ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ

'MANISH'

yaara naal bahara
ਇੱਜ਼ਤ ਦੇ ਨਾਮ ’ਤੇ ਲੜਕੇ ਲੜਕੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿੱਲੀ ਦੇ ਤੀਹਰੇ ਹੱਤਿਆ ਕਾਂਡ ਨੇ ਤਾਂ ਸਭ ਨੂੰ ਹਿਲਾ ਦਿੱਤਾ ਹੈ। ਇਸ ਸਬੰਧੀ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਨੇ ਆਪਣੀਆਂ ਦੋ ਭੈਣਾਂ ਤੇ ਇਕ ਭਣੋਈਏ ਦੀ ਇਸ ਕਰਕੇ ਨਿਰਦੈਤਾ ਨਾਲ ਹੱਤਿਆ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰੇਮ ਵਿਆਹ ਕਰਾਏ ਸਨ। ਪ੍ਰੇਮ ਸਬੰਧਾਂ ਨੂੰ ਲੈ ਕੇ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ ਪਰ ਚੁਫੇਰਿਓਂ ਨਿੰਦਾ ਤੇ ਆਲੋਚਨਾ ਦੇ ਬਾਵਜੂਦ ਇਹ ਸਿਲਸਿਲਾ ਠੱਲ੍ਹਿਆ ਨਹੀਂ ਜਾ ਸਕਿਆ।
ਇਨ੍ਹਾਂ ’ਚ ਵਾਧਾ ਇਨਸਾਨੀਅਤ ਤੇ ਸਮਾਜ ਲਈ ਖਤਰਨਾਕ ਸੰਕੇਤ ਹੈ। ਇਕੱਲੇ ਹਰਿਆਣਾ ’ਚ ਹੀ ਪਿੱਛੇ ਜਿਹੇ ਇਕੋ ਹਫਤੇ ’ਚ ਅਜਿਹੀਆਂ ਪੰਜ ਹੱਤਿਆਵਾਂ ਹੋਈਆਂ। ਚਾਰ ਹੱਤਿਆਵਾਂ ’ਚ ਪਰਿਵਾਰਾਂ ਦਾ ਵੀ ਹੱਥ ਸੀ। ਸਭ ਤੋਂ ਵੱਧ ਦੁਖਾਂਤਕ ਗੱਲ ਇਹ ਹੈ ਕਿ ਇਹ ਕਤਲ ਕਰਨ ਵਾਲਿਆਂ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ।
