ਸਰਲਾ ਭੂਤਨੀ

JUGGY D

BACK TO BASIC
ਇਕ ਦਿਨ ਇਕ ਸਾਧੂ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਤੁਰਦੇ-ਤੁਰਦੇ ਉਹ ਬਹੁਤ ਥੱਕ ਗਿਆ ਸੀ। ਨੇੜੇ ਹੀ ਬਣੀ ਇਕ ਉਜੜੀ ਜਿਹੀ ਹਵੇਲੀ ਵੱਲ ਨੂੰ ਅਰਾਮ ਕਰਨ ਲਈ ਗਿਆ ਤਾਂ ਉਸ ਦੇ ਚਬੂਤਰੇ ਉੱਤੇ ਜਾ ਕੇ ਬੈਠ ਗਿਆ। ਉਸ ਦੇ ਨੇੜੇ ਇਕ ਬਰੋਟੇ ਦਾ ਦਰੱਖਤ ਸੀ, ਜਿਸ ਦੀ ਠੰਢੀ-ਠੰਢੀ ਹਵਾ ਨਾਲ ਉਸ ਨੂੰ ਨੀਂਦ ਆ ਗਈ। ਥੋੜ੍ਹੀ ਦੇਰ ਬਾਅਦ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਦੇ ਚਿਹਰੇ ’ਤੇ ਕੋਈ ਪਾਣੀ ਦੇ ਛਿਟੇ ਮਾਰ ਰਿਹਾ ਹੋਵੇ। ਉਹ ਇਕਦਮ ਉੱਠਿਆ ਤਾਂ ਆਲੇ-ਦੁਆਲੇ ਦੇਖ ਕੇ ਚੌਂਕ ਗਿਆ।
ਨੇੜੇ ਹੀ ਇਕ ਬਹੁਤ ਪੁਰਾਣਾ ਖੂਹ ਸੀ। ਖੂਹ ਵਿਚੋਂ ਪਾਣੀ ਕੱਢ ਕੇ ਦੋ ਭੂਤ ਬਾਲਟੀ ਭਰ ਕੇ ਸਾਧੂ ਦੇ ਮੂੰਹ ’ਤੇ ਪਾ ਕੇ ਬਹੁਤ ਖੁਸ਼ ਹੋ ਰਹੇ ਸਨ, ਅਤੇ ਉਛਲ ਕੁੱਦ ਰਹੇ ਸਨ। ਸਾਧੂ ਨੇ ਆਪਣੇ ਗੁੱਸੇ ਨੂੰ ਕਾਬੂ ਕਰਦਿਆਂ ਕਿਹਾ, ‘‘ਮੈਂ ਤੁਹਾਡਾ ਕੀ ਵਿਗਾੜਿਆ ਹੈ? ਮੇਰੇ ਨਾਲ ਇਹੋ ਜਿਹਾ ਵਰਤਾਉ ਕਿਉਂ ਕਰ ਰਹੇ ਹੋ? ਕੀ ਤੁਸੀਂ ਏਨਾ ਵੀ ਨਹੀਂ ਜਾਣਦੇ ਕਿ ਸੁੱਤੇ ਹੋਏ ਆਦਮੀ ਨੂੰ ਜਗਾਉਣਾ ਪਾਪ ਹੈ?’’
