ਭੂਆ ਖ਼ਤਮ ਕੌਰ

Mandeep Kaur Guraya

MAIN JATTI PUNJAB DI ..
ਖ਼ਤਮ ਕੌਰ ਪਿੰਡ ਦੀ ਮਸ਼ਹੂਰ ਤੇ ਬਦਨਾਮ ਔਰਤ ਸੀ। ਆਲੇ-ਦੁਆਲੇ ਦੇ ਪੱਚੀਆਂ ਪਿੰਡਾਂ ’ਚ ਉਹਦੀ ਭੱਲ ਸੀ। ਉਹਨੇ ਪਿੰਡ ਦੇ ਕਿੰਨੇ ਬੰਦਿਆਂ ਨਾਲ ਜੁਆਨੀ ’ਚ ਦੌੜਾਂ ਲਾਈਆਂ ਤੇ ਪੀਂਘਾਂ ਝੂਟੀਆਂ ਸਨ, ਉਨ੍ਹਾਂ ਵਿੱਚੋਂ ਕੁਝ ਦੇ ਬੱਚਿਆਂ ਦੀ ਹੁਣ ਉਹ ਭੂਆ ਅਖਵਾਉਂਦੀ ਸੀ ਤੇ ਬਾਕੀ ਬਚਦਿਆਂ ਦੀ ਮਾਸੀ।
ਪਿੰਡ ਦੇ ਕਿਸੇ ਵੀ ਮੁੰਡੇ-ਕੁੜੀ ਦੀ ਸੰਗਲੀ-ਕੜੀ ਮੇਲਣੀ ਹੁੰਦੀ, ਉਹ ਝੱਟ ਮਿਲਾ ਦਿੰਦੀ। ਮੁਟਿਆਰਾਂ, ਚੰਚਲ ਕੁੜੀਆਂ ਰਾਤੀਂ ਉਹਨੂੰ ਦੁੱਧ ਦੇ ਗਲਾਸ ਘਰ ਫੜਾ ਕੇ ਜਾਂਦੀਆਂ। ਮਨਚਲੇ ਮੁੰਡੇ ਆਪਣੇ ਖੇਤਾਂ ’ਚੋਂ ਰਾਤ-ਬਰਾਤੇ ਗੰਨੇ, ਖਰਬੂਜ਼ੇ ਖ਼ਤਮ ਕੌਰ ਦੇ ਘਰ ਸੁੱਟ ਜਾਂਦੇ। ਚਾਹ ਲਈ ਉਸ ਨੇ ਬੱਕਰੀ ਰੱਖੀ ਹੋਈ ਸੀ, ਕਈ ਚੋਬਰ ਡੇਕਾਂ ਦੀਆਂ ਲੈਰੀਆਂ ਟਾਹਣੀਆਂ, ਕਿੱਕਰਾਂ ਦੀ ਲੁੰਗ ਉਹਦੀ ਬੱਕਰੀ ਅੱਗੇ ਰੱਖ ਜਾਂਦੇ।
ਉਸ ਘਰੇ ਉਹਦਾ ਗੇੜਾ ਵੱਧ ਵੱਜਦਾ ਜਿੱਥੇ ਕੁੜੀ ਜਾਂ ਮੁੰਡਾ ਜਵਾਨੀ ’ਚ ਪੈਰ ਰੱਖਦਾ ਹੋਵੇ। ਸਾਰਾ ਦਿਨ ਕੌਲੇ ਕੱਛਣ ਵਜੋਂ ਉਹ ਇਕ ਡੰਗ ਦੀ ਰੋਟੀ ਕਿਸੇ ਨਾ ਕਿਸੇ ਘਰੋਂ ਖਾ ਹੀ ਲੈਂਦੀ।
ਕੰਮ ਵਾਲੀਆਂ ਤੀਵੀਆਂ ਉਹਨੂੰ ਘਰ ਵੜਦੀ ਨੂੰ ਦੇਖ ਮੱਥੇ ਵੱਟ ਪਾਉਂਦੀਆਂ, ਕੰਨੀ ਖਿਸਕਾਉਂਦੀਆਂ। ਪਰ ਉਹ ਗੱਲਾਂ ਹੀ ਗੱਲਾਂ ’ਚ ਭਰਮਾ ਲੈਂਦੀ: ‘‘ਲੈ ਸੁਣ ਲੈ ਭੈਣੇ! ਲਾਗਲੇ ਪਿੰਡ ਭੰਮਾਲੀਂ ਕਹਿੰਦੇ ਚੰਨਣ ਸਿਉਂ ਦੇ ਪੋਤੇ ਨੂੰ ਸੱਤ ਮੋਹਰਾਂ ਸਿਓਨੇ ਦੀਆਂ ਮੰਗਣੇ ’ਤੇ ਪਾਈਆਂ।’’
