ਭੋਲਾ ਮਜ਼ਹਬੀ

ਅੱਜ ਜਦ ਮੈਨੂੰ ਪਤਾ ਲੱਗਿਆ ਕਿ ਭਾਦੋ ਦੀ ਸੰਗਰਾਂਦ ਹੈ ਤਾਂ ਮੇਰੇ ਮਨ 'ਚ ਅਚਾਨਕ ਖਿਆਲ ਆਇਆ
ਕਿ ਅੱਜ ਤਾਂ ਆਪਣੇ ਪਿੰਡ ਆਲੇ ''ਭੋਲੇ ਮਜ਼ਹਬੀ'' ਦਾ ਵੀ ਜਨਮ ਦਿਹਾੜਾ ਹੈ । ਪਰ ਭੋਲਾ ਖੁਦ ਇਸ ਦਿਹਾੜੇ ਤੋ
ਅਨਜਾਣ ਕਿਸੇ ਜੱਟ ਦੀ ਜੀਰੀ 'ਚੋ ਮੁੜਕੋ ਮੁੜਕੀ ਹੋਇਆ ਕੱਖ ਕੱਢਦਾ ਹੋਣਾ ਜਾਂ ਫਿਰ ਮੂੰਹ ਸਿਰ ਲੁਪੇਟੀ
ਕੀਟਨਾਸ਼ਕ ਸਪਰੇਅ ਛਿੜਕਦਾ ਹੋਣਾ । ਘੁਸਮੈਲੇ ਜਹੇ ਰੰਗ ਦਾ ਤੰਬੀ ਝੱਗਾ , ਮੈਲਖੋਰਾ ਡੱਬੀਦਾਰ ਪਰਨਾ
ਪੈਰਾਂ 'ਚ ਘਸੀਆਂ ਜਹੀਆਂ ਚੱਪਲਾਂ ਤੇ ਹੱਥ ਨਾਲ ਪੁਰਾਣੇ ਜਹੇ ਸੈਂਕਲ ਨੂੰ ਰੋੜੀ ਆਉਦਾ ਚਾਲੀ ਕੁ ਵਰਿਆਂ ਦਾ ਭੋਲਾ
ਮੇਰੇ ਸਾਹਮਣੇ ਆ ਖੜਿਆ । ਭੋਲੇ ਦੀ ਬੀਬੀ ਬਲਬੀਰੋ ਦੀ ਮੇਰੀ ਮਾਂ ਨਾਲ ਬੜੀ ਸੰਘਣੀ ਸਾਂਝ ਹੁੰਦੀ ਸੀ ।
ਮੇਰੀ ਮਾਂ ਨੇ ਜਦ ਵੀ ਗੋਹੇ ਦਾ ਢੇਰ ਪੱਥਣਾ ਹੁੰਦਾ , ਚੁੱਲੇ ਨੂੰ ਮਿੱਟੀ ਲਾਉਣੀ ਹੁੰਦੀ , ਹਾਰੇ ਨੂੰ ਪਾਂਡੂ ਦਾ ਪੋਚਾ
ਲਾਉਣਾ ਹੁੰਦਾ , ਵਿਹੜਾ ਲਿੱਪਣਾ ਹੁੰਦਾ ਜਾਂ ਫਿਰ ਪਥਵਾੜਾ ਘੜਨਾ ਹੁੰਦਾ ਤਾਂ ਭੋਲੇ ਦੀ ਬੀਬੀ ਬਲਬੀਰੋ
ਮੇਰੀ ਮਾਂ ਨਾਲ ਹੱਥ ਵਟਾਉਣ ਭੱਜੀ ਆਉਦੀ । ਬਲਬੀਰੋ ਕੇਰਾਂ ਮਾਂ ਨੂੰ ਦੱਸਦੀ ਸੀ ਕੀ ਮੇਰੇ ਭੋਲੇ ਦਾ ਜਨਮ
ਭਾਂਦੋ ਦੀ ਸੰਗਰਾਂਦ ਨੂੰ ਹੋਇਆ ਸੀ ।

ਦਰਮਿਆਨਾ ਜਿਹੇ ਕੱਦ ਤੇ ਗੁੰਦਵੇ ਜਹੇ ਸ਼ਰੀਰ ਦੇ ਮਾਲਿਕ ਭੋਲੇ ਨੂੰ ਮੈਂ ਹਮੇਸ਼ਾ ਹੀ ਬਾਈ ਕਹਿਕੇ ਬਲਾਉਂਦਾ ਹਾਂ
ਤੇ ਮੇਰੇ ਬਾਪੂ ਜੀ ਨੂੰ ਬੜੇ ਮੋਹ ਤੇ ਸਤਿਕਾਰ ਨਾਲ ਚਾਚਾ ਜੀ ਕਹਿਕੇ ਬਲਾਉਣ ਆਲਾ ਇਹ ਬੰਦਾ ਜਮਾਂ ਹੀ ਅੰਗੂਠਾ ਛਾਪ ਹੈ ।

