ਵਧ ਫੁਲ ਰਹੀ ਹੈ ਗ਼ਲੀਜ਼ ਗਾਇਕੀ

ਪਿਛਲੇ ਦਸ ਸਾਲਾਂ ਵੱਲ ਝਾਤ ਮਾਰ ਕੇ ਵੇਖੋ, ਕਿੰਨੇ ਕਲਾਕਾਰਾਂ ਮਾੜਾ ਗਾਇਆ ਤੇ ਅਸੀਂ ਉਨ੍ਹਾਂ ਦੀ ਕਿੰਨੀ ਕੁ ਖਿਲਾਫ਼ਤ ਕੀਤੀ। ਜਾਪਦੈ ਜਿਵੇਂ ਪੂਰਾ ਪੰਜਾਬ ਹੀ ‘ਦੜ ਵੱਟ ਜ਼ਮਾਨਾ ਕੱਟ’ ‘ਤੇ ਅਮਲ ਕਰ ਮੂੰਹ ਭੁਆਂ ਖਲੋ ਗਿਆ ਹੋਵੇ। ਕਿਸੇ ਨੂੰ ਫ਼ਿਕਰ ਨਹੀਂ ਕਿ ਸਾਡੇ ਰੰਗਲੇ ਸੱਭਿਆਚਾਰ ਦੇ ਮੂੰਹ ‘ਤੇ ਕਾਲਖ਼ ਮਲੀ ਜਾ ਰਹੀ ਏ, ਕੋਈ ਚਿੰਤਾ ਨਹੀਂ ਕਰਦਾ ਕਿ ਗਾਇਕੀ ਦੇ ਨਾਂ ‘ਤੇ ਕਾਮੁਕਤਾ ਦੀ ਜਿਹੜੀ ਖੇਡ ਖੇਡੀ ਜਾ ਰਹੀ ਏ, ਇਸ ਦਾ ਅਸਰ ਸਾਡੀਆਂ ਭੈਣਾਂ ਅਤੇ ਧੀਆਂ ‘ਤੇ ਵੀ ਪੈ ਰਿਹਾ ਹੈ। ਕਦੇ ਕੋਈ ਇਸ ਗੱਲ ਪ੍ਰਤੀ ਗੰਭੀਰ ਨਹੀਂ ਦਿਸਿਆ ਕਿ ਜਿਹੜੇ ਕਲਾਕਾਰਾਂ ਦੀ ਸਾਨੂੰ ਭੁਗਤ ਸੰਵਾਰਨੀ ਚਾਹੀਦੀ ਏ, ਉਨ੍ਹਾਂ ਨੂੰ ਲੱਖਾਂ ਰੁਪਿਆ ਦੇ ਕੇ ਅਸੀਂ ਆਪਣੇ ਧੀਆਂ-ਪੁੱਤਾਂ ਦੇ ਵਿਆਹਾਂ ‘ਤੇ ਕਿਉਂ ਸੱਦਦੇ ਹਾਂ?
