ਮਿੱਕੀ ਦੀ ਚਿੰਤਾ

Mandeep Kaur Guraya

MAIN JATTI PUNJAB DI ..
ਅੱਜ ਕਲਾਸ ’ਚ ਇਕ ਵਾਰ ਫਿਰ ਮਠਿਆਈ ਵੰਡੀ ਗਈ ਸੀ ਕਿਉਂਕਿ ਪਿੰਰਸ ਦਾ ਜਨਮ ਦਿਨ ਸੀ। ਅਜੇ ਪਿਛਲੇ ਹਫਤੇ ਹੀ ਤਾਂ ਪਿੰਟੂ ਨੇ ਸਾਰੀ ਕਲਾਸ ਨੂੰ ਰਸਗੁੱਲੇ ਖੁਆਏ ਸਨ ਕਿਉਂਕਿ ਉਸ ਦਿਨ ਉਸ ਦਾ ਜਨਮ ਦਿਨ ਸੀ। ਇਸ ਸਕੂਲ ’ਚ ਇਸ ਤਰ੍ਹਾਂ ਦਾ ਰੁਝਾਨ ਦੇਖ ਕੇ ਮਿੱਕੀ ਨੂੰ ਖੁਸ਼ੀ ਵੀ ਹੁੰਦੀ ਹੈ ਤੇ ਅਫਸੋਸ ਵੀ। ਖੁਸ਼ੀ ਇਸ ਗੱਲ ਦੀ ਕਿ ਮਹੀਨੇ ’ਚ 2-3 ਵਾਰ ਮੁਫਤ ’ਚ ਹੀ ਕੁਝ ਨਾ ਕੁਝ ਖਾਣ ਨੂੰ ਮਿਲ ਜਾਂਦਾ ਹੈ। ਕਈ ਵਾਰ ਤਾਂ ਇਕ ਹਫਤੇ ’ਚ ਹੀ 2-2, 3-3 ਬੱਚਿਆਂ ਦੇ ਜਨਮ ਦਿਨ ਆ ਜਾਂਦੇ ਹਨ ਪਰ ਅਕਸਰ ਮਿੱਕੀ ਦਾ ਮਨ ਉਦਾਸ ਹੋ ਜਾਂਦਾ ਕਿ ਜਦੋਂ ਉਸ ਦਾ ਜਨਮ ਦਿਨ ਆਏਗਾ ਉਦੋਂ ਉਹ ਕੀ ਕਰੇਗਾ? ਉਸ ਦੇ ਮਾਂ-ਬਾਪ ਤਾਂ ਇੰਨਾ ਖਰਚ ਨਹੀਂ ਕਰ ਸਕਣਗੇ। ਉਹ ਤਾਂ ਉਸ ਦੀ ਫੀਸ ਤੇ ਕਾਪੀਆਂ-ਕਿਤਾਬਾਂ ਦਾ ਖਰਚ ਹੀ ਮੁਸ਼ਕਲ ਨਾਲ ਕੱਢ ਪਾਉਂਦੇ ਹਨ। ਮਿੱਕੀ ਦੇ ਪਿਤਾ ਜੀ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦੇ ਹਨ। ਗਰਮੀਆਂ ’ਚ ਵੀ ਉਨ੍ਹਾਂ ਨੂੰ ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ’ਤੇ ਕੰਮ ਕਰਨ ਜਾਣਾ ਪੈਂਦਾ ਹੈ। ਉਸ ਦੀ ਮਾਂ ਹੌਜ਼ਰੀਆਂ ਵਿਚੋਂ ਜਰਸੀਆਂ ਲਿਆ ਕੇ ਉਨ੍ਹਾਂ ’ਤੇ ਬਟਨ ਲਗਾਉਣ ਦਾ ਕੰਮ ਕਰਦੀ ਹੈ ਤਾਂ ਕਿ ਪਰਿਵਾਰ ਦੀ ਆਮਦਨ ’ਚ ਕੁਝ ਵਾਧਾ ਹੋ ਸਕੇ। ਮਕਾਨ ਵੀ ਕਿਰਾਏ ਦਾ ਹੈ ਤੇ ਫਿਰ ਅੱਜਕਲ ਮਕਾਨਾਂ ਦੇ ਕਿਰਾਏ ਕਿਹੜਾ ਘੱਟ ਹਨ।
ਮਿੱਕੀ ਦੇ ਮਨ ’ਚ ਅਕਸਰ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ। ਖਾਸਕਰ ਜਦੋਂ ਵੀ ਕੋਈ ਬੱਚਾ ਆਪਣੇ ਜਨਮ ਦਿਨ ਮੌਕੇ ਕਲਾਸ ’ਚ ਮਠਿਆਈ ਵੰਡਦਾ ਤਾਂ ਕਈ-ਕਈ ਦਿਨ ਤਕ ਉਹ ਬੇਚੈਨ ਰਹਿੰਦਾ। ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਇਹ ਸਵਾਲ ਅਕਸਰ ਉਸ ਦੇ ਦਿਮਾਗ ’ਚ ਘੁੰਮਦਾ ਰਹਿੰਦਾ ਸੀ ਕਿ ਪਰਿਵਾਰ ਵਾਲੇ ਉਸ ਦਾ ਜਨਮ ਦਿਨ ਕਿਉਂ ਨਹੀਂ ਮਨਾਉਂਦੇ?