‘‘ਕੁੜੇ ਨਿਹਾਲੀ! ਘਰੇ ਈ ਆਂ। ਸੁਣਿਐ ਪਿੰਡ ਰਾਊਵਾਲ ਨਗੌਰੀ ਦੀ ਤੀਮੀਂ ਨੂੰ ਜੜੁੱਤ ਨਿਆਣੇ ਜੰਮੇ ਆਂ।’’
‘‘ਨੀ ਹੰਸਾਂ ਦੀ ਪੱਤੀ ’ਚ ਕਾਣਾ ਕਰਮਾ, ਓਹੀ ਬੱਕਰੀਆਂ ਵਾਲਾ, ਆਂਹਦੇ ਮਾਣੂਕਿਆਂ ਤੋਂ ਮੁੱਲ ਤੀਮੀਂ ਲੈ ਕੇ ਆਇਆ। ਲੈ ਭਾਈ, ਨੱਬਿਆਂ ’ਚ ਤਾਂ ਅੱਜ-ਕੱਲ੍ਹ ਬੱਕਰੀ ਨਈਂ ਆਉਂਦੀ ਤੇ ਉਹ ਤੀਮੀਂ ਲਿਆਇਆ ਨੱਬਿਆਂ ਦੀ। ਚੱਲ ਭਾਈ ਰੋਟੀ ਤੱਤੀ ਤਾਂ ਖਾਊ ਵਿਚਾਰਾ।’’
ਅਜਿਹੀਆਂ ਚਟਪਟੀਆਂ ਖ਼ਬਰਾਂ ਉਹ ਘਰੋ-ਘਰੀ ਦੱਸਦੀ ਫਿਰਦੀ। ਗੱਲ ਨੂੰ ਮਸਾਲੇ ਲਾ ਕੇ ਏਨੀ ਲੰਮੀ ਕਰ ਦਿੰਦੀ ਕਿ ਜੇ ਕਿਸੇ ਔਰਤ ਦਾ ਧਾਰ ਚੋਣ ਲਈ, ਮੱਝ ਪਸਮਾਉਣ ਵਾਸਤੇ ਕੱਟਰੂ ਛੱਡਿਆ ਹੁੰਦਾ ਤਾਂ ਦੋ-ਦੋ ਥਣ ਚੁੰਘ ਜਾਂਦਾ। ਆਟਾ ਗੁੰਨ੍ਹਦੀਆਂ ਦਾ ਹੱਥ ਰੁਕ ਜਾਂਦਾ ਤੇ ਆਟੇ ਉਪਰ ਸਿੱਕਰੀ ਆ ਜਾਂਦੀ।
ਓਸ ਸ਼ਨਿਚਰਵਾਰ ਨੂੰ ਮੈਂ ਪਿੰਡ ਗਿਆ ਤਾਂ ਮੇਰਾ ਮਿੱਤਰ ਦਿਨ ਦੇ ਛਿਪਾਅ ਨਾਲ ਮੈਨੂੰ ਮਿਲਣ ਆਇਆ। ਘਰ ਦੀ ਕੱਢੀ ਸ਼ਰਾਬ ਨੇ ਉਹਦੇ ਡੋਰੇ ਗੇਰੂ ਰੰਗੇ ਕੀਤੇ ਹੋਏ ਸੀ। ਜੁੱਤੀ ਪਾ ਕੇ ਮੈਂ ਬਾਹਰ ਖੇਤਾਂ ਵੱਲ ਨੂੰ ਉਹਦੇ ਨਾਲ ਆ ਗਿਆ। ਰਸਤੇ ਵਿਚ ਕੋਈ ਗੱਲ ਨਾ ਹੋਈ। ਟਿੱਬੇ ’ਤੇ ਬੈਠਦਿਆਂ ਹੀ ਮੈਂ ਪੁੱਛਿਆ:
‘‘ਹੂੰਅ…ਫੇਰ…ਇਸ ਹਫਤੇ ਕੋਈ ਗੱਲ ਅੱਗੇ ਵਧੀ ਕਿ ਨਈਂ?’’
ਉਹ ਜਿਵੇਂ ਦੱਸਣ ਨੂੰ ਕਾਹਲਾ ਸੀ, ‘‘ਬਾਈ, ਆਪਣੀ ਤਾਂ ਬੇਵਾਹ। ਉਹ ਨਈਂ ਅੱਖ ਮਿਲਾਉਂਦੀ, ਉਹ ਨਈਂ ਹੁੰਗਾਰਾ ਭਰਦੀ…।’’
‘‘ਫੇਰ ਹੁਣ?’’ ਮੈਂ ਪੁੱਛਿਆ।
‘‘ਫੇਰ ਹੁਣ!’’ ਉਹਨੇ ਦੁਹਰਾਇਆ।
‘‘ਜਾ ਕੇ ਖ਼ਤਮ ਕੁਰ ਦੇ ਪੈਰੀਂ ਹੱਥ ਲਾ। ਓਹੀ ਕੋਈ ਜੁਗਤ ਬਣਾਊ।’’ ਮੈਂ ਰਾਇ ਦਿੱਤੀ।
‘‘ਤੂੰ ਨਾਲ ਚੱਲ’’ ਉਸ ਉੱਤਰ ਦਿੱਤਾ।
ਭੂਆ ਖ਼ਤਮ ਕੌਰ ਦੇ ਘਰ ਪੁੱਜੇ ਤਾਂ ਉਹ ਬੱਕਰੀ ਦੀ ਧਾਰ ਕੱਢ ਰਹੀ ਸੀ। ਦੇਖ ਕੇ ਬੋਲੀ, ‘‘ਆਵੇ ਪੁੱਤ ਸੋਖਿਆ। ਕਦੇ ਗੰਨੇ ਈ ਚੁਪਾ ਦਿਆ ਕਰ ਭੂਆ ਨੂੰ।’’ ਫੇਰ ਮੇਰੇ ਵੱਲ ਮੂੰਹ ਭੁਆ ਕੇ ਬੋਲੀ, ‘‘ਵੇ ਪਾੜ੍ਹਿਆ, ਤੂੰ ਤਾਂ ਦਿਸਣੋਂ ਈ ਰਹਿ ਗਿਆ। ਹਾ, ਸੁਣਿਐ, ਪਰਸੋਂ ਲੁਦੇਹਾਣੇ ਬਾਜ਼ਾਰ ’ਚੋਂ ਗੁੰਡਿਆਂ ਨੇ ਦਿਨ-ਦੀਵੀਂ ਕੁੜੀ ਚੱਕ ਲੀ।’’
‘‘ਭੂਆ ਮੈਨੂੰ ਤਾਂ ਪਤਾ ਨਈਂ’’ ਮੈਂ ਕਿਹਾ। ‘‘ਲੈ ਆਂਹਦੇ, ਪਿਛਲੇ ਮਹੀਨੇ ਵੀ ਓਥੇ ਭਾਰਤ ਨਗਰ ਚੌਕ ’ਚੋਂ ਸੈਕਲ ’ਤੇ ਜਾਂਦੀ ਕੁੜੀ ਦੀ ਕੋਈ ਚੁੰਨੀ ਲਾਹ ਕੇ ਲੈ ਗਿਆ। ਹਾਂ, ਸੱਚ, ਲੈ ਮੈਂ ਤਾਂ ਪੁੱਛਿਆ ਈ ਨਈਂ। ਕਿਵੇਂ ਆਉਣੇ ਹੋਏ ਭਾਈ?’’
‘‘ਭੂਆ, ਤੇਰੇ ਗੋਚਰਾ ਇਕ ਕੰਮ ਐ। ਜੇ ਪੂਰਾ ਕਰ ਦੇਵੇਂ ਤਾਂ ਸਾਰੀ ਉਮਰ ’ਹਸਾਨ ਨਾ ਭੁੱਲੀਏ।’’
ਹੰਢੀ ਹੋਈ ਤੀਵੀਂ ਝੱਟ ਸਾਡੀ ਅੱਖ ਪਛਾਣ ਗਈ। ਬਾਹਰਲਾ ਬੂਹਾ ਭੇੜ ਆਈ। ਪੀੜ੍ਹੀ ਨੇੜੇ ਖਿੱਚ ਕੇ ਬੋਲੀ, ‘‘ਹੁਕਮ ਕਰੋ…?’’