ਪੰਜਾਬੀਆਂ ਨੇ ਜਦੋਂ ਤੋਂ ਮੰਦੇ ਨੂੰ ਮੰਦਾ ਕਹਿਣਾ ਛੱਡ ਨੀਵੀਂ ਪਾਉਣੀ ਸ਼ੁਰੂ ਕੀਤੀ ਏ, ਉਦੋਂ ਤੋਂ ਉਨ੍ਹਾਂ ਲੋਕਾਂ ਦੀ ਚਾਂਦੀ ਬਣ ਗਈ, ਜਿਹੜੇ ਆਖਦੇ ਨੇ ਕਿ ਸਾਡੇ ਵਪਾਰ ਦਾ ਧੁਰਾ 16 ਤੋਂ 21 ਸਾਲ ਦੀ ਜਵਾਨੀ ਏ। ਜ਼ਰਾ ਅੱਜ ਦੇ ਗੀਤਾਂ ਵੱਲ ਝਾਤ ਮਾਰੋ, ਇਨ੍ਹਾਂ ਵਿਚੋਂ ਤੁਹਾਨੂੰ ਕੀ ਕੁੱਝ ਲੱਭਦੈ? ਸਾਡੀਆਂ ਧੀਆਂ-ਭੈਣਾਂ ਬਾਰੇ ਕੇਹੀ ਸੋਚ ਰੱਖਦੇ ਨੇ ਲਿਖਣ-ਗਾਉਣ ਵਾਲੇ, ਕੇਹੀਆਂ ਟਿੱਚਰਾਂ ਕਰ ਰਹੇ ਨੇ ਸਾਨੂੰ ਸਭ ਨੂੰ, ਪਰ ਅਸੀਂ ਹਾਂ ਕਿ ‘ਸਾਨੂੰ ਕੀ’ ਵਾਲੇ ਫਾਰਮੂਲੇ ‘ਤੇ ਅੜੇ ਹੋਏ ਹਾਂ।
ਇਤਿਹਾਸ ਵੱਲ ਝਾਤ ਮਾਰ ਕੇ ਵੇਖੋ, ”ਜਿਹੜੀ ਕੌਮ ਦੀ ਗ਼ੈਰਤ ਮਰ ਗਈ, ਉਸ ‘ਤੇ ਹਰ ਤਰ੍ਹਾਂ ਦੇ ਹਮਲੇ ਹੋਏ ਤੇ ਇਨ੍ਹਾਂ ਹਮਲਿਆਂ ਅੱਗੇ ਹਥਿਆਰ ਸੁੱਟਣ ਵਾਲਿਆਂ ਨੂੰ ਘਾਹ ਵਾਂਗ ਲਿਤਾੜਿਆ ਗਿਆ।” ਬਿਲਕੁਲ ਇਵੇਂ ਅਖੌਤੀ ਕਲਾਵਾਨਾਂ ਵੱਲੋਂ ਲੰਮੇ ਸਮੇਂ ਤੋਂ ਪੰਜਾਬੀਆਂ ਦੀ ਗ਼ੈਰਤ ਨੂੰ ਲਲਕਾਰਿਆ ਜਾ ਰਿਹੈ, ਪਰ ਇਹ ਜਾਗਣ ਦੀ ਥਾਂ ਲਗਾਤਾਰ ਕੌਮਾ ਵਿੱਚ ਜਾ ਰਹੀ ਏ। ਅਸੀਂ ਦੇਖਣ ਨੂੰ ਜਿਊਂਦੇ ਹਾਂ ਪਰ ਅੰਦਰੋਂ ਮਰ ਚੁੱਕੇ ਹਾਂ ਤੇ ਜਦੋਂ ਅਣਖਾਂ ਦੇ ਸਿਰਨਾਵੇਂ ਮਰ ਗਏ ਹੋਣ, ਉਦੋਂ ਲਾਸ਼ਾਂ ‘ਤੇ ਕੋਈ ਨੱਚੇ ਜਾਂ ਟੱਪੇ, ਕਿਹੜਾ ਪਤਾ ਲੱਗਦੈ?
ਕਈ ਸਾਲ ਪਹਿਲਾਂ ਫਗਵਾੜੇ ‘ਚ ਅਸ਼ਲੀਲ ਦੋਗਾਣਾ ਜੋੜੀ ਬੱਗਾ ਸਫ਼ਰੀ ਤੇ ਕਿਰਨਜੋਤੀ ਖਿਲਾਫ਼ ਗ਼ੈਰਤਮੰਦਾਂ ਨੇ ਆਵਾਜ਼ ਚੁੱਕੀ ਸੀ। ਕਈ ਜਣਿਆਂ ਇਕੱਠੇ ਹੋ ਕੇ ਜੋੜੀ ਦੇ ਪੁਤਲੇ ਸਾੜੇ ਸਨ। ਅਗਲੇ ਦਿਨ ਅਖ਼ਬਾਰਾਂ ਵਿੱਚ ਇਸ ਬਾਬਤ ਖ਼ਬਰ ਛਪੀ ਤਾਂ ਮਰੀ ਗ਼ੈਰਤ ਵਾਲੇ ਜਾਣ ਗਏ ਕਿ ਪੰਜਾਬ ਵਿੱਚ ਇੱਕ ਅਜਿਹੀ ਜੋੜੀ ਏ, ਜਿਹੜੀ ਤੱਤੇ ਗੀਤ ਗਾਉਂਦੀ ਏ। ਸੋ ਕੈਸੇਟ ਦੀ ਵਿਕਰੀ ਪਹਿਲਾਂ ਨਾਲੋਂ ਕਈ ਗੁਣਾ ਤੇਜ਼ ਹੋ ਗਈ। ਜੀਹਨੂੰ ਸੋਧਣਾ ਸੀ, ਉਹਦੀ ਬੱਲੇ-ਬੱਲੇ ਕਰਾ ਛੱਡੀ ਤੇ ਉਦੋਂ ਤੋਂ ਅੱਜ ਤੱਕ ਨਾ ਕਿਸੇ ਨੂੰ ਦੁਬਾਰਾ ਉਸ ਜੋੜੀ ਦੇ ਦੋਗਾਣੇ ਚੁਭੇ ਨੇ ਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਮਾੜਾ ਆਖਣ ਦੀ ਜੁਅੱਰਤ ਕੀਤੀ।
ਟੀ.ਵੀ. ‘ਤੇ ਗੀਤ ਚੱਲਦੈ, ‘ਸਾਹਮਣੇ ਚੁਬਾਰੇ ਵਾਲੀ ਬਾਰੀ’। ਇਸ ਗੀਤ ਨੂੰ ਆਹਮੋ-ਸਾਹਮਣੇ ਘਰਾਂ ਵਾਲੇ ਉੱਚੀ ਆਵਾਜ਼ ਵਿੱਚ ਸੁਣਦੇ ਨੇ। ਇੱਕ ਸਮਝ ਰਿਹੈ ਕਿ ਇਹ ਤਾਂ ਸਾਹਮਣੇ ਵਾਲਿਆਂ ਦੀ ਬਾਰੀ ਬਾਰੇ ਏ ਤੇ ਦੂਜਾ ਸਮਝਦੈ ਕਿ ਸਾਡੀ ਕੁੜੀ ਤਾਂ ਵਿਆਹੀ ਏ, ਸਾਨੂੰ ਕੀ…ਇਨ੍ਹਾਂ ਦੀ ਵਿਆਹੁਣ ਵਾਲੀ ਏ, ਵਧੀਆ ਗੱਲ ਏ…।’
