ਰਾਜੇ ਦੀ ਤਸਵੀਰ

Parv

Prime VIP
ਇਕ ਵਾਰ ਦੀ ਗੱਲ ਹੈ ਕਿਸੇ ਰਾਜ 'ਚ ਇਕ ਰਾਜਾ ਸੀ, ਜਿਸ ਦੀ ਸਿਰਫ ਇਕ ਲੱਤ ਤੇ ਇਕ ਅੱਖ ਸੀ। ਉਸ ਰਾਜ 'ਚ ਸਾਰੇ ਖੁਸ਼ਹਾਲ ਸਨ ਕਿਉਂਕਿ ਰਾਜਾ ਬਹੁਤ ਸਿਆਣਾ ਤੇ ਪ੍ਰਤਾਪੀ ਸੀ।
ਇਕ ਵਾਰ ਰਾਜੇ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਆਪਣੀ ਇਕ ਤਸਵੀਰ ਬਣਵਾਈ ਜਾਵੇ। ਫਿਰ ਕੀ ਸੀ, ਦੇਸ਼-ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਸੱਦਿਆ ਗਿਆ ਅਤੇ ਇਕ ਤੋਂ ਵਧ ਕੇ ਇਕ ਚਿੱਤਰਕਾਰ ਰਾਜੇ ਦੇ ਦਰਬਾਰ 'ਚ ਆਏ। ਰਾਜੇ ਨੇ ਉਨ੍ਹਾਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਉਸ ਦੀ ਬਹੁਤ ਸੁੰਦਰ ਤਸਵੀਰ ਬਣਾਉਣ, ਜੋ ਰਾਜਮਹਿਲ 'ਚ ਲਗਾਈ ਜਾਵੇਗੀ।
ਸਾਰੇ ਚਿੱਤਰਕਾਰ ਸੋਚਣ ਲੱਗੇ ਕਿ ਰਾਜਾ ਤਾਂ ਪਹਿਲਾਂ ਤੋਂ ਹੀ ਅਪਾਹਿਜ ਹੈ, ਫਿਰ ਉਸ ਦੀ ਤਸਵੀਰ ਨੂੰ ਬਹੁਤ ਸੁੰਦਰ ਕਿਵੇਂ ਬਣਾਇਆ ਜਾ ਸਕਦਾ ਹੈ? ਇਹ ਤਾਂ ਸੰਭਵ ਹੀ ਨਹੀਂ ਤੇ ਜੇ ਤਸਵੀਰ ਸੁੰਦਰ ਨਾ ਬਣੀ ਤਾਂ ਰਾਜਾ ਗੁੱਸੇ 'ਚ ਆ ਕੇ ਸਖਤ ਸਜ਼ਾ ਦੇਵੇਗਾ। ਇਹੀ ਸੋਚ ਕੇ ਸਾਰੇ ਚਿੱਤਰਕਾਰਾਂ ਨੇ ਰਾਜੇ ਦੀ ਤਸਵੀਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ।
ਉਸੇ ਵੇਲੇ ਇਕ ਚਿੱਤਰਕਾਰ ਨੇ ਹੱਥ ਖੜ੍ਹਾ ਕੀਤਾ ਅਤੇ ਬੋਲਿਆ,''ਮਹਾਰਾਜ, ਮੈਂ ਤੁਹਾਡੀ ਬਹੁਤ ਸੁੰਦਰ ਤਸਵੀਰ ਬਣਾਵਾਂਗਾ, ਜੋ ਤੁਹਾਨੂੰ ਜ਼ਰੂਰ ਪਸੰਦ ਆਏਗੀ।''
ਫਿਰ ਚਿੱਤਰਕਾਰ ਜਲਦੀ ਨਾਲ ਰਾਜੇ ਤੋਂ ਇਜਾਜ਼ਤ ਲੈ ਕੇ ਤਸਵੀਰ ਬਣਾਉਣ 'ਚ ਲੱਗ ਗਿਆ। ਕਾਫੀ ਦੇਰ ਬਾਅਦ ਉਸ ਨੇ ਇਕ ਤਸਵੀਰ ਤਿਆਰ ਕੀਤੀ, ਜਿਸ ਨੂੰ ਦੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਸਾਰੇ ਚਿੱਤਰਕਾਰਾਂ ਨੇ ਆਪਣੇ ਦੰਦਾਂ ਹੇਠ ਉਂਗਲ ਦਬਾ ਲਈ।
