ਲੰਡਨ ਵਿੱਚ ਸਾਰਾਗੜ੍ਹੀ ਦੀ ਯਾਦ

'MANISH'

yaara naal bahara
ਕਈ ਸਾਲਾਂ ਤੋਂ ਮੈਂ ਇਸ ਗੱਲ ਲਈ ਲੱਗਾ ਰਿਹਾ ਕਿ ਇੰਗਲੈਂਡ ਵਿਚ ਵਸਦੇ ਸਿੱਖ ਜਿੱਥੇ ਆਲੀਸ਼ਾਨ ਗੁਰਦੁਆਰੇ ਬਣਾ ਕੇ ਵੱਡੀ ਸੇਵਾ ਕਰ ਰਹੇ ਹਨ, ਉੱਥੇ ਉਹ ਆਪਣੇ ਇਤਿਹਾਸ ਬਾਰੇ ਵੀ ਉਪਰਾਲਾ ਕਰਨ। ਪਿਛਲੇ ਸਾਲ ਮੈਂ ਸਾਊਥਹਾਲ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿਚ ਸਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਦੱਸਿਆ ਸੀ ਕਿ 1897 ਵਿਚ ਕਬਾਇਲੀ ਇਲਾਕੇ ਵਿਚ ਸਾਰਾਗੜ੍ਹੀ ਦੇ ਮੁਕਾਮ ’ਤੇ ਇਕ ਸਿੱਖ ਪਲਟਨ ਨੇ ਆਪਣਾ ਬਲੀਦਾਨ ਦੇ ਕੇ ਜੰਗ ਵਿਚ ਬਹਾਦਰੀ ਦਾ ਕਾਰਨਾਮਾ ਕੀਤਾ ਸੀ। ਉਸ ਦਾ ਜੰਗਾਂ ਦੇ ਇਤਿਹਾਸ ਵਿਚ ਨਾਂ ਦਰਜ ਹੈ। ਇਕ ਵਾਰ ਮੈਂ ਇਕ ਲੇਖ Agenda for Sikhs in England ਲਿਖਿਆ ਸੀ। ਕਮਾਲ ਤਾਂ ਇਹ ਹੈ ਕਿ ਆਮ ਕਰਕੇ ਸਿੱਖਾਂ ਨੂੰ ਵੀ ਜਾਣਕਾਰੀ ਨਹੀਂ ਕਿ ਸਾਰਾਗੜ੍ਹੀ ਕੀ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਸਤੇ ਵਿਚ ਸਾਰਾਗੜ੍ਹੀ ਗੁਰਦੁਆਰਾ ਹੈ, ਜੋ ਉਨ੍ਹਾਂ ਬਹਾਦਰ ਸਿੱਖ ਫੌਜੀਆਂ ਦੀ ਯਾਦ ਵਿਚ ਬਣਾਇਆ ਗਿਆ ਸੀ। ਅਸੀਂ ਕਦੇ ਇਹ ਜਾਨਣ ਦੀ ਖੇਚਲ ਨਹੀਂ ਕਰਦੇ ਕਿ ਇਹ ਨਾਂ ਕਿਉਂ ਰੱਖਿਆ ਹੈ। ਮੈਂ ਆਪ 1957 ਵਿਚ ਇਸ ਸਾਕੇ ਬਾਰੇ ਜਾਣੂੰ ਹੋਇਆ ਜਦ ਫਿਰੋਜ਼ਪੁਰ ਵਿਚ ਸਾਰਾਗੜ੍ਹੀ ਗੁਰਦੁਆਰਾ ਵੇਖਿਆ।