ਪਿਛਲੇ ਦਿਨੀਂ ਇੱਕ ਕਲਾਕਾਰ ਨੂੰ ਅਸੀਂ ਲੋੜੋਂ ਵੱਧ ਮੰਦਾ-ਚੰਗਾ ਬੋਲ ਬੈਠੇ ਤੇ ਹੁਣ ਉਹ ਮੂੰਹ ਨੂੰ ਭੁਕਾਨੇ ਵਾਂਗ ਫੁਲਾਈ ਫਿਰਦੈ। ਉਹ ਕਹਿੰਦਾ, ‘ਜਿਹੜੇ ਪੰਜਾਬੀ ਗੀਤ ਥੋੜ੍ਹੇ ਕੁ ਨੰਗੇ ਹੁੰਦੇ ਨੇ, ਉਹ ਜ਼ਿਆਦਾ ਕਾਮਯਾਬ ਹੁੰਦੇ ਨੇ…ਉਹਨੇ ਪੰਜ-ਸੱਤ ਇਹੋ ਜਿਹੇ ਗੀਤਾਂ ਦੇ ਨਾਂ ਲਏ, ਜਿਨ੍ਹਾਂ ਵਿੱਚ ਕਾਮੁਕਤਾ ਉਭਾਰੀ ਗਈ ਸੀ…ਨਾਲ ਹੀ ਉਹਨੇ ਆਖਿਆ, ਜਦੋਂ ਬੰਦੇ ‘ਤੇ ਜਵਾਨੀ ਆਉਂਦੀ ਏ, ਉਦੋਂ ਆਪਣੀ ਭੈਣ ਕਿਸੇ ਨੂੰ ਨਹੀਂ ਦਿਸਦੀ, ਦੂਜਿਆਂ ਦੀਆਂ ਵਧੀਆ ਲੱਗਦੀਆਂ ਨੇ, ਏਸ ਕਰਕੇ ਇਹੋ ਜਿਹੇ ਗੀਤ ਹੀ ਗਾਉਣੇ ਚਾਹੀਦੇ ਨੇ, ਜਿਨ੍ਹਾਂ ਵਿੱਚ ਕੁੜੀਆਂ ਨੂੰ ਗੋਲ-ਮੋਲ ਢੰਗ ਨਾਲ ਕੁੱਝ ਕਿਹਾ ਗਿਆ ਹੋਵੇ…।’
ਅਸੀਂ ਉਹਨੂੰ ਪੁੱਛਿਆ, ‘ਤੇਰੀ ਉਮਰ ਕਿੰਨੀ ਏ…?’ ਜਦੋਂ ਉਹਨੇ ਦੱਸ ਦਿੱਤਾ ਤਾਂ ਸਵਾਲ ਕੀਤਾ ਕਿ ਤੈਨੂੰ ਤਾਂ ਪਤੈ ਕਿ ਕੁੜੀ ਸਿਰਫ਼ ਮਾਸ਼ੂਕ ਹੀ ਨਹੀਂ ਹੁੰਦੀ, ਭੈਣ ਵੀ ਹੁੰਦੀ ਏ…ਆਪਣੀ ਭੈਣ ਵੱਲ ਵੀ ਵੇਖ, ਦੂਜਿਆਂ ਦੀਆਂ ਵੱਲ ਝਾਕਣ ਦੀਆਂ ਕਰਤੂਤਾਂ ਤੋਂ ਬਾਜ ਆ…।’
ਏਨੇ ਨਾਲ ਉਹ ਗੁੱਸੇ ਹੋ ਗਿਆ। ਪਰ ਉਹਦੇ ਵਿਚਾਰਾਂ ‘ਚੋਂ ਜਿਹੜੀ ਗੱਲ ਸਾਹਮਣੇ ਆਈ ਕਿ ਮਾੜਾ ਗਾਉਣ ਵਾਲੇ ਕਲਾਕਾਰ ਭੇਤ ਪਾ ਚੁੱਕੇ ਨੇ ਕਿ ਕੋਈ ਉਨ੍ਹਾਂ ਦਾ ਵਾਲ਼ ਵਿੰਗਾ ਨਹੀਂ ਕਰ ਸਕਦਾ, ਲੋਕ ਬੇਵਕੂਫ਼ ਨੇ, ਇਨ੍ਹਾਂ ਦੀਆਂ ਮਰੀਆਂ ਜ਼ਮੀਰਾਂ ਦਾ ਜਿੰਨਾ ਫ਼ਾਇਦਾ ਲਿਆ ਜਾ ਸਕਦੈ, ਲੈ ਲਵੋ।
