ਵਕਤ ਬੇਵਕਤ

Mandeep Kaur Guraya

MAIN JATTI PUNJAB DI ..
ਜਦੋਂ ਪਾਕਿ ਬਣਿਆ ਬਲਬੀਰ ਦਸਾਂ ਵਰ੍ਹਿਆਂ ਦਾ ਸੀ। ਉਸ ਦਾ ਪਿਤਾ ਕਰਤਾਰ ਸਿੰਘ ਹੱਲਿਆਂ ਵਿਚ ਮਾਰਿਆ ਗਿਆ। ਉਸ ਦੀ ਮਾਂ ਸ਼ਰਨ ਕੌਰ ਨੇ ਬਲਬੀਰ ਤੇ ਉਸ ਦੀਆਂ ਭੈਣਾਂ ਨਾਲ ਅੰਬਾਲੇ ਕੈਂਪ ਵਿਚ ਆਣ ਸ਼ਰਨ ਲਈ। ਬਲਬੀਰ ਦਾ ਪਿਤਾ ਰਾਵਲਪਿੰਡੀ ਵਿਚ ਗੁੜ ਦਾ ਵਪਾਰੀ ਸੀ। ਰਾਜਾ ਬਾਜ਼ਾਰ ਵਿਚ ਉਸ ਦਾ ਆਪਣਾ ਮਕਾਨ ਸੀ। ਬੜੀ ਵਧੀਆ ਜ਼ਿੰਦਗੀ ਗੁਜ਼ਰ ਰਹੀ ਸੀ ਕਿ ਅਚਾਨਕ ਮਨੁੱਖਤਾ ਨਫ਼ਰਤ ਦੀ ਜ਼ਹਿਰ ਵਿਚ ਬਦਲ ਗਈ। ਮਨੁੱਖ-ਮਨੁੱਖ ਦਾ ਵੈਰੀ ਹੋ ਗਿਆ। ਬਿਹਾਰ ਵਿਚ ਫਸਾਦ ਹੋਏ, ਉਥੇ ਮੁਸਲਮਾਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ। ਜਿਸ ਦਾ ਅਸਰ ਪੱਛਮੀ ਪੰਜਾਬ ਵਿਚ ਹੋਇਆ। ਹਿੰਦੂ-ਸਿੱਖਾਂ ਦੇ ਪਿੰਡਾਂ ਦੇ ਪਿੰਡ ਸਾੜ ਕੇ ਸੁਆਹ ਕਰ ਦਿੱਤੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ, ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਸੀ। ਇੰਜ ਲਗਦਾ ਸੀ ਕਿ ਮਨੁੱਖ ਸ਼ੈਤਾਨ ਬਣ ਗਿਆ ਹੈ। ਉਹ ਲੋਕ ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਕਰਤਾਰ ਸਿੰਘ ਦਾ ਨਿਸ਼ਚਾ ਸੀ ਕਿ ਮਨੁੱਖ ਪਹਿਲਾਂ ਮਨੁੱਖ ਹੈ, ਫਿਰ ਹਿੰਦੂ ਹੈ ਜਾਂ ਮੁਸਲਮਾਨ ਪਰ ਅਜਿਹੇ ਮਨੁੱਖਾਂ ਦੀ ਗਿਣਤੀ ਬਹੁਤ ਘੱਟ ਸੀ। ਹਰ ਕੋਈ ਲੁੱਟਮਾਰ ਵਿਚ ਸ਼ਾਮਲ ਹੋ ਰਿਹਾ ਸੀ। ਉਸ ਵਕਤ ਪ੍ਰੇਮ, ਪਿਆਰ, ਇਨਸਾਨੀਅਤ ਅਤੇ ਭਾਈਚਾਰਾ ਸਭ ਅਲੋਪ ਹੋ ਚੁੱਕੇ ਸਨ। ਕਰਤਾਰ ਸਿੰਘ ਇਕ ਦਿਨ ਆਪਣੀ ਦੁਕਾਨ 'ਤੇ ਬੈਠਾ ਸੀ ਕਿ ਕੁਝ ਮੁਸਲਮਾਨਾਂ ਨੇ ਉਸ ਨੂੰ ਬਰਛਿਆਂ ਨਾਲ ਪਰੋ ਦਿੱਤਾ।

