ਲਾਲਚ ਬੁਰੀ ਬਲਾ ਹੈ

ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਪਿੰਡ ਵਿਚ ਦੋ ਦੋਸਤ ਰਹਿੰਦੇ ਸਨ। ਉਹ ਕੋਈ ਵੀ ਕੰਮ-ਕਾਰ ਨਹੀਂ ਕਰਦੇ ਸਨ ਤੇ ਹਮੇਸ਼ਾ ਵਿਹਲੇ ਰਹਿੰਦੇ ਸਨ। ਉਨ੍ਹਾਂ ਦੋਵਾਂ ਦੀ ਬੱਸ ਇੱਕ ਹੀ ਤਮੰਨਾ ਸੀ ਕਿ ਉਹ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋਣ। ਉਨ੍ਹਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਕ ਜੰਗਲ ਵਿਚ ਇਕ ਥਾਂ ’ਤੇ ਬਹੁਤ ਕੀਮਤੀ ਵਸਤੂਆਂ, ਮੋਹਰਾਂ, ਹੀਰੇ ਦੱਬੇ ਹੋਏ ਹਨ, ਪਰ ਜੋ ਵੀ ਉਸ ਜੰਗਲ ਵਿਚ ਜਾਂਦਾ ਹੈ, ਉਹ ਵਾਪਸ ਨਹੀਂ ਆਉਂਦਾ। ਦੋਵੇਂ ਦੋਸਤਾਂ ਦੇ ਮਨ ਵਿਚ ਲਾਲਚ ਭਰਿਆ ਹੋਇਆ ਸੀ।
ਉਨ੍ਹਾਂ ਨੇ ਉਸ ਜੰਗਲ ’ਚ ਜਾਣ ਦਾ ਮਨ ਬਣਾ ਲਿਆ। ਦੋਵਾਂ ਵਿਚੋਂ ਇਕ ਨੂੰ ਥੋੜਾ-ਬਹੁਤਾ ਰਾਹ ਪਤਾ ਸੀ ਤੇ ਉਹ ਦੋਵੇਂ ਉਸ ਜੰਗਲ ਦੀ ਭਾਲ ਵਿਚ ਨਿਕਲ ਪਏ। ਹੌਲੀ-ਹੌਲੀ ਉਹ ਹੋਰਨਾਂ ਲੋਕਾਂ ਤੋਂ ਜੰਗਲ ਬਾਰੇ ਪੁੱਛਦੇ-ਪੁੱਛਦੇ ਉਸ ਜੰਗਲ ਕੋਲ ਪਹੁੰਚ ਗਏ। ਉਹ ਕੀਮਤੀ ਵਸਤੂਆਂ ਭਾਲਣ ਲੱਗ ਪਏ। ਉਨ੍ਹਾਂ ਨੂੰ ਥੋੜ੍ਹੀ ਜਿਹੀ ਦੂਰੀ ’ਤੇ ਇਕ ਕਾਫ਼ੀ ਬਜ਼ੁਰਗ ਬੁੱਢਾ ਵਿਅਕਤੀ ਮਿਲਿਆ। ਉਹ ਦੋਵੇਂ ਉਸ ਕੋਲ ਚਲੇ ਗਏ ਤੇ ਉਸ ਬਜ਼ੁਰਗ ਆਦਮੀ ਨੇ ਉਨ੍ਹਾਂ ਤੋਂ ਪੁੱਛਿਆ, ਤੁਸੀਂ ਇੱਥੇ ਖ਼ਤਰਨਾਕ ਜੰਗਲ ਵਿਚ ਕਿਵੇਂ ਆਏ ਹੋ? ਦੋਵਾਂ ਨੇ ਇੱਥੇ ਆਉਣ ਦਾ ਕਾਰਨ ਦੱਸ ਦਿੱਤਾ। ਫਿਰ ਉਸ ਬਜ਼ੁਰਗ ਆਦਮੀ ਨੇ ਕੁਝ ਸੋਚਦੇ ਹੋਏ ਉਨ੍ਹਾਂ ਨੂੰ ਆਖਿਆ ਕਿ ਇੱਥੇ ਕੀਮਤੀ ਵਸਤੂਆਂ ਨਹੀਂ ਹਨ, ਇਹ ਸਭ ਕੁਝ ਝੂਠ ਹੈ। ਉਹ ਸਮਝ ਗਏ ਕਿ ਉਹ ਬਜ਼ੁਰਗ ਝੂਠ ਬੋਲ ਰਿਹਾ ਹੈ। ਉਹ ਬਜ਼ੁਰਗ ਨੂੰ ਕਹਿਣ ਲੱਗੇ ਕਿ ਅਸੀਂ ਇੱਥੋਂ ਮੋਹਰਾਂ, ਹੀਰੇ ਆਦਿ ਲੈ ਕੇ ਹੀ ਜਾਵਾਂਗੇ। ਉਨ੍ਹਾਂ ਨੇ ਉਸ ਬਜ਼ੁਰਗ ਆਦਮੀ ਤੋਂ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਆਏ? ਉਹ ਵੀ ਬੁਢਾਪੇ ਵਿਚ, ਤਾਂ ਬਜ਼ੁਰਗ ਨੇ ਬੜਾ ਪਛਤਾਵਾ ਕਰਦੇ ਹੋਏ ਦੱਸਿਆ ਕਿ ਮੈਂ ਵੀ ਇੱਥੇ ਹੀਰਿਆਂ ਦੀ ਭਾਲ ਵਿਚ ਹੀ ਆਇਆ ਸੀ। ਪਰ ਮੈਂ ਇਸ ਸੰਘਣੇ ਸੰਗਲ ਵਿਚ ਹੀ ਉਲਝ ਕੇ ਰਹਿ ਗਿਆ।
ਉਸਨੇ ਦੱਸਿਆ ਕਿ ਮੈਨੂੰ ਉਸ ਥਾਂ ਦਾ ਪਤਾ ਹੈ, ਪਰ ਹੀਰਿਆਂ ਨੂੰ ਉਥੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ, ਕਿਉਂਕਿ ਬਾਹਰ ਜਾਣ ਦਾ ਰਸਤਾ ਭਾਲਣਾ ਬਹੁਤ ਔਖਾ ਹੈ। ਫਸਿਆ ਹੋਇਆ ਹਾਂ ਤੇ ਮੇਰੀਆਂ ਲੱਤਾਂ ਹੁਣ ਜਵਾਬ ਦੇ ਗਈਆਂ ਹਨ। ਉਸ ਬਜ਼ੁਰਗ ਆਦਮੀ ਨੇ ਉਨ੍ਹਾਂ ਨੂੰ ਬਹੁਤ ਰੋਕਿਆ ਕਿ ਲਾਲਚ ਕਰਨਾ ਬਹੁਤ ਬੁਰੀ ਗੱਲ ਹੈ, ਪਰ ਉਨ੍ਹਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਅਖ਼ੀਰ ਬਜ਼ੁਰਗ ਨੇ ਉਨ੍ਹਾਂ ਨੂੰ ਉਹ ਥਾਂ ਦੱਸ ਦਿੱਤੀ ਕਿ ਇੱਥੋਂ ਸੱਜੇ ਹੱਥ ਪੂਰਬ ਵੱਲ ਉਨ੍ਹਾਂ ਨੂੰ ਪੱਥਰ ਦੀ ਇਕ ਮੂਰਤ ਮਿਲੇਗੀ, ਜਿਸ ਦੇ ਹੇਠਾਂ ਜ਼ਮੀਨ ਪੁੱਟਣ ’ਤੇ ਉਨ੍ਹਾਂ ਨੂੰ ਉਹ ਮੋਹਰਾਂ, ਹੀਰੇ ਮਿਲ ਜਾਣਗੇ। ਉਸੇ ਹੀ ਤਰ੍ਹਾਂ ਉਹ ਉਸ ਦਿਸ਼ਾ ਵੱਲ ਚੱਲਦੇ ਗਏ ਤੇ ਅੰਤ ਲੰਬਾ ਰਸਤਾ ਤਹਿ ਕਰਨ ’ਤੇ ਉਹ ਪੱਥਰ ਦੀ ਮੂਰਤ ਮਿਲ ਗਈ। ਉਹ ਜ਼ਮੀਨ ਪੁੱਟਣ ਲੱਗ ਪਏ ਤੇ ਉਨ੍ਹਾਂ ਨੂੰ ਪੇਟੀਆਂ ਦੀਆਂ ਪੇਟੀਆਂ ਮਿਲੀਆਂ ਜੋ ਹੀਰਿਆਂ ਅਤੇ ਮੋਹਰਾਂ ਨਾਲ ਭਰੀਆਂ ਹੋਈਆਂ ਸਨ। ਉਹ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਆਪਣੇ ਵਿੱਤ ਤੋਂ ਵੱਧ ਹੀਰੇ ਅਤੇ ਮੋਹਰਾਂ ਚੁੱਕ ਲਈਆਂ ਤੇ ਜੰਗਲ ਤੋਂ ਬਾਹਰ ਜਾਣ ਲਈ ਰਸਤੇ ਦੀ ਭਾਲ ਕਰਨ ਲੱਗੇ। ਉਹ ਰਸਤੇ ਦੀ ਭਾਲ ਵਿਚ ਕਈ ਦਿਨ ਇਸੇ ਤਰ੍ਹਾਂ ਹੀ ਘੁੰਮਦੇ ਰਹੇ। ਹੁਣ ਉਨ੍ਹਾਂ ਨੂੰ ਭੁੱਖ, ਪਿਆਸ ਵੀ ਬਹੁਤ ਲੱਗੀ ਹੋਈ ਸੀ ਅਤੇ ਉਨ੍ਹਾਂ ਤੋਂ ਇਹ ਕੁਝ ਚੁੱਕਿਆ ਵੀ ਨਹੀਂ ਸੀ ਜਾ ਰਿਹਾ। ਅਖ਼ੀਰ ਉਹ ਉਸ ਜਗ੍ਹਾ ਪਹੁੰਚੇ, ਜਿੱਥੇ ਉਹ ਬਜ਼ੁਰਗ ਪਿਆ ਹੋਇਆ ਸੀ। ਉਨ੍ਹਾਂ ਨੂੰ ਦਿਸ਼ਾ ਦਾ ਕੋਈ ਪਤਾ ਨਹੀਂ ਸੀ ਕਿ ਉਹ ਕਿਸ ਦਿਸ਼ਾ ਵੱਲ ਜਾ ਰਹੇ ਨੇ ਅਤੇ ਕਿਸ ਦਿਸ਼ਾ ਤੋਂ ਉਹ ਜੰਗਲ ’ਚ ਆਏ ਸਨ। ਉਨ੍ਹਾਂ ਦੀਆਂ ਲੱਤਾਂ ਜਵਾਬ ਦੇ ਗਈਆਂ ਸਨ। ਹੁਣ ਉਨ੍ਹਾਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਉਹ ਬਜ਼ੁਰਗ ਆਦਮੀ ਉਨ੍ਹਾਂ ਨੂੰ ਫਿਰ ਇਹ ਸ਼ਬਦ ‘ਲਾਲਚ ਬੁਰੀ ਬਲਾ ਹੈ’ ਕਹਿੰਦਾ-ਕਹਿੰਦਾ ਆਪਣੇ ਪ੍ਰਾਣ ਤਿਆਗ ਗਿਆ। ਉਨ੍ਹਾਂ ਨੂੰ ਆਪਣੇ ਲਾਲਚੀਪਣ ’ਤੇ ਬਹੁਤ ਪਛਤਾਵਾ ਹੋਇਆ ਤੇ ਮੋਹਰਾਂ, ਹੀਰੇ ਸੁੱਟ ਕੇ ਕਹਿਣ ਲੱਗੇ ਕਿ ਇਹ ਜ਼ਿੰਦਗੀ ਤੋਂ ਕੀਮਤੀ ਨਹੀਂ ਸਨ। ਅਸੀਂ ਇੱਥੇ ਕਿਉਂ ਆਏ? ਪਛਤਾਵੇ ਤੋਂ ਬਿਨਾਂ ਉਹ ਹੋਰ ਕੁਝ ਵੀ ਨਹੀਂ ਸਨ ਕਰ ਸਕਦੇ।
ਬੱਚਿਓ, ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਨੂੰ ਮਨ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।
 
Top