ਭਾਰਤ ਮਾਂ ਦਾ ਹੀਰਾ

ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਪੰਜਾਬੀ ਨੌਜਵਾਨਾਂ ਦੀ ਇੱਕ ਲੰਮੀ ਕਤਾਰ ਹੈ। ਕਰਤਾਰ ਸਿੰਘ ਸਰਾਭਾ ਇਸ ਕਤਾਰ ਵਿੱਚੋਂ ਮੋਹਰੀ ਹੈ, ਜੋ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦੀ ਜਾਮ ਪੀ ਗਿਆ। ਇਸ ਯੋਧੇ ਦਾ ਜਨਮ ਸਰਾਭਾ ਪਿੰਡ ਵਿੱਚ 24, ਮਈ 1896 ਈਸਵੀ ਨੂੰ ਸ੍ਰੀ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਕਰਤਾਰ ਸਿੰਘ ਬਚਪਨ ਤੋਂ ਹੀ ਹਾਜ਼ਰ ਜਵਾਬ ਤੇ ਤੇਜ਼-ਤਰਾਰ ਸੀ। ਛੋਟੀ ਉਮਰ ਵਿੱਚ ਹੀ ਇਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤੇ ਇਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ’ਤੇ ਆ ਪਈ।
ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ 1910 ਵਿੱਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਦਸਵੀਂ ਪਾਸ ਕਰਕੇ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਕਰਤਾਰ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ ’ਤੇ ਦੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ। ਉੱਥੇ ਉਸ ਨੇ ਬਰਕਲੇ ਯੂਨੀਵਰਸਿਟੀ ’ਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖ਼ਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ। ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਇਨ੍ਹਾਂ ਮੁਲਕਾਂ ਵਿੱਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਰੂਹ ਕੁਰਲਾ ਉੱਠੀ ਤੇ ਉਹ ਦਿਨ-ਰਾਤ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਲੈਣ ਲੱਗਿਆ। ਇਸ ਵੇਲੇ ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਈਸਵੀ ਵਿੱਚ ਗ਼ਦਰ ਨਾਂ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ ਪਿਆਰਾ ਹੋ ਗਿਆ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿੱਤ (ਉਰਦੂ ਤੇ ਪੰਜਾਬੀ) ਗ਼ਦਰ ਨਾਂ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ। ਇਸ ਅਖ਼ਬਾਰ ਨੂੰ ਲਿਖਣ ਤੇ ਪ੍ਰਕਾਸ਼ਤ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਵਰ ਦਿਆਲ ਗੁਪਤਾ ਸਨ। ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਪਾਰਟੀ ਨੇ ਕੈਲੇਫੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ।