‘‘ਸਾਡੀ ਤਾਂ ਅਰਜ਼ ਐ। ਲੱਸੀ ਪੀਣਿਆਂ ਦੀ ਲੰਮੋ ਉਤੇ ਸੋਖਾ ਡੁੱਲ੍ਹਿਆ ਫਿਰਦੈ। ਊਂ ਤਾਂ, ਉਹ ਵੀ ਫਸਜੂੰ ਫਸਜੂੰ ਕਰਦੀ ਆ ਪਰ ਜਕੋ-ਤਕੀ ’ਚ ਈ ਛੇ ਮਹੀਨੇ ਨੰਘ ਚੱਲੇ ਨੇ।’’
ਭੂਆ ਮੇਰੀ ਗੱਲ ਸੁਣ ਕੇ ਪਹਿਲਾਂ ਮੁਸਕਰਾਈ ਤੇ ਫੇਰ ਹੱਸੀ। ਕਹਿਣ ਲੱਗੀ, ‘‘ਵੇ ਮੁੰਡਿਓ, ਮੇਰੇ ਕਿਉਂ ਧੌਲੇ ਚੁਗੌਨੇ ਉਂ। ਤੁਸੀਂ ਸਿੱਧੇ ਮੱਥੇ ਈ ਮਿਲੋ। ਲੈ ਪਿਛਲੇ ਐਤਵਾਰ ਦੀ ਗੱਲ ਆ। ਕਿੰਤੀ ਦੀ ਗੱਲ ਕਰਾ ’ਤੀ ਨੰਬੜਾਂ ਦੇ ਦੋਹਤੇ ਨਾਲ। ਵਿਚਾਰੀ ਕਿੰਤੀ ਕੀ ਜਾਣੇ ਇਸ਼ਕੇ ਦੀਆਂ ਰਮਜ਼ਾਂ ਨੂੰ। ਏਸੇ ਚੁੜੇਲ ਜਿਹੀ ਲੰਮੋ ਨੂੰ ਉਹ ਦੱਸ ਬੈਠੀ। ਇਹਨੇ ਫੱਟ ਉਨ੍ਹਾਂ ਦੇ ਘਰੇ ਜਾ ਦੱਸਿਆ। ਸਾਰੇ ਪਿੰਡ ’ਚ ਵਿਚਾਰੇ ਦੋਹਤੇ ਦੀ ਲਾਲਾ-ਲਾਲਾ ਹੋ ਗਈ। ਮੈਂ ਤਾਂ ਭਾਈ ਖੱਜਲ ਹੋ ਜੂੰ। ਲੰਮੋ ਨੂੰ ਕੀ ਪਤੈ ਇਨ੍ਹਾਂ ਸਵਾਦਾਂ ਦਾ। ਨੂਰੀ ਝੂਟੇ ਹਰ ਕਿਸੇ ਦੀ ਕਿਸਮਤ ’ਚ ਨਹੀਂ ਹੁੰਦੇ।’’
‘‘ਇਉਂ ਨਾ ਕਰ ਭੂਆ। ਅਸੀਂ ਤਾਂ ਹੁਣ ਤੇਰੇ ਰੱਖਣ ਦੇ ਆਂ। ਕੱਢ ਦੇ ਗਊ ਗਾਰੇ ’ਚੋਂ।’’ ਸੋਖੇ ਨੇ ਵੀ ਚੁੱਪ ਤੋੜੀ। ਮੈਂ ਸੋਚਿਆ ਭੂਆ ਨੇ ਪੈਸਿਆਂ ਬਿਨਾਂ ਨਈਂ ਹੁੰਗਾਰਾ ਭਰਨਾ: ‘‘ਤੂੰ ਭੂਆ ਆਵਦੀ ਫੀਸ ਲੈ ਠੋਕ ਕੇ ਤੇ ਕੋਸ਼ਿਸ਼ ਕਰ ਵੇਖ…।’’
