ਮੈਰੀ ਕ੍ਰਿਸਮਸ

Mandeep Kaur Guraya

MAIN JATTI PUNJAB DI ..
ਕਾਲੋਨੀ ਦੇ ਬੱਚੇ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਦੀ ਖੁਸ਼ੀ ਦਾ ਕਾਰਨ ਸੀ ਕ੍ਰਿਸਮਸ ਦਾ ਤਿਉਹਾਰ, ਜੋ ਪਰਸੋਂ ਆ ਰਿਹਾ ਸੀ।
ਸ਼ਾਮ ਨੂੰ ਪਾਰਕ ਵਿਚ ਘੁੰਮਦੇ ਹੋਏ ਡੇਵਿਡ ਲਾਰੰਸ ਨੂੰ ਕਹਿ ਰਿਹਾ ਸੀ, ਕੱਲ ਪਾਪਾ ਨੇ ਮੈਨੂੰ ਪੰਜ ਸੌ ਰੁਪਏ ਦਿੱਤੇ ਨੇ। ਇਸ ਵਾਰ ਮੇਲੇ ਵਿਚ ਖ਼ੂਬ ਖਿਡੌਣੇ ਖਰੀਦਾਂਗਾ। ਬੰਦੂਕ ਦੀਆਂ ਗੋਲੀਆਂ ਨਾਲ ਗੁਬਾਰਿਆਂ 'ਤੇ ਬੜੇ ਨਿਸ਼ਾਨੇ ਲਗਾਵਾਂਗਾ।''
ਲਾਰੰਸ ਬੋਲਿਆ, ''ਮੈਂ ਤੈਥੋਂ ਵੀ ਜ਼ਿਆਦਾ ਖਿਡੌਣੇ ਖ਼ਰੀਦਾਂਗਾ। ਮੇਰੇ ਕੋਲ ਵੀ ਕਾਫੀ ਰੁਪਏ ਜਮ੍ਹਾ ਨੇ।''
ਅਜੇ ਦੋਵੇਂ ਆਪਸ ਵਿਚ ਗੱਲਾਂ ਕਰ ਹੀ ਰਹੇ ਸਨ ਕਿ ਉਨ੍ਹਾਂ ਨੂੰ ਸਾਹਮਣਿਓਂ ਡੈਨੀ ਅੰਕਲ ਆਉਂਦੇ ਵਿਖਾਈ ਦਿੱਤੇ।
ਓਏ, ''ਔਹ ਆ ਰਹੇ ਨੇ ਡੈਨੀ ਅੰਕਲ। ਚੱਲ ਭੱਜੀਏ।'' ਲਾਰੰਸ ਨੇ ਡੇਵਿਡ ਨੂੰ ਕਿਹਾ ਤਾਂ ਡੇਵਿਡ ਬੋਲਿਆ, ''ਅਸੀਂ ਕਿਉਂ ਭੱਜੀਏ? ਅਸੀਂ ਉਨ੍ਹਾਂ ਨੂੰ ਤੰਗ ਨਹੀਂ ਕਰਦੇ, ਫਿਰ ਭਲਾ ਉਹ ਸਾਨੂੰ ਕੁਝ ਕਿਉਂ ਆਖਣਗੇ? ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ।''
ਲਾਰੰਸ ਬੋਲਿਆ, ''ਕੱਲ ਐਬਟ ਮੈਨੂੰ ਆਖ ਰਿਹਾ ਸੀ ਕਿ ਡੈਨੀ ਅੰਕਲ ਉਹਦੇ ਪਿੱਛੇ ਪੈ ਗਏ ਸਨ।''
''ਕਿਉਂ?''