ਦੂਜੇ ਸਾਰੇ ਖਰਚੇ ਵੀ ਤਾਂ ਕਰਦੇ ਹੀ ਹਨ। ਮਿੱਕੀ ਅਕਸਰ ਸੋਚਦਾ ਰਹਿੰਦਾ ਕਿ ਜੇਕਰ ਉਸ ਦੇ ਘਰ ਵਾਲੇ ਮੰਨ ਜਾਣ ਤਾਂ ਉਹ ਵੀ ਇਸ ਵਾਰ ਹੋਰ ਬੱਚਿਆਂ ਵਾਂਗ ਕਲਾਸ ’ਚ ਮਠਿਆਈ ਵੰਡ ਕੇ ਆਪਣਾ ਜਨਮ ਦਿਨ ਮਨਾਏਗਾ। ਇਸ ਤਰ੍ਹਾਂ ਉਸ ਦੀ ਕਲਾਸ ’ਚ ਟੌਹਰ ਬਣ ਜਾਏਗੀ, ਪਰ ਅਗਲੇ ਹੀ ਪਲ ਪਰਿਵਾਰ ਦੀ ਆਰਥਿਕ ਸਥਿਤੀ ਦਾ ਵਿਚਾਰ ਆਉਂਦੇ ਹੀ ਉਸ ਦਾ ਜੋਸ਼ ਠੰਡਾ ਪੈ ਜਾਂਦਾ।
ਪਹਿਲਾਂ ਮਿੱਕੀ ਸਰਕਾਰੀ ਸਕੂਲ ’ਚ ਪੜ੍ਹਦਾ ਸੀ। ਉਥੇ ਸ਼ਾਇਦ ਹੀ ਕਦੇ ਕਿਸੇ ਨੇ ਇਸ ਤਰ੍ਹਾਂ ਸਾਰੀ ਕਲਾਸ ’ਚ ਮਠਿਆਈ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਹੋਵੇ। ਜੇਕਰ ਕੋਈ ਵਿਦਿਆਰਥੀ ਆਪਣਾ ਜਨਮ ਦਿਨ ਮਨਾਉਂਦਾ ਵੀ ਤਾਂ ਆਪਣੇ 2-4 ਪੱਕੇ ਦੋਸਤਾਂ ਨੂੰ ਅੱਧੀ ਛੁੱਟੀ ਸਮੇਂ ਸਕੂਲ ਦੀ ਕੰਟੀਨ ’ਚ ਸਮੋਸੇ ਜਾਂ ਟਿੱਕੀਆਂ ਖੁਆ ਦਿੰਦਾ ਸੀ। ਉਥੇ ਅਜਿਹਾ ਤਾਂ ਕਦੇ ਨਹੀਂ ਹੋਇਆ ਸੀ ਕਿ ਸਾਰੀ ਕਲਾਸ ਨੂੰ ਹੀ ਕੁਝ ਨਾ ਕੁਝ ਖੁਆਇਆ ਜਾਏ। ਪਰ ਅੱਠਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਸ ਦੇ ਚੰਗੇ ਨੰਬਰ ਆਉਣ ਕਾਰਨ ਮਿੱਕੀ ਨੂੰ ਇਸ ਸਕੂਲ ’ਚ ਦਾਖਲਾ ਮਿਲ ਗਿਆ ਸੀ। ਇਸ ਸਕੂਲ ਦੀ ਪੜ੍ਹਾਈ ਤਾਂ ਪਹਿਲਾਂ ਵਾਲੇ ਸਕੂਲ ਦੇ ਮੁਕਾਬਲੇ ਵਧੀਆ ਸੀ ਪਰ ਇਹ ਜਨਮ ਦਿਨ ਮਨਾਉਣ ਵਾਲਾ ਅਜੀਬ ਜਿਹਾ ਰੁਝਾਨ ਦੇਖ ਕੇ ਮਿੱਕੀ ਨੂੰ ਕਾਫੀ ਹੈਰਾਨੀ ਹੋਈ ਸੀ।
ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਭਾਵੇਂ ਮਿੱਕੀ ਮਨ ਮਾਰ ਕੇ ਰਹਿ ਜਾਂਦਾ ਸੀ, ਪਰ ਜਦੋਂ ਵੀ ਕੋਈ ਬੱਚਾ ਜਨਮ ਦਿਨ ਮਨਾਉਂਦਾ ਤਾਂ ਉਸ ਦੇ ਮਨ ’ਚ ਦੱਬੇ ਸੁਪਨੇ ਮੁੜ ਜਾਗ ਉ¤ਠਦੇ ਸਨ। ਜਦੋਂ ਸਾਰੇ ਵਿਦਿਆਰਥੀ ਉਸ ਬੱਚੇ ਨੂੰ ਇਕ ਆਵਾਜ਼ ’ਚ ‘ਹੈਪੀ ਬਰਥ-ਡੇ ਟੂ ਯੂ’ ਕਹਿੰਦੇ ਤਾਂ ਬਦੋਬਦੀ ਮਿੱਕੀ ਦੇ ਮਨ ’ਚ ਵੀ ਵਿਚਾਰ ਘੁੰਮਣ ਲੱਗਦੇ ਕਿ ਕਾਸ਼! ਉਹ ਵੀ ਕਲਾਸ ’ਚ ਆਪਣਾ ਜਨਮ ਦਿਨ ਮਨਾਏ ਤੇ ਸਾਰੇ ਸਹਿਪਾਠੀ ਖੁਸ਼ ਹੋ ਕੇ ਇਕ ਆਵਾਜ਼ ’ਚ ਉਸ ਨੂੰ ਕਹਿਣ ‘ਹੈਪੀ ਬਰਥ-ਡੇ ਟੂ ਯੂ ਮਿੱਕੀ’।
ਜਿਵੇਂ-ਜਿਵੇਂ ਮਿੱਕੀ ਦਾ ਜਨਮ ਦਿਨ ਨੇੜੇ ਆ ਰਿਹਾ ਸੀ, ਆਪਣੇ ਆਪ ’ਤੇ ਕਾਬੂ ਰੱਖ ਪਾਉਣਾ ਉਸ ਦੇ ਲਈ ਮੁਸ਼ਕਲ ਹੋ ਰਿਹਾ ਸੀ।
...ਫਿਰ ਇਕ ਦਿਨ ਉਸ ਨੇ ਆਪਣੇ ਪਿਤਾ ਜੀ ਨੂੰ ਆਪਣੇ ਮਨ ਦੀ ਗੱਲ ਕਹਿ ਹੀ ਦਿੱਤੀ।
‘‘ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ?’’ ਮਿੱਕੀ ਦੇ ਪਿਤਾ ਜੀ ਥੋੜ੍ਹਾ ਗੁੱਸਾ ਹੋ ਕੇ ਕਹਿਣ ਲੱਗੇ, ‘‘ਇਥੇ ਦੋ ਵੇਲੇ ਦੀ ਰੋਟੀ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਤੇ ਤੈਨੂੰ ਜਨਮ ਦਿਨ ਮਨਾਉਣ ਦੀ ਪਈ ਹੈ।’’
ਮਿੱਕੀ ਦੀ ਮੰਮੀ ਨੇ ਵੀ ਉਸ ਨੂੰ ਸਮਝਾਉਂਦੇ ਹੋਏ ਕਿਹਾ, ‘‘ਬੇਟਾ, ਤੂੰ ਤਾਂ ਬੜਾ ਸਿਆਣਾ ਬੱਚਾ ਏਂ। ਤੈਥੋਂ ਕੁਝ ਲੁਕਿਆ ਹੋਇਆ ਤਾਂ ਹੈ ਨਹੀਂ। ਘਰ ਦੇ ਹਾਲਾਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਏਂ। ਤੇਰੀ ਪੜ੍ਹਾਈ ਤੋਂ ਇਲਾਵਾ ਗੁੱਡੀ ਦੀ ਪੜ੍ਹਾਈ ’ਤੇ ਵੀ ਖਰਚ ਕਰਨਾ ਪੈਂਦਾ ਹੈ।’’