ਹਟਵਾਣੀਆਂ ਵਾਂਗੂੰ ਭੂਆ ਝੱਟ ਬੈਂਡ ਬਦਲ ਗਈ। ‘‘ਲੈ ਮੈਂ ਆਪਣੀ ਜਣੇ ਪੂਰੀ ਕੋਹਟ ਕਰੂੰ ਤੇ ਰੁਪਈਏ ਲਊਂ ਪੂਰੇ ਪੰਦਰਾਂ। ਅਗਲੇ ਐਤਵਾਰ ਐਨ ਦੁਪਹਿਰੇ ਆ ਜਾਇਓ।’’ ਸਾਈ ਵਜੋਂ ਅਸੀਂ ਪੰਜ ਰੁਪਏ ਦਾ ਨੋਟ ਵਧਾਇਆ। ਉਹ ਬੋਲੀ, ‘‘ਨਾ ਭਾਈ, ਲੇਖਾ ਮਾਵਾਂ ਧੀਆਂ ਦਾ। ਜੂਏ ਤੇ ਇਸ਼ਕੇ ’ਚ ਹੁਧਾਰ ਨਈਂ ਚੱਲਦੇ। ਪੈਸੇ ਪਹਿਲੋਂ ਈ ਪੂਰੇ ਦੇ ਜੋ ਆਪਾਂ ਰੀਤ ਨਈਂ ਭੰਨਣੀ ਪਹਿਲੇ ਦਿਨੋਂ ਹੀ ਮੇਰਾ ਤਾਂ ਸੁਭਾਅ, ਪਈ ਕੰਮ ਠੋਕ ਵਜਾ ਕੇ ਕਰਨਾ ਤੇ ਪੈਸੇ ਵੀ ਠੋਕ ਕੇ ਲੈਣੇ।’’ ਅਸੀਂ ਪੰਜਾਂ ਦੇ ਹੋਰ ਦੋ ਨੋਟ ਦੇ ਕੇ ਬਾਹਰ ਆ ਗਏ।
ਮਿਥੇ ਦਿਨ, ਮਿਥੇ ਸਮੇਂ ਅਨੁਸਾਰ ਅਸੀਂ ਮਿਥੀ ਥਾਂ ਪੁੱਜ ਗਏ। ਭੂਆ ਨੇ ਕੋਠੜੀ ’ਚ ਵਿਛੇ ਬਿਸਤਰੇ ’ਤੇ ਬਿਠਾਇਆ ਤੇ ਬੋਲੀ, ‘‘ਮੈਂ ਲੰਮੋ ਨੂੰ ਲੈਣ ਜਾਨੀ ਆਂ। ਗੱਲ ਬਣਗੀ।’’ ਤੇ ਫਿਰ ਮੈਨੂੰ ਕਹਿਣ ਲੱਗੀ, ‘‘ਤੂੰ ਪਾੜ੍ਹਿਆ, ਆਹ ਨਾਲ ਦੇ ਤੂੜੀ ਵਾਲੇ ਅੰਦਰ ਮੰਜੀ ਡਾਹ ਕੇ ਪੈ ਜਾ।’’
ਜਾਣ ਲੱਗੀ ਉਹ ਬਾਹਰੋਂ ਕੁੰਡਾ ਲਾ ਗਈ। ਕੁਝ ਦੇਰ ਪਿੱਛੋਂ ਕੁੰਡਾ ਖੜਕਿਆ। ਫਿਰ ਕੋਠੜੀ ਦਾ ਬੂਹਾ ਭਿੜਨ ਅਤੇ ਫੇਰ ਬਾਹਰਲਾ ਬੂਹਾ ਬੰਦ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਭੂਆ ਮੇਰੇ ਵੱਲ ਆਈ: ‘‘ਲੈ ਪਾੜ੍ਹਿਆ, ਤੂੰ ਨਾ ਹਿੱਲੀਂ ਏਥੋਂ। ਮੈਂ ਵਿਹੜੇ ’ਚ ਰਾਖੀ ਬੈਠਦੀ ਆਂ।’’ ਕਹਿ ਕੇ ਉਹ ਤੁਰ ਗਈ।
