ਮਹਿਫ਼ਿਲ ਸ਼ਿਅਰਾਂ ਦੀ

'MANISH'

yaara naal bahara
ਲੇਖਕ: ਗੁਰਦਿਆਲ ਰੌਸ਼ਨ
ਤੇ ਉਲਫ਼ਤ ਬਾਜਵਾ
ਪੰਨੇ: 200; ਮੁੱਲ: 120 ਰੁਪਏ
ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ,
ਲੁਧਿਆਣਾ।

ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਹਨ। ਦੋਹਾਂ ਨੇ ਹੀ ਕਾਫੀ ਗਿਣਤੀ ਵਿੱਚ ਨਵੇਂ ਉਭਰਦੇ ਗ਼ਜ਼ਲਕਾਰਾਂ ਨੂੰ ਸ਼ਾਗਿਰਦ ਬਣਾ ਕੇ ਪ੍ਰੌਢ ਤੇ ਚਰਚਿਤ ਗ਼ਜ਼ਲਗੋ ਬਣਾਇਆ ਹੈ। ਗੁਰਦਿਆਲ ਰੌਸ਼ਨ ਦੀਪਕ ਜੈਤੋਈ ਸਕੂਲ ਦਾ ਅਜਿਹਾ ਹੰਢਿਆ, ਪ੍ਰਚੰਡ ਹੋਇਆ ਨਾਯਾਬ ਹੀਰਾ ਹੈ, ਜਿਸ ਨੂੰ ਪ੍ਰਮੁੱਖ ਗ਼ਜ਼ਲਕਾਰ ਹੋਣ ਦਾ ਮਾਣ ਹਾਸਲ ਹੈ। ਉਹ ਬਹੁ-ਵਿਧਾਵਾਂ ਵਿੱਚ ਪੁਖਤਾ ਤੇ ਸਿਫਤਯੋਗ ਸਾਹਿਤ ਤੇ ਸ਼ਾਇਰੀ ਰਚਣ ਵਾਲਾ ਆਧੁਨਿਕ ਯੁੱਗ ਬੋਧ ਦਾ ਮਾਨਵ ਹਿਤੈਸ਼ੀ ਤੇ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਹੁਣ ਤੱਕ ਵੱਖੋ-ਵੱਖ ਵਿਧਾਵਾਂ ਵਿੱਚ ਤਕਰੀਬਨ ਦੋ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਮਹਿਫ਼ਿਲ ਸ਼ਿਅਰਾਂ ਦੀ’ ਨੂੰ ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਨੇ ਸਾਂਝੇ ਤੌਰ ’ਤੇ ਸੰਪਾਦਤ ਕੀਤਾ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਪੰਜਾਬੀ ਦੇ ਪੁਰਾਣੇ ਤੇ ਨਵੇਂ ਗ਼ਜ਼ਲਕਾਰਾਂ ਦੇ ਚੋਣਵੇਂ ਸ਼ਿਅਰਾਂ ਨੂੰ ਸ਼ਾਮਲ ਕੀਤਾ ਹੈ। ਸਮੁੱਚੀ ਪੁਸਤਕ ਨੂੰ 78 ਵਿਸ਼ਿਆਂ ਜਾਂ ਭਾਗਾਂ ਵਿੱਚ ਵੰਡ ਕੇ ਆਮ ਤੇ ਵਿਸ਼ੇਸ਼ ਲਈ ਰੌਚਕ ਤੇ ਜਾਣਕਾਰੀ ਭਰਪੂਰ ਬਣਾਇਆ ਹੈ।
