UNP

ਵਿੱਦਿਆ ਨੂੰ ਠੋਕਰਾਂ

Go Back   UNP > Contributions > Punjabi Culture

UNP Register

 

 
Old 08-Aug-2010
gurshamcheema
 
Lightbulb ਵਿੱਦਿਆ ਨੂੰ ਠੋਕਰਾਂ

ਇਸ ਮਹਿੰਗੇ ਤੇ ਚਕਾਚੌਂਧ ਵਾਲੇ ਵਿਦਿਅਕ ਤਾਣੇ-ਬਾਣੇ ਵਿਚ ਆਮ ਲੋਕਾਂ ਦੇ ਸਭ ਤੋਂ ਮੁੱਢਲੇ ਵਿੱਦਿਅਕ ਅਦਾਰੇ ਸਰਕਾਰੀ ਸਕੂਲ ਮਿਆਰੀ ਵਿੱਦਿਆ ਦੇਣ ਚ ਕਿਧਰੇ ਦੂਰ ਧੂੜ ਚ ਗੁਆਚਦੇ ਨਜ਼ਰ ਆ ਰਹੇ ਹਨ। ਇਸ ਨਾਲ ਆਮ ਲੋਕਾਂ ਦੀ ਪੜ੍ਹਾਈ ਨੂੰ ਕਿਹੜੀਆਂ-ਕਿਹੜੀਆਂ ਠੋਕਰਾਂ ਵੱਜਦੀਆਂ ਨੇ, ਅੱਜ ਇਸ ਤੇ ਅਸੀਂ ਵਿਚਾਰ ਕਰਾਂਗੇ। ਸਭ ਤੋਂ ਪਹਿਲੀ ਠੋਕਰ ਇਸ ਨੂੰ ਅਧਿਆਪਕਾਂ ਤੋਂ ਵੱਜ ਰਹੀ ਹੈ। ਅੱਜ ਬਹੁਤੀ ਥਾਈਂ ਅਧਿਆਪਕਾਂ ਨੇ ਅੱਗੇ ਸਬ ਅਧਿਆਪਕ ਰੱਖ ਕੇ ਖ਼ੁਦ ਕੋਈ ਹੋਰ ਕਾਰੋਬਾਰ ਸ਼ੁਰੂ ਕੀਤੇ ਹੋਏ ਨੇ, ਜਿਸ ਬਾਰੇ ਸਿੱਖਿਆ ਵਿਭਾਗ ਸਮੇਂ-ਸਮੇਂ ਤੇ ਜਾਂਚ ਵੀ ਕਰਦਾ ਰਹਿੰਦਾ ਹੈ। ਸਵਾਲ ਇਹ ਹੈ ਕਿ ਜੇ ਵਿੱਦਿਆ ਵੰਡਣ ਵਾਲਿਆਂ ਨੂੰ ਹੀ ਆਪਣਾ ਕਿੱਤਾ ਜਾਂ ਨੌਕਰੀ ਪਸੰਦ ਨਹੀਂ ਤਾਂ ਇਹੋ ਜਿਹੀ ਵਿੱਦਿਆ ਪਰਉਪਕਾਰੀ ਕਿਵੇਂ ਹੋ ਸਕਦੀ ਹੈ? ਮੰਨੋ ਭਾਵੇਂ ਨਾ, ਅੱਜ ਦੇ ਪੜ੍ਹੇ-ਲਿਖਿਆਂ ਲਈ ਅਧਿਆਪਕ ਬਣਨਾ ਸਭ ਤੋਂ ਆਖਰੀ ਅਤੇ ਮਜਬੂਰੀ ਵਾਲਾ ਕੰਮ ਬਣ ਗਿਆ ਹੈ। ਇਹਦੇ ਚ ਕਸੂਰ ਉਨ੍ਹਾਂ ਦਾ ਵੀ ਨਹੀਂ ਕਿਉਂਕਿ ਅੱਜਕਲ੍ਹ 4500 ਤੋਂ 7000 ਰੁਪਿਆ ਪ੍ਰਤੀ ਮਹੀਨਾ ਤਨਖਾਹ ਲੈ ਕੇ 100 ਕਿਲੋਮੀਟਰ ਦੂਰ ਪੜ੍ਹਾ ਕੇ ਆਉਣਾ ਤੇ ਫਿਰ ਆਪਣੇ ਪਰਿਵਾਰ ਦਾ ਮੁੱਖ ਕਮਾਊ ਮੈਂਬਰ ਕਹਾਉਣਾ ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਚ ਹਜ਼ਮ ਨਹੀਂ ਹੁੰਦਾ। ਦੂਜੀ ਠੋਕਰ ਇਸ ਨੂੰ ਵਿੱਦਿਆ ਹਾਸਲ ਕਰਨ ਆਏ ਬੱਚਿਆਂ ਦੇ ਮਾਪਿਆਂ ਵੱਲੋਂ ਵੱਜਦੀ ਹੈ। ਜੇਕਰ ਪਿੰਡ ਵਿਚ ਬਿਜਲੀ ਚਲੀ ਜਾਵੇ ਤਾਂ ਅਸੀਂ ਫਟਾਫਟ ਬਿਜਲੀ ਘਰ ਜਾਂ ਜੇ. ਈ. ਨੂੰ ਫੋਨ ਕਰਦੇ ਹਾਂ, ਜੇ ਟੂਟੀ ਚ ਪਾਣੀ ਨਾ ਆਵੇ ਤਾਂ ਜਲ ਵਿਭਾਗ ਨੂੰ ਫੋਨ ਕਰਦੇ ਹਾਂ। ਕੀ ਜੇਕਰ ਤੁਹਾਡੇ ਪਿੰਡ ਦੇ ਸਕੂਲ ਚ ਅਧਿਆਪਕ ਦੋ ਦਿਨ ਸਕੂਲ ਨਾ ਆਵੇ ਤਾਂ ਆਪਾਂ ਜਾ ਕੇ ਪੁੱਛਦੇ ਹਾਂ, ਕਿ ਉਸ ਅਧਿਆਪਕ ਦੀ ਗੈਰ-ਹਾਜ਼ਰੀ ਵਿਚ ਉਸ ਦੇ ਵਿਸ਼ੇ ਨੂੰ ਕੋਈ ਪੜ੍ਹਾ ਰਿਹੈ ਜਾਂ ਨਹੀਂ? ਇਸ ਦੀ ਉਦਾਹਰਣ ਪਿਛਲੇ ਦਿਨੀਂ ਮੈਨੂੰ ਦੇਖਣ ਨੂੰ ਮਿਲੀ। ਮੈਂ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਸ਼ੂਟਿੰਗ ਦੇ ਸਿਲਸਿਲੇ ਵਿਚ ਗਿਆ, ਜਿਥੇ ਸਰਕਾਰੀ ਸਕੂਲ ਦੀ 10ਵੀਂ ਕਲਾਸ ਦੀ ਵਿਦਿਆਰਥਣ ਨੇ ਏ ਬੀ ਸੀ ਤਾਂ ਮਿੰਟ-ਸਕਿੰਟ ਚ ਸੁਣਾ ਦਿੱਤੀ ਪਰ ਊੜਾ ਆੜਾ ਬਾਰੇ ਪੁੱਛਣ ਤੇ ਉਸ ਨੇ ਕੈਮਰੇ ਸਾਹਮਣੇ ਸਾਫ ਕਹਿ ਦਿੱਤਾ ਕਿ ਮੈਨੂੰ ਊੜਾ ਆੜਾ ਨਹੀਂ ਆਉਂਦਾ। ਮੈਂ ਪੰਚਾਇਤ ਦੀ ਹਾਜ਼ਰੀ ਚ ਸੰਬੰਧਿਤ ਅਧਿਆਪਕਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਸਕੂਲ ਦੀ ਮੁੱਖ ਅਧਿਆਪਕਾ ਨੇ ਬੜੀ ਹਾਸੋਹੀਣੀ ਤੇ ਗੈਰ-ਜ਼ਿੰਮੇਵਾਰਾਨਾ ਗੱਲ ਕਹੀ ਕਿ ਅਸੀਂ ਤਾਂ 6ਵੀਂ ਤੋਂ 10ਵੀਂ ਤੱਕ ਪੜ੍ਹਾਉਂਦੇ ਹਾਂ, ਊੜਾ ਆੜਾ ਸਿਖਾਉਣਾ ਤਾਂ ਪਹਿਲੀ ਤੋਂ ਪੰਜਵੀਂ ਵਾਲੇ ਪ੍ਰਾਇਮਰੀ ਅਧਿਆਪਕਾਂ ਦਾ ਕੰਮ ਹੈ। ਹੁਣ ਸਵਾਲ ਇਹ ਹੈ ਕਿ ਉਹੋ ਵਿਦਿਆਰਥਣ ਜਿਸ ਦਾ ਕਿ ਮੈਂ ਜ਼ਿਆਦਾ ਕਸੂਰ ਨਹੀਂ ਮੰਨਦਾ, ਉਹ ਵਿਦਿਆਰਥਣ ਛੇਵੀਂ, ਸੱਤਵੀਂ, ਅੱਠਵੀਂ ਤੇ ਨੌਵੀਂ ਕਿਵੇਂ ਪਾਸ ਕਰ ਗਈ? ਇਹ ਕਲਾਸਾਂ ਤਾਂ ਇਨ੍ਹਾਂ ਅਧਿਆਪਕਾਂ ਦੀ ਦੇਖ-ਰੇਖ ਚ ਚੱਲ ਰਹੀਆਂ ਨੇ। ਇਸ ਖੁਲਾਸੇ ਤੋਂ ਬਾਅਦ ਪਿੰਡ ਦੀ ਪੰਚਾਇਤ ਹਰਕਤ ਵਿਚ ਆਈ ਤੇ ਉਨ੍ਹਾਂ ਨੇ ਸਕੂਲ ਜਾ ਕੇ ਇਸ ਮਾਮਲੇ ਚ ਅਧਿਆਪਕਾਂ ਤੋਂ ਕਾਰਨ ਪੁੱਛੇ। ਇਹੋ ਜਿਹੇ ਹਜ਼ਾਰਾਂ ਹੋਰ ਵਿਦਿਆਰਥੀ ਹੋਣਗੇ ਜਿਹੜੇ ਇਹੋ-ਜਿਹੇ ਗੈਰ-ਜ਼ਿੰਮੇਵਾਰ ਤੇ ਲਾਪ੍ਰਵਾਹ ਅਧਿਆਪਕਾਂ ਦੀ ਦੇਖ-ਰੇਖ ਚ ਪੜ੍ਹ ਰਹੇ ਹਨ। ਪੰਜਾਬ ਸਰਕਾਰ ਆਪਣੇ ਦਫਤਰਾਂ ਚ ਪੰਜਾਬੀ ਲਾਗੂ ਕਰਨ ਦੇ ਵਾਅਦੇ ਤੇ ਦਾਅਵੇ ਕਰ ਰਹੀ ਹੈ ਪਰ ਬਿਹਤਰ ਹੋਵੇਗਾ ਕਿ ਇਸ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਚ ਪੰਜਾਬੀ ਪੜ੍ਹਾਉਣੀ ਲਾਗੂ ਕਰ ਦਿੱਤੀ ਜਾਵੇ। ਮੈਂ ਵੀ ਇਕ ਸਰਕਾਰੀ ਅਧਿਆਪਕ ਦਾ ਬੇਟਾ ਹਾਂ। ਜਦੋਂ ਵੀ ਮੇਰੇ ਪਿਤਾ ਜੀ ਤਨਖਾਹ ਵਧਾਉਣ ਜਾਂ ਕਿਸੇ ਭੱਤੇ ਨੂੰ ਲਾਗੂ ਕਰਾਉਣ ਲਈ ਕਿਸੇ ਸਾਂਝੀ ਹੜਤਾਲ ਜਾਂ ਧਰਨੇ ਤੇ ਜਾਂਦੇ ਸੀ ਤਾਂ ਮੈਂ ਕਹਿੰਦਾ ਹੁੰਦਾ ਸੀ ਕਿ ਅਧਿਆਪਕਾਂ ਨੂੰ ਅੱਜ ਤੁਸੀਂ ਮੇਰਾ ਇਕ ਸਵਾਲ ਪੁੱਛਿਓਂ ਕਿ ਕਿੰਨੇ ਕੁ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ, ਸ਼ਾਇਦ ਇਹ ਗਿਣਤੀ ਨਾ-ਮਾਤਰ ਦੇ ਬਰਾਬਰ ਹੀ ਹੋਵੇਗੀ। ਹੁਣ ਸਵਾਲ ਇਹ ਹੈ ਕਿ ਜੇ ਅਧਿਆਪਕਾਂ ਨੂੰ ਇਹ ਪਤਾ ਹੈ ਕਿ ਸਰਕਾਰੀ ਸਕੂਲਾਂ ਚ ਉਨ੍ਹਾਂ ਦੇ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਬਣ ਸਕਦਾ ਤਾਂ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਵਿਗਾੜਨ ਲਈ ਵੱਧ ਭੱਤਿਆਂ ਦੀ ਮੰਗ ਕਿਉਂ ਕਰ ਰਹੇ ਨੇ? ਉਂਜ ਸਾਰੇ ਸਰਕਾਰੀ ਅਧਿਆਪਕਾਂ ਨੂੰ ਇਸ ਗਿਣਤੀ ਚ ਨਹੀਂ ਰੱਖਿਆ ਜਾ ਸਕਦਾ। ਅਜੇ ਵੀ ਬਹੁਤ ਹੀ ਯੋਗ ਤੇ ਇੱਛਾ ਸ਼ਕਤੀ ਜਗਾਉਣ ਵਾਲੇ ਅਧਿਆਪਕ ਮੌਜੂਦ ਨੇ ਪਰ ਹਨ੍ਹੇਰੀਆਂ ਰਾਤਾਂ ਚ ਟਾਂਵੇਂ-ਟਾਂਵੇਂ ਜੁਗਨੂੰਆਂ ਦੇ ਬਰਾਬਰ। ਤੀਜੀ ਠੋਕਰ ਵਿੱਦਿਆ ਨੂੰ ਸਰਕਾਰਾਂ ਵੱਲੋਂ ਵੱਜਦੀ ਹੈ। ਅਕਸਰ ਅਸੀਂ ਜਦੋਂ ਆਪਣੇ ਜ਼ਿੰਮੇਵਾਰ ਅਫਸਰਾਂ ਤੇ ਵੱਡੇ ਨੇਤਾਵਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤਾਂ ਬਹੁਤੀਆਂ ਚ ਲਿਖਿਆ ਹੁੰਦਾ ਹੈ ਕਿ ਆਪ ਜੀ ਉਚੇਰੀ ਸਿੱਖਿਆ ਲਈ ਵਿਦੇਸ਼ ਚਲੇ ਗਏ ਜਦ ਕਿ ਸਾਡੀ ਸਰਕਾਰ ਚ ਉਚੇਰੀ ਸਿੱਖਿਆ ਦਾ ਇਕ ਮੰਤਰਾਲਾ ਮੌਜੂਦ ਹੈ, ਫਿਰ ਅਸੀਂ ਉਚੇਰੀ ਸਿੱਖਿਆ ਨੂੰ ਵਿਚਾਰੀ ਦੀ ਬਜਾਏ ਮਿਆਰੀ ਕਿਉਂ ਨਹੀਂ ਬਣਾਉਂਦੇ। ਇਕ ਠੋਕਰ ਤਾਂ ਆਪਾਂ ਸਾਰੇ ਰਲ ਕੇ ਹੀ ਮਾਰ ਰਹੇ ਹਾਂ, ਇਸ ਠੋਕਰ ਦਾ ਨਾਂਅ ਹੈ ਨਕਲ। ਅੱਜ ਸਾਡਾ ਸਿੱਖਿਆ ਵਿਭਾਗ ਹੱਥ ਖੜ੍ਹੇ ਕਰ ਚੁੱਕਿਆ ਹੈ ਕਿ ਨਕਲ ਰੋਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਇਹ ਹੁਣ ਲੋਕਾਂ ਦੇ ਖੂਨ ਚ ਵਸ ਗਈ ਹੈ। ਲੋਕ ਹੁਣ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਲਈ ਆਪਣੇ ਚਹੇਤੇ ਨੇਤਾਵਾਂ ਦੀ ਸ਼ਹਿ ਤੇ ਨਕਲ-ਰੋਕੂ ਦਸਤਿਆਂ ਨੂੰ ਘੇਰ ਕੇ ਮਾਰ-ਕੁਟਾਈ ਕਰਨ ਤੱਕ ਵੀ ਪਹੁੰਚ ਗਏ ਹਨ। ਕੀ ਵਿੱਦਿਆ ਦੀ ਪਰਿਭਾਸ਼ਾ ਸਿਰਫ ਤਿੰਨ ਘੰਟਿਆਂ ਦਾ ਪੇਪਰ ਜਾਂ ਫਿਰ ਨੌਕਰੀ ਲੈਣਾ ਹੈ। ਜਦ ਕਿ ਇਹ ਸਾਡੇ ਜੀਵਨ ਦੇ ਹਰ ਮੋੜ ਤੇ ਕੰਮ ਆਉਣ ਵਾਲੀ ਚੀਜ਼ ਹੈ। ਮੁੱਕਦੀ ਗੱਲ ਹੈ ਕਿ ਸਰਕਾਰੀ ਕਾਲਜ ਬੇਰੁਜ਼ਗਾਰੀ ਪੈਦਾ ਕਰਨ ਵਾਲੀਆਂ ਫੈਕਟਰੀਆਂ ਬਣ ਚੁੱਕੇ ਹਨ ਤੇ ਸਰਕਾਰੀ ਸਕੂਲ ਉਨ੍ਹਾਂ ਨੂੰ ਕੱਚਾ ਮਾਲ ਮੁਹੱਈਆ ਕਰਾਉਣ ਚ ਸਭ ਤੋਂ ਵੱਡਾ ਯੋਗਦਾਨ ਪਾ ਰਹੇ ਹਨ। ਮੈਂ ਤਾਂ ਇਹੋ ਕਹਾਂਗਾ ਕਿ ਵਿੱਦਿਆ ਤੂੰ ਆਪ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਗਾ ਕੇ ਸੱਚੀ ਮੁੱਚੀਂ ਪਰਉਪਕਾਰੀ ਬਣ ਕੇ ਦਿਖਾ। ਅੰਤ ਚ ਮੇਰਾ ਇਕ ਸ਼ੇਅਰ ਹੈ : ਸਾਰੀ ਉਮਰ ਢਿੱਡ ਭਰਨ ਦਾ ਵਾਅਦਾ ਕਰਨ ਵਾਲੀਆਂ ਡਿਗਰੀਆਂ ਇਕ ਡੰਗ ਦੀ ਰੋਟੀ ਦਾ ਬਾਲਣ ਵੀ ਨਹੀਂ ਬਣ ਸਕੀਆਂ।

Post New Thread  Reply

« ਸਿੱਖ ਧਰਮ ਦੀ ਜਾਣ-ਪਛਾਣ | ਮਾਵਾਂ »
X
Quick Register
User Name:
Email:
Human Verification


UNP