‘‘ਪਾਪ ਪੁੰਨ ਵਿਚ ਅਸੀਂ ਬਿਲਕੁਲ ਵਿਸ਼ਵਾਸ਼ ਨਹੀਂ ਰੱਖਦੇ। ਦੂਜੇ ਆਦਮੀਆਂ ਨੂੰ ਤੰਗ ਕਰਕੇ ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਅਸੀਂ ਜੋ ਚਾਹੁੰਦੇ ਹਾਂ ਉਹੀ ਕਰਦੇ ਹਾਂ? ਤੂੰ ਕੌਣ ਹੈਂ ਸਾਨੂੰ ਰੋਕਣ ਵਾਲਾ?’’ ਦੋਹਾਂ ਭੂਤਾਂ ਨੇ ਇਕ ਹੀ ਸੁਰ ਵਿਚ ਕਿਹਾ।
‘‘ਮੈਂ ਕੌਣ ਹਾਂ? ਮੈਂ ਚਾਹਾਂ ਤਾਂ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦੇ ਸਕਦਾ ਹਾਂ। ਤੁਹਾਨੂੰ ਬਹੁਤ ਜ਼ਿਆਦਾ ਦੁਖੀ ਕਰ ਸਕਦਾ ਹਾਂ। ਮੈਂ ਇਕ ਇਨਸਾਨ ਹੋਣ ਦੇ ਨਾਤੇ ਚੁੱਪ ਕਰ ਗਿਆ ਹਾਂ। ਚੰਗਾ ਕੰਮ ਕਰਨਾ ਸਾਧੂਆਂ ਸੰਤਾਂ ਦਾ ਧਰਮ ਹੈ।’’ ਸਾਧੂ ਨੇ ਆਪਣੇ ਬੜੇ ਨਰਮ ਜਿਹੇ ਸੁਭਾਅ ਵਿਚ ਕਿਹਾ।
‘‘ਵਾਹ ਬਈ ਵਾਹ! ਸਾਨੂੰ ਧਮਕੀਆਂ ਦਿੰਦੇ ਹੋ? ਤੇਰੇ ਵਰਗੇ ਪਤਾ ਨਹੀਂ ਕਿੰਨੇ ਸਾਧੂ ਅਸੀਂ ਦੇਖ ਚੁੱਕੇ ਹਾਂ’’, ਦੋਨੋਂ ਭੂਤ ਇਹ ਕਹਿ ਕੇ ਫਿਰ ਉੱਚੀ-ਉੱਚੀ ਹੱਸਣ ਲੱਗ ਪਏ।
‘‘ਆਪਣੀਆਂ ਚੰਗਿਆਈਆਂ ਨੂੰ ਥੋੜ੍ਹੀ ਦੇਰ ਲਈ ਅਲੱਗ ਕਰਕੇ ਦੇਖੋ ਅਤੇ ਦੇਖੋ ਕਿ ਤੁਸੀਂ ਕੀ ਹੋ ਅਤੇ ਕੀ ਕਰ ਰਹੇ ਹੋ?’’ ਇਹ ਕਹਿੰਦੀ ਹੋਈ ਸਰਲਾ ਭੂਤਨੀ ਸਾਧੂ ਦੀ ਲੰਬੀ ਦਾੜ੍ਹੀ ਫੜ ਕੇ ਖਿੱਚਣ ਲੱਗੀ ਅਤੇ ਉਸ ਨੂੰ ਚਾਰੇ ਪਾਸੇ ਘੁੰਮਾਉਂਦੀ ਹੋਈ ਨੱਚਣ ਲੱਗੀ ਤੇ ਤਾੜੀਆਂ ਵਜਾਉਣ ਲੱਗੀ।
ਭੂਤਾਂ ਦੀਆਂ ਇਨ੍ਹਾਂ ਹਰਕਤਾਂ ਨੇ ਸਾਧੂ ਨੂੰ ਗੁੱਸਾ ਚੜ੍ਹਾ ਦਿੱਤਾ। ਸਾਧੂ ਨੇ ਸਿਰ ਹਿਲਾਉਂਦੇ ਹੋਏ ਕਿਹਾ, ‘‘ਮੈਂ ਇਕ ਸਾਧੂ ਹਾਂ। ਆਪਣੀਆਂ ਚੰਗਿਆਈਆਂ ਨੂੰ ਛੱਡੇ ਬਿਨਾਂ ਹੀ ਤੁਹਾਡੀਆਂ ਇਨ੍ਹਾਂ ਹਰਕਤਾਂ ਨੂੰ ਰੋਕ ਸਕਦਾ ਹਾਂ। ਜਾਓ ਮੈਂ ਤੁਹਾਨੂੰ ਸਰਾਪ ਦਿੰਦਾ ਹਾਂ ਕਿ ਜੀਹਦਾ ਵੀ ਤੁਸੀਂ ਨੁਕਸਾਨ ਕਰਨਾ ਚਾਹੁੰਦੇ ਹੋ ਉਸ ਦਾ ਉਲਟਾ ਭਲਾ ਹੀ ਹੋਵੇਗਾ ਜਿਸ ਦਾ ਤੁਸੀਂ ਭਲਾ ਕਰੋਗੇ ਉਸ ਦੀ ਹਾਨੀ ਹੀ ਹੋਵੇਗੀ। ਤੁਸੀਂ ਬੁਰਾ ਕਰੋ ਜਾਂ ਕਿਸੇ ਦਾ ਭਲਾ ਉਹਦੇ ਨਾਲ ਤੁਹਾਨੂੰ ਪੁੰਨ ਨਹੀਂ ਮਿਲੇਗਾ ਅਤੇ ਤੁਹਾਨੂੰ ਇਸ ਜਨਮ ਵਿਚ ਹੀ ਮੁਕਤੀ ਮਿਲੇਗੀ। ਮੈਂ ਕਦੀ ਵੀ ਝੂਠ ਨਹੀਂ ਬੋਲਦਾ ਪਰ ਮੇਰੀ ਕਹੀ ਹੋਈ ਹਰ ਗੱਲ ਪੂਰੀ ਹੋ ਕੇ ਰਹੇਗੀ। ਹੁਣ ਤੁਸੀਂ ਹੀ ਫੈਸਲਾ ਕਰਨਾ ਹੈ, ਕਿ ਕੀ ਬੁਰਾ ਕਰਨਾ ਹੈ’’, ਸਾਧੂ ਇਹ ਸਭ ਬੋਲ ਕੇ ਉੱਥੋਂ ਚਲਾ ਗਿਆ।
ਦੋਨੋਂ ਭੂਤ ਇਕ ਦੂਜੇ ਦਾ ਮੂੰਹ ਦੇਖਣ ਲੱਗੇ ਕਿਉਂਕਿ ਜਦੋਂ ਉਹ ਜਿਊਂਦੇ ਸੀ ਤਾਂ ਉਹ ਦੋਨੋਂ ਪਤੀ ਪਤਨੀ ਸੀ। ਦੋਹਾਂ ਦਾ ਮਨ ਗੁੱਸੇ ਨਾਲ ਹਰ ਸਮੇਂ ਭਰਿਆ ਰਹਿੰਦਾ ਸੀ। ਇਸ ਦੇ ਕਾਰਨ ਹੀ ਉਨ੍ਹਾਂ ਨੂੰ ਕੋਈ ਵੀ ਆਂਢ-ਗੁਆਂਢ ਵੀ ਚੰਗਾ ਨਹੀਂ ਸਮਝਦਾ ਸੀ। ਕਿਸੇ ਨੂੰ ਵੀ ਖੁਸ਼ ਨਹੀਂ ਦੇਖਣਾ ਚਾਹੁੰਦੇ ਸਨ। ਸੱਸ ਅਤੇ ਨੂੰਹ ਵਿਚ ਝਗੜਾ, ਯਾਰਾਂ ਦੋਸਤਾਂ ਵਿਚ ਵੀ ਝਗੜਾ ਪਾ ਕੇ ਖੁਸ਼ ਰਹਿੰਦੇ ਸਨ। ਇਹ ਦੇਖਦੇ -ਦੇਖਦੇ ਸਾਲਾਂ ਬੀਤ ਗਏ। ਉਨ੍ਹਾਂ ਦੇ ਜੀਵਨ ਦੀਆਂ ਇੱਛਾਵਾਂ ਵੀ ਪੂਰੀਆਂ ਨਹੀਂ ਹੋਈਆਂ ਅਤੇ ਛੋਟੀ ਉਮਰ ਵਿਚ ਉਹ ਮਰ ਗਏ ਸਨ। ਮਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਹਰਕਤਾਂ ਵਿਚ ਕੋਈ ਸੁਧਾਰ ਨਹੀਂ ਆਇਆ। ਮਰਨ ਤੋਂ ਬਾਅਦ ਵੀ ਇਹੋ ਜਿਹੀਆਂ ਹੀ ਹਰਕਤਾਂ ਕਰਨ ਵਿਚ ਉਨ੍ਹਾਂ ਨੂੰ ਮਜ਼ਾ ਆ ਰਿਹਾ ਸੀ।