ਬਲਬੀਰ ਸਿੰਘ ਆਪਣੀ ਮਾਂ ਤੇ ਭੈਣਾਂ ਨਾਲ ਕੁਝ ਮਹੀਨੇ ਕੈਂਪ ਵਿਚ ਰਿਹਾ ਜਿਥੇ ਉਨ੍ਹਾਂ ਨੂੰ ਸਰਕਾਰ ਵੱਲੋਂ ਖਾਣਾ ਮਿਲਦਾ ਸੀ। ਰਿਹਾਇਸ਼ ਵਾਸਤੇ ਫ਼ੌਜੀਆਂ ਨੇ ਟੈਂਟ ਲਾਏ ਹੋਏ ਸੀ। ਸ਼ਰਨ ਕੌਰ ਨੂੰ ਇਕ ਤਾਂ ਪਤੀ ਦੀ ਮੌਤ ਦਾ ਦੁੱਖ ਸੀ, ਦੂਜਾ ਉਸ ਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਸੀ। ਕੈਂਪ ਵਿਚੋਂ ਬਹੁਤ ਸਾਰੇ ਰਿਫਿਊਜੀ ਚਲੇ ਗਏ ਸਨ, ਜਿਨ੍ਹਾਂ ਨੇ ਸ਼ਹਿਰ ਵਿਚ ਛੋਟੇ-ਮੋਟੇ ਕੰਮ ਕਰ ਲਏ ਸਨ ਅਤੇ ਆਪਣਾ ਗੁਜ਼ਾਰਾ ਕਰ ਰਹੇ ਸਨ। ਸ਼ਰਨ ਕੌਰ ਕੋਲ ਨਾ ਤਾਂ ਪੈਸਾ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ ਮਦਦ ਲਈ ਆਇਆ ਸੀ। ਅਖੀਰ ਉਸ ਨੇ ਕੈਂਪ ਛੱਡ ਦਿੱਤਾ ਤੇ ਸ਼ਹਿਰ ਵਿਚ ਇਕ ਕੱਪੜੇ ਦੇ ਵਪਾਰੀ ਦੀ ਕੋਠੀ ਵਿਚ ਨੌਕਰੀ ਕਰ ਲਈ। ਬੱਚਿਆਂ ਨੂੰ ਸਕੂਲ ਪੜ੍ਹਨ ਪਾ ਦਿੱਤਾ। ਉਸ ਦਾ ਗੁਜ਼ਾਰਾ ਔਖੇ-ਸੌਖੇ ਚਲਦਾ ਰਿਹਾ ਪਰ ਜਦੋਂ ਬਲਬੀਰ ਜਵਾਨ ਹੋਇਆ ਤਾਂ ਉਸ ਕੱਪੜੇ ਦੇ ਵਪਾਰੀ ਮੂਲ ਚੰਦ ਨੂੰ ਉਸ ਨੂੰ ਆਪਣੀ ਦਿੱਲੀ ਵਾਲੀ ਕੱਪੜੇ ਵਾਲੀ ਦੁਕਾਨ 'ਤੇ ਨੌਕਰ ਰੱਖ ਲਿਆ।

ਬਲਬੀਰ ਸਿੰਘ ਆਪਣੀ ਮਾਂ ਤੇ ਭੈਣ ਨੂੰ ਨਾਲ ਲੈ ਕੇ ਦਿੱਲੀ ਚਲਾ ਗਿਆ। ਸੱਤ ਸਾਲ ਉਸ ਨੇ ਨੌਕਰੀ ਕੀਤੀ ਬਾਅਦ ਵਿਚ ਮੂਲ ਚੰਦ ਦੀ ਮਦਦ ਨਾਲ ਉਸ ਨੇ ਕ੍ਰਿਸ਼ਨਾ ਮਾਰਕੀਟ ਵਿਚ ਆਪਣੀ ਕੱਪੜੇ ਦੀ ਦੁਕਾਨ ਖੋਲ੍ਹ ਲਈ। ਉਸ ਦਾ ਕੰਮ ਚਲ ਨਿਕਲਿਆ ਤੇ ਕੁਝ ਵਰ੍ਹਿਆਂ ਵਿਚ ਹੀ ਉਸ ਨੇ ਆਪਣੀਆਂ ਭੈਣਾਂ ਦੀ ਸ਼ਾਦੀ ਕਰ ਦਿੱਤੀ। ਹੁਣ ਉਹ ਆਰਥਿਕ ਤੌਰ 'ਤੇ ਸੌਖਾ ਸੀ। ਉਸ ਨੇ ਗਾਂਧੀ ਨਗਰ ਵਿਚ ਇਕ ਛੋਟਾ ਜਿਹਾ ਮਕਾਨ ਵੀ ਬਣਾ ਲਿਆ ਸੀ। ਹੁਣ ਸ਼ਰਨ ਕੌਰ ਨੂੰ ਪਤੀ ਦੀ ਮੌਤ ਦਾ ਦੁੱਖ ਵੀ ਘੱਟ ਪ੍ਰਤੀਤ ਹੁੰਦਾ ਸੀ। ਮਨੁੱਖਾਂ ਦੇ ਸ਼ੈਤਾਨੀ ਰੂਪ ਨੇ ਜੋ ਨੌਂਦਰਾਂ ਉਸ ਦੇ ਚਿਹਰੇ 'ਤੇ ਲਾਈਆਂ ਸਨ, ਉਨ੍ਹਾਂ ਦੀ ਪੀੜ ਵੀ ਘਟ ਗਈ ਸੀ।

