ਸੂਰਮਾ

ਅਸੀਂ ਕੁਝ ਸਾਥੀ 'ਅਹਾਤੇ' 'ਚ ਬੈਠੇ ਹਾਂ। ਗੱਲਾਂ ਕਰਦੇ ਹਾਂ। ਫੜਾਂ ਮਾਰਦੇ ਹਾਂ। ਹੱਸਦੇ ਹਾਂ। ਸਾਡੇ 'ਚੋਂ ਇਕ ਸਾਥੀ ਦੇ ਫੋਨ ਦੀ ਘੰਟੀ ਵੱਜਦੀ ਹੈ। ਫੋਨ ਆਨ ਕਰਨ ਤੋਂ ਪਹਿਲਾਂ ਉਹ ਸਾਨੂੰ ਇਸ਼ਾਰੇ ਨਾਲ ਚੁੱਪ ਕਰਨ ਲਈ ਕਹਿੰਦੈ, 'ਚੁੱਪ ਘਰੋਂ ਫੋਨ ਆ।'
'ਹੈਲੋ...'
'ਹੈਲੋ... ਕਿੱਥੇ ਆਂ...?' ਪਤਨੀ ਬੋਲਦੀ ਹੈ।
'ਮੈਂ ਅਜੇ ਦਫਤਰ ਬੈਠਾਂ... ਥੋੜ੍ਹਾ ਕੰਮ ਰਹਿੰਦੈ। ਬਸ ਤੁਰਨ ਲੱਗੈਂ... ਫਿਕਰ ਨਾ ਕਰੀਂ... ਓ. ਕੇ...।'
ਅਸੀਂ ਸਾਰੇ ਹੱਸਦੇ ਹਾਂ।
ਮਰਦ ਆਪਣੀਆਂ 'ਚੋਰੀਆਂ' 'ਤੇ ਪਰਦਾ ਪਾਉਣ 'ਚ ਕਿੰਨਾ ਮਾਹਿਰ ਹੁੰਦੈ।
ਦੂਜੇ ਸਾਥੀ ਦੇ ਫੋਨ ਦੀ ਘੰਟੀ ਵੱਜਦੀ ਹੈ।
'ਲੈ ਮੇਰੇ ਆਲੀ ਦਾ ਵੀ ਆ ਗਿਆ, ਚੁੱਪ।'
'ਹੈਲੋ, ਸਿਮਰਨ। ਮੈਂ ਸਬਜ਼ੀ ਖਰੀਦਦੈਂ।'
'ਹਾਂ... ਹਾਂ... ਤੇਰੀ ਮਨਪਸੰਦ...ਅਰਬੀ-ਕਰੇਲੇ। ਨਹੀਂ ਨਹੀਂ 'ਨੇਰ੍ਹਾ ਨੀਂ ਕਰਦਾ... ਅੱਛਾ ਬਾਬਾ ਓ. ਕੇ...।'
ਅਸੀਂ ਫਿਰ ਹੱਸਦੇ ਹਾਂ।
ਮਰਦ ਸਭ ਤੋਂ ਵੱਧ ਝੂਠ ਆਪਣੀ ਪਤਨੀ ਕੋਲ ਬੋਲਦੈ ਤੇ ਔਰਤ ਸਭ ਤੋਂ ਵੱਧ ਚਿੰਤਾ ਆਪਣੇ ਪਤੀ ਦੀ ਕਰਦੀ ਹੈ।
'ਯਾਰ ਬੰਦਾ ਤੀਮੀਂ ਤੋਂ ਐਨਾ ਡਰਦਾ ਕਾਹਤੋਂ ਆਂ?'
'ਬਸ, ਡਰਨਾ ਪੈਂਦਾ...।' ਉਹ ਹੱਡੀ ਚਰੂੰਡ ਦੈ,
'ਦੰਦ ਜਿੰਨੇ ਮਰਜ਼ੀ ਦੁਖੀ ਜਾਣ, ਮਾਸ ਬੰਦੇ ਦੀ ਕਮਜ਼ੋਰੀ ਹੁੰਦੈ...।'
ਫੋਨ ਦੀ ਘੰਟੀ ਫਿਰ ਵੱਜਦੀ ਹੈ। ਅਸੀਂ ਸਾਰੇ ਠਠੰਬਰ ਜਾਂਦੇ ਹਾਂ। ਪਰ ਸ਼ੁਕਰ ਹੈ। ਇਹ ਨਾਲ ਵਾਲੇ ਮੇਜ਼ 'ਤੇ ਬੈਠੇ ਸਾਥੀਆਂ 'ਚੋਂ ਕਿਸੇ ਦਾ ਫੋਨ ਸੀ।
ਸਾਡਾ ਸਭ ਦਾ ਧਿਆਨ ਉਧਰ ਜਾਂਦੈ।
'ਹਾਂ ਦੱਸ, ਕੀ ਗੱਲ ਆ। ...ਆਹੋ। ਬੈਠੇ ਪੀਨੇ ਆ। ਹਾਂ... ਮੌਜਮਸਤੀ ਕਰਦੇ ਆ...। ਤੂੰ ਖਾ ਕੇ ਸੌਂ ਜਾ...। ਆਹੋ ਸੌਂ, ਸੌਂ ਜਾ...। ਵੇਖ ਲੀਂ ਕੀ...? ਥੋਨੂੰ ਤੀਮੀਆਂ ਨੂੰ ਐਵੇਂ ਚਿੜਚਿੜ ਕਰਨ ਦੀ ਆਦਤ ਹੁੰਦੀ ਆ...।' ਉਹ ਫੋਨ ਬੰਦ ਕਰ ਦਿੰਦੈ।
ਅਸੀਂ ਖ਼ਾਮੋਸ਼ ਇਕ-ਦੂਜੇ ਦੇ ਮੂੰਹ ਵੱਲ ਵੇਖਦੇ ਹਾਂ।
 
Top