ਭੂਤ ਸਾਧੂ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਗੈਰ ਹੀ ਬਰੋਟੇ ਦੇ ਦਰੱਖਤ ’ਤੇ ਬੈਠ ਗਏ ਅਤੇ ਕਿਸੇ ਹੋਰ ਆਦਮੀ ਦਾ ਇੰਤਜ਼ਾਰ ਕਰਨ ਲੱਗ ਗਏ।
ਦੂਸਰੇ ਹੀ ਦਿਨ ਇਕ ਕਿਸਾਨ ਕੰਮ ਤੋਂ ਥੱਕਿਆ ਟੁੱਟਿਆ ਹੋਇਆ ਉਸ ਦਰੱਖਤ ਥੱਲੇ ਦੋ ਘੜੀਆਂ ਆਰਾਮ ਕਰਨ ਲਈ ਬੈਠ ਗਿਆ। ਉਹ ਆਪਣੀ ਇਕਲੌਤੀ ਬੇਟੀ ਦੀ ਸ਼ਾਦੀ ਪੱਕੀ ਕਰਕੇ ਆਇਆ ਸੀ। ਉਸ ਦੇ ਸਹੁਰਿਆਂ ਨੇ ਇਕ ਸ਼ਰਤ ਰੱਖੀ ਸੀ ਕਿ ਦਾਜ ਵਿਚ ਸਾਨੂੰ ਇਕ ਹਜ਼ਾਰ ਅਸ਼ਰਫੀਆਂ ਚਾਹੀਦੀਆਂ ਹਨ। ਘਰ ਬਾਰ ਵੀ ਕਿਸਾਨ ਦਾ ਠੀਕ ਸੀ। ਇਹ ਸਭ ਕੁਝ ਦੇਖ ਕੇ ਹੀ ਉਨ੍ਹਾਂ ਇਹ ਮੰਗ ਰੱਖੀ ਸੀ। ਕਿਸਾਨ ਇਸ ਕਾਰਨ ਬਹੁਤ ਪਰੇਸ਼ਾਨ ਸੀ। ਇਸ ਵਾਰ ਫਸਲ ਵੀ ਕੁਝ ਘੱਟ ਹੀ ਹੋਈ ਸੀ। ਇਹ ਸਭ ਸੋਚਦੇ-ਸੋਚਦੇ ਉਹ ਆਪਣੇ ਨਾਲ ਪੋਟਲੀ ਵਿਚ ਲਿਆਂਦੀਆਂ ਚਾਰ ਰੋਟੀਆਂ ਖਾਣ ਲੱਗਾ ਤਾਂ ਉਸ ਕਿਸਾਨ ਨੇ ਪੈਸਿਆਂ ਵਾਲੀ ਪੋਟਲੀ ਆਪਣੇ ਕੋਲ ਰੱਖ ਲਈ। ਉਹ ਰੋਟੀ ਅਜੇ ਖਾਣ ਹੀ ਲੱਗਾ ਸੀ ਕਿ ਅਚਾਨਕ ਉਸ ਨੇ ਦੇਖਿਆ ਕਿ ਉਸ ਦੀ ਪੈਸਿਆਂ ਵਾਲੀ ਪੋਟਲੀ ਹਵਾ ਵਿਚ ਉਡ ਰਹੀ ਹੈ।
ਉਹ ਉੱਚੀ-ਉੱਚੀ ਰੋਣ ਕੁਰਲਾਉਣ ਲੱਗਾ। ਭੂਤਾਂ ਨੇ ਉਸ ਦੀ ਪ੍ਰਵਾਹ ਕੀਤੇ ਬਿਨਾਂ ਹੀ ਥੋੜ੍ਹੀ ਦੂਰ ਲਿਜਾ ਕੇ ਥੈਲੀ ਖੋਲ੍ਹ ਕੇ ਇਕ-ਇਕ ਅਸ਼ਰਫੀਆਂ ਨੂੰ ਤਲਾਬ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਕਿਸਾਨ ਨੂੰ ਰੋਂਦੇ ਕੁਰਲਾਉਂਦੇ ਨੂੰ ਦੇਖ ਭੂਤ ਉੱਚੀ-ਉੱਚੀ ਹੱਸਣ ਲੱਗੇ ਅਤੇ ਖੁਸ਼ੀ ਮਨਾਉਂਦੇ ਨੱਚਣ ਲੱਗ ਪਏ।