ਪਰ ਨਾ ਤਾਂ ਆਪਣੇ ਮਾਤਾ-ਪਿਤਾ ਦੇ ਸਮਝਾਉਣ ਦਾ ਤੇ ਨਾ ਹੀ ਉਨ੍ਹਾਂ ਦੀਆਂ ਦਲੀਲਾਂ ਦਾ ਮਿੱਕੀ ’ਤੇ ਕੋਈ ਅਸਰ ਪਿਆ ਸੀ। ਉਸ ਨੇ ਤਾਂ ਮਨ ’ਚ ਠਾਣ ਲਈ ਸੀ ਕਿ ਉਹ ਆਪਣਾ ਜਨਮ ਦਿਨ ਜ਼ਰੂਰ ਮਨਾਏਗਾ, ਚਾਹੇ ਕੁਝ ਵੀ ਹੋ ਜਾਏ। ਫਿਰ ਜਨਮ ਦਿਨ ਕਿਹੜਾ ਹਰ ਰੋਜ਼ ਆਉਂਦਾ ਹੈ। ਮੁਸ਼ਕਲ ਨਾਲ ਸਾਲ ’ਚ ਇਕ ਵਾਰ ਅਤੇ ਉਹ ਵੀ ਬਿਨਾਂ ਮਨਾਏ ਨਿਕਲ ਜਾਏ, ਇਸ ਤੋਂ ਤਾਂ ਚੰਗਾ ਹੈ ਕਿ ਜਨਮ ਦਿਨ ਆਏ ਹੀ ਨਾ।
ਮਿੱਕੀ ਨੂੰ ਆਪਣੀ ਮੰਮੀ ’ਤੇ ਵੀ ਗੁੱਸਾ ਆ ਰਿਹਾ ਸੀ। ਇਹ ਕਿਹੋ ਜਿਹਾ ਢੰਗ ਹੋਇਆ ਜਨਮ ਦਿਨ ਮਨਾਉਣ ਦਾ! ਹਰ ਸਾਲ ਜਨਮ ਦਿਨ ਵਾਲੇ ਦਿਨ ਥਾਲੀ ’ਚ ਥੋੜ੍ਹੇ ਜਿਹੇ ਚੌਲ ਤੇ ਇਕ ਗਿਲਾਸ ’ਚ ਦੁੱਧ ਪਾ ਕੇ ਦੇ ਦੇਣਗੇ ਤੇ ਕਹਿਣਗੇ, ‘‘ਜਾ ਬੇਟੇ ਮੰਦਰ ’ਚ ਚੜ੍ਹਾ ਆ, ਪੁਜਾਰੀ ਜੀ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲੈ ਲਈਂ।’’
ਪਰ ਇਸ ਵਾਰ ਉਸ ਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਜਨਮ ਦਿਨ ਉਸੇ ਤਰ੍ਹਾਂ ਮਨਾਏਗਾ ਜਿਸ ਤਰ੍ਹਾਂ ਕਲਾਸ ਦੇ ਬਾਕੀ ਬੱਚੇ ਮਨਾਉਂਦੇ ਹਨ ਨਹੀਂ ਤਾਂ ਦੁੱਧ-ਚੌਲ ਲੈ ਕੇ ਮੰਦਰ ਵੀ ਨਹੀਂ ਜਾਏਗਾ।