25 ਜੁਲਾਈ, 1914 ਨੂੰ ਜਦੋਂ ਪਹਿਲੀ ਵਿਸ਼ਵ ਜੰਗ ਛਿੜੀ ਤਾਂ ਅੰਗਰੇਜ਼ ਇਸ ਵਿੱਚ ਉਲਝ ਗਏ ਤੇ ਗ਼ਦਰ ਪਾਰਟੀ ਨੇ ਇਸ ਵੇਲੇ ਭਾਰਤ ਦੀ ਧਰਤੀ ’ਤੇ ਜਾ ਕੇ ਗ਼ਦਰ ਮਚਾ ਕੇ ਦੇਸ਼ ਆਜ਼ਾਦ ਕਰਾਉਣ ਦਾ ਫ਼ੈਸਲਾ ਕਰ ਲਿਆ। 5 ਅਗਸਤ, 1914 ਨੂੰ ਗ਼ਦਰ ਅਖ਼ਬਾਰ ਵਿੱਚ ਹਿੰਦੁਸਤਾਨੀਆਂ ਵੱਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ। ਕਰਤਾਰ ਸਿੰਘ ਸਰਾਭਾ, ਰਘੁਵਰ ਦਿਆਲ ਗੁਪਤਾ ਨੂੰ ਨਾਲ ਲੈ ਕੇ ਜਪਾਨ ਦੇ ਜਹਾਜ਼ ‘ਨਿਪਨਮਾਰੂ’ ਵਿੱਚ ਚੜ੍ਹ ਕੇ ਹਿੰਦੁਸਤਾਨ ਵੱਲ ਚੱਲ ਪਿਆ। ਇਹ ਸਮੁੰਦਰੀ ਜਹਾਜ਼ 15 ਸਤੰਬਰ, 1914 ਨੂੰ ਕਲਕੱਤਾ ਦੀ ਬੰਦਰਗਾਹ ’ਤੇ ਆ ਗਿਆ। ਓਨ੍ਹੀਂ ਦਿਨੀਂ ਗੋਰੀ ਸਰਕਾਰ ਦੀ ਪੁਲੀਸ ਅਮਰੀਕਾ ਤੋਂ ਆਏ ਹਿੰਦੁਸਤਾਨੀਆਂ ਨੂੰ ਡੀਫੈਂਸ ਆਫ ਇੰਡੀਆ ਐਕਟ ਅਧੀਨ ਫੜ ਲੈਂਦੀ ਸੀ ਪਰ ਕਰਤਾਰ ਸਿੰਘ ਪੁਲੀਸ ਤੋਂ ਬਚ ਕੇ ਪੰਜਾਬ ਆ ਗਿਆ। ਪੰਜਾਬ ਵਿੱਚ ਗ਼ਦਰੀ ਪਾਰਟੀ ਦੇ ਪ੍ਰੋਗਰਾਮ ਦਾ ਮੁੱਖ ਭਾਗ ਛਾਉਣੀਆਂ ਵਿੱਚ ਜਾ ਕੇ ਫ਼ੌਜੀਆਂ ਨੂੰ ਗ਼ਦਰ ਲਈ ਤਿਆਰ ਕਰਨਾ ਸੀ। ਕਰਤਾਰ ਸਿੰਘ ਸਰਾਭਾ ਦੀ ਡਿਊਟੀ ਅੰਬਾਲਾ ਤੇ ਫਿਰੋਜ਼ਪੁਰ ਛਾਉਣੀ ਵਿੱਚ ਸੀ। ਇਸ ਤਰ੍ਹਾਂ ਉਨ੍ਹਾਂ ਛਾਉਣੀਆਂ ਵਿੱਚ ਜਾ ਕੇ ਭਾਰਤੀ ਫ਼ੌਜੀਆਂ ਨੂੰ ਤਿਆਰ ਕਰ ਲਿਆ ਸੀ। ਸਾਰਿਆਂ ਨਾਲ ਸਲਾਹ-ਮਸ਼ਵਰਾ ਕਰਕੇ 21 ਫਰਵਰੀ, 1915 ਦਾ ਦਿਨ ਮੀਆਂ-ਮੀਰ ਫਿਰੋਜ਼ਪੁਰ ਛਾਉਣੀਆਂ ’ਤੇ ਹਮਲੇ ਕਰਨ ਲਈ ਮਿਥਿਆ ਗਿਆ ਪਰ ਇਹ ਯੋਜਨਾ ਉਸ ਵੇਲੇ ਫੇਲ੍ਹ ਹੋ ਗਈ ਜਦੋਂ ਇੱਕ ਮੁਖ਼ਬਰ ਕਿਰਪਾਲ ਸਿੰਘ ਨੇ ਇਹ ਖ਼ਬਰ ਖੁਫ਼ੀਆ ਪੁਲੀਸ ਨੂੰ ਪਹੁੰਚਾ ਦਿੱਤੀ। ਕਰਤਾਰ ਸਿੰਘ ਸਰਾਭਾ ਤੇ ਗ਼ਦਰੀ ਸਾਥੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਗ਼ਦਰ ਕਰਨ ਦੇ ਫ਼ੈਸਲੇ ਨੂੰ ਅਟੱਲ ਰੱਖਦਿਆਂ ਇਹ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ। ਦੇਸ਼ ਧਰੋਹੀ ਕਿਰਪਾਲ ਸਿੰਘ ਨੇ ਇਹ ਤਰੀਕ ਵੀ ਗੋਰੀ ਸਰਕਾਰ ਨੂੰ ਜਾ ਦੱਸੀ। ਅੰਗਰੇਜ਼ ਸਰਕਾਰ ਚੌਕੰਨੀ ਹੋ ਗਈ। ਸਰਕਾਰ ਨੇ ਸਾਰੇ ਭਾਰਤੀ ਫ਼ੌਜੀਆਂ ਤੋਂ ਹਥਿਆਰ ਵਾਪਸ ਲੈ ਕੇ ਉਨ੍ਹਾਂ ਨੂੰ ਜੇਲ੍ਹੀਂ ਡੱਕ ਦਿੱਤਾ। ਇੰਝ ਗ਼ਦਰੀਆਂ ਦੀ ਗ਼ਦਰ ਦੀ ਵਿਉਂਤ ਫੇਲ੍ਹ ਹੋ ਗਈ।
ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਰਾਤ ਨੂੰ ਗੱਡੀ ਚੜ੍ਹ ਕੇ ਲਾਇਲਪੁਰ ਚਲੇ ਗਏ। ਫਿਰ ਪਿਸ਼ਾਵਰ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪਹੁੰਚ ਗਏ। ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਾਹੌਰ ਤੋਂ ਨੱਸੇ ਕੁਝ ਕੁ ਮੁਸਲਮਾਨ ਵਿਦਿਆਰਥੀਆਂ ਨੂੰ ਕਾਬੁਲ ਵਿੱਚ ਕੈਦ ਕਰ ਲਿਆ ਗਿਆ ਹੈ। ਉਹ ਸਰਹੱਦ ਤੋਂ ਪਾਰ ਮਿਲਣ ਵਾਲੀ ਸਫ਼ਲਤਾ ਤੋਂ ਵੀ ਬੇਉਮੀਦੇ ਹੋ ਗਏ। ਕਈ ਗ਼ਦਰੀ ਹੌਸਲੇ ਛੱਡ ਗਏ। 2 ਮਾਰਚ ਨੂੰ ਉਹ ਸਰਗੋਧੇ ਦੀ ਬਾਰ ਦੇ ਚੱਕ ਨੰ. ਪੰਜ ਵਿੱਚ ਜਗਤ ਸਿੰਘ ਦੇ ਜਾਣਕਾਰ ਰਾਜਿੰਦਰ ਸਿੰਘ ਪੈਨਸ਼ਨੀਏ ਸਿਪਾਹੀ ਦੇ ਘਰ ਆ ਗਏ। ਕਿਸੇ ਨੇ ਪੁਲੀਸ ਨੂੰ ਜਾ ਦੱਸਿਆ। ਪੁਲੀਸ ਨੇ ਆ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਨ੍ਹਾਂ ’ਤੇ ਡੀਫੈਂਸ ਆਫ ਇੰਡੀਆ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ ਜਿਸ ਦੀ ਸੁਣਵਾਈ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੋਈ। ਇਸ ਮੁਕੱਦਮੇ ਵਿੱਚ 82 ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ 17 ਨੂੰ ਭਗੌੜੇ ਕਰਾਰ ਦਿੱਤਾ ਗਿਆ। ਮੁਕੱਦਮਾ 26 ਅਪਰੈਲ, 1915 ਨੂੰ ਸ਼ੁਰੂ ਹੋਇਆ ਤੇ 13 ਸਤੰਬਰ 1915 ਨੂੰ ਸਮਾਪਤ ਹੋਇਆ। 13 ਸਤੰਬਰ ਨੂੰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਸਜ਼ਾ ਸੁਣ ਕੇ ਸਰਾਭਾ ਬਹੁਤ ਖੁਸ਼ ਹੋਇਆ ਤੇ ਜੱਜਾਂ ਦਾ ਧੰਨਵਾਦ ਕੀਤਾ ਤੇ ਕਿਹਾ, ‘‘ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ।’’ ਕਰਤਾਰ ਸਿੰਘ ਸਰਾਭਾ ਤੇ ਜਗਤ ਸਿੰਘ ਸੁਰਸਿੰਘੀਆ ਸਮੇਤ 24 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ 17 ਦੇਸ਼ ਭਗਤਾਂ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿੱਤੀ ਗਈ। ਇਸ ਮਹਾਨ ਗ਼ਦਰੀ ਯੋਧੇ ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ, 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੱਸਦਿਆਂ-ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਲਿਆ। ਇਸ ਸਭ ਤੋਂ ਛੋਟੀ ਉਮਰ ਦੇ ਕ੍ਰਾਂਤੀਕਾਰੀ ਨੇ ਉਹ ਕਰ ਦਿਖਾਇਆ ਜਿਸ ’ਤੇ ਵਤਨ ਵਾਸੀਆਂ ਨੂੰ ਸਦਾ ਮਾਣ ਰਹੇਗਾ।
 
Top