ਪਾਣੀਪਤ ਦੇ ਪਿੰਡ ਦੇਹਰਾ ਤੋਂ ਫਰਾਰ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦੀਵਾਨਾ ਸਟੇਸ਼ਨ ਨੇੜੇ ਪਟੜੀਆਂ ’ਚ ਪਈਆਂ ਮਿਲੀਆਂ ਸਨ। ਇਹ ਲੁਕਣਮੀਟੀ ਉਨ੍ਹਾਂ ਦੇ ਮਰਨ ਨਾਲ ਹੀ ਮੁੱਕ ਸਕੀ ਸੀ। ਅਦਾਲਤਾਂ ਅਜਿਹੀਆਂ ਹੱਤਿਆਵਾਂ ਲਈ ਹੁਣ ਮੌਤ ਤੇ ਉਮਰ ਕੈਦ ਜਿਹੀਆਂ ਸਜ਼ਾਵਾਂ ਵੀ ਦੇਣ ਲੱਗੀਆਂ ਹਨ। ਕੈਥਲ ਜ਼ਿਲ੍ਹੇ ਦੇ ਮਨੋਜ-ਬਬਲੀ ਦੀ ਹੱਤਿਆ ਦੇ ਦੋਸ਼ ’ਚ ਮਾਰਚ 2010 ’ਚ ਕਰਨਾਲ ਦੀ ਅਦਾਲਤ ਨੇ ਪੰਜ ਜਣਿਆਂ ਨੂੰ ਮੌਤ ਦੀ ਸਜ਼ਾ ਤੇ ਇਕ ਖਾਪ ਆਗੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵੇਦਪਾਲ ਮੋਰ ਤੇ ਸੋਨੀਆ ਦੇ ਕਿੱਸੇ ਨੇ ਤਾਂ ਸਾਰੇ ਤੰਤਰ ’ਤੇ ਹੀ ਸੁਆਲ ਖੜ੍ਹੇ ਕਰ ਦਿੱਤੇ ਸਨ।
ਹਰਿਆਣਾ ’ਚ ਹਰ ਥੋੜ੍ਹੇ ਦਿਨਾਂ ਬਾਅਦ ਜੋੜਿਆਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਪੰਜਾਬ ਵੀ ‘ਇੱਜ਼ਤ’ ਦੇ ਨਾਮ ’ਤੇ ਆਪਣਿਆਂ ਦੇ ਸੱਥਰ ਵਿਛਾਉਣ ’ਚ ਪਿੱਛੇ ਨਹੀਂ। 2009 ’ਚ ਬਲਕਾਰ ਸਿੰਘ ਤੇ ਰਵਿੰਦਰਪਾਲ ਕੌਰ ਪ੍ਰੇਮ ਵਿਆਹ ਦੀ ਬਲੀ ਚੜ੍ਹ ਗਏ। ਹਮਲਾਵਰਾਂ ਨੇ ਰਵਿੰਦਰ ਨੂੰ ਉਹਦੇ ਸਹੁਰੇ ਘਰ ’ਚ ਹੀ ਮਾਰ ਦਿੱਤਾ ਜਦਕਿ ਬਲਕਾਰ ਨੂੰ ਬਜ਼ਾਰ ’ਚ ਗੋਲੀਆਂ ਨਾਲ ਭੁੰਨ ਦਿੱਤਾ। ਇਸੇ ਸਾਲ ਮਾਰਚ ’ਚ ਪ੍ਰਭਜੋਤ ਕੌਰ ਤੇ ਪ੍ਰਦੀਪ ਹੱਤਿਆ ਕਾਂਡ ਹੋਇਆ। ਮਈ 2010 ’ਚ ਗੁਰਲੀਨ ਕੌਰ ਤੇ ਅਮਨ ਦਾ ਹਸ਼ਰ ਵੀ ਇਹੀ ਹੋਇਆ।
ਸੁਪਰੀਮ ਕੋਰਟ ਨੇ ਜੁਲਾਈ 2006 ਵਿਚ ਲਤਾ ਸਿੰਘ ਬਨਾਮ ਸਟੇਟ ਆਫ ਯੂ.