ਅਗਲੇ ਪਲ ਹੀ ਰੌਸ਼ਨਦਾਨ ਵਿਚੋਂ ਮੈਨੂੰ ‘ਘੁਰ’ ‘ਘੁਰ’ ਸੁਣਾਈ ਦਿੱਤੀ। ਉਸ ਕੋਠੜੀ ਦਾ ਅਤੇ ਇਸ ਤੂੜੀ ਵਾਲੇ ਕੋਠੇ ਦਾ ਰੌਸ਼ਨਦਾਨ ਸਾਂਝਾ ਸੀ। ਆਵਾਜ਼ ਹੋਰ ਉੱਚੀ ਹੋ ਗਈ, ਪਰ ਸ਼ਬਦ ਸਮਝ ਨਹੀਂ ਸੀ ਆ ਰਹੇ। ਮੈਨੂੰ ਕੀ ਸੁੱਝੀ। ਮੰਜੀ ਨੂੰ ਪੈਂਦ ਪਰਨੇ ਖੜ੍ਹੀ ਕਰਕੇ ਰੌਸ਼ਨਦਾਨ ਵਿਚਦੀ ਕੋਠੜੀ ਵੱਲ ਥੱਲੇ ਝਾਕਿਆ। ਸੋਖਾ ਨੀਵੀਂ ਪਾਈ ਕੁੰਗੜਿਆ ਬੈਠਾ ਸੀ। ਲੰਮੋ ਬਿਫਰੀ ਸ਼ੇਰਨੀ ਵਾਂਗੂ ਚਿੰਘਾੜ ਰਹੀ ਸੀ: ਐਥੇ ਮੈਂ ਤਾਂ ਆਈ ਕਿ ਤੇਰੇ ਨਾਲ ਦੋ ਹੱਥ ਕਰਨੇ ਸੀ। ਤੂੰ ਮੈਨੂੰ ਬਰਫੀ ਦੀ ਟੁਕੜੀ ਸਮਝਿਐ! ਤੂੰ ਸੋਚਿਆ ਹੋਣੈ, ਇਹਦੇ ਕੋਈ ਭਰਾ ਨਈਂ। ਫਿਰ ਕੀ ਹੋਇਆ, ਮੈਂ ਤਾਂ ਪੁੱਠੇ ਹੱਥ ਦੀ ਚਪੇੜ ਮਾਰ ਕੇ ਤੇਰੇ ਸੱਤ ਗੇੜੇ ਖੁਆ ਦੂੰ।
ਸੋਖਾ ਚੁੱਪ ਸੀ। ਬਿਲਕੁਲ ਚੁੱਪ। ਕਦੇ ਸੱਜਾ ਗੋਡਾ ਖੁਰਕ ਲਵੇ, ਕਦੇ ਖੱਬਾ। ਅੱਖਾਂ ਧਰਤੀ ’ਚ ਗੱਡੀਆਂ ਹੋਈਆਂ ਸੀ।
ਲੰਮੋ ਫੇਰ ਗੜ੍ਹਕੀ, ‘‘ਤੂੰ ਅੱਖ ਤਾਂ ਚੁੱਕ ਤਾਂਹਾਂ। ਮੈਂ ਤਾਂ ਅੱਜ ਪੁੜੈਣ ਤੋਂ ਮਾਮੇ ਦੇ ਪੁੱਤਾਂ ਨੂੰ ਬੁਲਾ ਕੇ ਦੱਸ ਦਿਆਂ ਤਾਂ ਤੈਨੂੰ ਰਾਤੋ-ਰਾਤ ਖਪਾ ਦੇਣ। ਸੱਤਾਂ ਜਣਿਆਂ ਨੂੰ ਬੁਰਕੀ ਬੁਰਕੀ ਆਊ ਤੇਰੀ ਵੱਡੇ ਖੱਬੀਖਾਨ ਦੀ।’’ ਤੇ ਉਹਨੇ ਸੱਜੇ ਹੱਥ ਨੂੰ ਇਉਂ ਸੋਖੇ ਵੱਲ ਵਧਾਇਆ ਜਿਵੇਂ ਉਹਦੇ ਮੂੰਹ ’ਚ ਤੁੰਨਣਾ ਹੋਵੇ। ਸੋਖੇ ਨੇ ਲੰਮਾ ਸਾਹ ਲੈ ਕੇ ਹਉਕਾ ਜਿਹਾ ਛੱਡਿਆ। ਉਧਰੋਂ ਭੂਆ ਮੇਰੇ ਵੱਲ ਭੱਜੀ ਆਈ। ਮੈਂ ਥੱਲੇ ਉਤਰਿਆ ਤਾਂ ਹਫ਼ੀ ਹੋਈ ਬੋਲੀ:
‘‘ਕੁੜੀ ਤਾਂ ਪੈ ਨਿਕਲੀ ਮੁੰਡੇ ਨੂੰ। ਹੁਣ ਕੀ ਲਾਜ ਬਣਾਈਏ…!’’