ਮੈਨੂੰ ਬੜੀ ਖੁਸ਼ੀ ਹੈ ਕਿ Sikh Heritage Trail ਨਾਂ ਦੀ ਸੰਸਥਾ ਜੋ ਲੰਡਨ ਵਿਚ ਸਿੱਖ ਸਮਾਜ ਦੀ ਚੜ੍ਹਤ ਲਈ ਕੰਮ ਕਰ ਰਹੀ ਹੈ, ਉਸ ਨੇ ਬੜੀ ਵਿਉਂਤ ਨਾਲ ਸਾਰਾਗੜ੍ਹੀ ਦੀ ਲੜਾਈ ਨੂੰ ਮਨਾਉਣ ਦਾ ਫੈਸਲਾ ਲਿਆ ਹੈ। ਇਹ ਸੰਸਥਾ ਬੜੇ ਸਮਾਗਮ ਕਰ ਚੁੱਕੀ ਹੈ। ਵਿਕਟੋਰੀਆ ਐਲਬਰਟ ਮਿਊੂਜ਼ੀਅਮ ਵਿਚ ਇਨ੍ਹਾਂ ਸਿੱਖਾਂ ਲਈ ਵੱਖਰਾ ਕਾਊੂਂਟਰ ਲਗਵਾ ਰੱਖਿਆ ਹੈ, ਤਾਂ ਜੋ ਉੱਥੇ ਸਿੱਖਾਂ ਦੀਆਂ ਜੋ ਵਸਤੂਆਂ ਪਈਆਂ ਹਨ, ਉਨ੍ਹਾਂ ਬਾਰੇ ਦਰਸ਼ਕ ਜਾਣੂੰ ਹੋ ਸਕਣ। ਸਾਬਕਾ ਬਹਾਦਰ ਸਿੱਖ ਫੌਜੀਆਂ ਦੇ ਪੁਰਾਣੇ ਚਿੱਤਰ ਕਢਵਾ ਕੇ ਉਨ੍ਹਾਂ ਦੀ ਪ੍ਰਦਰਸ਼ਨੀ ਮਾਰਬਲ ਆਰਕ ’ਤੇ ਕਰਵਾਈ। ਇਹ ਵੇਖ ਕੇ ਮੈਂ ਹੈਰਾਨ ਹੋ ਗਿਆ। ਕਈ ਕਿਤਾਬਾਂ ਇਨ੍ਹਾਂ ਪ੍ਰਕਾਸ਼ਤ ਕੀਤੀਆਂ ਹਨ। ਪਿੱਛੇ ਜਿਹੇ ਇਹ ਯੂਰਪ ਵਿਚ ਜਿੱਥੇ ਦੂਜੀ ਵੱਡੀ ਜੰਗ ਵਿਚ ਸਿੱਖ ਫੌਜੀਆਂ ਦੀਆਂ ਕਬਰਾਂ ਹਨ, ਉੱਥੇ ਸ਼ਹਿਜ਼ਾਦਾ ਚਾਰਲਸ ਦੇ ਨਾਲ ਖੜ੍ਹੇ ਨਜ਼ਰ ਆਏ। ਭਾਵ ਇਹ ਕਿ ਸਿੱਖਾਂ ਦੇ ਰੋਲ ਦੀ ਆਵਾਜ਼ ਉਠਾ ਰਹੇ ਹਨ, ਜੋ ਉਨ੍ਹਾਂ ਨੇ ਅੰਗਰੇਜ਼ਾਂ ਲਈ ਕੁਰਬਾਨੀ ਕੀਤੀ ਸੀ। ਪ੍ਰੋਗਰਾਮ ਅਨੁਸਾਰ 18 ਅਕਤੂਬਰ ਨੂੰ ਸਾਰਾਗੜ੍ਹੀ ਕੱਪ ਲਈ ਪੋਲੋ ਮੈਚ ਹੋਵੇਗਾ। ਭਾਰਤ ਤੋਂ ਸਿੱਖ ਖਿਡਾਰੀ ਜੋ ਪੂਰੇ ਸਿੰਘ ਹਨ, ਇਸ ਵਿਚ ਸ਼ਾਮਲ ਹੋਣਗੇ। ਦੂਜੇ ਪਾਸੇ ਇੰਗਲੈਂਡ ਦੀ ਇਕ ਟੀਮ ਹੋਵੇਗੀ। ਇਹ ਮੈਚ ਦੇ ਮੁੱਖ ਮਹਿਮਾਨ ਸ਼ਹਿਜ਼ਾਦਾ ਚਾਰਲਸ ਹੋਣਗੇ ਤੇ ਉਨ੍ਹਾਂ ਦਾ ਪਰਿਵਾਰ ਵੀ ਉੱਥੇ ਸ਼ਿਰਕਤ ਕਰੇਗਾ। ਪਹਿਲੀ ਵੇਰ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਇਹ ਸਨਮਾਨ ਮਿਲੇਗਾ ਕਿ ਲੰਡਨ ਵਿਚ ਤਖ਼ਤ ਦਾ ਵਾਰਸ ਉਨ੍ਹਾਂ ਨੂੰ ਸ਼ਰਧਾਂਜਲੀ ਦੇਵੇਗਾ। ਮੈਨੂੰ ਜਦੋਂ ਰਾਣਾ ਹਰਬਿੰਦਰ ਸਿੰਘ ਨੇ ਸਾਰਾ ਪ੍ਰੋਗਰਾਮ ਦੱਸਿਆ ਤਾਂ ਮੈਂ ਉਨ੍ਹਾਂ ਸਾਰਿਆਂ ਦਾ ਇਸ ਲਈ ਧੰਨਵਾਦ ਕੀਤਾ। 19 ਸਤੰਬਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਐਲਵੇਡਨ ਦੇ ਮਹੱਲ ਵਿਚ ਸਮਾਗਮ ਹੋਵੇਗਾ। 1897 ਵਚ 21 ਸਿੱਖ ਫੌਜੀਆਂ ਨੇ ਸਾਰਾਗੜ੍ਹੀ ਦੀ ਪਿਕਟ ਨੂੰ ਹਜ਼ਾਰਾਂ ਕਬਾਇਲੀਆਂ ਦੇ ਹਮਲੇ ਨੂੰ ਰੋਕਣ ਵਿਚ ਸਾਰਾ ਦਿਨ ਜੰਗ ਜਾਰੀ ਰੱਖੀ ਤੇ ਵਾਰੀ ਵਾਰੀ ਬਾਹਰ ਆ ਕੇ ਲੜਦੇ ਸ਼ਹੀਦ ਹੋਏ। ਇਨ੍ਹਾਂ ਦੀ ਲੜਾਈ 12 ਸਤੰਬਰ ਨੂੰ ਹੋਈ ਸੀ। ਇੰਚਾਰਜ ਹਵਲਦਾਰ ਈਸ਼ਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਸਿਗਨਲਰ ਗੁਰਮੁਖ ਸਿੰਘ ਹੱਥ ਝੰਡੀਆਂ ਨਾਲ ਸਾਰੀ ਰਿਪੋਰਟ ਲੋਕਹਾਰਟ ਦੇ ਕਿਲ੍ਹੇ ਨੂੰ ਭੇਜਦਾ ਰਿਹਾ। ਅਖੀਰ ਆਪ ਵੀ ਬੰਦੂਕ ਫੜ ਕੇ ਲੜਦਾ ਸ਼ਹੀਦ ਹੋਇਆ। ਇਸ ਲੜਾਈ ਨੂੰ ਦੁਨੀਆਂ ਦੀਆਂ 6 ਬਹਾਦਰੀ ਲਈ ਚੁਣੀਆਂ ਗਈਆਂ ਵੱਡੀਆਂ ਜੰਗਾਂ ਵਿਚ ਇਤਿਹਾਸਕਾਰਾਂ ਨੇ ਸ਼ਾਮਲ ਕੀਤਾ ਹੈ। ਫਰਾਂਸ ਦੇ ਸਕੂਲਾਂ ਵਿਚ ਇਹ ਸਿਲੇਬਸ ਵਿਚ ਸ਼ਾਮਲ ਹੈ। ਇਨ੍ਹਾਂ ਸਾਰੇ 21 ਫੌਜੀਆਂ ਨੂੰ ਅੰਗਰੇਜ਼ ਸਰਕਾਰ ਨੇ ਉਸ ਵਕਤ ਦੇ ਸਭ ਤੋਂ ਵੱਡੇ ਮੈਡਲ ਦਿੱਤੇ (ਉਦੋਂ ਵਿਕਟੋਰੀਆ ਕਰਾਸ ਭਾਰਤੀਆਂ ਨੂੰ ਨਹੀਂ ਸੀ ਮਿਲਦਾ)।
ਇਹ ਜੋ ਉਪਰਾਲਾ ਲੰਡਨ ਵਿਚ ਹੋ ਰਿਹਾ ਹੈ, ਇਸ ਨਾਲ ਸਿੱਖਾਂ ਦਾ ਮਾਣ ਵਧੇਗਾ। ਸਾਡੇ ਨੌਜਵਾਨ ਬੱਚਿਆਂ ਦਾ ਹੌਸਲਾ ਵਧੇਗਾ। ਅੰਗਰੇਜ਼ ਕੌਮ ਨੂੰ ਹਮੇਸ਼ਾ ਯਾਦ ਕਰਵਾਓ ਕਿ ਉਨ੍ਹਾਂ ਦੀ ਆਜ਼ਾਦੀ ਲਈ ਕੀ ਕੁਰਬਾਨੀਆਂ ਸਿੱਖ ਬਹਾਦਰਾਂ ਨੇ ਕੀਤੀਆਂ।
*ਸਾਬਕਾ ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ, ਨਵੀਂ ਦਿੱਲੀ।
 
Top