ਸੁਰਜੀਤ ਬਿੰਦਰਖੀਆ

yahoo

Member
ਆਪਣੇ ਗੀਤਾਂ ਰਾਹੀਂ ਲੋਕ ਗਾਇਕ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬ ਦੇ ਸਿਰਮੌਰ ਗਾਇਕਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਆਪਣੀ ਗਾਇਣ ਸ਼ੈਲੀ ਦੇ ਨਾਲ-ਨਾਲ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ।

ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜਿਲ੍ਹਾ ਰੋਪੜ (ਰੂਪਨਗਰ) ਦੇ ਇੱਕ ਪਿੰਡ ਬਿੰਦਰਖ ਵਿੱਚ ਹੋਇਆ ਸੀ। ਸੁਰਜੀਤ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ ਜੀ, ਪਤਨੀ ਪ੍ਰੀਤ ਅਤੇ ਦੋ ਬੱਚੇ ਮੁਹਾਲੀ ਵਿੱਚ ਰਹਿ ਰਹੇ ਹਨ। ਇਹਨਾਂ ਦੇ ਪਿਤਾ ਜੀ ਸ੍ਰ. ਸੁੱਚਾ ਸਿੰਘ ਪਹਿਲਵਾਨ ਇਲਾਕੇ ਦੇ ਇੱਕ ਮਸ਼ਹੂਰ ਪਹਿਲਵਾਨ ਮੰਨੇ ਜਾਂਦੇ ਸਨ, ਅਤੇ ਸੁਰਜੀਤ ਨੇ ਵੀ ਬਚਪਨ ਵਿੱਚ ਪਹਿਲਵਾਨੀ ਅਤੇ ਕਬੱਡੀ ਦਾ ਰੱਜ ਕੇ ਆਨੰਦ ਮਾਣਿਆ।

ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ ਵਿੱਚ ਲਗਭਗ 32 ਸੋਲੋ ਆਡਿਉ ਕੈਸਿਟਾਂ ਆਪਣੀ ਆਵਾਜ਼ ਵਿੱਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਹਨਾਂ ਦੀ ਅਸਲੀ ਪਛਾਣ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਤੋਂ ਹੋਈ ਜੋ ਕਿ 1994 ਵਿੱਚ ਬੀਬੀਸੀ ਦੇ ਟੌਪ ਦਸ ਗਾਣਿਆਂ ਵਿੱਚ ਪਹੁੰਚਿਆ। ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ ਵਿੱਚ ਫੈਲ ਗਈ। ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਨੇ ਸੁਰਜੀਤ ਦੇ ਗੀਤਾਂ ਨੂੰ ਪਸੰਦ ਕੀਤਾ।

ਸੰਗੀਤਕਾਰ ਅਤੁਲ ਸ਼ਰਮਾ ਦਾ ਸੰਗੀਤ, ਸ਼ਮਸ਼ੇਰ ਸੰਧੂ ਦੇ ਗੀਤ ਅਤੇ ਸੁਰਜੀਤ ਬਿੰਦਰਖੀਆ ਦੀ ਆਵਾਜ਼ ਇਹ ਤਿੰਨੋ ਮਿਲ ਕੇ ਤਾਂ ਗਾਣੇ ਨੂੰ ਅੰਬਰੀਂ ਝੂਮਣ ਲਗਾ ਦਿੰਦੇ ਸਨ। ਸੁਰਜੀਤ ਦੇ ਸਾਰੇ ਭੰਗੜਾ ਗੀਤਾਂ ਦੀ ਤਰਜ ਸੁਣ ਕੇ ਹੀ ਸਰੋਤਿਆਂ ਦਾ ਦਿਲ ਨੱਚਣ ਲੱਗ ਜਾਂਦਾ ਸੀ। ਸੁਰਜੀਤ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਪੌਪ ਦੇ ਵਿਚਕਾਰ ਹਮੇਸ਼ਾ ਇੱਕ ਸੰਤੁਲਨ ਬਣਾ ਕੇ ਰੱਖਿਆ।

ਸੁਰਜੀਤ ਬਿੰਦਰਖੀਆ ਦੇ 'ਦੁੱਪਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਕੀ ਦੁਖਦਾ ਭਰਜਾਈਏ', 'ਛਮਕ ਜਿਹੀ ਮੁਟਿਆਰ', 'ਮੁਖੜਾ ਦੇਖ ਕੇ', 'ਵੰਗ ਵਰਗੀ ਕੁੜੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਫੁੱਲ ਕੱਢਦਾ ਫੁਲਕਾਰੀ', 'ਲੱਭ ਕਿਤੋ ਭਾਬੀਏ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਆਦਿ ਅਜਿਹੇ ਬਹੁਤ ਸਾਰੇ ਗੀਤ ਹਨ, ਜਿਹਨਾਂ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਨੱਚੇ ਬਿਨਾ ਨਹੀਂ ਰਹਿ ਸਕਦੇ।

ਇਹਨਾਂ ਗੀਤਾਂ ਤੋਂ ਬਿਨਾ ਸੁਰਜੀਤ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਗਾਇਆ, ਜਿਹਨਾਂ ਵਿੱਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ' ਇਹਨਾਂ ਦਾ ਆਖਰੀ ਉਦਾਸ ਗੀਤ ਸੀ, ਜਿਸ ਵਿੱਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ।

ਅੱਜ ਭਾਵੇਂ ਕਿੰਨੇ ਵੀ ਨਵੇਂ ਗਾਇਕ ਆ ਜਾਣ, ਪੰਜਾਬੀ ਪੌਪ ਸੰਗੀਤ ਕਿਸੇ ਵੀ ਉਚਾਈ ਤੇ ਪਹੁੰਚ ਜਾਵੇ, ਪਰ ਹਰ ਪੰਜਾਬੀ ਦੇ ਦਿਲ ਵਿੱਚ ਸੁਰਜੀਤ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜਾ ਰਹੇਗੀ।

ਹਰ ਵੇਲੇ ਖੁਸ਼ ਰਹਿਣ ਵਾਲਾ ਇਹ ਗਾਇਕ 17 ਨਵੰਬਰ, 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਾਲੀ ਦੇ ਆਪਣੇ ਗ੍ਰਹਿ ਵਿਖੇ ਸਦਾ ਲਈ ਵਿਛੋੜਾ ਦੇ ਗਿਆ। ਭਾਵੇਂ ਪੰਜਾਬ ਨੇ ਇਸ ਮਹਾਨ ਗਾਇਕ ਨੂੰ ਗਵਾ ਲਿਆ, ਪਰ ਅੱਜ ਵੀ ਉਹਨਾਂ ਨੂੰ ਗੀਤਾਂ ਰਾਹੀਂ ਹਰ ਥਾਂ ਯਾਦ ਕੀਤਾ ਜਾਂਦਾ ਹੈ।

ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਵੀ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਵੀ ਸੁਰਜੀਤ ਦੀ ਤਰ੍ਹਾਂ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਨਕਸ਼ੇ ਕਦਮੇ ਉੱਤੇ ਚੱਲ ਕੇ ਹਰ ਪੰਜਾਬੀ ਦੇ ਦਿਲ ਤੇ ਰਾਜ ਕਰਨਗੇ।
 

yahoo420

Member
3110d1203353398-rip-surjit-bindrakhia-voice-of-punjab-rip.jpg
 
Last edited by a moderator:
Top