‘‘ਦੇਖੀ ਜਾਊ ਜਿਹੜੀ ਹੋਊ। ਤੂੰ ਬਹਿ ਜਾ ਏਥੇ ਈ।’’ ਮੈਂ ਕਿਹਾ। ਉਹ ਥੱਲੇ ਹੀ ‘ਵਾਖਰੂ’ ‘ਵਾਖਰੂ’ ਕਰਦੀ ਬੈਠ ਗਈ। ਮੈਂ ਫੇਰ ਮੰਜੀ ’ਤੇ ਚੜ੍ਹ ਕੇ ਕੰਨ ਅਤੇ ਮੂੰਹ ਅੰਦਰ ਨੂੰ ਕੀਤੇ। ਸੋਖਾ ਨਾ ਉਤਲੀ ਦੰਦੀ, ਨਾ ਥੱਲੜੀ ਦੰਦੀ। ਬਸ, ਘੇਸਲ ਜਿਹੀ ਵੱਟੀ ਚੁੱਪਚਾਪ ਅਤੇ ਅਹਿੱਲ ਬੈਠਾ ਸੀ। ਕੁੜੀ ਦਾ ਪਾਰਾ ਫੇਰ ਚੜ੍ਹ ਗਿਆ। ਮੈਨੂੰ ਛੀ ਮਹੀਨੇ ਹੋਗੇ ਤੇਰੇ ਮੂੰਹ ਵੱਲ ਵੇਂਹਦੀ ਨੂੰ। ਪਈ ਇਹ ਹੁਣ ਵੀ ਮੇਰਾ ਪਿੱਛਾ ਛੱਡਦਾ, ਹੁਣ ਵੀ। ਤੂੰ ਸਮਝਿਆ ਹੋਣੈ, ਭੋਲੀ-ਭਾਲੀ ਕੁੜੀ ਐ…। ਤੇ ਫੇਰ ਉਹ ਮੰਜੇ ਤੋਂ ਉਠਦੀ ਬੋਲੀ, ‘‘ਲੈ ਜੇ ਬੰਦੇ ਦਾ ਹੋਵੇਂਗਾ ਤਾਂ ਮੁੜ ਕੇ ਮੇਰੇ ਪਰਛਾਵੇਂ ਵੱਲ ਨਾ ਝਾਕੀਂ। ਇਸ ਵਾਰ ਤੈਨੂੰ ਛੱਡ ’ਤਾ। ਫੇਰ ਆਪਣਾ ਪੜ੍ਹਿਆ ਵਿਚਾਰੀਂ। ਮੈਥੋਂ ਬੁਰਾ ਕੋਈ ਨਈਂ ਹੋਊ।’’
ਲੰਮੋ ਨੇ ਅੰਦਰੋਂ ਗੁੱਸੇ ’ਚ ਬੂਹਾ ਖੜਕਾਇਆ। ਮੈਂ ਮੰਜੀ ਤੋਂ ਥੱਲੇ ਉਤਰ ਆਇਆ। ਲੰਮੋ ਨੇ ਭੂਆ ਵੱਲ ਕਹਿਰੀ ਨਜ਼ਰੇ ਤੱਕਿਆ। ਫੇਰ ਕਿਸੇ ਭਲਵਾਨ ਦੀ ਭੈਣ ਵਾਂਗੂੰ ਮੇਲ੍ਹਦੀ ਹੋਈ ਵਿਹੜੇ ਦਾ ਬੂਹਾ ਖੋਲ੍ਹ ਕੇ ਅਹੁ ਗਈ, ਅਹੁ ਗਈ।