ਉਸ ਚਿੱਤਰਕਾਰ ਨੇ ਇਕ ਅਜਿਹੀ ਤਸਵੀਰ ਬਣਾਈ, ਜਿਸ 'ਚ ਰਾਜਾ ਇਕ ਲੱਤ ਨੂੰ ਮੋੜ ਕੇ ਜ਼ਮੀਨ 'ਤੇ ਬੈਠਾ ਹੈ ਅਤੇ ਇਕ ਅੱਖ ਬੰਦ ਕਰ ਕੇ ਆਪਣੇ ਸ਼ਿਕਾਰ 'ਤੇ ਨਿਸ਼ਾਨਾ ਲਗਾ ਰਿਹਾ ਹੈ। ਰਾਜਾ ਇਹ ਦੇਖ ਕੇ ਬਹੁਤ ਪ੍ਰਸੰਨ ਹੋਇਆ ਕਿ ਉਸ ਚਿੱਤਰਕਾਰ ਨੇ ਰਾਜੇ ਦੀਆਂ ਕਮਜ਼ੋਰੀਆਂ ਨੂੰ ਲੁਕੋ ਕੇ ਕਿੰਨੀ ਸਿਆਣਪ ਨਾਲ ਸੁੰਦਰ ਤਸਵੀਰ ਬਣਾਈ ਹੈ। ਰਾਜੇ ਨੇ ਉਸ ਨੂੰ ਖੂਬ ਇਨਾਮ ਦਿੱਤੇ।
ਤਾਂ ਦੋਸਤੋ, ਕਿਉਂ ਨਾ ਅਸੀਂ ਵੀ ਦੂਜਿਆਂ ਦੀਆਂ ਕਮੀਆਂ ਨੂੰ ਲੁਕੋਈਏ, ਉਨ੍ਹਾਂ ਨੂੰ ਬੇਧਿਆਨ ਕਰੀਏ ਅਤੇ ਚੰਗਿਆਈਆਂ ਵੱਲ ਧਿਆਨ ਦੇਈਏ। ਅੱਜਕਲ ਦੇਖਿਆ ਜਾਂਦਾ ਹੈ ਕਿ ਲੋਕ ਇਕ-ਦੂਜੇ ਦੀਆਂ ਕਮੀਆਂ ਬਹੁਤ ਜਲਦੀ ਲੱਭ ਲੈਂਦੇ ਹਨ। ਭਾਵੇਂ ਸਾਡੇ ਆਪ 'ਚ ਕਿੰਨੀਆਂ ਵੀ ਬੁਰਾਈਆਂ ਕਿਉਂ ਨਾ ਹੋਣ, ਅਸੀਂ ਹਮੇਸ਼ਾ ਦੂਜਿਆਂ ਦੀਆਂ ਬੁਰਾਈਆਂ ਵੱਲ ਹੀ ਧਿਆਨ ਦਿੰਦੇ ਹਾਂ ਕਿ ਫਲਾਣਾ ਵਿਅਕਤੀ ਅਜਿਹਾ ਹੈ।
ਸੋਚੋ ਜੇ ਅਸੀਂ ਵੀ ਉਸ ਚਿੱਤਰਕਾਰ ਵਾਂਗ ਦੂਜਿਆਂ ਦੀਆਂ ਕਮੀਆਂ 'ਤੇ ਪਰਦਾ
ਪਾਈਏ, ਉਨ੍ਹਾਂ ਨੂੰ ਬੇਧਿਆਨ ਕਰੀਏ ਤਾਂ ਹੌਲੀ-ਹੌਲੀ ਸਾਰੀ ਦੁਨੀਆ 'ਚੋਂ ਬੁਰਾਈਆਂ ਹੀ ਖਤਮ ਹੋ ਜਾਣਗੀਆਂ ਅਤੇ ਰਹਿ ਜਾਣਗੀਆਂ ਸਿਰਫ ਚੰਗਿਆਈਆਂ।
ਇਸ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਕਿਵੇਂ ਸਾਨੂੰ ਮਾੜੇ ਹਾਲਾਤ 'ਚ ਵੀ ਚੰਗਾ ਸੋਚਣਾ ਚਾਹੀਦਾ ਹੈ ਅਤੇ ਕਿਵੇਂ ਸਾਡੀ ਚੰਗੀ ਸੋਚ ਸਾਡੀਆਂ ਸਮੱਸਿਆਵਾਂ ਦੂਰ ਕਰਦੀ ਹੈ।
 
Top