ਉਹ ਆਪਣੇ ਪੁੱਤਰ ਦੀ ਕਾਮਯਾਬੀ 'ਤੇ ਬਹੁਤ ਖੁਸ਼ ਸੀ। 1984 ਵਿਚ ਫਿਰ ਤੂਫ਼ਾਨ ਆਇਆ, ਦਿੱਲੀ ਅਤੇ ਭਾਰਤ ਦੇ ਕਈ ਹੋਰ ਸ਼ਹਿਰਾਂ ਵਿਚ ਉਸ ਨੇ ਭਰਾ ਤੋਂ ਭਰਾ ਦਾ ਕਤਲ ਕਰਵਾਇਆ। ਉਨ੍ਹਾਂ ਭਰਾਵਾਂ ਦਾ ਜਿਨ੍ਹਾਂ ਭਰਾਵਾਂ ਦੀ ਰੋਟੀ-ਬੇਟੀ ਦੀ ਸਾਂਝ ਸੀ, ਜਿਨ੍ਹਾਂ ਨੇ ਇਕੱਠੇ ਪਾਕਿਸਤਾਨ ਦਾ ਸੰਤਾਪ ਭੋਗਿਆ ਸੀ। ਹੁਣ ਉਹ ਇਕ-ਦੂਜੇ ਦੇ ਦੁਸ਼ਮਣ ਸਨ। ਦਿੱਲੀ ਵਿਚ ਚਾਰ ਦਿਨਾਂ ਤੱਕ ਇਹ ਕਤਲੇਆਮ ਚਲਦਾ ਰਿਹਾ। ਇਸ ਦਰਦਨਾਕ ਕਤਲੇਆਮ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਹਜ਼ਾਰਾਂ ਲੋਕ ਬੇਰਹਿਮੀ ਨਾਲ ਮਾਰੇ ਗਏ। ਬਲਬੀਰ ਨੇ ਆਪਣੇ ਦੋਸਤ ਅਸਲਮ ਦੇ ਘਰ ਪਨਾਹ ਲਈ।

ਉਹ ਆਪਣੇ ਘਰ ਨਹੀਂ ਸੀ ਪਹੁੰਚ ਸਕਿਆ। ਘਰ ਵਾਲੇ ਬਲਬੀਰ ਲਈ ਫਿਕਰਮੰਦ ਸਨ। ਪਰ ਬਲਬੀਰ ਦਾ ਦੋ ਦਿਨਾਂ ਤੱਕ ਕੋਈ ਪਤਾ ਨਾ ਚੱਲਿਆ। ਉਹ ਆਪ ਵੀ ਗਾਂਧੀ ਨਗਰ ਕੈਂਪ ਵਿਚ ਚਲੇ ਗਏ ਸਨ। ਤੀਸਰੇ ਦਿਨ ਬਲਬੀਰ ਅਸਲਮ ਦੀ ਮਦਦ ਨਾਲ ਘਰ ਵਾਲਿਆਂ ਨੂੰ ਖੋਜਦਾ-ਖੋਜਦਾ ਗਾਂਧੀ ਨਗਰ ਕੈਂਪ ਪੁੱਜਾ। ਜਦੋਂ ਉਹ ਮਾਂ ਨੂੰ ਮਿਲਿਆ ਤਾਂ ਸ਼ਰਨ ਕੌਰ ਉਸ ਨੂੰ ਦੇਖ ਕੇ ਖੁਸ਼ ਹੋਣ ਦੀ ਬਜਾਇ ਦੁਖੀ ਹੋਈ ਕਿਉਂਕਿ ਉਹ ਹੁਣ ਬਲਬੀਰ ਸਿੰਘ ਨਹੀਂ ਸੀ, ਬਲਬੀਰ ਚੰਦ ਬਣ ਚੁੱਕਿਆ ਸੀ। ਇਨ੍ਹਾਂ ਫਸਾਦਾਂ ਵਿਚ ਉਹ ਸਾਰੇ ਬਚ ਗਏ ਸਨ। ਪਰ ਸ਼ਰਨ ਕੌਰ ਨੂੰ ਆਪਣੇ ਪੁੱਤਰ ਦੇ ਪਤਿਤ ਹੋਣ ਦਾ ਦੁੱਖ ਸੀ।

