ਸੁੱਚੀ ਕਿਰਤ ਦਾ ਭੋਜਨ

Mandeep Kaur Guraya

MAIN JATTI PUNJAB DI ..
ਕਹਿੰਦੇ ਹਨ ਕਿ ਦੱਖਣੀ ਭਾਰਤ ਦੇ ਸੰਤ ਸ਼ੁੱਧ ਬੋਧ ਤੀਰਥ ਇਕ ਬਹੁਤ ਹੀ ਮਹਾਨ ਸੰਤ ਹੋਏ ਹਨ। ਉਨ੍ਹਾਂ ਦੀ ਮਹਿਮਾ ਦੂਰ-ਦੂਰ ਤਕ ਫੈਲੀ ਹੋਈ ਸੀ। ਉਹ ਆਪਣੇ ਭਗਤਾਂ ਨੂੰ ਹਮੇਸ਼ਾ ਇਹ ਉਪਦੇਸ਼ ਦਿੰਦੇ ਸਨ ਕਿ ਆਪਣੀ ਦਸਾਂ ਨਹੁੰਆਂ ਦੀ ਨੇਕ ਕਮਾਈ ਦਾ ਅੰਨ ਖਾਣ ਨਾਲ ਤੁਹਾਡੇ ਮਨਾਂ ਦੇ ਵਿਚਾਰ ਪਵਿੱਤਰ ਤੇ ਸ਼ਾਂਤ ਰਹਿਣਗੇ। ਬੇਈਮਾਨੀ ਦਾ ਭੋਜਨ ਖਾਣ ਨਾਲ ਮਨ ਵਿਚ ਵਿਸ਼ੇ-ਵਿਕਾਰ ਪੈਦਾ ਹੋ ਜਾਂਦੇ ਹਨ ਤੇ ਆਦਮੀ ਗਲਤ ਸੋਚਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਪ੍ਰਸਿੱਧੀ ਸੁਣ ਕੇ ਰਾਜਾ ਹਿੰਮਤ ਰਾਏ ਸੰਤਾਂ ਦੇ ਦਰਸ਼ਨ ਕਰਨ ਲਈ ਪਹੁੰਚ ਗਿਆ। ਸੰਤਾਂ ਨੇ ਬਾਦਸ਼ਾਹ ਨੂੰ ਵੀ ਇਹੀ ਉਪਦੇਸ਼ ਦਿੱਤਾ ਕਿ ਅਨਾਜ ਤੇ ਧਨ ਨੇਕ ਤੇ ਸੁੱਚੀ ਕਿਰਤ ਦਾ ਹੀ ਚੰਗਾ ਰਹਿੰਦਾ ਹੈ। ਇਸ ਵਿਚ ਪੂਰੀ ਬਰਕਤ ਹੁੰਦੀ ਹੈ। ਗ਼ਲਤ ਤਰੀਕੇ ਨਾਲ ਕਮਾਇਆ ਗਿਆ ਪੈਸਾ ਵਿਨਾਸ਼ ਦਾ ਕਾਰਨ ਬਣ ਜਾਂਦਾ ਹੈ।
ਇਹ ਗੱਲ ਸੁਣ ਕੇ ਰਾਜੇ ਹਿੰਮਤ ਰਾਏ ਨੇ ਸਹਿਜ ਸੁਭਾਅ ਹੀ ਪੁੱਛ ਲਿਆ, ‘‘ਮਹਾਰਾਜ, ਕੀ ਰਾਜ ਵਿਚ ਅਜਿਹਾ ਕੋਈ ਪਰਿਵਾਰ ਹੈ, ਜਿੱਥੋਂ ਭਿੱਖਿਆ ਲੈ ਕੇ ਅੰਨ ਗ੍ਰਹਿਣ ਕਰਨ ਨਾਲ ਮੇਰੇ ਚੰਗੇ ਕਰਮ ਹੋ ਜਾਣ?’’ ਸੰਤਾਂ ਨੇ ਦੱਸਿਆ, ‘‘ਇੱਥੋਂ ਤਿੰਨ ਕੋਹ ਦੀ ਦੂਰੀ ’ਤੇ ਬਸਤੀ ਵਿਚ ਧਨੀਆਂ ਨਾਂ ਦੀ ਇਕ ਬੁੱਢੀ ਔਰਤ ਰਹਿੰਦੀ ਹੈ। ਉਹ ਸੂਤ ਕੱਤ ਕੇ ਆਪਣਾ ਖਰਚ ਚਲਾਉਂਦੀ ਹੈ। ਉਹ ਕੱਤਦੇ ਸਮੇਂ ਪ੍ਰਮਾਤਮਾ ਦਾ ਜਾਪ ਕਰਦੀ ਰਹਿੰਦੀ ਹੈ। ਉਸ ਦੇ ਘਰ ਦਾ ਅੰਨ ਸ਼ੁੱਧ ਹੈ।’’ ਰਾਜਾ ਇਕ ਭਿਖਾਰੀ ਦਾ ਰੂਪ ਧਾਰਨ ਕਰਕੇ ਬੁੱਢੀ ਦੀ ਕੁਟੀਆ ਵਿਚ ਪਹੁੰਚ ਗਿਆ। ਉਸ ਨੇ ਬੜੀ ਨਿਮਰਤਾ ਨਾਲ ਕਿਹਾ, ‘‘ਮਾਂ, ਭੁੱਖਾ ਹਾਂ। ਇਕ ਰੋਟੀ ਖਾਣ ਲਈ ਮਿਲ ਜਾਵੇ ਤਾਂ ਮੇਰੀ ਭੁੱਖ ਮਿਟ ਜਾਵੇਗੀ।’’ ਇਹ ਸੁਣ ਕੇ ਬੁੱਢੀ ਅੰਦਰ ਗਈ ਤੇ ਰੋਟੀ ਲਿਆ ਕੇ ਉਸ ਨੂੰ ਦੇ ਦਿੱਤੀ। ਰਾਜੇ ਨੇ ਪੁੱਛਿਆ, ‘‘ਕੀ ਇਹ ਰੋਟੀ ਨੇਕ ਕਮਾਈ ਦੀ ਹੈ?’’ ਬੁੱਢੀ ਮਾਂ ਨੇ ਕਿਹਾ, ‘‘ਬੇਟਾ, ਇਹ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੈ। ਇਕ ਰਾਤ ਮੈਂ ਸੂਤ ਕੱਤ ਰਹੀ ਸੀ ਕਿ ਅਚਾਨਕ ਦੀਵੇ ਦਾ ਤੇਲ ਖ਼ਤਮ ਹੋ ਗਿਆ। ਤਦ ਮੈਂ ਵੇਖਿਆ ਕਿ ਸਾਹਮਣੇ ਇਕ ਬਾਰਾਤ ਆ ਰਹੀ ਹੈ। ਉਨ੍ਹਾਂ ਕੋਲ ਗੈਸ ਤੇ ਬੱਤੀਆਂ ਆਦਿ ਦਾ ਪੂਰਾ ਪ੍ਰਬੰਧ ਸੀ। ਉਹ ਬਹੁਤ ਸਮਾਂ ਇੱਥੇ ਰੁਕ ਗਏ। ਮੈਂ ਉਨ੍ਹਾਂ ਦੇ ਪ੍ਰਕਾਸ਼ ਵਿਚ ਇਕ ਪੂਰ ਬੁਣ ਲਿਆ। ਇਸ ਲਈ ਇਸ ਵਿਚ ਪਰਾਇਆ ਹੱਕ ਆ ਗਿਆ।’’
ਇਸ ਤਰ੍ਹਾਂ ਬੁੱਢੀ ਮਾਂ ਦੀ ਸੱਚੀ ਕਹਾਣੀ ਸੁਣ ਕੇ ਰਾਜੇ ਹਿੰਮਤ ਰਾਏ ਦਾ ਸਿਰ ਸ਼ਰਧਾ ਨਾਲ ਉਸ ਅੱਗੇ ਝੁਕ ਗਿਆ।

-ਬਲਦੇਵ ਸਿੰਘ ਸਿੱਧੂ
 
Top