ਪੀ. ਮਾਮਲੇ ’ਚ ਕਿਹਾ ਸੀ ਕਿ ਅੰਤਰਰਾਜੀ ਤੇ ਅੰਤਰ ਧਾਰਮਿਕ ਵਿਆਹ ਕਰਨ ਵਾਲਿਆਂ ਦੇ ਕਤਲ ਕਰਨ ’ਚ ਕੋਈ ‘ਆਨਰ’ ਜਾਂ ‘ਸਨਮਾਨ’ ਨਹੀਂ ਹੈ। ਇਹ ਸ਼ਰਮਨਾਕ, ਨਿਰਦਈ ਤੇ ਜਗੀਰੂ ਮਾਨਸਿਕਤਾ ਹੈ, ਜਿਸ ਨੂੰ ਸਖਤ ਸਜ਼ਾ ਨਾਲ ਹੀ ਕੁਚਲਿਆ ਜਾ ਸਕਦਾ ਹੈ। ਅਦਾਲਤ ਨੇ ਪੁਲੀਸ ਨੂੰ ਸੁਰੱਖਿਆ ਮੰਗਦੇ ਜੋੜਿਆਂ ਦੀ ਰਾਖੀ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜਸਟਿਸ ਮਾਰਕੰਡੇਯ ਕਾਟਜੂ ਨੇ ਸਾਰੇ ਰਾਜਾਂ ਦੇ ਪੁਲੀਸ ਮੁਖੀਆਂ ਨੂੰ ਉਨ੍ਹਾਂ ਬਾਲਗ ਜੋੜਿਆਂ ਦੀ ਰਾਖੀ ਦੇ ਨਿਰਦੇਸ਼ ਦਿੱਤੇ ਹਨ, ਜੋ ਜਾਨ ਨੂੰ ਖਤਰੇ ਦੇ ਡਰੋਂ ਪੁਲੀਸ ਪ੍ਰਸ਼ਾਸਨ ਕੋਲ ਪਹੁੰਚ ਕਰਦੇ ਹਨ। ਸਰਕਾਰ ਵੀ ਹੁਣ ‘ਇੱਜ਼ਤ ਖਾਤਰ ਹੁੰਦੇ ਕਤਲ’ ਠੱਲ੍ਹਣ ਲਈ ਕਾਨੂੰਨ ਸਖਤ ਕਰਨ ਦੀ ਦਿਸ਼ਾ ’ਚ ਹਰਕਤ ਵਿਚ ਆਈ ਹੈ। ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਪਹਿਲੇ ਕਾਨੂੰਨਾਂ ’ਚ ਸੋਧਾਂ ਲਈ ਪ੍ਰਸਤਾਵ ਪੇਸ਼ ਕੀਤੇ ਹਨ।
ਪ੍ਰਸਿੱਧ ਲੇਖਕਾ ਚਿਤਰਾ ਮੁਦਗਿਲ ਇਸ ਵਰਤਾਰੇ ਨੂੰ ‘ਕੱਟੜ ਪ੍ਰਸਤੀ’ ਕਰਾਰ ਦਿੰਦੀ ਹੈ ਜੋ ਫਤਵਿਆਂ ਤੋਂ ਵੀ ਵੱਧ ਖਤਰਨਾਕ ਹੈ। ਉਹ ਇਹਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਅਨਪੜ੍ਹਤਾ ਮੰਨਦੀ ਹੈ।
ਸਾਹਿਤਕਾਰ ਰਾਜਿੰਦਰ ਯਾਦਵ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਕੇਵਲ ਵੋਟਾਂ ਕਾਰਨ ਖਾਪਾਂ ਦੇ ਸਾਮੰਤੀ ਫੈਸਲਿਆਂ ਵਿਰੁੱਧ ਹੋਣੋਂ ਡਰਦੀਆਂ ਹਨ ਪਰ ਇਸ ਨਾਲ ਹੌਲੀ-ਹੌਲੀ ਨੌਜਵਾਨਾਂ ਦੀ ਗਿਣਤੀ ਘਟਦੀ ਜਾਏਗੀ ਤੇ ਕੇਵਲ ਬੁੱਢੇ ਬਚਣਗੇ।