ਇਹ ਦੁੱਖ ਉਸ ਨੂੰ ਅੰਦਰੋਂ-ਅੰਦਰੀ ਖਾਈ ਜਾ ਰਿਹਾ ਸੀ। ਉਸ ਨੇ ਆਪਣੀ ਮਾਂ ਨੂੰ ਸਮਝਾਇਆ ਅਸੀਂ ਕਾਰੋਬਾਰ ਛੱਡ ਕੇ ਨਹੀਂ ਜਾ ਸਕਦੇ ਰਹਿਣਾ ਤਾਂ ਇਥੇ ਹੀ ਹੈ। ਫਿਰ 1992 ਵਿਚ ਅਯੁੱਧਿਆ ਦੇ ਮੰਦਿਰ ਦੇ ਗਿਰਾਏ ਜਾਣ ਪਿਛੋਂ ਦਿੱਲੀ ਵਿਚ ਹਿੰਦੂ-ਮੁਸਲਿਮ ਫਸਾਦ ਹੋ ਗਿਆ। ਬਲਬੀਰ ਇਹ ਸੋਚ ਕੇ ਹੋਰ ਦੁਖੀ ਹੁੰਦਾ ਕਿ ਧਰਮ ਤਾਂ ਕੋਈ ਵੀ ਲੜਨ ਲਈ ਨਹੀਂ ਆਖਦਾ ਫਿਰ ਇਹ ਹੈਵਾਨੀਅਤ ਕੌਣ ਫੈਲਾਅ ਰਿਹਾ ਹੈ, ਇਹ ਉਹੀ ਲੋਕ ਹਨ ਜੋ ਧਰਮਾਂ ਦੇ ਨਾਂ 'ਤੇ ਮਨੁੱਖ ਦੀਆਂ ਲਾਸ਼ਾਂ ਦੀ ਸ਼ਤਰੰਜ ਖੇਡਦੇ ਹਨ। ਬਲਬੀਰ ਨੇ ਇਹ ਸੰਤਾਪ ਪਹਿਲਾਂ ਵੀ ਦੋ ਵਾਰੀ ਆਪਣੇ ਪਿੰਡੇ 'ਤੇ ਹੰਢਾਇਆ ਸੀ। ਉਹ ਸੋਚਦਾ ਧਰਮ ਮਨੁੱਖ ਨੂੰ ਰਸਤਾ ਦਿਖਾਉਣ ਵਾਸਤੇ ਹੈ, ਭਲੇ ਕੰਮ ਕਰਨ ਤੇ ਦੁਖੀਆਂ ਦੀ ਸਹਾਇਤਾ ਦਾ ਉਪਦੇਸ਼ ਦਿੰਦਾ ਹੈ। ਪਰ ਅਸੀਂ ਧਰਮ ਦੀ ਵਰਤੋਂ ਕਰਦੇ ਹਾਂ। ਮਨੁੱਖ ਦਾ ਜਿੰਨਾ ਨੁਕਸਾਨ ਧਰਮਾਂ ਦੀ ਆੜ ਵਿਚ ਕੀਤਾ ਗਿਆ ਹੈ, ਓਨਾ ਗੁੰਡੇ, ਬਦਮਾਸ਼ਾਂ ਅਤੇ ਹੋਰਨਾਂ ਅਨਸਰਾਂ ਨੇ ਨਹੀਂ ਕੀਤਾ। ਬਲਬੀਰ ਕਈ ਦਿਨ ਦੁਕਾਨ 'ਤੇ ਨਹੀਂ ਸੀ ਗਿਆ। ਪਰ ਜਦੋਂ ਕੁਝ ਠੰਢ ਪਈ ਤਾਂ ਉਹ ਦੁਕਾਨ 'ਤੇ ਜਾਣ ਲਈ ਤਿਆਰ ਹੋ ਗਿਆ।