''ਕਿਉਂਕਿ ਉਹ ਅੰਕਲ ਦਾ ਮਜ਼ਾਕ ਉਡਾ ਕੇ ਭੱਜ ਰਿਹਾ ਸੀ।''
''ਇਹ ਤਾਂ ਐਬਟ ਦੀ ਗਲਤੀ ਸੀ। ਛਿੱਤਰ ਖਾਣ ਵਾਲੀ ਹਰਕਤ ਤੇ ਉਹ ਆਪ ਕਰ ਰਿਹਾ ਸੀ। ਵੱਡਿਆਂ ਦਾ ਮਜ਼ਾਕ ਉਡਾਉਣਾ ਕੋਈ ਸਮਝਦਾਰੀ ਵਾਲੀ ਗੱਲ ਐ ਭਲਾ?''
ਡੈਨੀ ਅੰਕਲ ਹੋਰ ਨੇੜੇ ਆ ਗਏ।
ਦੋਵਾਂ ਦੋਸਤਾਂ ਨੇ ਉਨ੍ਹਾਂ ਨੂੰ ਗੁੱਡ ਈਵਨਿੰਗ ਅੰਕਲ ਕਿਹਾ ਤਾਂ ਡੈਨੀ ਅੰਕਲ ਨੇ ਬੜੇ ਪਿਆਰ ਨਾਲ ਉਨ੍ਹਾਂ ਦੀ ਗੁੱਡ ਈਵਨਿੰਗ ਦਾ ਜਵਾਬ ਦਿੱਤਾ।
ਡੈਨੀ ਅੰਕਲ ਬੜੇ ਸਿੱਧੇ-ਸਾਦੇ ਪਰ ਹੱਸਮੁਖ ਸੁਭਾਅ ਵਾਲੇ ਸਨ। ਸਰੀਰਕ ਪੱਖੋਂ ਉਹ ਕਾਫੀ ਮੋਟੇ ਸਨ। ਕਈ ਸ਼ਰਾਰਤੀ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ।
ਐਬਟ, ਡੇਵਿਡ ਤੇ ਲਾਰੰਸ ਦਾ ਹਾਣੀ ਸੀ। ਉਹ ਵੀ ਸ਼ਰਾਰਤੀ ਸੁਭਾਅ ਦਾ ਸੀ। ਜਦੋਂ ਡੈਨੀ ਅੰਕਲ ਨੂੰ ਵੇਖਦਾ ਤਾਂ ਦੂਰ ਤੋਂ ਹੀ ਮਜ਼ਾਕ ਕਰਕੇ ਦੌੜ ਜਾਂਦਾ। ਡੈਨੀ ਅੰਕਲ ਨੂੰ ਅਜਿਹੇ ਬੱਚੇ ਚੰਗੇ ਨਹੀਂ ਸਨ ਲੱਗਦੇ। ਉਹ ਉਨ੍ਹਾਂ ਨੂੰ ਸਮਝਾਉਂਦੇ ਕਿ ਅਜਿਹਾ ਕਰਨਾ ਚੰਗਾ ਨਹੀਂ ਹੁੰਦਾ।
ਇਕ ਦਿਨ ਡੇਵਿਡ ਤੇ ਲਾਰੰਸ ਨੇ ਵੀ ਐਬਟ ਨੂੰ ਸਮਝਾਇਆ ਕਿ ਵੱਡਿਆਂ ਦਾ ਇਸ ਤਰ੍ਹਾਂ ਨਿਰਾਦਰ ਕਰਨਾ ਠੀਕ ਨਹੀਂ ਹੁੰਦਾ। ਆਖਿਰ ਐਬਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਗਿਆ ਤੇ ਇਕ ਦਿਨ ਉਨ੍ਹਾਂ ਨੂੰ ਆਖਣ ਲੱਗਾ, ''ਮੈਂ ਅੱਗੇ ਤੋਂ ਕਦੇ ਕਿਸੇ ਦਾ ਮਜ਼ਾਕ ਨਹੀਂ ਉਡਾਵਾਂਗਾ।''
ਕ੍ਰਿਸਮਸ ਦਾ ਦਿਨ ਆ ਗਿਆ।
ਸਾਰੇ ਬੱਚੇ ਨਵੇਂ-ਨਵੇਂ ਕੱਪੜੇ ਪਾ ਕੇ ਮੇਲੇ ਵਿਚ ਘੁੰਮਦੇ ਨਜ਼ਰ ਆਉਣ ਲੱਗੇ। ਸਰਦੀ ਅੰਤਾਂ ਦੀ ਪੈ ਰਹੀ ਸੀ। ਕੁਝ ਬੱਦਲਵਾਈ ਵੀ ਛਾਈ ਹੋਈ ਸੀ। ਡੇਵਿਡ, ਲਾਰੰਸ ਤੇ ਐਬਟ ਮੇਲੇ ਵਿਚ ਘੁੰਮ ਰਹੇ ਸਨ।
ਮੇਲੇ ਵਿਚ ਘੁੰਮਦੇ-ਘੁੰਮਦੇ ਡੇਵਿਡ ਦੀ ਨਜ਼ਰ ਇਕ ਅਜਿਹੇ ਬੱਚੇ 'ਤੇ ਪਈ, ਜਿਹੜਾ ਜ਼ਮੀਨ 'ਤੇ ਇਕ ਬੋਰੀ ਵਿਛਾ ਕੇ ਮਿੱਟੀ ਦੇ ਬਣੇ ਛੋਟੇ-ਛੋਟੇ ਖਿਡੌਣੇ ਵੇਚ ਰਿਹਾ ਸੀ। ਉਸ ਦੇ ਪੈਰਾਂ 'ਚ ਵੀ ਟੁੱਟੀ ਜਿਹੀ ਚੱਪਲ ਸੀ। ਉਹ ਸਰਦੀ ਵਿਚ ਠੁਰ-ਠੁਰ ਕਰ ਰਿਹਾ ਸੀ ਤੇ ਨਾਲ ਹੀ ਖਿਡੌਣੇ ਵੇਚਣ ਲਈ ਉੱਚੀ-ਉੱਚੀ ਆਵਾਜ਼ਾਂ ਮਾਰ ਰਿਹਾ ਸੀ। ਉਸ ਦੀ ਅਜਿਹੀ ਹਾਲਤ ਡੇਵਿਡ ਤੋਂ ਵੇਖੀ ਨਾ ਗਈ। ਉਹ ਅੱਗੇ ਨਾ ਵਧ ਸਕਿਆ। ਕੁਝ ਸੋਚਣ ਲੱਗਾ।
ਹੁਣ ਮਿੱਟੀ ਦੇ ਖਿਡੌਣੇ ਖ਼ਰੀਦਣ ਲਈ ਤਾਂ ਨਹੀਂ ਮਨ ਕਰ ਰਿਹਾ? ਲੱਗਦੈ, ਦੁਬਾਰਾ ਤਿੰਨ-ਚਾਰ ਸਾਲ ਦਾ ਬੱਚਾ ਬਣਨ ਨੂੰ ਜੀਅ ਕਰ ਰਿਹੈ?'' ਲਾਰੰਸ ਨੇ ਉਹਨੂੰ ਛੇੜਿਆ ਤਾਂ ਉਹ ਬੋਲਿਆ, ''ਮੈਂ ਕੁਝ ਸੋਚ ਰਿਹਾਂ।''
ਐਬਟ ਝੱਟਪਟ ਬੋਲਿਆ, ''ਮੇਲੇ ਵਿਚ ਵੀ ਆ ਕੇ ਸੋਚਣ ਦੀ ਤੇਰੀ ਆਦਤ ਨਹੀਂ ਗਈ। ਓਏ, ਸਾਨੂੰ ਵੀ ਤਾਂ ਪਤਾ ਲੱਗੇ ਕਿ ਸਾਡੇ ਫ਼ਿਲਾਸਫ਼ਰ ਸਾਬ੍ਹ ਕੀ ਸੋਚ ਰਹੇ ਨੇ?''
