋਗ ਹੈ:
ਇਕ ਇਕ ਸਾਰੇ ਲਾਈਏ ਰੁੱਖ,
ਸਾਡੇ ਨੇੜੇ ਆਉਣ ਨਾ ਦੁਖ।
ਵਾਤਾਵਰਣ ਨੂੰ ਸਾਫ ਇਹ ਕਰਦੇ,
ਗਰਮੀ-ਸਰਦੀ ਨੂੰ ਇਹ ਜਰਦੇ।
ਲੇਖਕ ਨੇ ਹਰ ਗੀਤ ਵਿੱਚ ਇਕ ਨਰੋਆ ਸੰਦੇਸ਼ ਦਿੱਤਾ ਹੈ ਜਿਹੜਾ ਬੱਚਿਆਂ ’ਤੇ ਬੋਝ ਨਹੀਂ, ਸਗੋਂ ਇਕ ਪ੍ਰੇਰਨਾ ਬਣਦਾ ਹੈ। ਇਸ ਲਈ ਇਹ ਪੁਸਤਕ ਬਾਲ ਪਾਠਕਾਂ ਲਈ ਬੜੀ ਲਾਭਕਾਰੀ ਅਤੇ ਮਨੋਰੰਜਕ ਹੈ।
 
Top