ਸੋਖਾ ਅਜੇ ਵੀ ਨੀਵੀਂ ਪਾਈ ਬੈਠਾ ਸੀ। ਭੂਆ ਤੇ ਮੈਂ ਅੰਦਰ ਗਏ ਤਾਂ ਉਸ ਨੇ ਫਿਰ ਵੀ ਮੂੰਹ ਉਤਾਂਹ ਨਾ ਚੁੱਕਿਆ। ਪਾਣੀਓਂ-ਪਾਣੀ ਹੋਇਆ ਉਹ ਝੇਂਪਿਆ ਬੈਠਾ ਸੀ। ਕੁਝ ਪਲ ਅਸੀਂ ਤਿੰਨੋ ਹੀ ਚੁੱਪ-ਚਾਪ ਬੈਠੇ ਰਹੇ। ਇਕ-ਦੂਜੇ ਦੇ ਸਾਹਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ।
ਆਖਰ ਭੂਆ ਨੇ ਚੁੱਪ ਤੋੜੀ, ‘‘ਮੈਂ ਤਾਂ ਭਾਈ ਥੋਨੂੰ ਪਹਿਲਾਂ ਈ ਕਹਿੰਦੀ ਸੀ, ਪਈ ਇਹ ਕੁੜੀ ਇਹੋ ਜਿਹੀ ਹੈ ਨਈਂ। ਵਾਖਰੂ…ਵਾਖਰੂ…।’’ ਅਸੀਂ ਚੁੱਪ ਰਹੇ।
‘‘ਚੱਲੀਏ ਬਈ…।’’ ਮੈਂ ਸੋਖੇ ਦਾ ਮੋਢਾ ਹਲੂਣਿਆ। ‘‘ਹੂੰ…ਅ…।’’ ਉਹਦੀ ਆਵਾਜ਼ ਜਿਵੇਂ ਕਿਸੇ ਡੂੰਘੇ ਖੂਹ ’ਚੋਂ ਆਈ।
ਉਠ ਕੇ ਵਿਹੜੇ ਵਿਚ ਆਏ ਤਾਂ ਪਿੱਛਿਓਂ ਭੂਆ ਦੀ ਆਵਾਜ਼ ਆਈ: ‘‘ਮੁੰਡਿਓ, ਠਹਿਰਿਓ ਘੜੀ ਕੁ।’’ ਅਸੀਂ ਖੜੋ ਗਏ। ਕੋਲ ਆ ਕੇ ਉਹਨੇ ਖੀਸੇ ’ਚੋਂ ਪੰਜਾਂ ਪੰਜਾਂ ਦੇ ਓਹੀ ਤਿੰਨ ਨੋਟ ਕੱਢੇ ਤੇ ਸੋਖੇ ਵੱਲ ਵਧਾਏ:’’ ਆਹ ਸਾਂਭੋ ਆਵਦੀ ਅਮਾਨਤ। ਉਹ ਧੀਮੀ ਤੇ ਉਦਾਸੀ ਭਰੇ ਲਹਿਜ਼ੇ ’ਚ ਬੋਲੀ ਜਿਵੇਂ ਵਪਾਰ ’ਚ ਘਾਟਾ ਪੈ ਗਿਆ ਹੋਵੇ।
‘‘ਇਹ ਕੀ…ਭੂਆ…ਤੂੰ ਰਹਿਣ ਦੇ।’’ ਮੈਂ ਕਿਹਾ। ‘‘ਰੱਖ ਲੈ…ਭੂਆ… ਅਸੀਂ ਨਈਂ ਵਾਪਸ ਲੈਣੇ।’’ ਸੋਖੇ ਨੇ ਵੀ ਆਖ ਦਿੱਤਾ।
ਭੂਆ ਨੇ ਤੋੜ-ਮਰੋੜ ਕੇ ਨੋਟਾਂ ਨੂੰ ਸੋਖੇ ਦੇ ਖੀਸੇ ’ਚ ਪਾ ਦਿੱਤਾ ਤੇ ਬੋਲੀ: ‘‘ ਨਾ ਬਈ, ਧਰਮਰਾਜ ਨੂੰ ’ਗਾਂਹ ਜਾ ਕੇ ਲੇਖਾ ਦੇਣਾ ਪਊ। ਆਪਾਂ ਤਾਂ ਹੱਕ ਦੀ ਖਾਣ ਵਾਲੇ ਆਂ…।’’
 
Top