ਉਸ ਦੀ ਜ਼ਿੱਦ ਕਾਰਨ ਘਰ ਦੀ ਸ਼ਾਂਤੀ ਜਿਵੇਂ ਭੰਗ ਹੀ ਹੋ ਗਈ ਸੀ। ਉਂਝ ਹੀ ਬਿਨਾਂ ਕਾਰਨ ਮੰਮੀ-ਪਾਪਾ ਆਪਸ ’ਚ ਲੜਨ ਲੱਗੇ ਸਨ। ਮੰਮੀ ਤਾਂ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਮਿੱਕੀ ਚਾਹੁੰਦਾ ਹੈ ਉਂਝ ਹੀ ਕਰ ਦਿੱਤਾ ਜਾਵੇ। ਪਰ ਪਾਪਾ ਆਪਣੇ ਢੰਗ ਨਾਲ ਸੋਚਦੇ ਸਨ ਕਿ ਇਸ ਤਰ੍ਹਾਂ ਤਾਂ ਬੇਕਾਰ ’ਚ ਹੀ ਦੋ-ਢਾਈ ਸੌ ਰੁਪਏ ਖਰਚ ਹੋ ਜਾਣਗੇ।
ਆਖਿਰ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪਾਪਾ ਥੋੜ੍ਹਾ ਸ਼ਾਂਤ ਹੋ ਗਏ ਸਨ। ਉਨ੍ਹਾਂ ਨੇ ਪਿਆਰ ਨਾਲ ਮਿੱਕੀ ਨੂੰ ਸਮਝਾਉਂਦਿਆਂ ਕਿਹਾ, ‘‘ਬੇਕਾਰ ’ਚ ਆਪਣੀ ਵਾਹ-ਵਾਹ ਕਰਵਾਉਣ ਲਈ ਪੈਸੇ ਖਰਚ ਕਰਨਾ ਸਾਡੇ ਵੱਸ ’ਚ ਨਹੀਂ। ਇਹ ਸਾਰੇ ਤਾਂ ਅਮੀਰਾਂ ਦੇ ਚੋਚਲੇ ਹਨ। ਸਾਡੇ ਜਿਹੇ ਲੋਕਾਂ ਲਈ ਤਾਂ ਦੋ ਵੇਲੇ ਦੀ ਰੋਟੀ ਚਲਾਉਣ ਦੇ ਹੀ ਲਾਲੇ ਪਏ ਰਹਿੰਦੇ ਹਨ।’’
ਇਕ ਪਲ ਰੁਕ ਕੇ ਉਨ੍ਹਾਂ ਕਿਹਾ, ‘‘ਅਜਿਹਾ ਕਰਦੇ ਹਾਂ, ਥੋੜ੍ਹਾ ਅਸੀਂ ਤੇਰੀ ਗੱਲ ਮੰਨ ਲੈਂਦੇ ਹਾਂ, ਥੋੜ੍ਹਾ ਤੂੰ ਮੰਨ ਜਾ। ਇਹ ਲੈ ਪੰਜਾਹ ਰੁਪਏ... ਕੱਲ ਆਪਣੇ ਦੋ-ਚਾਰ ਦੋਸਤਾਂ ਨਾਲ ਪਾਰਟੀ ਕਰ ਲਈਂ... ਚਾਹੋ ਤਾਂ ਸ਼ਾਮ ਨੂੰ ਆਪਣੇ ਘਰ ਹੀ ਬੁਲਾ ਲਈਂ।... ਘਰ ਦੀ ਹਾਲਤ ਤਾਂ ਤੂੰ ਜਾਣਦਾ ਹੀ ਏਂ। ਸਾਰੀ ਕਲਾਸ ਨੂੰ ਪਾਰਟੀ ਕਰਾਉਣਾ ਤਾਂ ਸਾਡੀ ਸਮਰੱਥਾ ਤੋਂ ਬਾਹਰ ਹੈ।’’