ਹੱਕ ਹਲਾਲ ਨਾਲ ਕਮਾਈ ਜਾਨ ਤੋਂ ਵੀ ਪਿਆਰੀ ਉਹ ਰਕਮ ਪਾਣੀ ਵਿਚ ਡਿਗੀ ਦੇਖ ਕਿਸਾਨ ਕੋਲੋਂ ਰਿਹਾ ਨਾ ਗਿਆ ਅਤੇ ਉਸ ਨੇ ਪਾਣੀ ਵਿਚ ਹੀ ਅਸ਼ਰਫੀਆਂ ਲੱਭਣ ਲਈ ਛਾਲ ਮਾਰ ਦਿੱਤੀ। ਪਾਣੀ ਵਿਚੋਂ ਇਕ ਇਕ ਕਰਕੇ ਅਸ਼ਰਫੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਜਾ ਕੇ ਸਿਰਫ ਇਕ ਅਸ਼ਰਫੀ ਹੀ ਉਸ ਦੇ ਹੱਥ ਆਈ। ਪਰ ਬਾਅਦ ਵਿਚ ਥੋੜ੍ਹਾ ਅੱਗੇ ਜਾ ਕੇ ਡੂੰਘੇ ਪਾਣੀ ਵਿਚੋਂ ਇਕ ਵੱਡੀ ਪੋਟਲੀ ਮਿਲੀ ਜਿਸ ਵਿਚ ਦਸ ਹਜ਼ਾਰ ਅਸ਼ਰਫੀਆਂ ਸਨ।
ਲੰਬੇ ਸਮੇਂ ਤੋਂ ਸਿਪਾਹੀ ਜਿਸ ਚੋਰ ਦਾ ਪਿੱਛਾ ਕਰ ਰਹੇ ਸੀ, ਉਸ ਨੇ ਡਰ ਕੇ ਉਹ ਪੋਟਲੀ ਇਸ ਤਲਾਬ ਵਿਚ ਸੁੱਟ ਦਿੱਤੀ ਸੀ। ਸੱਪ ਦੇ ਡੱਸਣ ਨਾਲ ਚੋਰ ਦੀ ਮੌਤ ਹੋ ਗਈ ਸੀ ਅਤੇ ਅਸ਼ਰਫੀਆਂ ਵਾਲੀ ਪੋਟਲੀ ਤਲਾਬ ਵਿਚ ਹੀ ਰਹਿ ਗਈ ਸੀ।
ਕਿਸਾਨ ਵਿਚਾਰੇ ਨੂੰ ਲੱਗਾ ਕਿ ਸ਼ਾਇਦ ਭਗਵਾਨ ਨੇ ਹੀ ਉਸ ਨੂੰ ਇਹ ਧਨ ਦਿੱਤਾ ਹੈ। ਉਸ ਨੇ ਪੋਟਲੀ ਕੱਛ ਵਿਚ ਲਈ ਤਾਂ ਉਹ ਖੁਸ਼ ਹੁੰਦਾ ਹੋਇਆ ਉੱਥੋਂ ਚਲਾ ਗਿਆ।
ਇਹ ਦ੍ਰਿਸ਼ ਦੇਖ ਕੇ ਭੂਤ ਦੁੱਖੀ ਹੋ ਗਏ ਤਾਂ ਜ਼ੋਰ-ਜ਼ੋਰ ਨਾਲ ਰੋਣ ਲੱਗੇ ਅਤੇ ਕਹਿਣ ਲੱਗੇ, ‘‘ਲੰਬੀ ਦਾੜ੍ਹੀ ਵਾਲੇ ਸਾਧੂ ਨੇ ਸਾਨੂੰ ਜਿੱਤ ਲਿਆ ਹੈ।’’ ਭੂਤਨੀ ਸਰਲਾ ਨੇ ਕਿਹਾ, ‘‘ਮੇਰੇ ਕੋਲੋਂ ਅੱਗੇ ਤੋਂ ਕਿਸੇ ਦੀ ਵੀ ਭਲਾਈ ਨਹੀਂ ਹੋਣੀ ਚਾਹੀਦੀ।’’
ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ, ‘‘ਹੁਣ ਆਪਾਂ ਆਉਣ ਵਾਲੇ ਸਮੇਂ ਵਿਚ ਕੋਈ ਨੇਕ ਕੰਮ ਕਰੀਏ?’’
