ਸਫ਼ਰ ਵਿਚ

Mandeep Kaur Guraya

MAIN JATTI PUNJAB DI ..
ਸੈਕਿੰਡ ਕਲਾਸ ਥ੍ਰੀ ਟੀਅਰ ਵਿਚ ਮਸਾਂ ਥਾਂ ਮਿਲ ਸਕੀ। ਉਸ ਦਿਨ ਫਸਟ ਕਲਾਸ ਦਾ ਡੱਬਾ ਲੱਗਾ ਹੀ ਨਹੀਂ ਸੀ। ਹੈਰਾਨੀ ਵੀ ਹੋਈ ਤੇ ਕੋਫਤ ਵੀ। ਪਰ ਸਭ ਤੋਂ ਵੱਧ ਪ੍ਰੇਸ਼ਾਨੀ ਵਾਲੀ ਗੱਲ ਇਹ ਸੀ ਕਿ ਰੇਨੂੰ, ਮੇਰੀ ਬੱਚੀ… ਜੋ ਸਰੀਰੋਂ ਕਮਜ਼ੋਰ ਹੈ, ਤੇ ਭੀੜ-ਭੜੱਕੇ ਤੋਂ ਬਹੁਤ ਘਬਰਾਉਂਦੀ ਹੈ… ਕਿਸੇ ਤਰ੍ਹਾਂ ਵੀ ਸੈਕਿੰਡ ਕਲਾਸ ਵਿਚ ਬਹਿਣ ਨੂੰ ਤਿਆਰ ਨਹੀਂ ਸੀ। ਲਵਲੀ ਤੇ ਮੈਂ ਬੜੀਆਂ ਮਿੰਨਤਾਂ ਤਰਲੇ ਕਰਕੇ ਉਸ ਨੂੰ ਸੀਟ ’ਤੇ ਬਿਠਾਇਆ। ਸੌਣ ਲਈ ਤਿੰਨ ਬਰਥ ਸਾਨੂੰ ਅਲਾਟ ਹੋ ਗਏ ਤਾਂ ਮੈਂ ਸੁੱਖ ਦਾ ਸਾਹ ਲਿਆ ਕਿ ਘੱਟੋ-ਘੱਟ ਰਾਤ ਦਾ ਸਫਰ ਤਾਂ ਆਰਾਮ ਨਾਲ ਕੱਟ ਸਕੇਗਾ।
ਪਰ… ਗੱਡੀ ਤਾਂ ਹੋਰ ਭਰਦੀ ਹੀ ਜਾ ਰਹੀ ਸੀ। ਇਕ ਤਕੜਾ ਰੇਲਾ ਆਇਆ ਤੇ ਸਾਡੀ ਸਾਹਮਣੀ ਸੀਟ ’ਤੇ ਬਹੁਤ ਮੋਟੀਆਂ ਤਾਜ਼ੀਆਂ ਲੰਮੀਆਂ ਤੜੰਗੀਆਂ ਛੇ ਸੱਤ ਔਰਤਾਂ ਤੇ ਤਕਰੀਬਨ ਏਨੇ ਹੀ ਮਰਦ ਅਟੈਚੀਆਂ ਤੇ ਟੋਕਰੀਆਂ ਜਿਹੀਆਂ ਚੁੱਕੀ ਕਾਹਲੀ-ਕਾਹਲੀ ਇੰਝ ਕਰਨ ਭਰਨ ਲੱਗੇ ਜਿਵੇਂ ਪਹਿਲਾਂ ਹੀ ਭਰੇ ਹੋਏ ਥੈਲੇ ਵਿਚ ਕੋਈ ਜ਼ਬਰਦਸਤੀ ਹੋਰ ਖਰਬੂਜ਼ੇ ਭਰਨਾ ਚਾਹੇ।