ਭੋਲਾ ਰੰਗ ਦਾ ਤਾਂ ਕਾਲਾ ਹੀ ਹੈ ਪਰ ਦੰਦ ਉਸਦੇ ਚਿੱਟੇ ਚਿੱਟੇ ਮੋਤੀਆਂ ਵਰਗੇ ਹਨ । ਜਦੋ ਭੋਲਾ ਹੱਸਦਾ ਹੈ ਤਾਂ
ਉਸਦੇ ਦੰਦ ਐਂਵੇ ਨਜ਼ਰ ਆਉਦੇ ਹਨ ਜਿਵੇਂ ਕਾਲੀ ਗੂੜੀ ਰਾਤ ਨੂੰ ਅੰਬਰ 'ਚ ਤਾਰੇ ਚਮਕਦੇ ਹੋਣ ।

ਪਿਛਲੀ ਵਾਰ ਜਦ ਮੈ ਪਿੰਡ ਗਿਆ ਸੀ ਤਾਂ ਮੈਂਨੂੰ ਖੇਤੋ ਆਉਂਦੇ ਨੂੰ ਰਸਤੇ 'ਚ ਸਿਰ 'ਤੇ ਕੱਖਾਂ ਦੀ ਪੰਡ ਟਿਕਾਈ
ਆਉਦਾ ਭੋਲਾ ਟੱਕਰ ਗਿਆ , " ਸੁਣਾ ਬਈ ਸੋਟੇ ਭਾਈ , ਕੀ ਕਹਿੰਦਾ ਤੇਰਾ ਬੰਬੇ , ਐਕਟਰ ਉਕਟਰ ਤਾਂ ਉੱਥੇ
ਐਂਹ ਫਿਰਦੇ ਹੋਣੇ ਆ , ਜਿਉਂ ਪੰਚਾਇਤੀ ਵਾਹਨ 'ਚ 'ਖਾਰੇ ਝਿਉਰ' ਦੀਆਂ ਬੱਕਰੀ ਫਿਰਦੀਆਂ ਹੋਣ ।"

ਉਂਝ ਤਾਂ ਭੋਲਾ ਬੜੇ ਸਾਂਤ ਸੁਭਾਅ ਵਾਲਾ ਬੰਦਾ ਹੈ । ਉਹ ਅਨਸਰਦੇ ਨੂੰ ਹੀ ਕਿਸੇ ਨਾਲ ਤੱਤਾ ਹੁੰਦਾ ਹੈ ।
ਕੇਰਾਂ ਪਿੰਡ 'ਚ ਰੌਲਾ ਪੈ ਗਿਆ ਕਿ ਮਜ਼ਹਬੀਆਂ ਦਾ ਭੋਲਾ ਦੋਨਾਂ ਪਾਲਟੀਆਂ ਤੋਂ ਕਾਲੀਆਂ ਤੇ ਕਾਂਗਰਸੀਆਂ ਤੋ
ਦਾਰੂ ਦੀਆਂ ਬੋਤਲਾਂ ਲੈ ਗਿਆ । ਉਂਝ ਤਾਂ ਹੋਰ ਵੀ ਬਥੇਰੇ ਲੋਕ ਸੀ ਜਿਹੜੀ ਆਹ ਨੀਤੀ ਵਰਤਦੇ ਸੀ ,
ਪਰ ਵਿਚਾਰੇ ਭੋਲੇ ਦੀ ਏਸ ਹਰਕਤ ਨੂੰ ਟੈਰ ਲੱਗ ਗਏ ਤੇ ਗੱਲ ਸਾਰੇ ਪਿੰਡ 'ਚ ਰੁੜ ਗਈ । 'ਕਾਲੀਆਂ ਦਾ
ਪਿੰਡ ਪੱਧਰ ਦਾ ਲੀਡਰ ਅਖਵਾਉਦਾ 'ਜੈਲਾ' ਪੁਲੀ 'ਤੇ ਭੋਲੇ ਨਾਲ ਔਖਾ ਭਾਰਾ ਹੋ ਗਿਆ ਕਿ , ਅਖੇ
'' ਭੋਲਿਆ ਆਹ ਕੀ ਗੱਲ ਬਣੀ ਉਏ ਨਾਲੇ ਚਾਰ ਉੱਧਰੋ ਲੈ ਗਿਆ ਤੇ ਨਾਲੇ ਸਾਡੇ ਕਣੀਉਂ" ਤੇ ਭੋਲਾ
ਚਾਰੇ ਪੈਰ ਚੱਕ ਕੇ ਜੈਲੇ ਨੂੰ ਪੈ ਗਿਆ , " ਉਹ ਸੋਡੇ ਲੀਡਰ ਚੂਹੜੇ ਚਮਿਆਰਾਂ ਤੋ ਲੈਕੇ ਸਣੇ ਜੱਟਾਂ ਦਾ ਖੂਨ ਪੀਂਦੇ ਨੇ ,
ਉਹਨਾਂ ਨੂੰ ਪੁੱਸਦੇ ਨੀਂ , ਜੇ ਸਾਲਿਉ ਡੂਢ ਬੋਤਲ ਇੱਧਰੋਂ ਉੱਧਰੋਂ ਪੀ ਵੀ ਗਿਆ ਫੇਰ ਕਿਹੜਾ ਨੂਣ ਤਿੜਕ ਗਿਆ"
ਲੀਡਰ ਅਖਵਾਂਉਦੇ ਜੈਲੇ ਨੂੰ ਮੂਹਰੋ ਗੱਲ ਨਹੀ ਔੜੀ ...