ਹੈਰਾਨੀ ਦੀ ਗੱਲ ਹੈ ਜਿਸ ਨੇ ‘ਯੂ ਟਿਊਬ’ ‘ਤੇ ਗਾਣਾ ਪਾ ਲੱਚਰਪੁਣੇ ਦੀਆਂ ਸਿਖਰਾਂ ਛੋਹੀਆਂ, ਉਹਦੀ ਕਰਤੂਤ ‘ਤੇ ਕਿੰਤੂ ਕਰਨ ਦੀ ਥਾਂ ਲੋਕਾਂ ਗੀਤ ਥੱਲੇ ਕੁਮੈਂਟ ਦਿੱਤੇ, ‘ਨਾਈਸ ਬ੍ਰਦਰ’, ‘ਵੈਰੀ ਗੁੱਡ’, ‘ਏਦਾਂ ਦੇ ਹੋਰ ਵੀ ਗਾਓ’, ‘ਸਵਾਦ ਆ ਗਿਆ’।
ਕਿਸੇ ਨੇ ਨਹੀਂ ਸੋਚਿਆ ਕਿ ਇਹ ਗੀਤ ਉਨ੍ਹਾਂ ਦੀਆਂ ਭੈਣਾਂ ਤੱਕ ਵੀ ਪਹੁੰਚ ਸਕਦੈ। ਉਹੀ ਸਟੇਜ ‘ਤੇ ਚੜ੍ਹ ਆਖ ਰਿਹਾ ਸੀ, ‘ਮੈਂ ਵਾਅਦਾ ਕਰਦਾਂ ਕਿ ਅੱਗੇ ਤੋਂ ਵੀ ਯੰਗ ਜਨਰੇਸ਼ਨ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗਾ…ਤੁਸੀਂ ਮੇਰੇ ‘ਤੇ ਭਰੋਸਾ ਰੱਖਿਓ ਮੈਂ ਹੋਰ ਨਵੀਂਆਂ ਚੀਜ਼ਾਂ ਪੇਸ਼ ਕਰਾਂਗਾ…।’ ਪਤਾ ਨਹੀਂ ਕਿਉਂ ਕਿਸੇ ਨੂੰ ਸਨਮਾਨ ਦੇਣ ਵੇਲ਼ੇ ਅਸੀਂ ਉਸ ਦੇ ਪਹਿਲਾਂ ਕੀਤੇ-ਕਰਾਏ ਵੱਲ ਝਾਤ ਕਿਉਂ ਨਹੀਂ ਮਾਰਦੇ।
ਜਦੋਂ ਮੇਰਾ ਨਾਨਾ ਆਖਦਾ ਹੁੰਦਾ ਸੀ ਕਿ ਕਲਾਕਾਰਾਂ ਦਾ ਕੋਈ ਈਮਾਨ ਨਹੀਂ ਹੁੰਦਾ ਤਾਂ ਮੈਨੂੰ ਗੱਲ ਸਮਝ ਨਹੀਂ ਸੀ ਪੈਂਦੀ, ਕਿਉਂਕਿ ਮੈਂ ਛੋਟਾ ਸਾਂ। ਹੁਣ ਜਦੋਂ ਨਾਨਾ ਨਹੀਂ ਰਿਹਾ ਤਾਂ ਉਨ੍ਹਾਂ ਦੀਆਂ ਗੱਲਾਂ ਸੋਲਾਂ ਆਨੇ ਸੱਚ ਲੱਗਦੀਆਂ ਨੇ। ‘ਤੂੰ ਮੇਰੀ ਬੁੱਕਲ ਵਿੱਚ ਹੋਵੇਂ’ ਗੀਤ ਵਿੱਚੋਂ ਲਿਖਣ ਜਾਂ ਗਾਉਣ ਵਾਲੇ ਦਾ ਈਮਾਨ ਝਲਕਦਾ ਹੋਵੇਗਾ, ਮੈਨੂੰ ਕਦੇ ਨਹੀਂ ਜਾਪਿਆ। ‘ਛਾਲ ਮਾਰ ਕੇ ਕੰਧ ਓਹਲੇ ਹੋਜਾ ਨਹੀਂ ਰੰਗੇ ਹੱਥੀਂ ਫੜੇ ਜਾਵਾਂਗੇ’ ਗੀਤ ਵਿਚੋਂ ਕਿਸੇ ਦਾ ਦੀਨ-ਈਮਾਨ ਨਹੀਂ ਝਲਕਦਾ, ‘ਗੋਦੀ ਚੱਕ ਲੈ ਜਿਗਰੀਆ ਯਾਰਾ ਵੇ ਨੱਚਦੀ ਦੇ ਪੈਰ ਥੱਕ ਗਏ’ ਗੀਤ ਲਿਖਣ-ਗਾਉਣ ਵਾਲਿਆਂ ਕਦੇ ਨਹੀਂ ਸੋਚਿਆ ਕਿ ਗੋਦੀ ਚੁੱਕਣ ਦਾ ਕੀ ਅਰਥ ਹੁੰਦਾ ਏ।