ਅਸੀਂ ਤਿੰਨੋਂ ਆਪਣੀ ਬਰਥ ’ਤੇ ਨਿੱਸਲ ਬੈਠੀਆਂ ਹੋਈਆਂ ਸਾਂ, ਪਰ ਉਨ੍ਹਾਂ ਬਿਨਾਂ ਸਾਡੇ ਮੂੰਹ ਵੱਲ ਵੇਖੇ ਸਾਨੂੰ ਆਰਾਮ ਨਾਲ ਪਿੱਛੇ ਧੱਕਾ ਮਾਰਿਆ ਤੇ ਪਤਾ ਨਹੀਂ ਕਿਵੇਂ ਤਿੰਨ ਜਣੀਆਂ ਸਾਡੇ ਨਾਲ ਹੀ ਫਸ ਕੇ ਬਹਿ ਗਈਆਂ।
ਸਾਹਮਣੀ ਸੀਟ ’ਤੇ ਇਕ ਮੁੰਡਾ ਤੇ ਇਕ ਅੱਧਖੜ ਆਪਣੀ ਸ਼ਰੀਕੇ ਹਯਾਤ ਨਾਲ ਬੈਠਾ ਸੀ ਤੇ ਉਹ ਦੋਵੇਂ ਆਪਣੇ ਵਿਚ ਮਗਨ ਆਪਣੇ ਨਵੇਂ ਨਵੇਂ ਹੋਏ ਵਿਆਹ ਦੀ ਐਲਬਮ ਵੇਖ ਰਹੇ ਸਨ। ਮੁੰਡਾ ਤਾਂ ਆਉਣ ਵਾਲੇ ਤੂਫਾਨ ਦਾ ਅੰਦਾਜ਼ਾ ਲਾ ਫਟਾਫਟ ਉਤਲੀ ਸੀਟ ’ਤੇ ਟੱਪ ਗਿਆ ਤੇ ਬਾਕੀ ਦੀ ਸੀਟ ਉਸੇ ਲਾਣੇ ਨੇ ਇੰਜ ਮੱਲ ਲਈ ਜਿਵੇਂ ਹੜ੍ਹ ਦਾ ਪਾਣੀ ਸੁੱਤੇ ਸਿੱਧ ਹੀ ਫੈਲਦਾ ਚਲਾ ਜਾਂਦਾ ਹੈ।
ਰੇਨੂੰ ਦੀਆਂ ਅੱਖਾਂ ’ਚੋਂ ਮੋਟੇ-ਮੋਟੇ ਅੱਥਰੂ ਕਿਰ ਰਹੇ ਸਨ। ਉਹ ਚੀਕਣਾ ਚਾਹ ਰਹੀ ਸੀ ਪਰ ਪਤਾ ਨਹੀਂ ਕੀ ਸੋਚ ਕੇ ਚੁੱਪ ਸੀ। ਏਨਾ ਸ਼ੁਕਰ ਸੀ ਕਿ ਸਰਦੀ ਦਾ ਮੌਸਮ ਸੀ… ਪਰ ਤਿੰਨਾਂ ਦੀ ਥਾਵੇਂ ਛੇ ਬੰਦਿਆਂ ਦਾ ਬਹਿਣਾ…?
ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰੀ ਬੱਚੀ ਬਿਮਾਰ ਹੈ, ਉਸ ਲਈ ਜ਼ਿਆਦਾ ਭੀੜ ਨੁਕਸਾਨਦੇਹ ਹੈ ਤੇ ਆਰਾਮ ਕਰਨ ਲਈ ਥਾਂ ਜ਼ਰੂਰੀ ਚਾਹੀਦੀ ਹੈ, ਪਰ ਉਨ੍ਹਾਂ ਅਣਸੁਣਿਆ ਜਿਹਾ ਕਰ ਦਿੱਤਾ। ਲਵਲੀ ਦਾ ਜ਼ਬਤ ਤਾਂ ਗੱਡੀ ਦੇ ਟੁਰਨ ਨਾਲ ਹੀ ਟੁੱਟ ਗਿਆ। ਉਹ ਤਾਂ ਪਹਿਲਾਂ ਹੀ ਲਗਾਤਾਰ ਬੁੜਬੁੜ ਕਰੀ ਜਾ ਰਹੀ ਸੀ, ਪਰ ਫਿਰ ਉਹ ਆਪਣੀ ਆਈ ’ਤੇ ਆ ਗਈ।
ਉਸ ਪੂਰੇ ਜ਼ੋਰ ਨਾਲ ਆਪਣੇ ਆਪ ਨੂੰ ਫੈਲਾਇਆ ਤਾਂ ਕਿਨਾਰੇ ਵਾਲੀ, ਜੋ ਕਿਸੇ ਤਰ੍ਹਾਂ ਮਸਾਂ ਅੜ ਕੇ ਬੈਠੀ ਬੇਖਬਰੀ ਜਿਹੀ ਵਿੱਚ ਊਂਘ ਰਹੀ ਸੀ, ਤਿੰਨ-ਚਾਰ ਝੂਟੇ ਖਾ ਕੇ ਸਾਹਮਣੀ ਸੀਟ ਵਾਲੇ ਦੀ ਗੋਦੀ ਵਿਚ ਅੱਧੀ ਕੁ ਡਿੱਗੀ ਤੇ ਬਾਕੀ ਦੀ ਅੱਧੀ ਵਿਚਕਾਰਲੀ ਥਾਂ ’ਤੇ ਬੈਠੇ ਇਕ ਦਿਹਾਤੀ ’ਤੇ ਇੰਜ ਡਿੱਗੀ ਜਿਵੇਂ ਸਮੂਲੜੀ ਛੱਤ ਹੀ ਡਿੱਗ ਪਈ ਹੋਵੇ। ਉਸ ਵਿਚਾਰੇ ਦੀ ਤਾਂ ਮਸਾਂ ਪੌਣੀ ਕੁ ਚੀਕ ਹੀ ਨਿਕਲ ਸਕੀ।
ਅਫਰਾ-ਤਫਰੀ ਮੱਚ ਗਈ। ਤਿੰਨ-ਚਾਰ ਦੇਹਾਂ ਆਰਾਮ ਨਾਲ ਉੱਠੀਆਂ ਤੇ ਪਲਕ ਝਪਕਦਿਆਂ ਆਪਣੀ ਉਸ ਸਾਥਣ ਨੂੰ ਚੁੱਕ ਕੇ ਸਿੱਧਾ ਕੀਤਾ। ਪਰ ਹੁਣ ਉਸ ਦੇ ਬਹਿਣ ਲਈ ਸੂਈ ਜਿੰਨੀ ਥਾਂ ਵੀ ਨਹੀਂ ਸੀ। ਲੱਗ਼ਦਾ ਸੀ ਕਿ ਲੜਾਈ ਦਾ ਢੋਅ-ਢੁੱਕ ਚੁੱਕਾ ਸੀ।
‘‘ਤੁਮਨੇ ਧੱਕਾ ਦੀਆ ਏ ਛੋਕਰੀ… ਅਗਰ ਹਮ ਤੁਮਹੇ ਉਠਾ ਕੇ ਗਾੜੀ ਸੇ ਨੀਚੇ ਫੇਂਕ ਦੇਂ ਤੋ?’’
ਲਵਲੀ ਆਪਣੀ ਮਹੱਲੇ ਵਿਚ ਲੜਾਈ ਲਈ ਮਸ਼ਹੂਰ ਸੀ। ਐਨੀ ਕੌੜੀ ਤੇ ਮੂੰਹਫੱਟ ਕਿ ਡਰ ਦਾ ਮਾਰਾ ਕੋਈ ਉਸ ਨਾਲ ਪੰਗਾ ਲੈਣ ਦੀ ਹਿੰਮਤ ਨਾ ਕਰ ਸਕਦਾ। ਉਂਜ ਭਾਵੇਂ ਉਹ ਬਹੁਤ ਹੀ ਕੋਮਲ ਦਿਲ ਵਾਲੀ ਤੇ ਨਿੱਕੀ ਜਿਹੀ ਗੱਲ ’ਤੇ ਵੀ ਹੱਸ-ਹੱਸ ਦੂਹਰੀ ਚੌਹਰੀ ਹੋਣ ਵਾਲੀ ਸੀ। ਉਸ ਦੇ ਇਸ ਅਤਿਵਾਦ ਤੋਂ ਮੈਂ ਬਹੁਤ ਡਰਦੀ ਸਾਂ ਤੇ ਵੱਸ ਲੱਗਦਿਆਂ ਉਹਦੇ ਸੰਗ ਤੋਂ ਕਤਰਾਉਂਦੀ ਰਹੀ ਸਾਂ… ਪਰ ਐਤਕੀਂ ਜਦੋਂ ਉਹਨੂੰ ਪਤਾ ਲੱਗਾ ਕਿ ਮੈਂ ਅੰਮ੍ਰਿਤਸਰ ਜਾ ਰਹੀ ਹਾਂ ਤਾਂ ਉਹ ਮੇਰੇ ਖਹਿੜੇ ਹੀ ਪੈ ਗਈ ਕਿ ਉਸ ਨੇ ਅੱਜ ਤਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ‘‘ਪਲੀਜ਼ ਆਂਟੀ… ਤੁਹਾਡਾ ਪੁੰਨ ਹੋਵੇਗਾ ਮੈਨੂੰ ਦਰਸ਼ਨ ਕਰਵਾ ਲਿਆਉ।’’
ਭਾਵੇਂ ਅੱਜ ਤਕ ਮੇਰੇ ਅੱਗੇ ਉਹ ਕਦੀ ਉੱਚਾ ਵੀ ਨਹੀਂ ਸੀ ਬੋਲੀ। ਬੇਹੱਦ ਪਿਆਰ ਤੇ ਸਤਿਕਾਰ ਕਰਦੀ ਸੀ ਤਾਂ ਵੀ ਉਸ ਦੇ ਕਾਰਨਾਮੇ ਅਕਸਰ ਮੈਂ ਸੁਣਦੀ ਤਾਂ ਰਹਿੰਦੀ ਹੀ ਸਾਂ। ਉਸ ਦੀ ਛੋਟੀ ਭੈਣ ਬਬਲੀ ਮੇਰੇ ਨਾਲ ਕੰਮ ਕਰਦੀ, ਉਸ ਦੇ ਕਿੱਸੇ ਸੁਣਾਉਂਦੀ।
ਮੈਂ ਹਾਲਾਤ ਦਾ ਜਾਇਜ਼ਾ ਲਿਆ, ਜੋ ਭਿਆਨਕ ਸੀ। ਲਵਲੀ ਦੀਆਂ ਮੋਟੀਆਂ-ਮੋਟੀਆਂ ਅੱਖਾਂ ਫੈਲ ਕੇ ਅੱਧੀਆਂ ਮੱਥੇ ਨੂੰ ਚੜ੍ਹੀਆਂ ਹੋਈਆਂ ਸਨ ਤੇ ਲੰਮੇ-ਲੰਮੇ ਦੰਦ ਚੌੜੇ ਵਾਤ ’ਚੋਂ ਲਿਸ਼ਕ ਰਹੇ ਸਨ, ਜਿਵੇਂ ਕੋਈ ਖੂੰਖਾਰ ਜਾਨਵਰ ਹਮਲੇ ਲਈ ਤਿਆਰ ਹੋਵੇ। ਇਸ ਤੋਂ ਪਹਿਲਾਂ ਕਿ ਉਹ ਆਪਣੇ ਪਾਲ ਪਾਲ ਸਾਂਭ-ਸਾਂਭ ਰੱਖੇ ਨਹੁੰਆਂ ਨਾਲ ਗੁਸੈਲ ਬਿੱਲੀ ਵਾਂਗ ਇਕ ਦੇਹ ’ਤੇ ਝਪਟਦੀ, ਮੈਂ ਉਸ ਦੇ ਸਾਹਮਣੇ ਖੜ੍ਹੀ ਹੋ ਕੇ ਉਸ ਨੂੰ ਜੱਫ ਲਿਆ।
‘ਲਵਲੀ ! ਸਫਰ ਵਿਚ ਇਸ ਤਰ੍ਹਾਂ ਨਹੀਂ ਕਰੀਦਾ। ਸਭ ਨੇ ਏਸੇ ਗੱਡੀ ਵਿਚ ਜਾਣਾ ਹੈ, ਕਿਸੇ ਦੀ ਬਿਨਾਂ ਰਿਜ਼ਰਵੇਸ਼ਨ ਸਫਰ ਕਰਨ ਦੀ ਮਜਬੂਰੀ ਵੀ ਹੋ ਸਕਦੀ ਐ… ਨਾਲੇ ਉਹ ਐਨੇ ਸਾਰੇ ਲੋਕ ਨੇ ਜੇ ਉਨ੍ਹਾਂ ਸਾਨੂੰ ਸਾਰਿਆਂ ਨੂੰ ਹੀ ਚੁੱਕ ਕੇ ਬਾਹਰ ਸੁੱਟ ਦਿੱਤਾ।’’ ਮੈਂ ਉਹਦੇ ਕੰਨ ਵਿਚ ਕਿਹਾ ਕਿਉਂਕਿ ਗੱਡੀ ਦੇ ਸ਼ੋਰ ਵਿਚ ਹੋਰ ਵੀ ਬਹੁਤ ਸਾਰਾ ਸ਼ੋਰ ਸ਼ਾਮਲ ਸੀ।
ਬੜੀ ਹਲੀਮੀ ਨਾਲ ਮੈਂ ਉਨ੍ਹਾਂ ਔਰਤਾਂ ਕੋਲੋਂ ਮੁਆਫੀ ਮੰਗੀ। ਸੀਟ ਹੇਠੋਂ ਆਪਣਾ ਬਕਸਾ ਕੱਢ ਕੇ ਰੇਨੂੰ ਤੇ ਲਵਲੀ ਨੂੰ ਉੱਤੇ ਬਿਠਾਇਆ ਤੇ ਆਪ ਖੜ੍ਹੀ ਹੋ ਕੇ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਆਰਾਮ ਨਾਲ ਬਹਿ ਜਾਉ। ਇਹ ਬੱਚੀ ਹੈ। ਐਵੇਂ ਗੁੱਸਾ ਖਾ ਜਾਂਦੀ ਹੈ। ਮਾਫ ਕਰ ਦਿਓ। ਗੱਲ ਵਧਾਉਣ ਦਾ ਕੀ ਫਾਇਦਾ।
ਪਰ ਉਨ੍ਹਾਂ ਮੈਨੂੰ ਖੜ੍ਹਾ ਨਹੀਂ ਹੋਣ ਦਿੱਤਾ ਤੇ ਆਪ ਸੁੰਗੜ ਕੇ ਬਹਿ ਗਈਆਂ। ਮਾਹੌਲ ਜ਼ਰਾ ਕੁ ਸੁਖਾਵਾਂ ਬਣਾਉਣ ਲਈ ਮੈਂ ਚਾਹ ਵਾਲੀ ਥਰਮਸ ਤੇ ਗਲਾਸ ਕੱਢੇ ਤੇ ਥੋੜ੍ਹੀ-ਥੋੜ੍ਹੀ ਚਾਹ ਦੋ ਗਲਾਸਾਂ ਵਿਚ ਪਾ ਕੇ ਉਨ੍ਹਾਂ ਨੂੰ ਪੇਸ਼ ਕੀਤੀ। ਬੜੀ ਮੁਸ਼ਕਲ ਨਾਲ ਉਨ੍ਹਾਂ ਵਿਚੋਂ ਦੋਹਾਂ ਨੇ ਗਲਾਸ ਲੈ ਲਏ। ਮੈਂ ਆਪਣੇ ਲਈ ਢੱਕਣ ਵਿਚ ਚਾਹ ਪਾਈ ਤੇ ਘੁੱਟ ਭਰਦਿਆਂ ਉਨ੍ਹਾਂ ਨਾਲ ਗੱਲੀਂ ਲੱਗ ਪਈ।