ਡੇਵਿਡ ਬੋਲਿਆ, ''ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਅਸੀਂ ਸਾਰਿਆਂ ਨੇ ਸਰਦੀ ਵਿਚ ਗਰਮ ਕੱਪੜੇ ਤੇ ਬੂਟ-ਜੁਰਾਬਾਂ ਪਾਈਆਂ ਹੋਈਆਂ ਨੇ ਪਰ ਕਿਸੇ ਕੋਲ ਬੂਟ ਤਕ ਨਹੀਂ।''
''ਕਹਿਣਾ ਕੀ ਚਾਹੁੰਨੈਂ? ਸਾਫ਼-ਸਾਫ਼ ਦੱਸ?'' ਐਬਟ ਨੇ ਉਹਨੂੰ ਟੋਕਿਆ।
ਡੇਵਿਡ ਨੇ ਆਪਣੇ ਮਨ ਦੀ ਗੱਲ ਦੋਸਤਾਂ ਨੂੰ ਦੱਸ ਦਿੱਤੀ।
ਦੋਸਤਾਂ ਨੂੰ ਡੇਵਿਡ ਦੇ ਮਨ ਦੀ ਭਾਵਨਾ ੰ ਇਕਦਮ ਛੂਹ ਗਈ। ਉਹ ਝੱਟਪਟ ਉਸ ਨਾਲ ਸਹਿਮਤ ਹੋ ਗਏ।
ਤਿੰਨਾਂ ਦੋਸਤਾਂ ਨੇ ਆਪਣੀ-ਆਪਣੀ ਜੇਬ 'ਚੋਂ ਕੁਝ ਰੁਪਏ ਕੱਢੇ, ਇਕੱਠੇ ਕੀਤੇ ਤੇ ਨਾਲ ਦੀ ਦੁਕਾਨ 'ਤੇ ਜਾ ਕੇ ਉਸ ਬੱਚੇ ਦੇ ਪੈਰਾਂ ਦੇ ਮੇਚ ਦੇ ਬੂਟ ਤੇ ਜੁਰਾਬਾਂ ਖ਼ਰੀਦ ਲਿਆਏ।
''ਇਨ੍ਹਾਂ ਨੂੰ ਪਾ ਕੇ ਵੇਖ। ਠੀਕ ਮੇਚ ਆ ਰਹੇ ਨੇ?'' ਡੇਵਿਡ ਨੇ ਉਨ੍ਹਾਂ ਨੂੰ ਬੂਟ-ਜੁਰਾਬਾਂ ਦਿੰਦਿਆਂ ਕਿਹਾ।
''ਕੀ ਤੁਸੀਂ ਇਹ ਬੂਟ ਮੇਰੇ ਲਈ ਲਿਆਏ ਓ?'' ਖਿਡੌਣੇ ਵੇਚ ਰਹੇ ਬੱਚੇ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
''ਹਾਂ, ਤੇਰੇ ਲਈ ਨੇ।'' ਡੇਵਿਡ ਨੇ ਕਿਹਾ।
ਮੁਸਕਰਾਉਂਦੇ ਹੋਏ ਬੱਚੇ ਨੇ ਝੱਟਪਟ ਨਵੇਂ ਬੂਟ ਤੇ ਜੁਰਾਬਾਂ ਪਾ ਲਈਆਂ। ਬੋਲਿਆ, ''ਹਾਂ, ਬਿਲਕੁਲ ਮੇਚ ਆ ਗਏ ਨੇ। ਧੰਨਵਾਦ।''
ਤਿੰਨੇ ਦੋਸਤ ਉਸ ਨੂੰ ਬਾਏ-ਬਾਏ ਕਰਦੇ ਅੱਗੇ ਚਲੇ ਗਏ।