ਉਨ੍ਹਾਂ ਦੇ ਸਮਝਾਉਣ ਦਾ ਮਿੱਕੀ ’ਤੇ ਥੋੜ੍ਹਾ ਅਸਰ ਹੋਣ ਲੱਗਾ ਸੀ। ਉਹ ਸੋਚਣ ਲੱਗਾ ਕਿ ਚਲੋ ਇਸ ਵਾਰ ਇੰਨਾ ਹੀ ਸਹੀ। ਪੂਰੀ ਕਲਾਸ ਨੂੰ ਪਾਰਟੀ ਅਗਲੇ ਸਾਲ ਦੇ ਦੇਵਾਂਗਾ।... ਅਤੇ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਸ਼ਾਮ ਨੂੰ ਉਹ ਆਪਣੇ ਪੱਕੇ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰ ਲਏਗਾ।
ਉਹ ਸੋਚਣ ਲੱਗਾ ਸੀ ਕਿ ਕਿਸ-ਕਿਸ ਨੂੰ ਬੁਲਾਏ। ਚਿੰਟੂ ਤੇ ਸੋਨੂੰ ਨੂੰ ਤਾਂ ਜ਼ਰੂਰ ਬੁਲਾਏਗਾ। ਲੋੜ ਪੈਣ ’ਤੇ ਉਹ ਉਸ ਨੂੰ ਹੋਮਵਰਕ ਦੀਆਂ ਕਾਪੀਆਂ ਦੇ ਦਿੰਦੇ ਹਨ। ਵਿੱਕੀ ਨੂੰ ਨਹੀਂ ਬੁਲਾਏਗਾ। ਉਹ ਤਾਂ ਬਹੁਤ ਅਮੀਰ ਹੈ। ਕਿਤੇ ਉਸ ਦੇ ਘਰ ਦੀ ਤਰਸਯੋਗ ਹਾਲਤ ਦੇਖ ਕੇ ਬਾਅਦ ’ਚ ਉਸ ਦਾ ਮਜ਼ਾਕ ਨਾ ਉਡਾਏ।
ਖੈਰ! ਉਸ ਨੇ ਮਨ ਹੀ ਮਨ ਆਪਣੇ 2-3 ਦੋਸਤਾਂ ਨੂੰ ਬੁਲਾਉਣ ਦਾ ਫੈਸਲਾ ਕਰ ਲਿਆ ਸੀ।
ਅਗਲੇ ਦਿਨ ਮਤਲਬ ਜਨਮ ਦਿਨ ਵਾਲੇ ਦਿਨ ਜਦੋਂ ਸ਼ਾਮ ਨੂੰ ਉਹ ਖਾਣ-ਪੀਣ ਲਈ ਕੁਝ ਲਿਆਉਣ ਲਈ ਘਰ ਤੋਂ ਨਿਕਲਿਆ ਉਦੋਂ ਆਕਾਸ਼ ’ਤੇ ਕਾਲੇ ਬੱਦਲ ਛਾਏ ਹੋਏ ਸਨ। ਉਹ ਦਰੇਸੀ ਦੇ ਮੈਦਾਨ ਕੋਲ ਹਲਵਾਈ ਦੀ ਦੁਕਾਨ ਤੋਂ ਸਮੋਸੇ ਤੇ ਗੁਲਾਬ ਜਾਮੁਨ ਲਿਆਉਣਾ ਚਾਹੁੰਦਾ ਸੀ। ਉਸ ਹਲਵਾਈ ਦੇ ਪਕਵਾਨ ਬਹੁਤ ਮਸ਼ਹੂਰ ਸਨ।