ਅਸੀਂ ਪੰਜਾਬੀ ਇੱਕੋ ਗੱਲ ‘ਤੇ ਮਾਣ ਕਰਦੇ ਨਹੀਂ ਥੱਕਦੇ ਕਿ ਅਸੀਂ ਗ਼ੈਰਤਮੰਦ ਹਾਂ, ਮੁੱਛ ਖੜ੍ਹੀ ਰੱਖਣੀ ਜਾਣਦੇ ਹਾਂ ਤੇ ਧੀਆਂ-ਭੈਣਾਂ ਵੱਲ ਮਾੜੀ ਅੱਖ ਰੱਖਣ ਵਾਲੇ ਨੂੰ ਛੱਡਾਂਗੇ ਨਹੀਂ। ਪਰ ਹੁਣ ਸਾਡੀ ਗ਼ੈਰਤ ਨੂੰ ਕੀ ਹੋ ਗਿਆ? ਸਾਡੀ ਗ਼ੈਰਤ ਦੀਆਂ ਮਿਸਾਲਾਂ ਤਾਂ ਦੂਰ-ਦੂਰ ਤੱਕ ਸੁਣੀਂਦੀਆਂ ਸਨ, ਪਰ ਹੁਣ ਕੀ ਸੱਪ ਸੁੰਘ ਗਿਆ? ਕਲਾਕਾਰ ਗਾ ਰਿਹਾ ਹੁੰਦੈ, ‘ਨੀਂਦ ਦੀਆਂ ਗੋਲੀਆਂ ਮੈਂ ਦੁੱਧ ਵਿੱਚ ਪਾ ਕੇ ਸਾਰੇ ਟੱਬਰ ਨੂੰ ਤੇਰੇ ਲਈ ਪਿਆਉਂਦੀ ਆਂ’ ਤੇ ਅਸੀਂ ਕਿੰਤੂ ਕਰਨ ਦੀ ਥਾਂ ਡੀ.ਜੇ ‘ਤੇ ਵੱਜਦੇ ਏਸ ਗੀਤ ‘ਤੇ ਆਪਣੀਆਂ ਧੀਆਂ ਭੈਣਾਂ ਦੇ ਹੱਥ ਫੜ ਭੰਗੜੇ ਪਾਉਂਦੇ ਹਾਂ।
ਪਿਛਲੇ ਦਿਨੀਂ ਇੱਕ ਕਲਾਕਾਰ ਸਟੇਜ ‘ਤੇ ਘੁੰਮਣ-ਘੁਮਾਉਣ ਬਹਾਨੇ ਕੁੜੀ ਨੂੰ ਮਿੱਤਰਾਂ ਦੇ ਚੁਬਾਰੇ ਵੱਲ ਫੇਰਾ ਪਾਉਣ ਦੀ ਰਾਇ ਦੇਣ ਵਾਲਾ ਗੀਤ ਗਾ ਰਿਹਾ ਸੀ ਤਾਂ ਲੋਕ ਬੇਸੁਧੀ ਵਿੱਚ ਨੱਚਦੇ ਰਹੇ। ਭੀੜ ਵਿੱਚੋਂ ਇੱਕ ਵੱਟਾ ਕਲਾਕਾਰ ਵੱਲ ਗਿਆ। ਕਲਾਕਾਰ ਤਾਂ ਬਚ ਗਿਆ, ਪਰ ਢੋਲਕੀ ਵਾਲੇ ਦਾ ਮੱਥਾ ਫੁੱਲ ਗਿਆ। ਚਲੋ ਸ਼ੁਕਰ ਹੈ ਬੇਗ਼ੈਰਤ ਭੀੜ ਵਿੱਚੋਂ ਇੱਕ ਜਣੇ ਦੀ ਗ਼ੈਰਤ ਜਾਗੀ, ਜਿਸ ਨੂੰ ਲੱਗਾ ਕਿ ਇਹੋ ਜਿਹੀ ਗਾਇਕੀ ਸਾਡੀਆਂ ਭੈਣਾਂ ਨੂੰ ਸਾਡੇ ਨਾਲ ਧੋਖਾ ਦੇਣ ਦਾ ਢੰਗ ਸਿਖਾ ਰਹੀ ਏ।
