ਸਮਾਂ ਬੜਾ ਬਲਵਾਨ

ਸਮਾਂ ਬੜਾ ਬਲਵਾਨ

ਬਿਸ਼ਨੋ ਤੀਹ ਕੁ ਸਾਲ ਦੀ ਸੀ ਜਦੋਂ ਉਸ ਦਾ ਪਤੀ ਕੈਂਸਰ ਦੀ ਬੀਮਾਰੀ ਨਾਲ ਬਿਨ੍ਹਾਂ ਇਲਾਜ ਤੋਂ ਮਰ ਗਿਆ ਸੀ। ਬੱਚੇ ਛੋਟੇ ਹੀ ਸਨ। ਤਿੰਨ ਲੜਕੇ, ਇੱਕ ਲੜਕੀ। ਚਾਰੇ ਹੀ ਪੜ੍ਹਦੇ ਸਨ। ਬਿਸ਼ਨੋ ਨੇ ਪ੍ਰਮਾਤਮਾ ਦਾ ਭਾਣਾ ਸਤ ਕਰਕੇ ਮੰਨਿਆ। ਉਸ ਨੇ ਹੌਸਲਾ ਨਹੀਂ ਹਾਰਿਆ। ਹਿੰਮਤ ਦਾ ਹਮੈਤੀ ਰੱਬ ਹੁੰਦੈ, ਅਖਾਣ ਮੁਤਾਬਕ ਉਸਨੇ ਗਲੀਆਂ ਵਿੱਚੋਂ ਗੋਹਾ ਇਕੱਠਾ ਕਰਨਾ, ਪਾਥੀਆਂ ਪੱਥਣੀਆਂ, ਪਾਥੀਆਂ ਜੋੜ ਕੇ ਗਹੀਰਾ ਲਾਉਣ ਤੇ ਫੇਰ ਗਹੀਰਾ ਵੇਚ ਕੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਤੋਰਦੀ ਰਹੀ। ਚਾਰੇ ਹੀ ਬੱਚੇ ਪੜ੍ਹਾਈ ਵਿੱਚ ਹੁਸਿ਼ਆਰ ਹੋਣ ਕਰਕੇ ਚੰਗਾ ਪੜ੍ਹ ਲਿਖ ਗਏ। ਚੰਗੀਆਂ ਡਿਗਰੀਆਂ ਪ੍ਰਾਪਤ ਕਰਨ ਕਾਰਨ ਉਹ ਚਾਰੇ ਹੀ ਪਹਿਲੇ ਦਰਜੇ ਦੀਆਂ ਪੋਸਟਾਂ ਲੈ ਗਏ। ਚਾਰੇ ਹੀ ਅਫਸਰ ਬਣ ਗਏ। ਚਾਰਾਂ ਦੇ ਵਿਆਹ ਵੀ ਮੁਕਾਬਲੇ ਵਿੱਚ ਪਹਿਲੇ ਦਰਜੇ ਦੀਆਂ ਪੋਸਟਾਂ ਵਾਲੀਆਂ ਨਾਲ ਹੋਈਆਂ। ਚਾਰੇ ਬੱਚਿਆਂ ਥੱਲੇ ਅਲੱਗ-ਅਲੱਗ ਕਾਰਾਂ, ਅਲੱਗ-ਅਲੱਗ ਕੋਠੀਆਂ ਬਣ ਗਈਆਂ।
ਬਿਸ਼ਨੋ ਦਾ ਹੁਣ ਧਰਤੀ ‘ਤੇ ਪੈਰ ਨਹੀਂ ਸੀ ਲੱਗਦਾ। ਪੈਰ ਧਰਤੀ ‘ਤੇ ਲੱਗੇ ਵੀ ਕਿਵੇਂ ਧੀ-ਜਵਾਈ ਵੀ ਅਫਸਰ, ਤਿੰਨੇ ਨੂੰਹਾਂ-ਪੁੱਤ ਵੀ ਅਫਸਰ। ਬਿਸ਼ਨੋ ਦੀ ਹੁਣ ਸ਼ਰੀਕੇ, ਕਬੀਲੇ ਤੇ ਰਿਸ਼ਤੇਦਾਰਾਂ ਵਿੱਚ ਪੂਰੀ ਇੱਜਤ ਸੀ। ਬਿਸ਼ਨੋ ਪਿੰਡ ਇਕੱਲੀ ਹੀ ਰਹਿੰਦੀ ਸੀ। ਉਸ ਦੇ ਪੁੱਤ-ਧੀ ਵੱਡੇ-ਵੱਡੇ ਸ਼ਹਿਰਾਂ ਵਿੱਚ ਰਹਿੰਦੇ ਸਨ। ਕਦੇ ਨਾ ਕਦੇ ਬਿਸ਼ਨੋ ਕੋਲ ਗੇੜਾ ਮਾਰ ਛੱਡਦੇ। ਇੱਕ ਦਿਨ ਬਿਸ਼ਨੋ ਬੀਮਾਰ ਹੋ ਗਈ। ਉਸ ਦੇ ਨੂੰਹਾਂ-ਪੁੱਤਰਾਂ, ਧੀ-ਜਵਾਈ ਅਤੇ ਰਿਸ਼ਤੇਦਾਰ, ਸ਼ਰੀਕੇ ਵਾਲਿਆਂ ਨੂੰ ਸੱਦ ਲਿਆ ਗਿਆ। ਬਿਸ਼ਨੋ ਨੂੰ ਦਿਲ ਦੇ ਲਗਾਤਾਰ ਤਿੰਨ ਦੌਰੇ ਪਏ ਤੇ ਸਦਾ ਦੀ ਨੀਂਦ ਸੌਂ ਗਈ। ਉਸ ਦੇ ਸਸਕਾਰ ਸਮੇਂ ਸੈਂਕੜੇ ਲੋਕਾਂ ਦਾ ਇਕੱਠ ਸੀ। ਸਭ ਲੋਕ ਉਸ ਦੀ ਗਰੀਬੀ ਤੋਂ ਲੈ ਕੇ ਅਮੀਰ ਹੋਣ ਤੱਕ ਦੀਆਂ ਗੱਲਾਂ ਕਰ ਰਹੇ ਸਨ ਕਿ ਕਿਵੇਂ ਉਸ ਨੇ ਐਨੀ ਗਰੀਬੀ ਵਿੱਚ ਬੱਚੇ ਪੜ੍ਹਾਏ, ਸਾਰੇ ਅਫਸਰ ਬਣਾਏ। ਬਿਸ਼ਨੋ ਦੀ ਤਾਰੀਫ ਦੇ ਸਾਰੇ ਲੋਕ ਹੀ ਪੁਲ ਬੰਨ੍ਹ ਰਹੇ ਸਨ। ਬਿਸ਼ਨੋ ਦੀ ਮੌਤ ਸੁਣ ਕੇ ਲੋਕ ਉਸ ਦੇ ਘਰ ਬੈਠਣ ਆਉਂਦੇ ਪਰ ਬਿਸ਼ਨੋ ਦੇ ਨੂੰਹਾਂ-ਪੁੱਤਾਂ ਕੋਲ ਸੋਗ ਮਨਾਉਣ ਦਾ ਸਮਾਂ ਕਿੱਥੇ ਸੀ। ਉਸ ਦੇ ਨੂੰਹਾਂ-ਪੁੱਤਾਂ ਅਤੇ ਧੀ-ਜਵਾਈ ਨੇ ਇੱਕ ਮੀਟਿੰਗ ਕੀਤੀ ਕਿ ਸਮਾਂ ਆਪਣੇ ਕਿਸੇ ਕੋਲ ਨਹੀਂ ਮਾਤਾ ਦਾ ਸੋਗ ਮਨਾਉਣ ਦਾ, ਭੋਗ ਤਾਂ ਦਸਵੇਂ ਦਿਨ ਪਵੇਗਾ। ਆਪਾਂ ਮਾਂ ਦੇ ਫੁੱਲ ਚੁਗ ਕੇ ਸੂਏ ਵਿੱਚ ਤਾਰ ਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਵਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਹੋਇਆ। ਬਿਸ਼ਨੋ ਦੇ ਫੁੱਲ ਚੁਗ ਕੇ ਸੂਆ ਦੂਰ ਹੋਣ ਕਰਕੇ ਪਿੰਡ ਦੇ ਛੱਪੜ ਵਿੱਚ ਹੀ ਤਾਰ ਦਿੱਤੇ ਅਤੇ ਤੀਜੇ ਦਿਨ ਹੀ ਗੁਰਦੁਆਰਾ ਸਾਹਿਬ ਅਰਦਾਸ ਕਰਵਾ ਕੇ ਆਪਣਾ ਫਰਜ਼ ਬਿਸ਼ਨੋ ਦੇ ਪੁੱਤਾਂ-ਨੂੰਹਾਂ, ਧੀ-ਜਵਾਈ ਨੇ ਲਾਡਲੇ ਸਪੁੱਤਰ ਹੋਣ ਦਾ ਨਿਭਾਅ ਦਿੱਤਾ। ਪਿੰਡ ਵਿੱਚ ਤੇ ਰਿਸ਼ਤੇਦਾਰਾਂ ਨੂੰ, ਕਿਸੇ ਨੂੰ ਨਹੀਂ ਕਨਸੋਅ ਹੋਣ ਦਿੱਤੀ ਤੇ ਘਰ ਨੂੰ ਜਿੰਦਾ ਲਾ ਕੇ ਆਪਣੀਆਂ-ਆਪਣੀਆਂ ਕਾਰਾਂ ਵਿੱਚ ਸਵਾਰ ਹੋ ਕੇ ਚਲੇ ਗਏ। ਬਿਸ਼ਨੋ ਦੀ ਮੌਤ ਦੀ ਖਬਰ ਦਾ ਜਿਉਂ-ਜਿਉਂ ਪਤਾ ਲੱਗਦਾ, ਪਿੰਡ ਦੇ ਲੋਕ, ਦੂਰ ਦੇ ਸਨੇਹੀ ਤੇ ਰਿਸ਼ਤੇਦਾਰ ਆਉਂਦੇ ਪਰ ਬਾਰ ‘ਤੇ ਕਿਸੇ ਸ਼ਰਾਰਤੀ ਨੇ ਲਿਖ ਦਿੱਤਾ ਸੀ ‘ਸਮਾਂ ਬੜਾ ਬਲਵਾਨ’ ਹਰ ਇੱਕ ਗੇਟ ‘ਤੇ ਪੜ੍ਹ ਕੇ ਹੈਰਾਨ ਹੋ ਕੇ ਮੁੜ ਜਾਂਦਾ।
 
Top