‘‘ਅੱਛੇ ਕੰਮ ਕਰੋ? ਜਦ ਅਸੀਂ ਇਨਸਾਨ ਦੇ ਜੀਵਨ ਵਿਚ ਹੀ ਕੋਈ ਅੱਛਾ ਕੰਮ ਨਹੀਂ ਕੀਤਾ ਤਾਂ ਫਿਰ ਅਸੀਂ ਭੂਤ ਬਣ ਕੇ ਕਿਉਂ ਕਰੀਏ।’’ ਭੂਤ ਪਤੀ ਨੇ ਆਪਣੀ ਪਤਨੀ ਭੂਤਨੀ ਨੂੰ ਕਿਹਾ।
ਪਰ ਭੂਤਨੀ ਨੇ ਲੰਬੀ ਦਾੜ੍ਹੀ ਵਾਲੇ ਸਾਧੂ ਦੀਆਂ ਗੱਲਾਂ ਨੂੰ ਝੂਠਾ ਕਰਨ ਵਾਸਤੇ ਇਕ ਪ੍ਰਯੋਗ ਹੋਰ ਕਰਨਾ ਚਾਹਿਆ।
ਉਨ੍ਹਾਂ ਨੇ ਦੇਖਿਆ ਕਿ ਇਹ ਬੈਲ ਗੱਡੀ ਉਨ੍ਹਾਂ ਵੱਲ ਨੂੰ ਆ ਰਹੀ ਹੈ। ਉਸ ਸਮੇਂ ਗੱਡੀ ਵਿਚ ਕੁਝ ਪੇਂਡੂ ਲੋਕ (ਆਦਮੀ ਅਤੇ ਇਸਤਰੀਆਂ) ਸ਼ਹਿਰ ਵੱਲ ਨੂੰ ਜਾ ਰਹੇ ਸਨ।
ਰਸਤੇ ਵਿਚ ਸਾਹ ਖਿੱਚਣ ਵਾਲੀ ਇਕ ਔਰਤ ਨੂੰ ਦੇਖ ਸਾਰੇ ਘਬਰਾ ਗਏ ਸਨ। ਉਨ੍ਹਾਂ ਵਿਚੋਂ ਇਸਤਰੀਆਂ ਤਾਂ ਇਹ ਕਹਿਣ ਲੱਗ ਪਈਆਂ ਸਨ, ਕਿ ਗੱਡੀ ਹੋਰ ਤੇਜ਼ ਚਲਾਉ ਨਹੀਂ ਤਾਂ ਸਾਨੂੰ ਇਹ ਔਰਤ ਮਾਰ ਦੇਵੇਗੀ। ਸਾਡਾ ਜੀਵਤ ਰਹਿਣਾ ਸੰਭਵ ਨਹੀਂ ਹੈ। ਜਿਸ ਸਮੇਂ ਗੱਡੀ ਉਹਦੇ ਕੋਲ ਪਹੁੰਚੀ ਤਾਂ ਸਰਲਾ ਭੁਤਨੀ ਉਨ੍ਹਾਂ ਦੇ ਸਾਹਮਣੇ ਵਾਲਾਂ ਨੂੰ ਘੁੰਮਾਉਂਦੀ ਹੋਈ ਤੇ ਨੱਚਦੀ ਹੋਈ ਉਨ੍ਹਾਂ ਦੀ ਗੱਡੀ ਦੇ ਅੱਗੇ ਜਾ ਕੇ ਖੜ੍ਹੀ ਹੋ ਗਈ। ਭੂਤਨੀ ਨੂੰ ਦੇਖਦੇ ਹੀ ਦੋਨੋਂ ਬਲਦ ਡਰ ਕੇ ਇਕ-ਦੂਜੇ ਨੂੰ ਖਿਚਦੇ ਹੋਏ ਦੌੜ ਪਏ ਤੇ ਗੱਡੀ ਪਲਟ ਗਈ। ਸਾਰੇ ਇਕ ਦੂਜੇ ਉਪਰ ਡਿਗ ਕੇ ਉਠਦੇ ਹੀ ਆਪਣੇ-ਆਪਣੇ ਰੱਬ ਨੂੰ ਧਿਆਉਣ ਲੱਗ ਪਏ। ਪਰ ਸਾਰੇ ਦੇ ਸਾਰੇ ਬਚ ਗਏ, ਕਿਸੇ ਦੇ ਵੀ ਕੋਈ ਚੋਟ ਨਹੀਂ ਆਈ।