ਹੁਣ ਸਾਡੇ ਚਿੰਤਕਾਂ ਨੇ ਨਵਾਂ ਫਾਰਮੂਲਾ ਸੋਚਿਐ ਕਿ ਮਾੜੇ ਗੀਤ ਨੂੰ ਮਾੜਾ ਨਹੀਂ ਕਹਿਣਾ, ਕਿਉਂਕਿ ਜੀਹਨੂੰ ਮਾੜਾ ਕਿਹਾ, ਉਹ ਹਿੱਟ ਹੋ ਜਾਵੇਗਾ। ਉਨ੍ਹਾਂ ਇਹ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਮਾੜਿਆਂ ਨੂੰ ਕਿੰਨਾ ਕੁ ਮਾੜਾ ਕਿਹਾ ਤੇ ਚੰਗਿਆਂ ਨੂੰ ਕਿੰਨੀ ਕੁ ਸ਼ਾਬਾਸ਼ ਦਿੱਤੀ, ਇਸ ਤੋਂ ਪਰਦਾ ਚੁੱਕਿਆ ਜਾਵੇ ਤਾਂ ਕਈ ਨਵੇਂ ਖੁਲਾਸੇ ਹੋ ਸਕਦੇ ਨੇ।
ਪੰਜਾਬ ‘ਚ ਪੰਜ-ਸੱਤ ਕਲਾਕਾਰ ਅਜਿਹੇ ਨੇ, ਜਿਹੜੇ ਜਾਣਦੇ ਕਿ ਮੰਦੀ ਦੇ ਇਸ ਦੌਰ ਵਿੱਚ ਅਲੋਕਾਰੀ ਗੱਲ ਕਰਾਂਗੇ ਤਾਂ ਲੋਕਾਂ ਦੀ ਨਜ਼ਰ ‘ਚ ਛੇਤੀ ਆਵਾਂਗੇ। ਉਨ੍ਹਾਂ ਤਿੰਨ-ਚਾਰ ਪਹਿਲਾਂ ਗੀਤ ਦੇ ਇੱਕ ਅੰਤਰੇ ਵਿੱਚ ਇਤਰਾਜ਼ਯੋਗ ਗੱਲ ਆਰੰਭੀ ਸੀ।
ਇਕ ਕਲਾਕਾਰ ਨੇ ਸਾਨੂੰ ਪਿਛਲੇ ਦਿਨੀਂ ਕਿਹਾ, ‘ਸਾਡਾ ਪੂਰਾ ਗੀਤ ਸੁਣ ਕੇ ਦੇਖੋ, ਉਹਦੇ ਅਰਥ ਮੀਆਂ ਵੱਲੋਂ ਬੀਵੀ ਨੂੰ ਕਹੀ ਜਾਂਦੀ ਗੱਲ ਦੇ ਰੂਪ ਵਿੱਚ ਨਿਕਲਦੇ ਨੇ…।’ ਪਰ ਜਦੋਂ ਉਹਨੂੰ ਆਖਿਆ ਕਿ ਤੁਹਾਡੇ ਵੀਹ ਸੈਕਿੰਡ ਦੇ ਪ੍ਰੋਮੋ ਵਿੱਚ ਤਾਂ ਇਹ ਸਪੱਸ਼ਟ ਨਹੀਂ ਹੁੰਦਾ ਤਾਂ ਉਹ ਖਿਝ ਗਿਆ।