ਇਕ ਦਿਨ ਮੈਂ ਘਰ ਮੂਹਰੇ ਖੜਾ ਅਖਬਾਰ ਪੜ ਰਿਹਾ ਸੀ ਪਤਾ ਨਹੀ ਭੋਲਾ ਕਿੱਧਰੋ ਦੀ ਆ ਟੱਪਕਿਆ ਤੇ ਕਹਿਣ ਲੱਗਾ
ਕਿ ''ਸੋਟੇ ਭਾਈ ਸੁਣਾ ਕੋਈ ਖਬਾਰ ਦੀ ਖਬਰ , ਬਾਦਲ ਹੋਰਾਂ ਨੇ ਚੂਹੜੇ ਚਮਿਆਰਾਂ ਵਾਸਤੇ ਲਾਨ ਕੀਤਾ ਕਿਸੇ ਫੰਡ ਦਾ ,
ਸੱਚ ਆਹ ਮੈ ਇਕ ਹੋਰੀ ਗੱਲ ਸੁਣੀ ਆ ਕਿ ਕਿਸੇ ਮਾੜਚੂ ਜਹੇ ਬੁੜੇ (ਅੰਨਾ ਹਜਾਰੇ ) ਨੇ ਦਿੱਲੀ ਹਿਲਾਤੀ , ਮੈਂ ਤਾਂ ਨਹੀ ਮੰਨਦਾ , ਕੇਰਾਂ ਤੇਰੇ
ਭਾਪੇ ਤੇ ਮੇਰੇ ਤੋਂ ਪੂਰੀ ਦਿਹਾੜੀ 'ਚ ਸੋਡੀ ਖੂੰਜੇ ਆਲੀ ਟਾਹਲੀ ਨੀਂ ਤੀ ਹਿੱਲੀ , ਅਖੇ ਬੁੜੇ ਨੇ ਦਿੱਲੀ ਹਿਲਾਤੀ ,
ਸਾਲੀ ਦਿੱਲੀ ਦੀ ਜੜ ਹੀ ਥੋਥੀ ਹੋਊ ਜਿਹੜੀ ਸੇਤੀ ਹੀ ਹਿੱਲ ਗਈ ।" ਮਸਕਰੀ ਕਰਕੇ ਭੋਲਾ ਆਪਣੇ ਸੈਂਕਲ ਨੂੰ ਪੈਡਲ ਮਾਰ ਗਿਆ ।
ਮੈਨੂੰ ਐਵੈਂ ਲੱਗਿਆ ਕਿ ਜਿਵੇਂ ਭੋਲਾ ਕੋਈ ਵੱਡੀ ਸਾਰੀ ਗੱਲ ਕਹਿ ਗਿਆ ਹੋਵੇ । ਮੈ ਮੁਸਕਰਾਉਂਦੀਆਂ ਨਜਰਾਂ ਨਾਲ ਭੋਲੇ ਨੂੰ
ਉਦੋ ਤੱਕ ਵੇਖਦਾ ਰਿਹਾ ਜਦ ਤਾਂਈ ਉਹ ਥਾਈ ਆਲਾ ਮੋੜ ਨਾ ਮੁੜ ਗਿਆ ...


ਸਟਾਲਿਨਵੀਰ ਸਿੰਘ
 
Top