ਸ਼ਰਨ ਕੌਰ ਦੇ ਰੋਕਣ ਦੇ ਬਾਵਜੂਦ ਬਲਬੀਰ ਸਿੰਘ ਦੁਕਾਨ 'ਤੇ ਚਲਾ ਗਿਆ। ਉਸ ਨੇ ਮਾਂ ਨੂੰ ਤਸੱਲੀ ਦਿੱਤੀ ਕਿ ਝਗੜਾ ਹਿੰਦੂ-ਮੁਸਲਮਾਨ ਦਾ ਹੈ ਮੈਂ ਤਾਂ ਸਿੱਖ ਹਾਂ। ਸ਼ਰਨ ਕੌਰ ਨੇ ਉੱਤਰ ਦਿੱਤਾ, 'ਪੁੱਤਰ ਤੂੰ ਸਿੱਖ ਏਂ ਪਰ ਤੇਰੇ ਕੇਸ ਨਹੀਂ, ਕੌਣ ਜਾਣਦਾ ਹੈ ਤੂੰ ਸਿੱਖ ਹੈਂ?' 'ਸਾਰਾ ਮੁਹੱਲਾ ਜਾਣਦਾ ਹੈ, ਮੈਂ ਸਿੱਖ ਹਾਂ।' ਉਸੇ ਸ਼ਾਮ ਬਲਬੀਰ ਜਦੋਂ ਦੁਕਾਨ ਤੋਂ ਆ ਰਿਹਾ ਸੀ ਤਾਂ ਚਾਂਦਨੀ ਚੌਕ ਵਿਚ ਉਸ ਦੇ ਸਕੂਟਰ ਨੂੰ ਕੁਝ ਬੰਦਿਆਂ ਨੇ ਰੋਕਿਆ ਤੇ ਉਸ ਨੂੰ ਛੁਰਾ ਮਾਰ ਦਿੱਤਾ। ਜਦੋਂ ਮੁਹੱਲੇ ਵਿਚ ਖ਼ਬਰ ਪੁੱਜੀ ਤਾਂ ਕਈ ਬੰਦੇ ਕੋਤਵਾਲੀ ਨੂੰ ਭੱਜੇ, ਸ਼ਰਨ ਕੌਰ ਦਾ ਬੁਰਾ ਹਾਲ ਸੀ ਉਹ ਵੀ ਉਨ੍ਹਾਂ ਨਾਲ ਤੁਰ ਪਈ। ਉਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਉਨ੍ਹਾਂ ਦੇ ਘਰ ਲਈ ਰਵਾਨਾ ਹੋ ਚੁੱਕੀ ਹੈ ਕਿਉਂਕਿ ਬਲਬੀਰ ਦੀ ਜੇਬ ਵਿਚੋਂ ਉਸ ਦੇ ਘਰ ਦਾ ਪਤਾ ਮਿਲ ਗਿਆ ਸੀ। ਜਦੋਂ ਸ਼ਰਨ ਕੌਰ ਆਈ ਤਾਂ ਸਾਰਾ ਮੁਹੱਲਾ ਉਸ ਦੇ ਘਰ ਅੱਗੇ ਖੜ੍ਹਾ ਸੀ, ਉਹ ਰੋਂਦੀ-ਪਿੱਟਦੀ ਉਸ ਦੇ ਕਮਰੇ ਵਿਚ ਗਈ ਜਿਥੇ ਬਲਬੀਰ ਦੀ ਲਾਸ਼ ਪਈ ਸੀ। ਲਾਸ਼ ਕੋਲ ਬੈਠਦੇ ਹੀ ਉਹ ਸੁੰਨ ਜਿਹੀ ਹੋ ਗਈ, ਉਹ ਇਕ-ਟੁੱਕ ਲਾਸ਼ ਵੱਲ ਦੇਖੀ ਜਾ ਰਹੀ ਸੀ, ਫਿਰ ਉਸ ਨੇ ਛੱਤ ਵੱਲ ਵੇਖਿਆ ਤੇ ਫਿਰ ਕਮਰੇ ਦੀਆਂ ਕੰਧਾਂ ਵੱਲ। ਕਮਰੇ ਦੀਆਂ ਕੰਧਾਂ 'ਤੇ ਹਿੰਦੂ, ਮੁਸਲਿਮ ਅਤੇ ਸਿੱਖ ਤਿੰਨੇ ਧਰਮਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ।
 
Top