ਅਚਾਨਕ ਗੱਡੀ ਦੇ ਸਾਹਮਣੇ ਆਉਣ ਵਾਲੀ ਭੂਤਨੀ ਦਾ ਸਭ ਨੇ ਹੱਥ ਜੋੜ ਕੇ ਧੰਨਵਾਦ ਕੀਤਾ। ਉਨ੍ਹਾਂ ਦੀਆਂ ਗੱਲਾਂ ਨਾਲ ਭੂਤਨੀ ਪ੍ਰਸੰਨ ਹੋ ਗਈ। ਇਸ ਤੋਂ ਬਾਅਦ ਇਕ ਦੋ ਹੋਰ ਘਟਨਾਵਾਂ ਘਟੀਆਂ ਪਰ ਭੂਤਨੀ ਹੁਣ ਜਾਣ ਗਈ ਸੀ, ਕਿ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਉਸ ਨੂੰ ਲੰਬੀ ਦਾੜ੍ਹੀ ਵਾਲੇ ਦੀਆਂ ਕਹੀਆਂ ਹੋਈ ਗੱਲਾਂ ਹੁਣ ਯਾਦ ਆ ਰਹੀਆਂ ਸਨ।
ਅਚਾਨਕ ਉਸ ਨੇ ਆਪਣੇ ਪਤੀ ਭੂਤ ਨੂੰ ਕਿਹਾ ਕਿ, ‘‘ਜਦੋਂ ਤੱਕ ਜਿਊਂਦੇ ਸੀ ਤਾਂ ਮੈਂ ਤੇਰੀ ਕਿਸੇ ਗੱਲ ਦਾ ਵਿਰੋਧ ਨਹੀਂ ਕੀਤਾ। ਭੂਤ ਬਣ ਕੇ ਵੀ ਮੈਂ ਤੇਰਾ ਵਿਰੋਧ ਨਹੀਂ ਕੀਤਾ ਜੋ ਤੂੰ ਕਹਿੰਦਾ ਰਿਹਾ ਮੈਂ ਉਹੋ ਹੀ ਕਰਦੀ ਰਹੀ। ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਦੁਖੀ ਕੀਤਾ ਹੈ। ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੈ ਕਿ ਜਦੋਂ ਕਿਸੇ ਦੀ ਕੋਈ ਭਲਾਈ ਦਾ ਕੰਮ ਹੁੰਦਾ ਹੈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਨਾ ਕਿ ਦੁਖੀ ਹੋਣਾ ਚਾਹੀਦਾ ਹੈ। ਇਸ ਵਿਚ ਹੀ ਆਪਣੀ ਅਤੇ ਸਭ ਦੀ ਭਲਾਈ ਹੈ।’’ ਇਹ ਸਭ ਕਹਿੰਦੀ ਹੋਈ ਸਰਲਾ ਭੂਤਨੀ ਗਾਇਬ ਹੋ ਗਈ।
ਹੁਣ ਭੂਤਨੀ ਦੇ ਪਤੀ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਚਾਹੇ ਕਿੰਨੀ ਵੀ ਬੁਰਾਈ ਕਰ ਲਈਏ ਇਸ ਨਾਲ ਲੋਕਾਂ ਦੀ ਭਲਾਈ ਹੀ ਹੋਣੀ ਹੈ। ਇਹਦੇ ਨਾਲ ਹੀ ਸਾਡੀ ਮੁਕਤੀ ਹੋਣੀ ਹੈ। ਸਾਧੂ ਦੀਆਂ ਗੱਲਾਂ ਬਿਲਕੁਲ ਸੱਚ ਸਾਬਿਤ ਹੋਈਆਂ।

-ਅਮਰਜੀਤ ਚੰਦਰ
 
Top