ਉਂਜ ਜਾਰਡਨ, ਮੋਰਾਕੋ, ਗਾਜ਼ਾਪੱਟੀ, ਫਲਸਤੀਨ, ਮਿਸਰ, ਸੀਰੀਆ, ਚੇਚਨੀਆ ਤੇ ਪਾਕਿਸਤਾਨ ’ਚ ‘ਆਨਰ ਕਿਲਿੰਗ’ ਆਮ ਵਰਤਾਰਾ ਹੈ। ਪਾਕਿਸਤਾਨ ’ਚ ਇਨ੍ਹਾਂ ਮੌਤਾਂ ਨੂੰ ‘ਕਾਰੋਕਾਰੀ’ ਕਹਿੰਦੇ ਹਨ। ਪੁਲੀਸ ਵੀ ਇਨ੍ਹਾਂ ਕਾਰਿਆਂ ਨੂੰ ਅਣਦੇਖਿਆ ਕਰ ਦਿੰਦੀ ਹੈ। ਇਕ ਰਿਪੋਰਟ ਅਨੁਸਾਰ 2003 ’ਚ ਪਾਕਿਸਤਾਨ ਵਿਚ 1261 ਔਰਤਾਂ ਨੂੰ ਇੱਜ਼ਤ ਦੇ ਨਾਂ ’ਤੇ ਕਤਲ ਕੀਤਾ ਗਿਆ। ਕੋਈ ਧਰਮ ਅਜਿਹੇ ਕਤਲਾਂ ਦੀ ਆਗਿਆ ਨਹੀਂ ਦਿੰਦਾ।
ਦੁੱਖ ਦੀ ਗੱਲ ਹੈ ਕਿ ਅਜਿਹੀਆਂ ਹੱਤਿਆਵਾਂ ਕਰਨ ਵਾਲਿਆਂ ਨੂੰ ਬਾਕੀ ਦਾ ਪਰਿਵਾਰ ਮਾਨ-ਸਨਮਾਨ ਨਾਲ ਦੇਖਦਾ ਹੈ। ਦਿੱਲੀ ’ਚ ਤਿੰਨ ਹੱਤਿਆਵਾਂ ਸਬੰਧੀ ਫੜੇ ਨੌਜਵਾਨਾਂ ਨੂੰ ਆਪਣੀਆਂ ਭੈਣਾਂ ਦੀਆਂ ਹੱਤਿਆਵਾਂ ’ਤੇ ਭੋਰਾ ਵੀ ਦੁੱਖ ਜਾਂ ਪਛਤਾਵਾ ਨਹੀਂ, ਬਲਕਿ ਪਰਿਵਾਰ ਦੇ ਵੱਡੇ ਵੀ ਉਨ੍ਹਾਂ ਨੂੰ ਪਰਿਵਾਰ ਦੀ ਇੱਜ਼ਤ ਦੇ ਰਾਖਿਆ ਵਜੋਂ ਦੇਖਦੇ ਹਨ। ਕੀ ਇਹ ਬਜ਼ੁਰਗ ਨਹੀਂ ਜਾਣਦੇ ਕਿ ਧੀ ਤਾਂ ਉਨ੍ਹਾਂ ਨੇ ਗੁਆ ਲਈ ਤੇ ਪੁੱਤਰ ਵੀ ਜੇਲ੍ਹਾਂ ’ਚ ਜਵਾਨੀ ਕੱਟਣਗੇ। ਇਹ ਲੋਕ ਨਸ਼ਿਆਂ ਤੇ ਹੋਰ ਅਪਰਾਧਾਂ ਨੂੰ ਖਤਮ ਕਰਨ ਬਾਰੇ ਤਾਂ ਕਦੀ ਨਹੀਂ ਸੋਚਦੇ। ਨਸ਼ੇਖੋਰ, ਅਪਰਾਧੀ ਕਿਸਮ ਦੇ ਨੌਜਵਾਨਾਂ ਵਾਲਾ ਸਮਾਜ ਕਿੰਨਾ ਕੁ ਇੱਜ਼ਤ ਵਾਲਾ ਹੋ ਸਕਦਾ ਹੈ, ਬਜ਼ੁਰਗਾਂ ਨੂੰ ਸੋਚਣਾ ਚਾਹੀਦਾ ਹੈ ਤੇ ਉਤਰੀ ਭਾਰਤ ਤਾਂ ਹੈ ਹੀ ਗੁਰੂਆਂ, ਪੀਰਾਂ ਫਕੀਰਾਂ ਦੀ ਧਰਤੀ। ਕੀ ਕੋਈ ਉਨ੍ਹਾਂ ਦੇ ਉਪਦੇਸ਼ਾਂ ਵੱਲ ਧਿਆਨ ਦੇਵੇਗਾ?
 
Top