ਮਿੱਠੀਆਂ ਗੱਲਾਂ ਨੇਕ ਸਲਾਹਾਂ

'MANISH'

yaara naal bahara
ਲੇਖਕ: ਡਾ. ਪੰਨਾ ਲਾਲ ਮੁਸਤਫ਼ਾਬਾਦੀ
ਮੁੱਲ:50 ਰੁਪਏ, ਪੰਨੇ:56
ਪ੍ਰਕਾਸ਼ਕ:ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।

ਪੰਜਾਬੀ ਵਿਚ ਅੱਜ-ਕੱਲ੍ਹ ਜਿਹੜਾ ਬਾਲ ਸਾਹਿਤ ਪ੍ਰਕਾਸ਼ਿਤ ਰੂਪ ਵਿਚ ਸਾਹਮਣੇ ਆ ਰਿਹਾ ਹੈ ਉਹ ਬੱਚਿਆਂ ਦੇ ਜੀਵਨ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ। ਗਿਆਨ-ਵਿਗਿਆਨ ਦੇ ਵਰਤਮਾਨ ਸਮੇਂ ਵਿਚ ਵਿਚਰਨ ਵਾਲੇ ਬਾਲ ਪਾਠਕ ਦੀ ਦਿਲਚਸਪੀ ਪਰੰਪਰਾਵਾਦੀ ਅਤੇ ਘਿਸੇ ਪਿਟੇ ਵਿਸ਼ਿਆਂ ਵਿਚ ਨਹੀਂ ਰਹੀ। ਫਿਰ ਵੀ ਬਾਲ ਸਾਹਿਤ ਦੇ ਕੁਝ ਪ੍ਰਤੀਬੱਧ ਲਿਖਾਰੀ ਬੱਚਿਆਂ ਲਈ ਆਧੁਨਿਕ ਯੁੱਗ ਦੇ ਅਨੁਕੂਲ ਲਿਖ ਰਹੇ ਹਨ। ਇਨ੍ਹਾਂ ਵਿਚ ਇਕ ਨਾਂ ਹੈ ਡਾ. ਪੰਨਾ ਲਾਲ ਮੁਸਤਫਾਬਾਦੀ, ਜਿਸ ਦੀ ਨਵੀਂ ਛਪੀ ਪੁਸਤਕ ‘ਮਿੱਠੀਆਂ ਗੱਲਾਂ ਨੇਕ ਸਲਾਹਾਂ’ ਮੇਰੇ ਸਾਹਮਣੇ ਹੈ। ਇਸ ਵਿਚ ਕੁੱਲ ਪੈਂਤੀ ਬਾਲ ਕਵਿਤਾਵਾਂ ਸ਼ਾਮਲ ਹਨ। ਇਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਜਾਂ ਉਚੇਰੇ ਜੀਵਨ-ਮੁੱਲਾਂ ਨੂੰ ਦ੍ਰਿੜ੍ਹ ਕਰਵਾ ਕੇ ਬੰਚੇ ਦੀ ਸ਼ਖਸੀਅਤ ਉਸਾਰੀ ਕਰਨ ਦਾ ਉਸਾਰੂ ਯਤਨ ਕੀਤਾ ਗਿਆ ਹੈ। ਬੱਚਿਆਂ ਦੀਆਂ ਰੁਚੀਆਂ, ਸਮੱਸਿਆਵਾਂ, ਮਜਬੂਰੀਆਂ, ਮਨੋਕਾਮਨਾਵਾਂ, ਉਨ੍ਹਾਂ ਦੇ ਆਲੇ-ਦੁਆਲੇ ਦਾ ਵਾਤਾਵਰਣ, ਸਕੂਲ, ਘਰ ਪਰਿਵਾਰ, ਇਤਿਹਾਸ, ਗਿਆਨ-ਵਿਗਿਆਨ ਅਤੇ ਪ੍ਰਕਿਰਤੀ ਦੀ ਰਖਵਾਲੀ ਵਰਗੇ ਵਿਸ਼ੇ ਵਸਤੂ ਇਨ੍ਹਾਂ ਕਵਿਤਾਵਾਂ ਦਾ ਆਧਾਰ ਬਣਦੇ ਹਨ। ਬਹੁਤੀਆਂ ਕਵਿਤਾਵਾਂ ਗੀਤ ਦੀ ਤਰਜ਼ ਪੁਰ ਰਚੀਆਂ ਗਈਆਂ ਹਨ। ਇਨ੍ਹਾਂ ਵਿਚ ਕਵੀ ਬੱਚਿਆਂ ਨੂੰ ਪ੍ਰੇਰਨਾ ਦਿੰਦਾ ਹੈ ਕਿ ਸਾਧਨਾ ਅਤੇ ਲਗਨ ਨਾਲ ਕਾਰਜ ਕਰਕੇ ਹੀ ਜ਼ਿੰਦਗੀ ਦੀਆਂ ਔਖੀਆਂ ਘਾਟੀਆਂ ਨੂੰ ਪਾਰ ਕਰਦੇ ਹੋਏ ਮੰਜ਼ਲ ਸਰ ਕੀਤੀ ਜਾ ਸਕਦੀ ਹੈ।
ਕਵੀ ਬੱਚਿਆਂ ਨੂੰ ਸਹਿਜ ਸੁਭਾਵਿਕ ਰੂਪ ਵਿਚ ਭਾਰਤ ਦੀ ਗੌਰਵਸ਼ਾਲੀ ਪਰੰਪਰਾ ਦੇ ਦਰਸ਼ਨ ਵੀ ਕਰਵਾਉਂਦਾ ਹੈ। ਉਹ ਜਿਥੇ ਇਕ ਪਾਸੇ ‘ਮੋਟਰ ਕਾਰ’, ‘ਘੜੀ ਦੀ ਸਿੱਖਿਆ’ ਅਤੇ ‘ਮੈਂ ਚਾਹੁੰਦਾ ਹਾਂ’ ਵਰਗੀਆਂ ਵਿਗਿਆਨਕ-ਸੂਚਕ ਕਵਿਤਾਵਾਂ ਰਾਹੀਂ ਬਾਲ ਮਨਾਂ ਅੰਦਰ ਚੇਤਨਾ ਜਗਾਉਂਦਾ ਹੈ ਉਥੇ ਉਹ ‘ਰੋਜ਼ ਫੈਸਟੀਵਲ’, ‘ਸੋਹਣੇ ਰੁੱਖ’, ‘ਭੁੱਲ ਨਾ ਜਾਇਓ’ ਅਤੇ ‘ਮੇਰੀ ਅਰਦਾਸ’ ਵਿਚ ਪ੍ਰਕਿਰਤੀ ਦੀ ਸਾਂਭ-ਸੰਭਾਲ ਦੇ ਸੁਨੇਹੇ ਵੀ ਦਿੰਦਾ ਹੈ। ਵੱਡਿਆਂ ਪ੍ਰਤੀ ਸਤਿਕਾਰ, ਛੋਟਿਆਂ ਨਾਲ ਪਿਆਰ, ਅਨੁਸ਼ਾਸਨਪਸੰਦੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਾਲ ਪਾਠਕ ਨੂੰ ਸਿੱਖਿਆ ਵੀ ਮਿਲਦੀ ਹੈ ਪਰ ਕਈ ਵਾਰ ਸਿੱਖਿਆ ਦੇਣ ਦੀ ਸੁਰ ਲੋੜ ਨਾਲੋਂ ਭਾਰੂ ਬਣ ਕੇ ਰਹਿ ਗਈ ਹੈ ਅਤੇ ‘ਸਰਵ ਸਿੱਖਿਆ ਅਭਿਆਨ’ ਵਰਗੀਆਂ ਕਵਿਤਾਵਾਂ ਕੇਵਲ ਪ੍ਰਚਾਰਮਈ ਬਣ ਗਈਆਂ ਹਨ। ਇਕ-ਦੋ ਥਾਈਂ ਉਦੇਸ਼ ਵੀ ਅਸਪਸ਼ਟ ਹੈ। ਮਿਸਾਲ ਵਜੋਂ ‘ਬੱਚਾ ਵਿਚਾਰਾ ਬਸਤਾ ਭਾਰਾ’ ਵਿਚ ਕਵਿਤਾ ਦੇ ਪਹਿਲੇ ਬੰਦ ਵਿਚ ਹੀ ਕਵੀ ਲਿਖਦਾ ਹੈ, ‘‘ਮੈਂ ਬੱਚਾ ਮਾਸੂਮ ਜਿਹਾ ਵਾਂ। ਬੇਜੁਬਾਂ ਮਜ਼ਲੂਮ ਜਿਹਾ ਵਾਂ। ਜੇਕਰ ਮੈਂ ਖੇਡਣ ਨੂੰ ਜਾਵਾਂ। ਮਾਰਦੀਆਂ ਨੇ ਦੋਵੇਂ ਮਾਵਾਂ।’’ ‘ਦੋਵੇਂ ਮਾਵਾਂ’ ਕਿਹੜੀਆਂ ਹਨ? ਸਪਸ਼ਟ ਨਹੀਂ ਹੁੰਦਾ ਜਿਸ ਕਰਕੇ ਬੱਚਿਆਂ ਲਈ ਅਰਥ-ਸੰਚਾਰ ਦੀ ਸਮੱਸਿਆ ਪੈਦਾ ਹੁੰਦੀ ਹੈ। ਕਿਸੇ ਬਾਲ ਪੁਸਤਕ ਵਿਚ ਵੱਖ-ਵੱਖ ਲੇਖਕਾਂ ਵੱਲੋਂ ਕਵੀ ਦੇ ਜੀਵਨ, ਪ੍ਰਾਪਤੀਆਂ ਅਤੇ ਮਾਣ-ਸਨਮਾਨਾਂ ਬਾਰੇ 14 ਪੰਨਿਆਂ ਵਿਚ ਵੇਰਵਾ ਦੇਣਾ ਵੀ ਅਨਉਚਿਤ ਪ੍ਰਤੀਤ ਹੁੰਦਾ ਹੈ। ਜੇਕਰ ਕਵਿਤਾਵਾਂ ਨਾਲ ਢੁੱਕਵੇਂ ਚਿੱਤਰ ਵੀ ਦਿੱਤੇ ਜਾਂਦੇ ਤਾਂ ਬੱਚਿਆਂ ਦੀ ਇਸ ਪੁਸਤਕ ਪ੍ਰਤੀ ਦਿਲਚਸਪੀ ਹੋਰ ਵਧ ਜਾਣੀ ਸੀ। ਫਿਰ ਵੀ ਡਾ. ਪੰਨਾ ਲਾਲ ਮੁਸਤਫਾਬਾਦੀ ਦੀ ਬਾਲ ਸਾਹਿਤ ਪ੍ਰਤੀ ਨਿਸ਼ਠਾ ਦੀ ਪ੍ਰਸੰਸਾ ਕਰਨੀ ਬਣਦੀ ਹੈ। ਬਿਨਾਂ ਸ਼ੱਕ ਉਸ ਕੋਲ ਮਾਲ-ਮਨਾਂ ਨੂੰ ਪੜ੍ਹਨ ਦੀ ਸਮਝ ਹੈ ਅਤੇ ਤੋਲ-ਤੁਕਾਂਤ ਦਾ ਗਿਆਨ ਵੀ ਹੈ ਪਰ ਲੋੜ ਕਿਸੇ ਵਿਸ਼ੇ ਨੂੰ ਬੱਚਿਆਂ ਦੇ ਉਮਰ-ਜੁੱਟ ਮੁਤਾਬਕ ਸਹੀ ਤਰਤੀਬ ਦੇਣ ਦੀ ਹੁੰਦੀ ਹੈ। ਆਸ ਹੈ, ਬੱਚੇ ਇਸ ਪੁਸਤਕ ਦਾ ਸੁਆਗਤ ਕਰਨਗੇ।
 
Top