ਪਿਛਲੇ ਸਮਿਆਂ ਵਿੱਚ ਧਾਰਨਾ ਸੀ ਕਿ ਉਰਦੂ ਦੇ ਸ਼ਿਅਰ ਹੀ ਕਿਸੇ ਮਹਿਫ਼ਿਲ ਵਿੱਚ ਮਾਹੌਲ ਨੂੰ ਰੁਸ਼ਨਾ ਜਾਂ ਵਧੀਆ ਬਣਾ ਸਕਦੇ ਹਨ, ਪਰ ਹੁਣ ਇਸ ਪੁਸਤਕ ਵਿਚਲੇ ਸ਼ਿਅਰ ਵੀ ਕਿਸੇ ਵੀ ਮਹਿਫ਼ਿਲ ਵਿੱਚ ਨਵਾਂ ਜੋਸ਼, ਨਵੀਂ ਤਰੰਗ ਤੇ ਨਿਵੇਕਲਾ ਰੰਗ ਭਰਨ ਦੇ ਸਮਰੱਥ ਹਨ। ਉਦਾਹਰਣ ਲਈ ‘ਜ਼ਿੰਦਾ ਰਹੇ ਪੰਜਾਬ ਤੇ ਪੰਜਾਬੀ’ ਭਾਗ ਵਿੱਚੋਂ ਗੁਰਦਿਆਲ ਰੌਸ਼ਨ ਤੇ ਸੁਰਜੀਤ ਪਾਤਰ ਦੇ ਸ਼ਿਅਰਾਂ ਨੂੰ ਪੜ੍ਹਿਆ ਜਾ ਸਕਦਾ ਹੈ।
ਆਪਣੇ ਨਾਲ ਤਾਂ ਮਾਂ ਦੇ ਵਰਗਾ ਹੈ ਰਿਸ਼ਤਾ ਪੰਜਾਬੀ ਦਾ
ਫਿਰ ਪੰਜਾਬ ’ਚ ਗੋਲੀ ਵਰਗੈ ਕਿਉਂ ਰੁਤਬਾ ਪੰਜਾਬੀ ਦਾ।
ਸੁਰਜੀਤ ਪਾਤਰ ਦਾ ਸ਼ਿਅਰ:
ਜੇ ਤਪਦੇ ਥਲ ’ਚ ਬਰਸ ਜਾਂਦੀ ਬਣ ਕੇ ਦਰਦ ਦਾ ਮੀਂਹ,
ਬਹੁਤ ਮੈਂ ਰੇਇਆ ਨਾ ਆਈ ਉਹ ਸ਼ਾਇਰੀ ਮੈਨੂੰ।
ਇਸ ਤਰ੍ਹਾਂ ਹੀ ਪੰਜਾਬੀ ਸ਼ਾਇਰੀ ਦੇ ਸਬੰਧ ਵਿੱਚ ਦੀਪਕ ਜੈਤੋਈ ਦਾ ਸ਼ਿਅਰ ਦੇਖੋ:
ਸ਼ਾਇਰੀ ਦੇ ਕਾਤਿਲਾਂ ਦੇਣੀ ਹੈ ਮਾਂ ਬੋਲੀ ਵਿਗਾੜ
ਕਰਨੀਆਂ ਹਨ ਕਿਸ ਨੇ ਮੀਨਾਕਾਰੀਆਂ ਦੀਪਕ ਤੋਂ ਬਾਅਦ।
ਇਸ ਪੁਸਤਕ ਵਿਚਲੀ ਜੀਵਨ ਦੇ ਬਹੁਪੱਖੀ ਵਿਸ਼ਿਆਂ ਨਾਲ ਸਬੰਧਤ ਸ਼ਾਇਰੀ ਨੂੰ ਪੜ੍ਹ ਕੇ ਹਰ ਸ਼ਾਇਰ ਤੇ ਪਾਠਕ ਜ਼ਿੰਦਗੀ ਦੀ ਖੂਬਸੂਰਤੀ ਤੇ ਉਦਾਸੀ ਨੂੰ ਡੂੰਘਾਈ ਤੇ ਨਵੇਂ ਤਰੀਕੇ ਨਾਲ ਖੋਜਣ ਦੀ ਕੋਸ਼ਿਸ਼ ਕਰੇਗਾ। ਹਰ ਸ਼ਾਇਰ ਦੀ ਸ਼ਾਇਰੀ ਇਸ ਪੁਸਤਕ ਨੂੰ ਪੜ੍ਹਨ ਦੇ ਬਾਅਦ ਪੁਖ਼ਤਾ, ਪ੍ਰਪੱਕ ਤੇ ਭਵਿੱਖੀ ਸਮੱਸਿਆਵਾਂ ਦਾ ਟਾਕਰਾ ਕਰਨ ਦੇ ਜ਼ਰੂਰ ਸਮਰੱਥ ਹੋਵੇਗੀ। ਇਤਨੇ ਸ਼ਾਇਰਾਂ ਦੇ ਸ਼ਿਅਰਾਂ ਨੂੰ ਪੁਸਤਕ ਵਿੱਚ ਸ਼ਾਮਲ ਕਰਕੇ ਸ਼ਾਇਰ ਲੇਖਕਾਂ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਇਤਨੇ ਔਖੇ ਕੰਮ ਨੂੰ ਪ੍ਰਸੰਸਾਯੋਗ ਤੇ ਭਵਿੱਖੀ ਚੇਤਨਾ ਦਾ ਗਿਆਨਯੋਗ ਖਜ਼ਾਨਾ ਬਣਾਉਣ ਲਈ ਦੋਵੇਂ ਲੇਖਕ ਵਧਾਈ ਦੇ ਹੱਕਦਾਰ ਹਨ।
 
Top