ਸਰੋਤਿਆਂ ਦਾ ਇੱਕ ਹਿੱਸਾ ਸਿਆਣਪ ਝਾੜਦਾ ਕਹਿੰਦੈ ਕਿ ਅਮਰ ਸਿਓਂ ਚਮਕੀਲੇ ਨੂੰ ਮਾਰਨਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਉਹ ਦੋ ਅਰਥੀ ਗੱਲਾਂ ਕਰਦਾ ਸੀ, ਪਰ ਉਨ੍ਹਾਂ ਨੂੰ ਅੱਜ ਕਿਉਂ ਨਹੀਂ ਦਿਸਦਾ ਜਦੋਂ ਕਲਾਕਾਰਾਂ ਦੇ ਇੱਕ ਹਿੱਸੇ ਨੇ ਕੁੜੀਆਂ-ਚਿੜੀਆਂ ਨਿਲਾਮੀ ‘ਤੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਜਦੋਂ ਕੁੜੀਆਂ ਨੂੰ ਸਿਰਫ਼ ਮੌਜ-ਮਸਤੀ ਦੀਆਂ ਚੀਜ਼ਾਂ ਬਣਾ ਕੇ ਪੇਸ਼ ਕੀਤਾ ਜਾ ਰਿਹੈ, ਜਦੋਂ ਕੁੜੀਆਂ ਬਾਰੇ ਕਿਹਾ ਜਾਂਦੈ, ‘ਬਸ ਦੋ ਹੀ ਸ਼ੌਕ ਨੇ ਮਿੱਤਰਾਂ ਦੇ ਇੱਕ ਗੱਡੀਆਂ ਦਾ, ਦੂਜਾ ਨੱਢੀਆਂ ਦਾ…।’
ਲਿਖਣ-ਗਾਉਣ ਵਾਲਿਆਂ ਦੀ ਸੋਚ ਤਾਂ ਕਲੰਕਿਤ ਹੋ ਹੀ ਚੁੱਕੀ ਏ, ਪਰ ਸੁਣਨ ਵਾਲਿਆਂ ਦੀ ਸੋਚ ਨੂੰ ਕੈਂਸਰ ਹੋ ਚੁੱਕੈ। ਉਨ੍ਹਾਂ ਪੱਲੇ ਇਹ ਗੱਲ ਕਦੇ ਨਹੀਂ ਪਈ ਕਿ ਜੇ ਅਸੀਂ ਮਾੜਾ ਗਾਉਣ ਵਾਲੇ ਦੀ ਵਿਰੋਧਤਾ ਕਰਾਂਗੇ ਤਾਂ ਹੀ ਬਾਕੀ ਗਾਉਣ ਵਾਲਿਆਂ ਨੂੰ ਕੰਨ ਹੋਣਗੇ। ਕਿਹੜੀ ਗੱਲ ਦਾ ਮਾਣ ਕਰਦੇ ਹਾਂ ਅਸੀਂ, ਕਿਹੜੇ ਸੱਭਿਆਚਾਰ ਦੇ ਰਾਖੇ ਬਣੇ ਫਿਰਦੇ ਹਾਂ ਅਸੀਂ, ਕਿਹੜੀਆਂ ਹਵਾਵਾਂ ਵਿੱਚ ਸੁਰਾਂ ਦੀਆਂ ਸੁਗੰਧਾਂ ਘੋਲਣ ਦੀ ਗੱਲ ਕਰਦੇ ਹਾਂ ਅਸੀਂ?’ ਜੇ ਅਸੀਂ ਮਾੜੇ ਨੂੰ ਮਾੜਾ ਨਹੀਂ ਕਹਿ ਸਕਦੇ ਤਾਂ ਸਾਡਾ ਧਰਤੀ ‘ਤੇ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੀ ਤਾਂ ਹੈ।
 
Top