ਉਹ ਸਭ ਆਗਰੇ ਜਾ ਰਹੇ ਸਨ। ਸੱਤ ਭੈਣਾਂ ਸਨ ਉਹ ਤੇ ਨਾਲ ਉਨ੍ਹਾਂ ਦੇ ਘਰ ਵਾਲੇ। ਹੁਣੇ ਹੀ ਉਨ੍ਹਾਂ ਦਾ ਇਕੋ ਇਕ ਭਰਾ, ਜੋ ਆਗਰੇ ਰਹਿੰਦਾ ਸੀ ਤੇ ਕਿਸੇ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਸੀ, ਹਾਰਟ ਫੇਲ੍ਹ ਹੋਣ ਨਾਲ ਚੱਲ ਵਸਿਆ ਸੀ। ਹੁਣ ਇਹ ਸਭ ਉਥੇ ਹੀ ਜਾ ਰਹੀਆਂ ਸਨ। … ਦੱਸਦਿਆਂ ਉਸ ਦੇ ਅੱਥਰੂ ਵਗ ਤੁਰੇ ਤੇ ਬਾਕੀ ਦੀਆਂ ਸਾਰੀਆਂ ਵੀ ਅੱਖਾਂ ਪੂੰਝਣ ਲੱਗੀਆਂ।
ਲਵਲੀ ਵੀ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਆਪਣੇ ਭਰਾ ਦੀ ਅਣਿਆਈ ਮੌਤ, ਬੁੱਢੇ ਮਾਂ-ਬਾਪ, ਛੋਟੇ-ਛੋਟੇ ਬੱਚਿਆਂ ਤੇ ਉਨ੍ਹਾਂ ਦੀ ਮਾਂ ਬਾਰੇ ਫਿਕਰਮੰਦ ਰੋਈ ਜਾ ਰਹੀਆਂ ਸਨ।
ਲਵਲੀ ਦੀਆਂ ਅੱਖਾਂ ’ਚੋਂ ਮੋਟੇ-ਮੋਟੇ ਹੰਝੂ ਕਿਰ ਰਹੇ ਸਨ। ਉਹ ਆਪਣੇ ਗਲਾਸ ਧੋ-ਧੋ ਉਨ੍ਹਾਂ ਨੂੰ ਪਾਣੀ ਪਿਆ ਰਹੀ ਸੀ ਤੇ ਵਾਰ-ਵਾਰ ਮਾਫੀ ਮੰਗ ਰਹੀ ਸੀ।
ਟੁੰਡਲਾ ਸਟੇਸ਼ਨ ’ਤੇ ਉਹ ਸਭ ਉਤਰੀਆਂ ਤਾਂ ਵਾਰ-ਵਾਰ ਧੰਨਵਾਦ ਕਰ ਰਹੀਆਂ ਸਨ। ਉਨ੍ਹਾਂ ਦੇ ਉਤਰ ਜਾਣ ਪਿੱਛੋਂ ਲਵਲੀ ਨੇ ਮੇਰੇ ਤੋਂ ਮਾਫੀ ਮੰਗੀ। ਹੁਣ ਮੈਨੂੰ ਹੋਰ ਕੁਝ ਕਹਿਣ ਦੀ ਲੋੜ ਵੀ ਨਹੀਂ ਸੀ।

-ਤਾਰਨ ਗੁਜਰਾਲ
 
Top