ਅਚਾਨਕ ਹੀ ਸਾਹਮਣਿਓਂ ਆਉਂਦੇ ਲੰਮੀ ਦਾੜ੍ਹੀ ਅਤੇ ਮੁੱਛਾਂ ਵਾਲੇ ਸਾਂਤਾ ਕਲਾਜ਼ 'ਤੇ ਉਨ੍ਹਾਂ ਦੀ ਨਜ਼ਰ ਪਈ ਤਾਂ ਉਹ ਇਕਦਮ ਖੁਸ਼ ਹੋ ਗਏ। ਸਾਂਤਾ ਕਲਾਜ਼ ਆਪਣੇ ਲੰਬੇ ਲਾਲ ਕੋਟ ਦੀ ਜੇਬ 'ਚੋਂ ਬੱਚਿਆਂ ਨੂੰ ਟਾਫੀਆਂ, ਚਾਕਲੇਟ ਤੇ ਹੋਰ ਤੋਹਫ਼ੇ ਵੰਡਦਾ ਹੋਇਆ ਬੜੀ ਸ਼ਾਨ ਨਾਲ ਹੌਲੀ-ਹੌਲੀ ਟਹਿਲਦਾ ਆ ਰਿਹਾ ਸੀ। ਉਸ ਦੇ ਨਾਲ ਬੱਚਿਆਂ ਦਾ ਇਕੱਠ ਸੀ।
ਜਿਉਂ ਹੀ ਡੇਵਿਡ ਤੇ ਉਸ ਦੇ ਦੋਸਤ ਸਾਂਤਾ ਕਲਾਜ਼ ਕੋਲ ਆਏ ਤਾਂ ਸਾਂਤਾ ਕਲਾਜ਼ ਨੇ ਆਪਣੀ ਆਵਾਜ਼ ਬਦਲ ਕੇ ਉਨ੍ਹਾਂ ਨਾਲ ਹੱਥ ਮਿਲਾਉਂਦਿਆਂ ਕਿਹਾ, ''ਹੈਪੀ ਕ੍ਰਿਸਮਸ ਡੇ।''
ਤਿੰਨਾਂ ਨੇ ਸਾਂਤਾ ਕਲਾਜ਼ ਦੀ ਹੈਪੀ ਕ੍ਰਿਸਮਸ ਦਾ ਜਵਾਬ ਦਿੱਤਾ।
ਸਾਂਤਾ ਕਲਾਜ਼ ਨੇ ਆਪਣੇ ਕੋਟ ਦੀ ਜੇਬ 'ਚ ਹੱਥ ਪਾਇਆ, ਤਿੰਨ ਚਾਕਲੇਟ ਕੱਢੇ। ਤਿੰਨਾਂ ਨੂੰ ਇਕ-ਇਕ ਦਿੱਤਾ ਤੇ ਫਿਰ ਮੁਸਕਰਾ ਕੇ ਆਪਣੀ ਅਸਲੀ ਆਵਾਜ਼ ਵਿਚ ਪੁੱਛਣ ਲੱਗਾ, ''ਮੈਨੂੰ ਪਛਾਣਿਆਂ?''
ਇਕਦਮ ਜਾਣੀ-ਪਛਾਣੀ ਆਵਾਜ਼ ਸੁਣ ਕੇ ਐਬਟ ਇਕਦਮ ਬੋਲਿਆ, ''ਡੈਨੀ ਅੰਕਲ, ਤੁਸੀਂ? ਸਾਂਤਾ ਕਲਾਜ਼?''
''ਹਾਂ-ਹਾਂ ਬੱਚਿਓ, ਅੱਜ ਮੈਂ ਸਾਂਤਾ ਕਲਾਜ਼ ਹਾਂ। ਆਓ, ਮੇਰੇ ਨਾਲ ਕ੍ਰਿਸਮਸ ਦੇ ਪਵਿੱਤਰ ਦਿਨ ਦਾ ਆਨੰਦ ਮਾਣੋ.....।''
ਤਿੰਨੇ ਦੋਸਤ ਬਾਕੀ ਬੱਚਿਆਂ ਨਾਲ ਡੈਨੀ ਅੰਕਲ ਦੇ ਪਿੱਛੇ-ਪਿੱਛੇ ਹੋ ਗਏ।
ਬੱਚਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਹੈਪੀ ਕ੍ਰਿਸਮਸ ਡੇ, ਮੈਰੀ ਕ੍ਰਿਸਮਸ ਡੇ।'' ਬੱਚਿਆਂ ਦੀ ਖੁਸ਼ੀ ਦੁੱਗਣੀ-ਚੌਗੁਣੀ ਹੋ ਗਈ।
 
Top