ਅਜੇ ਉਹ ਦੁਕਾਨ ਤੋਂ ਕੁਝ ਦੂਰ ਹੀ ਸੀ ਕਿ ਇਕਦਮ ਬਾਰਿਸ਼ ਸ਼ੁਰੂ ਹੋ ਗਈ। ਲੋਕ ਬਚਣ ਲਈ ਇਧਰ-ਉਧਰ ਭੱਜਣ ਲੱਗੇ। ਮਿੱਕੀ ਵੀ ਭੱਜ ਕੇ ਇਕ ਘਰ ਦੇ ਅੱਗੇ ਰੁਕ ਗਿਆ। ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਉਹ ਬਾਰਿਸ਼ ਤੋਂ ਬਚਣ ਲਈ ਦਰਵਾਜ਼ੇ ਕੋਲ ਰੁਕ ਗਿਆ। ਉਸੇ ਸਮੇਂ ਅੰਦਰੋਂ ਆਵਾਜ਼ ਆਈ, ‘‘ਬੇਟਾ ਅੰਦਰ ਆ ਜਾ। ਕਿਤੇ ਬਾਰਿਸ਼ ’ਚ ਭਿੱਜ ਕੇ ਬੀਮਾਰ ਨਾ ਪੈ ਜਾਈਂ।’’
ਮਿੱਕੀ ਅੰਦਰ ਚਲਾ ਗਿਆ। ਘਰ ਖਸਤਾ ਹਾਲਤ ’ਚ ਸੀ। ਕਮਰੇ ਦੀਆਂ ਕੰਧਾਂ ਤੋਂ ਪਲਸਤਰ ਉਤਰਿਆ ਹੋਇਆ ਸੀ। ਇਧਰ-ਉਧਰ ਕੂੜਾ ਤੇ ਕਬਾੜ ਪਿਆ ਸੀ। ਕੋਲ ਹੀ ਮੰਜੀ ’ਤੇ ਇਕ 10-12 ਸਾਲ ਦਾ ਲੜਕਾ ¦ਮਾ ਪਿਆ ਸੀ, ਜੋ ਖੰਘ ਰਿਹਾ ਸੀ।
‘‘ਤੁਸੀਂ ਇਸ ਦੇ ਲਈ ਕੋਈ ਦਵਾਈ ਕਿਉਂ ਨਹੀਂ ਲਿਆਉਂਦੇ। ਖੰਘ-ਖੰਘ ਕੇ ਇਸ ਦੀ ਬੁਰੀ ਹਾਲਤ ਹੋ ਗਈ ਹੈ। ਸਵੇਰ ਤੋਂ ਕਿੰਨਾ ਤੇਜ਼ ਬੁਖਾਰ ਹੈ ਇਸ ਨੂੰ।’’ ਉਥੇ ਬੈਠੀ ਔਰਤ ਨੇ ਕਿਹਾ ਤਾਂ ਉਹ ਆਦਮੀ ਥੋੜ੍ਹਾ ਗੁੱਸਾ ਹੋ ਕੇ ਕਹਿਣ ਲੱਗਾ, ‘‘ਦਵਾਈ ਕਿੱਥੋਂ ਲਿਆਵਾਂ। ਜੇਬ ’ਚ ਤਾਂ ਫੁੱਟੀ ਕੌਡੀ ਵੀ ਨਹੀਂ। ਚਾਹ ’ਚ ਤੁਲਸੀ ਦੇ ਪੱਤੇ ਉਬਾਲ ਕੇ ਪਿਲਾ ਦੇ.... ਆਪੇ ਬੁਖਾਰ ਉਤਰ ਜਾਏਗਾ...।’’
‘‘ਪਰ ਚਾਹ ਵੀ ਕਿਵੇਂ ਬਣਾਵਾਂ। ਨਾ ਘਰ ’ਚ ਖੰਡ ਹੈ ਨਾ ਦੁੱਧ।’’ ਕਹਿੰਦਿਆਂ ਉਸ ਔਰਤ ਦੀਆਂ ਜਿਵੇਂ ਅੱਖਾਂ ਭਰ ਆਈਆਂ ਸਨ।
‘‘ਪਰ ਮੈਂ ਵੀ ਕੀ ਕਰਾਂ। ਇਸ ਮੀਂਹ ਦਾ ਸੱਤਿਆਨਾਸ਼ ਹੋਵੇ। ਦੋ ਦਿਨ ਤੋਂ ਦਿਹਾੜੀ ਹੀ ਨਹੀਂ ਲੱਗੀ। ਭਗਵਾਨ ਵੀ ਜਿਵੇਂ ਸਾਡੇ ਗਰੀਬਾਂ ਦੀ ਪ੍ਰੀਖਿਆ ਲੈ ਰਿਹਾ ਹੈ।’’ ਕਹਿੰਦਿਆਂ ਉਸ ਆਦਮੀ ਦੀ ਆਵਾਜ਼ ਵੀ ਭਰ ਗਈ ਸੀ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਿੱਕੀ ਤਾਂ ਜਿਵੇਂ ਹੈਰਾਨ ਰਹਿ ਗਿਆ। ਉਸ ਨੂੰ ਲੱਗਾ ਕਿ ਉਸ ਦੇ ਪਾਪਾ ਸਹੀ ਹੀ ਕਹਿੰਦੇ ਹਨ ਕਿ ਪਾਰਟੀਆਂ ਕਰਨਾ ਤਾਂ ਅਮੀਰ ਲੋਕਾਂ ਦੇ ਚੋਚਲੇ ਹਨ। ਆਮ ਆਦਮੀ ਨੂੰ ਤਾਂ ਦੋ ਵੇਲੇ ਦੀ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹਨ।
ਉਹ ਕੁਝ ਪਲ ਸੋਚਦਾ ਰਿਹਾ। ਅਖੀਰ ਉਸ ਨੇ ਪੰਜਾਹ ਦਾ ਨੋਟ ਉਸ ਆਦਮੀ ਵੱਲ ਵਧਾਉਂਦੇ ਹੋਏ ਕਿਹਾ, ‘‘ਅੰਕਲ ਜੀ, ਤੁਸੀਂ ਇਨ੍ਹਾਂ ਪੈਸਿਆਂ ਨਾਲ ਇਸ ਦੇ ਲਈ ਦਵਾਈ ਲੈ ਆਓ।’’
‘‘ਓਏ ਨਹੀਂ ਬੇਟੇ... ਭਗਵਾਨ ਖੁਦ ਹੀ ਕੋਈ ਹੱਲ ਲੱਭ ਦੇਵੇਗਾ। ਤੂੰ ਕਿਉਂ ਚਿੰਤਾ ਕਰਦਾ ਏਂ।’’
‘‘ਨਹੀਂ ਅੰਕਲ ਜੀ, ਚਿੰਤਾ ਵਾਲੀ ਤਾਂ ਕੋਈ ਗੱਲ ਨਹੀਂ ਅਤੇ ਫਿਰ ਅੱਜ ਤਾਂ ਮੇਰਾ ਜਨਮ ਦਿਨ ਹੈ। ਮੈਂ ਖੁਸ਼ ਹੋ ਕੇ ਆਪਣੇ ਛੋਟੇ ਭਰਾ ਨੂੰ ਦੇ ਰਿਹਾ ਹਾਂ...’’, ਪਤਾ ਨਹੀਂ ਕਿਉਂ ਇੰਝ ਕਹਿੰਦੇ ਹੋਏ ਮਿੱਕੀ ਵੀ ਭਾਵੁਕ ਹੋ ਉਠਿਆ।
ਕੁਝ ਸਮੇਂ ਬਾਅਦ ਬਾਰਿਸ਼ ਬੰਦ ਹੋ ਗਈ ਤਾਂ ਮਿੱਕੀ ਵੀ ਆਪਣੇ ਘਰ ਵੱਲ ਪਰਤ ਗਿਆ ਪਰ ਉਸ ਦਾ ਮਨ ਖੁਸ਼ੀ ਨਾਲ ਫੁੱਲਾ ਨਹੀਂ ਸਮਾ ਰਿਹਾ ਸੀ। ਇਕ ਲੋੜਵੰਦ ਦੀ ਮਦਦ ਕਰਨ ਨਾਲ ਉਸ ਨੂੰ ਇੰਝ ਮਹਿਸੂਸ ਹੋਣ ਲੱਗਾ ਸੀ ਜਿਵੇਂ ਉਹ ਆਪਣੇ ਜਨਮ ਦਿਨ ਦੀ ਪਾਰਟੀ ਕਿਸੇ ਬਹੁਤ ਵੱਡੇ ਹੋਟਲ ’ਚ ਕਰਕੇ ਆ ਰਿਹਾ ਹੋਵੇ।
 
Top